Press "Enter" to skip to content

ਚੌਥੀ ਪੀੜੀ ਦਾ ਕਾਰੀਗਰ ਬਣਿਆ ਸੋਸ਼ਲ ਮੀਡੀਆ ਸਟਾਰ, ਲੱਕੜ ਵਿੱਚੋਂ ਤਿਆਰ ਕਰਦਾ ਹੈ ਅਨੋਖੀਆਂ ਕਲਾਕ੍ਰਿਤੀਆਂ

ਲੱਕੜ ਦੇ ਆਰੇ ਤੋਂ ਕਲਾ ਦੀ ਦੁਨੀਆ ਤੱਕ ਦਾ ਸਫਰ
ਜ਼ਿਲ੍ਹਾ ਬਰਨਾਲਾ ਦੇ ਪਿੰਡ ਲੌਂਗੋਵਾਲ ਦੇ ਰਹਿਣ ਵਾਲੇ ਹਰਵਿੰਦਰ ਸਿੰਘ ਇੱਕ ਅਜਿਹੇ ਕਾਰੀਗਰ ਹਨ, ਜਿਨ੍ਹਾਂ ਨੇ ਆਪਣੇ ਪਿੱਤਾ-ਪੁਰਖੀ ਕਿੱਤੇ ਨੂੰ ਆਧੁਨਿਕ ਸੋਚ ਅਤੇ ਰਚਨਾਤਮਕਤਾ ਨਾਲ ਜੋੜ ਕੇ ਨਵੀਂ ਪਛਾਣ ਦਿੱਤੀ ਹੈ। ਉਹ ਆਪਣੇ ਲੱਕੜ ਦੇ ਆਰੇ ‘ਤੇ ਸਿਰਫ ਲੱਕੜਾਂ ਦੀ ਚਿਰਾਈ ਹੀ ਨਹੀਂ ਕਰਦੇ, ਸਗੋਂ ਲੱਕੜ ਵਿੱਚੋਂ ਅਨੋਖੀਆਂ ਕਲਾਕ੍ਰਿਤੀਆਂ ਤਿਆਰ ਕਰਦੇ ਹਨ, ਜਿਨ੍ਹਾਂ ਨੂੰ ਸੋਸ਼ਲ ਮੀਡੀਆ ‘ਤੇ ਲੋਕਾਂ ਵੱਲੋਂ ਭਰਪੂਰ ਪਿਆਰ ਮਿਲ ਰਿਹਾ ਹੈ।

