ਕਹਿੰਦੇ ਹਨ ਕਿ ਜੇਕਰ ਇਨਸਾਨ ਠਾਨ ਲਵੇ ਤਾਂ ਉਹ ਇਕੱਲਾ ਵੀ ਵੱਡਾ ਬਦਲਾਅ ਲਿਆ ਸਕਦਾ ਹੈ। ਪੰਜਾਬ ਦੇ ਇੱਕ ਛੋਟੇ ਜਿਹੇ ਪਿੰਡ ਧੌਲਾ ਦੇ ਰਹਿਣ ਵਾਲੇ ਸੰਦੀਪ ਧੌਲਾ ਨੇ ਇਸ ਗੱਲ ਨੂੰ ਸੱਚ ਕਰ ਦਿਖਾਇਆ ਹੈ। ਉਨ੍ਹਾਂ ਨੇ ਆਪਣੀ ਮਿਹਨਤ ਅਤੇ ਕੁਦਰਤ ਪ੍ਰਤੀ ਪਿਆਰ ਦੇ ਸਦਕਾ ਹਜ਼ਾਰਾਂ ਨਹੀਂ, ਸਗੋਂ ਲੱਖਾਂ ਪੰਛੀਆਂ ਲਈ ਨਵੇਂ ਆਲ੍ਹਣੇ ਤਿਆਰ ਕੀਤੇ ਹਨ।

ਬਚਪਨ ਦੀਆਂ ਯਾਦਾਂ ਨੇ ਦਿੱਤੀ ਪ੍ਰੇਰਣਾ
ਸੰਦੀਪ ਇੱਕ ਕਿਸਾਨ ਪਰਿਵਾਰ ਨਾਲ ਸੰਬੰਧ ਰੱਖਦੇ ਹਨ। ਬਚਪਨ ਵਿੱਚ ਜਦੋਂ ਉਹ ਆਪਣੇ ਪਿਤਾ ਨਾਲ ਖੇਤਾਂ ਵਿੱਚ ਜਾਂਦੇ ਸਨ ਤਾਂ ਅਸਮਾਨ ਵਿੱਚ ਉੱਡਦੇ ਪੰਛੀਆਂ ਦੇ ਝੁੰਡ ਅਤੇ ਦਰੱਖਤਾਂ ‘ਤੇ ਚਹਿਕਦੀਆਂ ਚਿੜੀਆਂ ਆਮ ਗੱਲ ਸੀ। ਪਰ ਸਮੇਂ ਦੇ ਨਾਲ ਉਨ੍ਹਾਂ ਨੇ ਮਹਿਸੂਸ ਕੀਤਾ ਕਿ ਪੰਛੀਆਂ ਦੀ ਗਿਣਤੀ ਲਗਾਤਾਰ ਘੱਟ ਰਹੀ ਹੈ ਅਤੇ ਕਈ ਪ੍ਰਜਾਤੀਆਂ ਤਾਂ ਲਗਭਗ ਅਲੋਪ ਹੋ ਚੁੱਕੀਆਂ ਹਨ। ਇਸ ਬਦਲਾਅ ਦਾ ਕਾਰਨ ਜਾਣਨ ਲਈ ਸੰਦੀਪ ਨੇ ਪਿੰਡ ਦੇ ਬਜ਼ੁਰਗਾਂ ਨਾਲ ਗੱਲਬਾਤ ਕੀਤੀ। ਬਜ਼ੁਰਗਾਂ ਨੇ ਦੱਸਿਆ ਕਿ ਪਹਿਲਾਂ ਪੰਛੀ ਪੁਰਾਣੇ ਦਰੱਖਤਾਂ, ਮਿੱਟੀ ਦੇ ਘਰਾਂ, ਹਵੇਲੀਆਂ, ਝਾੜੀਆਂ ਅਤੇ ਰੇਤ ਦੇ ਟਿੱਬਿਆਂ ਵਿੱਚ ਆਪਣੇ ਆਲ੍ਹਣੇ ਬਣਾਉਂਦੇ ਸਨ। ਪਰ ਆਧੁਨਿਕ ਵਿਕਾਸ ਕਾਰਨ ਇਹ ਕੁਦਰਤੀ ਥਾਵਾਂ ਖਤਮ ਹੋ ਗਈਆਂ, ਜਿਸ ਨਾਲ ਪੰਛੀਆਂ ਦੇ ਘਰ ਵੀ ਉਜੜ ਗਏ।

