ਗੱਲ ਭਾਵੇਂ ਪੜਾਈ ਦੀ ਹੋਵੇ ਜਾਂ ਖੇਡਾਂ ਦੀ, ਪਿੰਡ ਸ਼ਹਿਰਾਂ ਦੇ ਮੁਕਾਬਲੇ ਪਛੜੇ ਹੀ ਨਜ਼ਰ ਆਉਂਦੇ ਹਨ। ਇਸ ਪਿੱਛੇ ਸਭ ਤੋਂ ਵੱਡਾ ਕਾਰਨ ਹੈ ਕਿ ਪੇਂਡੂ ਪਿਛੋਕੜ ਦੇ ਬਹੁਤੇ ਨੌਜਵਾਨ ਨਾਂ ਤਾਂ ਆਰਥਿਕ ਪੱਖ ਤੋਂ ਪਹੁੰਚ ਰੱਖਦੇ ਹਨ ਅਤੇ ਨਾਂ ਹੀ ਪਿੰਡਾਂ ਵਿੱਚ ਵੱਡੇ ਸ਼ਹਿਰਾਂ ਜਿੰਨੀਆਂ ਸਹੂਲਤਾਂ ਜਾਂ ਕੋਚ ਹਨ। ਪਿੰਡਾਂ ਨਾਲ ਸਬੰਧ ਰੱਖਣ ਵਾਲੇ ਅਜਿਹੇ ਨੌਜਵਾਨਾਂ ਨੂੰ ਸਹੂਲਤਾਂ ਪ੍ਰਧਾਨ ਕਰਨ ਲਈ ਕੁੱਝ ਲੋਕ ਆਪਣੇ ਪੱਧਰ ਤੇ ਹਮੇਸ਼ਾ ਯਤਨਸ਼ੀਲ ਰਹਿੰਦੇ ਹਨ।
ਅਜਿਹੀ ਹੀ ਸ਼ਖ਼ਸੀਅਤ ਹੈ ਬਰਨਾਲਾ ਜ਼ਿਲ੍ਹੇ ਦੇ ਪਿੰਡ ਰੂੜੇਕੇ ਦੇ ਰਹਿਣ ਵਾਲੇ ਮਨਪ੍ਰੀਤ ਸਿੰਘ।ਪਿਛਲੇ ਸਤਾਰਾਂ ਸਾਲਾਂ ਤੋਂ ਮਨਪ੍ਰੀਤ ਆਰਥਿਕ ਪੱਖੋਂ ਕਮਜ਼ੋਰ ਪਰ ਹੋਣਹਾਰ ਨੌਜਵਾਨਾਂ ਨੂੰ ਵਾਲੀਬਾਲ ਦੀ ਕੋਚਿੰਗ ਦੇ ਰਹੇ ਹਨ। ਮਨਪ੍ਰੀਤ ਸਿੰਘ ਸਰਕਾਰੀ ਵਿਭਾਗ ਵਿੱਚ ਨੌਕਰੀ ਕਰਦੇ ਹਨ ਪਰ ਵਾਲੀਬਾਲ ਖੇਡ ਨਾਲ ਉਨ੍ਹਾਂ ਨੂੰ ਬਚਪਨ ਤੋਂ ਹੀ ਲਗਾਅ ਹੈੈ। ਮਨਪ੍ਰੀਤ ਦੀਆਂ ਚਾਰ ਪੀੜ੍ਹੀਆਂ ਖੇਡਾਂ ਨਾਲ ਜੁੜੀਆਂ ਹੋਈਆਂ ਹਨ। ਉਨ੍ਹਾਂ ਦੇ ਪਿਤਾ ਵੀ ਇੱਕ ਖੇਡ ਕੋਚ ਸਨ ਅਤੇ ਉਨ੍ਹਾਂ ਬਹੁਤ ਸਾਰੇ ਰਾਸ਼ਟਰੀ ਖਿਡਾਰੀ ਪੈਦਾ ਕੀਤੇ ਸਨ।
ਮਨਪ੍ਰੀਤ ਨੇ ਆਪਣੇ ਦੋਸਤਾਂ ਦੀ ਸਹਾਇਤਾ ਨਾਲ ਪਿੰਡ ਵਿੱਚ ਇੱਕ ਵਾਲੀਬਾਲ ਦਾ ਗਰਾਊਡ ਤਿਆਰ ਕੀਤਾ ਹੈ। ਪਿੰਡ ਦੇ ਸਰਕਾਰੀ ਸਕੂਲ ਵਿੱਚ ਬਣੇ ਇਸ ਗਰਾਊਡ ਉੱਤੇ ਪੰਜ ਲੱਖ ਰੁਪਏ ਦੀ ਲਾਗਤ ਆਈ ਹੈ।ਮਨਪ੍ਰੀਤ ਇਸ ਮੈਦਾਨ ਵਿੱਚ ਨੇੜਲੇ ਕਈ ਪਿੰਡਾਂ ਦੇ ਹੋਣਹਾਰ ਬੱਚਿਆਂ ਨੂੰ ਵਾਲੀਬਾਲ ਦੀ ਕੋਚਿੰਗ ਦੇ ਰਹੇ ਹਨ।ਉਹ ਨਾ ਸਿਰਫ਼ ਮੁਫ਼ਤ ਕੋਚਿੰਗ ਦੇ ਰਹੇ ਹਨ ਸਗੋਂ ਗ਼ਰੀਬ ਬੱਚਿਆਂ ਨੂੰ ਖੇਡ ਕਿੱਟਾਂ ਅਤੇ ਖ਼ੁਰਾਕ ਵੀ ਮੁਹੱਈਆ ਕਰਵਾ ਰਹੇ ਹਨ।
ਹੇਠਲੀ ਵੀਡੀਓ ਵਿੱਚ ਮਨਪ੍ਰੀਤ ਸਿੰਘ ਨਾਲ ਉਨ੍ਹਾਂ ਦੇ ਇਸ ਕੰਮ ਅਤੇ ਚੁਣੌਤੀਆਂ ਬਾਰੇ ਗੱਲਬਾਤ ਕੀਤੀ ਗਈ ਹੈ:-
Be First to Comment