ਚੌਥੀ ਪੀੜੀ ਵਜੋਂ ਸੰਭਾਲ ਰਹੇ ਹਨ ਪਿੱਤਾ-ਪੁਰਖੀ ਕਿੱਤਾ
ਹਰਵਿੰਦਰ ਸਿੰਘ ਦੱਸਦੇ ਹਨ ਕਿ ਇਹ ਉਨ੍ਹਾਂ ਦਾ ਪਿੱਤਾ-ਪੁਰਖੀ ਕਿੱਤਾ ਹੈ ਅਤੇ ਉਹ ਇਸ ਕੰਮ ਨਾਲ ਜੁੜੀ ਚੌਥੀ ਪੀੜੀ ਹਨ। ਉਨ੍ਹਾਂ ਦੇ ਪਰਿਵਾਰ ਵੱਲੋਂ ਕਈ ਦਹਾਕਿਆਂ ਤੋਂ ਲੱਕੜ ਦੀ ਚਿਰਾਈ ਦਾ ਕੰਮ ਕੀਤਾ ਜਾ ਰਿਹਾ ਹੈ ਅਤੇ ਅੱਜ ਵੀ ਉਹ ਇਸ ਪਰੰਪਰਾ ਨੂੰ ਪੂਰੀ ਲਗਨ ਨਾਲ ਅੱਗੇ ਵਧਾ ਰਹੇ ਹਨ। ਹਰਵਿੰਦਰ ਸਿੰਘ ਦੱਸਦੇ ਹਨ ਕਿ ਜਦੋਂ ਉਹ ਬਹੁਤ ਛੋਟੇ ਸਨ ਤਾਂ ਉਨ੍ਹਾਂ ਦੇ ਛੋਟੇ ਭਰਾ ਨੂੰ ਬਲੱਡ ਕੈਂਸਰ ਹੋ ਗਿਆ ਸੀ। ਭਰਾ ਦੇ ਇਲਾਜ ਲਈ ਉਨ੍ਹਾਂ ਦੇ ਪਿਤਾ ਨੂੰ ਅਕਸਰ ਦੂਰ-ਦੂਰ ਜਾਣਾ ਪੈਂਦਾ ਸੀ। ਅਜਿਹੇ ਹਾਲਾਤਾਂ ਵਿੱਚ ਪਰਿਵਾਰ ਦੀ ਮਦਦ ਲਈ ਉਹ ਆਰੇ ‘ਤੇ ਕੰਮ ਕਰਨ ਲੱਗ ਪਏ। ਉਹ ਕਹਿੰਦੇ ਹਨ ਕਿ ਪਰਿਵਾਰਕ ਹਾਲਾਤਾਂ ਕਾਰਨ ਉਨ੍ਹਾਂ ਨੂੰ ਅੱਠਵੀਂ ਜਮਾਤ ਤੋਂ ਬਾਅਦ ਪੜ੍ਹਾਈ ਛੱਡਣੀ ਪਈ। ਉਸ ਸਮੇਂ ਤੋਂ ਲੈ ਕੇ ਅੱਜ ਤੱਕ ਉਹ ਆਪਣੇ ਆਰੇ ‘ਤੇ ਲਗਾਤਾਰ ਮਿਹਨਤ ਕਰ ਰਹੇ ਹਨ।

ਇੱਕ ਵੀਡੀਓ ਨੇ ਬਦਲ ਦਿੱਤੀ ਜ਼ਿੰਦਗੀ
ਹਰਵਿੰਦਰ ਸਿੰਘ ਮੁਤਾਬਕ ਪਹਿਲਾਂ ਲੋਕ ਉਨ੍ਹਾਂ ਕੋਲ ਸਿਰਫ ਲੱਕੜ ਚਿਰਵਾਉਣ ਲਈ ਹੀ ਆਉਂਦੇ ਸਨ। ਉਹ ਲੱਕੜ ਵਿੱਚੋਂ ਫੱਟੀਆਂ ਅਤੇ ਹੋਰ ਆਮ ਚੀਜ਼ਾਂ ਤਿਆਰ ਕਰਦੇ ਸਨ। ਪਰ ਇੱਕ ਦਿਨ ਪਿੰਡ ਦੇ ਇੱਕ ਨੌਜਵਾਨ ਨੇ ਉਨ੍ਹਾਂ ਨੂੰ ਲੱਕੜ ਦੀ ਚਿਰਾਈ ਰਾਹੀਂ ਕੁਝ ਵੱਖਰਾ ਬਣਾਉਣ ਲਈ ਕਿਹਾ। ਉਨ੍ਹਾਂ ਨੇ ਆਪਣੀ ਕਲਾ ਦਾ ਪ੍ਰਦਰਸ਼ਨ ਕਰਦਿਆਂ ਇੱਕ ਖਾਸ ਆਕ੍ਰਿਤੀ ਤਿਆਰ ਕੀਤੀ। ਉਸ ਦੀ ਬਣੀ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਗਈ ਅਤੇ ਲੋਕਾਂ ਨੇ ਉਨ੍ਹਾਂ ਦੀ ਕਲਾ ਨੂੰ ਬਹੁਤ ਪਸੰਦ ਕੀਤਾ। ਇਸ ਤੋਂ ਬਾਅਦ ਹਰਵਿੰਦਰ ਸਿੰਘ ਨੇ ਲੱਕੜ ਵਿੱਚੋਂ ਵੱਖ-ਵੱਖ ਤਰ੍ਹਾਂ ਦੀਆਂ ਕਲਾਕ੍ਰਿਤੀਆਂ ਬਣਾਉਣੀਆਂ ਸ਼ੁਰੂ ਕਰ ਦਿੱਤੀਆਂ ਅਤੇ ਉਨ੍ਹਾਂ ਦੀਆਂ ਰਚਨਾਵਾਂ ਦੀ ਮੰਗ ਲਗਾਤਾਰ ਵਧਦੀ ਗਈ।