ਸਿਰਫ਼ 5 ਆਲ੍ਹਣਿਆਂ ਤੋਂ ਸ਼ੁਰੂ ਹੋਇਆ ਸਫ਼ਰ
ਪੰਛੀਆਂ ਦੀ ਘਟਦੀ ਗਿਣਤੀ ਨੇ ਸੰਦੀਪ ਨੂੰ ਕੁਝ ਕਰਨ ਲਈ ਪ੍ਰੇਰਿਤ ਕੀਤਾ। ਉਨ੍ਹਾਂ ਨੇ ਪੰਛੀਆਂ ਲਈ ਲੱਕੜ ਦੇ ਆਲ੍ਹਣੇ ਬਣਾਉਣੇ ਸ਼ੁਰੂ ਕੀਤੇ। ਸ਼ੁਰੂਆਤ ਸਿਰਫ਼ 5 ਆਲ੍ਹਣਿਆਂ ਨਾਲ ਹੋਈ ਸੀ। ਜਦੋਂ ਪੰਛੀਆਂ ਨੇ ਉਨ੍ਹਾਂ ਨੂੰ ਅਪਣਾਉਣਾ ਸ਼ੁਰੂ ਕੀਤਾ ਤਾਂ ਉਨ੍ਹਾਂ ਦਾ ਹੌਸਲਾ ਹੋਰ ਵਧ ਗਿਆ।
ਉਨ੍ਹਾਂ ਨੇ ਵੱਖ-ਵੱਖ ਪੰਛੀਆਂ ਦੀਆਂ ਲੋੜਾਂ ਮੁਤਾਬਕ ਆਲ੍ਹਣਿਆਂ ਦੇ ਡਿਜ਼ਾਇਨ ਤਿਆਰ ਕੀਤੇ ਅਤੇ ਉਨ੍ਹਾਂ ਨੂੰ ਸੁਰੱਖਿਅਤ ਥਾਵਾਂ ‘ਤੇ ਲਗਾਉਣਾ ਸ਼ੁਰੂ ਕੀਤਾ।

ਹਰ ਸਾਲ ਬਣ ਰਹੇ ਹਨ 10,000 ਤੋਂ ਵੱਧ ਆਲ੍ਹਣੇ
ਸਮੇਂ ਦੇ ਨਾਲ ਕਈ ਲੋਕ ਇਸ ਮੁਹਿੰਮ ਨਾਲ ਜੁੜਦੇ ਗਏ। ਅੱਜ ਸੰਦੀਪ ਅਤੇ ਉਨ੍ਹਾਂ ਦੀ ਟੀਮ ਹਰ ਸਾਲ ਲਗਭਗ 10,000 ਆਲ੍ਹਣੇ ਤਿਆਰ ਕਰ ਰਹੀ ਹੈ। ਇਹ ਮੁਹਿੰਮ ਹੁਣ ਇੱਕ ਵੱਡੇ ਲੋਕ ਅੰਦੋਲਨ ਦਾ ਰੂਪ ਧਾਰ ਚੁੱਕੀ ਹੈ। ਸੰਦੀਪ ਨੇ ਮਹਿਸੂਸ ਕੀਤਾ ਕਿ ਪੰਛੀਆਂ ਨੂੰ ਸਿਰਫ਼ ਆਲ੍ਹਣਿਆਂ ਦੀ ਨਹੀਂ, ਸਗੋਂ ਕੁਦਰਤੀ ਵਾਤਾਵਰਣ ਦੀ ਵੀ ਲੋੜ ਹੁੰਦੀ ਹੈ। ਇਸ ਲਈ ਉਨ੍ਹਾਂ ਨੇ ਉਹ ਦਰੱਖਤ, ਝਾੜੀਆਂ ਅਤੇ ਸਰਕੰਡੇ ਵੀ ਲਗਾਉਣੇ ਸ਼ੁਰੂ ਕੀਤੇ ਜਿਨ੍ਹਾਂ ਵਿੱਚ ਪੰਛੀ ਕੁਦਰਤੀ ਤੌਰ ‘ਤੇ ਰਹਿਣਾ ਪਸੰਦ ਕਰਦੇ ਹਨ। ਕਈ ਪਿੰਡਾਂ ਵਿੱਚ ਛੋਟੇ-ਛੋਟੇ ਜੰਗਲ ਵੀ ਤਿਆਰ ਕੀਤੇ ਗਏ।

