ਪੰਜਾਬੀਆਂ ਦੀ ਮਾਂ ਖੇਡ ਕਬੱਡੀ ਨਾਲ ਜੁੜਿਆ ਹਰ ਇਨਸਾਨ ਜਿਸਨੇ ਅੱਜ ਤੋਂ ਦਸ ਕੁ ਸਾਲ ਪਹਿਲਾਂ ਕਬੱਡੀ ਦੇ ਮੈਚ ਦੇਖੇ ਹਨ ਉਹ ਰੂਪ ਹਠੂਰ ਦੇ ਨਾਂ ਤੋਂ ਭਲੀ ਭਾਂਤ ਵਾਕਫ਼ ਹਨ। ਰੂਪਾ ਹਠੂਰ ਦੇ ਨਾਂ ਨਾਲ ਮਸ਼ਹੂਰ ਜਗਰੂਪ ਰੂਪੇ ਨੇ ਪੰਜਾਬ ਵਿਚ ਲਗਾਤਾਰ 15 ਸਾਲ, ਸੈਂਕੜੇ ਕਬੱਡੀ ਟੂਰਨਾਮੈਂਟਾਂ ਵਿੱਚ ਆਪਣੇ ਜੌਹਰ ਦਿਖਾਏ ਹਨ।
ਖੇਡ ਤੋਂ ਸੰਨਿਆਸ ਲੈਣ ਤੋਂ ਬਾਅਦ ਰੂਪਾ ਹਠੂਰ ਕਬੱਡੀ ਕੋਚ ਵਜੋਂ ਵੀ ਸੇਵਾਵਾਂ ਨਿਭਾਅ ਚੁੱਕੇ ਹਨ। ਰੂਪਾ ਹਠੂਰ ਦੀ ਕੋਚਿੰਗ ਹੇਠ ਕਈ ਕਬੱਡੀ ਖਿਡਾਰੀਆਂ ਨੇ ਆਪਣਾ ਨਾਂ ਕਮਾਇਆ ਹੈ। ਕਬੱਡੀ ਦਾ ਇਹ ਸਟਾਰ ਖਿਡਾਰੀ ਜਿਸਦੀ ਇੱਕ-ਇੱਕ ਸਟਾਪ ਤੇ ਨੋਟਾਂ ਦਾ ਮੀਂਹ ਵਰਦਾ ਸੀ ਅੱਜ ਰੋਜ਼ੀ ਰੋਟੀ ਤੋਂ ਵੀ ਮੁਹਤਾਜ ਹੈ। ਸਾਫ਼ ਸੁਥਰੀ ਕਬੱਡੀ ਖੇਡਣ ਵਾਲੇ ਰੂਪ ਹਠੂਰ ਦੇ ਚਿੱਤ ਚੇਤੇ ਵੀ ਨਹੀਂ ਸੀ ਕਿ ਕਦੇ ਇਹ ਦਿਨ ਵੀ ਦੇਖਣੇ ਪੈ ਸਕਦੇ ਹਨ। ਰੂਪਾ ਹਠੂਰ ਪਿਛਲੇ ਇੱਕ ਸਾਲ ਤੋਂ ਡਿਸਕ ਦੀ ਬਿਮਾਰੀ ਨਾਲ ਜੂਝ ਰਿਹਾ ਹੈ।
ਰੂਪਾ ਹਠੂਰ ਜੋ ਕਿਸੇ ਵੇਲੇ ਕਬੱਡੀ ਟੂਰਨਾਮੈਂਟਾਂ ਦੀ ਸ਼ਾਨ ਸੀ, ਹੁਣ ਆਪਣਾ ਇਲਾਜ ਕਰਵਾਉਣ ਤੋਂ ਵੀ ਅਸਮਰੱਥ ਹੈ।ਰੂਪ ਹਠੂਰ ਦੇ ਛੋਟੇ ਜਿਹੇ ਘਰ ਦਾ ਹਰ ਕੋਨਾ ਉਸ ਵੱਲੋਂ ਜਿੱਤੀਆਂ ਟਰਾਫ਼ੀਆਂ ਨਾਲ ਭਰਿਆ ਪਿਆ ਹੈ ਪਰ ਉਸ ਨੂੰ ਪਰਿਵਾਰ ਚਲਾਉਣ ਦੀ ਚਿੰਤਾ ਸਤਾ ਰਹੀ ਹੈ। ਰੂਪ ਹਠੂਰ ਦੇ ਦੋ ਪੁੱਤਰ ਵੀ ਕਬੱਡੀ ਖੇਡਦੇ ਹਨ। ਰੂਪਾ ਹਠੂਰ ਨੂੰ ਖੇਡ ਪ੍ਰੇਮੀਆਂ ਵੱਲੋਂ ਮਿਲੇ ਮਾਣ-ਸਨਮਾਨ ਤੋਂ ਖ਼ੁਸ਼ੀ ਤਾਂ ਹੈ ਪਰ ਉਹ ਇਸ ਗੱਲ ਤੋਂ ਦੁਖੀ ਹੈ ਕਿ ਉਸ ਕੋਲ ਬੱਚਿਆਂ ਨੂੰ ਖ਼ੁਰਾਕ ਦੇਣ ਲਈ ਵੀ ਪੈਸੇ ਨਹੀਂ ਹਨ।ਰੂਪ ਹਠੂਰ ਦੇ ਇਲਾਜ ਤੇ ਆਉਣ ਵਾਲਾ ਖਰਚਾ ਅਤੇ ਪਰਿਵਾਰ ਦਾ ਥੋੜ੍ਹਾ ਬਹੁਤ ਗੁਜ਼ਾਰਾ ਉਸਦੇ ਪ੍ਰਸ਼ੰਸਕਾਂ ਅਤੇ ਦੋਸਤ ਕਬੱਡੀ ਖਿਡਾਰੀਆਂ ਕਰਕੇ ਚੱਲ ਰਿਹਾ ਹੈ।ਖ਼ੁਦਦਾਰ ਰੂਪ ਹਠੂਰ ਚਾਹੁੰਦਾ ਹੈ ਕਿ ਉਸ ਨੂੰ ਕਬੱਡੀ ਕੋਚਿੰਗ ਜਾਂ ਕੋਈ ਅਜਿਹਾ ਕੰਮ ਮਿਲ ਸਕੇ ਜੋ ਉਹ ਡਿਸਕ ਦੀ ਸਮੱਸਿਆ ਦੀ ਹਾਲਤ ਵਿੱਚ ਵੀ ਕਰ ਸਕੇ ਤਾਂ ਉਹ ਆਪ ਕਮਾ ਕੇ ਆਪਣਾ ਪਰਿਵਾਰ ਪਾਲਣਾ ਚਾਹੁੰਦਾ ਹੈ।
ਹੇਠਲੀ ਵੀਡੀਓ ਇੱਕ ਕਬੱਡੀ ਖਿਡਾਰੀ ਦੀ ਰਿਟਾਇਰਮੈਂਟ ਤੋਂ ਬਾਅਦ ਦੀ ਜ਼ਿੰਦਗੀ ਨੂੰ ਸਮਝਣ ਦੀ ਕੋਸ਼ਿਸ਼ ਹੈ।
Be First to Comment