Press "Enter" to skip to content

ਮੇਰੇ ਪਿੰਡ ਨੂੰ ਕੋਈ ਬੱਸ ਨਹੀਂ ਜਾਂਦੀ ਪਰ ਲੋਕ ਮੈਥੋਂ ਗੱਡੀਆਂ ਖ਼ਰੀਦਣ ਆਉਂਦੇ ਹਨ

ਪੰਜਾਬ ਦੇ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਕੋਟਲੀ ਅਬਲੂ ਦੇ ਰਹਿਣ ਵਾਲੇ ਸਿਮਰਜੀਤ ਸਿੰਘ ਨੇ ਮਹਿਜ਼ 25 ਸਾਲ ਦੀ ਉਮਰ ਵਿੱਚ ਆਪਣਾ ਸਟਾਰਟ-ਅੱਪ ਕਾਮਯਾਬ ਕਰ ਦਿਖਾਇਆ ਹੈ।ਸਿਰਫ 10 ਜਮਾਤਾਂ ਪਾਸ ਸਿਮਰਜੀਤ ਸਿੰਘ ਨੇ 5 ਸਾਲ ਪਹਿਲਾਂ ਬੈਟਰੀ ਨਾਲ ਚੱਲਣ ਵਾਲਾ ਇੱਕ ਵਾਹਨ ਤਿਆਰ ਕੀਤਾ ਸੀ ਜੋ ਕਾਫੀ ਵਧੀਆ ਚੱਲਿਆ ਤਾਂ ਉਹ ਕੋਲ ਹੋਰਨਾਂ ਵਾਹਨਾਂ ਨੂੰ ਵੀ ਇਲੈਕਟ੍ਰਿਕ ਕਰਨ ਦੇ ਆਰਡ ਆਉਣ ਲੱਗੇ ਜਿਸ ਤੋਂ ਬਾਅਦ ਉਨ੍ਹਾਂ ਇਸ ਨੂੰ ਇੱਕ ