ਮੋਗਾ ਜ਼ਿਲ੍ਹੇ ਦੇ ਪਿੰਡ ਮੱਲੇਆਣਾ ਦੇ ਵਸਨੀਕ ਸੁਖਜਿੰਦਰ ਸਿੰਘ ਦੀ ਜ਼ਿੰਦਗੀ ਸੰਘਰਸ਼, ਹਿੰਮਤ ਅਤੇ ਆਤਮ-ਵਿਸ਼ਵਾਸ ਦੀ ਮਿਸਾਲ ਹੈ। ਇੱਕ ਸਮਾਂ ਸੀ ਜਦੋਂ ਉਹ ਆਪਣੇ ਪਰਿਵਾਰ ਦੀ ਆਰਥਿਕ ਹਾਲਤ ਸੁਧਾਰਨ ਲਈ ਵਿਦੇਸ਼ ਜਾਣ ਦੇ ਸੁਪਨੇ ਦੇਖਦੇ ਸਨ। ਪਰ ਇੱਕ ਭਿਆਨਕ ਹਾਦਸੇ ਨੇ ਉਨ੍ਹਾਂ ਦੀ ਜ਼ਿੰਦਗੀ ਨੂੰ ਪੂਰੀ ਤਰ੍ਹਾਂ ਬਦਲ ਕੇ ਰੱਖ ਦਿੱਤਾ।

ਗਰੀਬੀ ਤੋਂ ਬਾਹਰ ਨਿਕਲਣ ਲਈ ਚੁਣਿਆ ਵਿਦੇਸ਼ ਦਾ ਰਾਹ
ਸੁਖਜਿੰਦਰ ਸਿੰਘ ਦੱਸਦੇ ਹਨ ਕਿ ਉਨ੍ਹਾਂ ਦੇ ਪਰਿਵਾਰ ਦੀ ਆਰਥਿਕ ਹਾਲਤ ਬਹੁਤ ਕਮਜ਼ੋਰ ਸੀ। ਘਰ ਕੱਚਾ ਸੀ ਅਤੇ ਘਰੇਲੂ ਜ਼ਿੰਮੇਵਾਰੀਆਂ ਵੀ ਕਾਫੀ ਸਨ। ਬਿਹਤਰ ਭਵਿੱਖ ਦੀ ਆਸ ਵਿੱਚ ਉਨ੍ਹਾਂ ਨੇ 2012 ਵਿੱਚ ਡੌਂਕੀ ਲਗਾ ਕੇ ਲੈਬਨਾਨ ਜਾਣ ਦਾ ਫੈਸਲਾ ਕੀਤਾ। ਵਿਦੇਸ਼ ਜਾਣ ਲਈ ਪਰਿਵਾਰ ਨੇ ਕਰਜ਼ਾ ਵੀ ਲਿਆ। ਲੈਬਨਾਨ ਵਿੱਚ ਕੀਤੀ ਮਿਹਨਤ ਦੀ ਕਮਾਈ ਨਾਲ ਉਨ੍ਹਾਂ ਨੇ ਇਹ ਕਰਜ਼ਾ ਉਤਾਰਿਆ, ਆਪਣੀ ਭੈਣ ਦਾ ਵਿਆਹ ਕੀਤਾ ਅਤੇ ਪਰਿਵਾਰ ਲਈ ਇੱਕ ਪੱਕਾ ਘਰ ਵੀ ਬਣਾਇਆ।