ਪੰਛੀਆਂ ਦੀਆਂ ਕਈ ਪ੍ਰਜਾਤੀਆਂ ਮੁੜ ਆਈਆਂ
ਇਨ੍ਹਾਂ ਯਤਨਾਂ ਦਾ ਨਤੀਜਾ ਬਹੁਤ ਹੀ ਸਕਾਰਾਤਮਕ ਰਿਹਾ। ਕਈ ਅਜਿਹੀਆਂ ਪੰਛੀ ਪ੍ਰਜਾਤੀਆਂ, ਜੋ ਸਾਲਾਂ ਤੋਂ ਨਜ਼ਰ ਨਹੀਂ ਆ ਰਹੀਆਂ ਸਨ, ਮੁੜ ਵਾਪਸ ਆਉਣ ਲੱਗੀਆਂ। ਪਿੰਡਾਂ ਵਿੱਚ ਇੱਕ ਵਾਰ ਫਿਰ ਪੰਛੀਆਂ ਦੀ ਚਹਿਕ ਸੁਣਾਈ ਦੇਣ ਲੱਗੀ। ਪਿਛਲੇ 15 ਸਾਲਾਂ ਵਿੱਚ ਸੰਦੀਪ ਅਤੇ ਉਨ੍ਹਾਂ ਦੀ ਟੀਮ ਲੱਖਾਂ ਆਲ੍ਹਣੇ ਬਣਾ ਚੁੱਕੀ ਹੈ ਅਤੇ ਹਜ਼ਾਰਾਂ ਦਰੱਖਤ ਲਗਾ ਚੁੱਕੀ ਹੈ। ਉਨ੍ਹਾਂ ਦਾ ਮੰਨਣਾ ਹੈ ਕਿ ਕੁਦਰਤ ਨਾਲ ਛੇੜਛਾੜ ਦਾ ਨੁਕਸਾਨ ਸਿਰਫ਼ ਪੰਛੀਆਂ ਨੂੰ ਹੀ ਨਹੀਂ, ਸਗੋਂ ਮਨੁੱਖਤਾ ਨੂੰ ਵੀ ਝੱਲਣਾ ਪੈਂਦਾ ਹੈ। ਉਹ ਕਹਿੰਦੇ ਹਨ ਕਿ ਜੇ ਅਸੀਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਸਾਫ਼ ਅਤੇ ਸੁੰਦਰ ਵਾਤਾਵਰਣ ਦੇਣਾ ਚਾਹੁੰਦੇ ਹਾਂ ਤਾਂ ਸਾਨੂੰ ਕੁਦਰਤ ਦੇ ਨਾਲ ਮਿਲ ਕੇ ਚੱਲਣਾ ਪਵੇਗਾ।

ਸੰਦੀਪ ਦੀ ਕਹਾਣੀ ਸਾਨੂੰ ਸਿਖਾਉਂਦੀ ਹੈ ਕਿ ਵੱਡੇ ਬਦਲਾਅ ਲਈ ਵੱਡੇ ਸਾਧਨਾਂ ਦੀ ਨਹੀਂ, ਸਗੋਂ ਵੱਡੇ ਇਰਾਦਿਆਂ ਦੀ ਲੋੜ ਹੁੰਦੀ ਹੈ। ਇੱਕ ਵਿਅਕਤੀ ਦੀ ਛੋਟੀ ਜਿਹੀ ਪਹਿਲ ਲੱਖਾਂ ਜੀਵਾਂ ਲਈ ਉਮੀਦ ਦੀ ਕਿਰਨ ਬਣ ਸਕਦੀ ਹੈ। ਜਦੋਂ ਇਨਸਾਨ ਕੁਦਰਤ ਦਾ ਸਾਥੀ ਬਣਦਾ ਹੈ, ਤਾਂ ਧਰਤੀ ਮੁੜ ਮੁਸਕੁਰਾਉਣ ਲੱਗਦੀ ਹੈ। ਉਨ੍ਹਾਂ ਦੇ ਕੰਮ ਬਾਰੇ ਹੋਰ ਜਾਨਣ ਲਈ ਦਿੱਤੇ ਤੁਸੀਂ ਹੇਠਾਂ ਦਿੱਤੀ ਵੀਡੀਓ ਵੇਖ ਸਕਦੇ ਹੋ।

ਰੁੱਸੇ ਪੰਛੀਆਂ ਨੂੰ ਮਨਾਉਣ ਦੀ ਮੁਹਿੰਮ ਚਲਾਉਣ ਵਾਲਾ ਪੰਜਾਬੀ ਨੌਜਵਾਨ
More from MotivationalMore posts in Motivational »






Be First to Comment