ਦੇਸ਼-ਵਿਦੇਸ਼ ਤੋਂ ਮਿਲ ਰਹੇ ਹਨ ਆਰਡਰ
ਅੱਜ ਹਰਵਿੰਦਰ ਸਿੰਘ ਦਾ ਆਪਣਾ ਸੋਸ਼ਲ ਮੀਡੀਆ ਪੇਜ ਵੀ ਹੈ, ਜਿੱਥੇ ਲੋਕ ਉਨ੍ਹਾਂ ਨਾਲ ਸਿੱਧਾ ਸੰਪਰਕ ਕਰਦੇ ਹਨ। ਕਈ ਲੋਕ ਆਪਣੀ ਪਸੰਦ ਅਨੁਸਾਰ ਲੱਕੜ ਦੀਆਂ ਵਿਸ਼ੇਸ਼ ਵਸਤੂਆਂ ਬਣਵਾਉਣ ਲਈ ਉਨ੍ਹਾਂ ਨੂੰ ਬੇਨਤੀਆਂ ਭੇਜਦੇ ਹਨ। ਉਹ ਦੱਸਦੇ ਹਨ ਕਿ ਸਿਰਫ ਪੰਜਾਬ ਹੀ ਨਹੀਂ, ਸਗੋਂ ਭਾਰਤ ਦੇ ਹੋਰ ਸੂਬਿਆਂ ਅਤੇ ਵਿਦੇਸ਼ਾਂ ਤੋਂ ਵੀ ਲੋਕ ਉਨ੍ਹਾਂ ਤੋਂ ਲੱਕੜ ਦੀਆਂ ਅਨੋਖੀਆਂ ਕਲਾਕ੍ਰਿਤੀਆਂ ਤਿਆਰ ਕਰਵਾ ਚੁੱਕੇ ਹਨ। ਹਰਵਿੰਦਰ ਸਿੰਘ ਕਹਿੰਦੇ ਹਨ ਕਿ ਜਦੋਂ ਉਨ੍ਹਾਂ ਵੱਲੋਂ ਤਿਆਰ ਕੀਤੀ ਕੋਈ ਚੀਜ਼ ਲੋਕਾਂ ਨੂੰ ਪਸੰਦ ਆਉਂਦੀ ਹੈ ਅਤੇ ਉਹ ਉਸ ਦੀ ਸ਼ਲਾਘਾ ਕਰਦੇ ਹਨ ਤਾਂ ਉਨ੍ਹਾਂ ਨੂੰ ਬੇਹੱਦ ਖੁਸ਼ੀ ਅਤੇ ਸਕੂਨ ਮਿਲਦਾ ਹੈ। ਉਨ੍ਹਾਂ ਲਈ ਇਹੀ ਸਭ ਤੋਂ ਵੱਡਾ ਇਨਾਮ ਹੈ।