ਹਾਦਸਾ ਨੇ ਬਦਲੀ ਜ਼ਿੰਦਗੀ
ਲੈਬਨਾਨ ਵਿੱਚ ਕੰਮ ਦੌਰਾਨ ਸਾਲ 2021 ਵਿੱਚ ਸੁਖਜਿੰਦਰ ਸਿੰਘ ਇੱਕ ਗੰਭੀਰ ਹਾਦਸੇ ਦਾ ਸ਼ਿਕਾਰ ਹੋ ਗਏ। ਇਸ ਹਾਦਸੇ ਕਾਰਨ ਉਨ੍ਹਾਂ ਨੂੰ ਆਪਣੀਆਂ ਦੋਵੇਂ ਲੱਤਾਂ ਗੁਆਉਣੀਆਂ ਪਈਆਂ। ਉਹ ਦੱਸਦੇ ਹਨ ਕਿ ਉਨ੍ਹਾਂ ਦਾ ਵੀ ਸੁਪਨਾ ਸੀ ਕਿ ਵਿਦੇਸ਼ ਵਿੱਚ ਕਮਾਈ ਕਰਕੇ ਪਿੰਡ ਵਾਪਸ ਆਉਣ ਅਤੇ ਆਪਣੇ ਪਰਿਵਾਰ ਨਾਲ ਖੁਸ਼ਹਾਲ ਜ਼ਿੰਦਗੀ ਬਤੀਤ ਕਰਨ। ਪਰ ਇੱਕ ਹਾਦਸੇ ਨੇ ਉਨ੍ਹਾਂ ਦੇ ਸਾਰੇ ਸੁਪਨਿਆਂ ਨੂੰ ਝਟਕਾ ਦੇ ਦਿੱਤਾ। ਪੰਜਾਬ ਵਾਪਸ ਆਉਣ ਤੋਂ ਬਾਅਦ ਸੁਖਜਿੰਦਰ ਸਿੰਘ ਦਾ ਕਾਫੀ ਸਮਾਂ ਇਲਾਜ ਚੱਲਦਾ ਰਿਹਾ। ਇਸ ਦੌਰਾਨ ਉਹ ਘਰ ਵਿੱਚ ਹੀ ਰਹਿੰਦੇ ਸਨ ਅਤੇ ਮਾਨਸਿਕ ਤੌਰ ‘ਤੇ ਵੀ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਉਹ ਕਹਿੰਦੇ ਹਨ ਕਿ ਇਸ ਔਖੇ ਸਮੇਂ ਵਿੱਚ ਉਨ੍ਹਾਂ ਦੇ ਦੋਸਤ ਅਤੇ ਪਰਿਵਾਰਕ ਮੈਂਬਰ ਉਨ੍ਹਾਂ ਦੀ ਸਭ ਤੋਂ ਵੱਡੀ ਤਾਕਤ ਬਣੇ। ਦੋਸਤਾਂ ਦੀ ਮਦਦ ਨਾਲ ਉਨ੍ਹਾਂ ਨੇ ਆਪਣੇ ਪਿੰਡ ਵਿੱਚ ਇੱਕ ਛੋਟੀ ਜਿਹੀ ਦੁਕਾਨ ਸ਼ੁਰੂ ਕੀਤੀ।

ਦੁਕਾਨ ਰਾਹੀਂ ਕਰ ਰਹੇ ਹਨ ਗੁਜ਼ਾਰਾ
ਅੱਜ ਸੁਖਜਿੰਦਰ ਸਿੰਘ ਆਪਣੀ ਦੁਕਾਨ ‘ਤੇ ਡੇਅਰੀ ਉਤਪਾਦਾਂ ਸਮੇਤ ਰੋਜ਼ਾਨਾ ਵਰਤੋਂ ਵਾਲਾ ਹੋਰ ਸਮਾਨ ਵੇਚਦੇ ਹਨ। ਸਵੇਰੇ ਉਹ ਦੁਕਾਨ ‘ਤੇ ਆ ਜਾਂਦੇ ਹਨ ਅਤੇ ਗੁਆਂਢੀ ਦੁਕਾਨਦਾਰ ਦੁਕਾਨ ਖੋਲ੍ਹਣ ਅਤੇ ਸਫਾਈ ਵਿੱਚ ਮਦਦ ਕਰ ਦਿੰਦੇ ਹਨ। ਦੁਕਾਨ ਲਈ ਸਮਾਨ ਲਿਆਉਣ ਵਿੱਚ ਵੀ ਉਨ੍ਹਾਂ ਦੇ ਦੋਸਤ ਸਹਿਯੋਗ ਕਰਦੇ ਹਨ। ਸਾਰਾ ਦਿਨ ਉਹ ਦੁਕਾਨ ‘ਤੇ ਬੈਠ ਕੇ ਕੰਮ ਕਰਦੇ ਹਨ ਅਤੇ ਇਸ ਤੋਂ ਗੁਜ਼ਾਰੇ ਜੋਗੀ ਆਮਦਨ ਕਮਾ ਲੈਂਦੇ ਹਨ।

“ਲੱਤਾਂ ਤੋਂ ਬਿਨਾਂ ਜ਼ਿੰਦਗੀ ਔਖੀ ਹੈ, ਪਰ ਹਾਰ ਨਹੀਂ ਮੰਨੀ”
ਸੁਖਜਿੰਦਰ ਸਿੰਘ ਦਾ ਕਹਿਣਾ ਹੈ ਕਿ ਦੋਵੇਂ ਲੱਤਾਂ ਗੁਆਉਣ ਤੋਂ ਬਾਅਦ ਜ਼ਿੰਦਗੀ ਬਹੁਤ ਚੁਣੌਤੀਪੂਰਨ ਹੋ ਗਈ ਹੈ। ਰੋਜ਼ਾਨਾ ਦੇ ਕੰਮਾਂ ਲਈ ਵੀ ਦੂਜਿਆਂ ਦੀ ਮਦਦ ਦੀ ਲੋੜ ਪੈਂਦੀ ਹੈ। ਫਿਰ ਵੀ ਉਨ੍ਹਾਂ ਨੇ ਕਦੇ ਹਾਰ ਨਹੀਂ ਮੰਨੀ। ਉਹ ਮੰਨਦੇ ਹਨ ਕਿ ਜੇ ਪਰਿਵਾਰ ਅਤੇ ਦੋਸਤਾਂ ਦਾ ਸਾਥ ਮਿਲੇ ਤਾਂ ਇਨਸਾਨ ਵੱਡੀ ਤੋਂ ਵੱਡੀ ਮੁਸ਼ਕਲ ਦਾ ਸਾਹਮਣਾ ਕਰ ਸਕਦਾ ਹੈ। ਸੁਖਜਿੰਦਰ ਸਿੰਘ ਦੀ ਕਹਾਣੀ ਸਾਬਤ ਕਰਦੀ ਹੈ ਕਿ ਜ਼ਿੰਦਗੀ ਵਿੱਚ ਆਉਣ ਵਾਲੀਆਂ ਮੁਸ਼ਕਲਾਂ ਭਾਵੇਂ ਕਿੰਨੀਆਂ ਵੀ ਵੱਡੀਆਂ ਕਿਉਂ ਨਾ ਹੋਣ, ਹਿੰਮਤ ਅਤੇ ਸਕਾਰਾਤਮਕ ਸੋਚ ਨਾਲ ਉਨ੍ਹਾਂ ਦਾ ਸਾਹਮਣਾ ਕੀਤਾ ਜਾ ਸਕਦਾ ਹੈ। ਅੱਜ ਉਹ ਆਪਣੇ ਸੰਘਰਸ਼ ਰਾਹੀਂ ਹੋਰਨਾਂ ਲਈ ਪ੍ਰੇਰਣਾ ਬਣੇ ਹੋਏ ਹਨ।
ਹੇਠਾਂ ਦਿੱਤੀ ਵੀਡੀਓ ਉਹਨ੍ਹਾਂ ਦੀ ਜ਼ਿੰਦਗੀ ਅਤੇ ਸੰਘਰਸ਼ਾਂ ਬਾਰੇ ਹੈ।

ਹਾਦਸੇ ਨੇ ਬਦਲੀ ਜ਼ਿੰਦਗੀ, ਪਰ ਹੌਂਸਲਾ ਨਹੀਂ ਟੁੱਟਿਆ
More from MotivationalMore posts in Motivational »






Be First to Comment