ਸਵੇਰੇ 6 ਵਜੇ ਤੋਂ ਰਾਤ ਤੱਕ ਕਰਦੇ ਹਨ ਮਿਹਨਤ
ਹਰਵਿੰਦਰ ਸਿੰਘ ਦਾ ਦਿਨ ਸਵੇਰੇ 6 ਵਜੇ ਸ਼ੁਰੂ ਹੋ ਜਾਂਦਾ ਹੈ। ਉਹ ਸਾਰਾ ਦਿਨ ਆਪਣੇ ਕੰਮ ਵਿੱਚ ਰੁੱਝੇ ਰਹਿੰਦੇ ਹਨ ਅਤੇ ਕਈ ਵਾਰ ਕੰਮ ਕਰਦੇ-ਕਰਦੇ ਰਾਤ ਦੇ 8 ਜਾਂ 10 ਵਜੇ ਵੀ ਹੋ ਜਾਂਦੇ ਹਨ। ਉਨ੍ਹਾਂ ਦਾ ਮੰਨਣਾ ਹੈ ਕਿ ਸਫਲਤਾ ਦਾ ਕੋਈ ਛੋਟਾ ਰਸਤਾ ਨਹੀਂ ਹੁੰਦਾ ਅਤੇ ਲਗਾਤਾਰ ਮਿਹਨਤ ਹੀ ਇਨਸਾਨ ਨੂੰ ਅੱਗੇ ਲੈ ਕੇ ਜਾਂਦੀ ਹੈ। ਸੋਸ਼ਲ ਮੀਡੀਆ ‘ਤੇ ਮਸ਼ਹੂਰ ਹੋਣ ਕਾਰਨ ਕਈ ਵਾਰ ਉਨ੍ਹਾਂ ਨੂੰ ਨੈਗਟਿਵ ਕਮੈਂਟਾਂ ਦਾ ਵੀ ਸਾਹਮਣਾ ਕਰਨਾ ਪੈਂਦਾ ਹੈ। ਪਰ ਉਹ ਕਹਿੰਦੇ ਹਨ ਕਿ ਉਹ ਅਜਿਹੀਆਂ ਗੱਲਾਂ ਵੱਲ ਜ਼ਿਆਦਾ ਧਿਆਨ ਨਹੀਂ ਦਿੰਦੇ। ਉਨ੍ਹਾਂ ਦਾ ਵਿਸ਼ਵਾਸ ਬਾਬਾ ਨਾਨਕ ਦੇ “ਕਿਰਤ ਕਰੋ” ਦੇ ਸਿਧਾਂਤ ਵਿੱਚ ਹੈ ਅਤੇ ਉਹ ਇਸੇ ਸੋਚ ਨਾਲ ਆਪਣੇ ਕੰਮ ਵਿੱਚ ਲਗਾਤਾਰ ਜੁਟੇ ਰਹਿੰਦੇ ਹਨ।

ਰਿਵਾਇਤੀ ਕਿੱਤੇ ਨੂੰ ਦਿੱਤੀ ਨਵੀਂ ਪਛਾਣ
ਹਰਵਿੰਦਰ ਸਿੰਘ ਦੀ ਕਹਾਣੀ ਇਸ ਗੱਲ ਦੀ ਮਿਸਾਲ ਹੈ ਕਿ ਜੇਕਰ ਇਨਸਾਨ ਆਪਣੇ ਹੁਨਰ ਅਤੇ ਮਿਹਨਤ ‘ਤੇ ਵਿਸ਼ਵਾਸ ਰੱਖੇ ਤਾਂ ਰਿਵਾਇਤੀ ਕਿੱਤਿਆਂ ਨੂੰ ਵੀ ਨਵੀਆਂ ਉੱਚਾਈਆਂ ਤੱਕ ਲਿਜਾਇਆ ਜਾ ਸਕਦਾ ਹੈ। ਲੱਕੜ ਦੇ ਆਰੇ ਤੋਂ ਸ਼ੁਰੂ ਹੋਇਆ ਇਹ ਸਫਰ ਅੱਜ ਸੋਸ਼ਲ ਮੀਡੀਆ ਰਾਹੀਂ ਦੁਨੀਆ ਭਰ ਤੱਕ ਪਹੁੰਚ ਚੁੱਕਾ ਹੈ ਅਤੇ ਹਰਵਿੰਦਰ ਸਿੰਘ ਪੰਜਾਬ ਦੇ ਹੁਨਰਮੰਦ ਕਾਰੀਗਰਾਂ ਲਈ ਪ੍ਰੇਰਣਾ ਬਣੇ ਹੋਏ ਹਨ। ਉਨ੍ਹਾਂ ਬਾਰੇ ਹੋਰ ਜਾਨਣ ਲਈ ਤੁਸੀਂ ਹੇਠਾਂ ਦਿੱਤੀ ਵੀਡੀਓ ਵੀ ਵੇਖ ਸਕਦੇ ਹੋ।

Be First to Comment

Leave a Reply

Your email address will not be published. Required fields are marked *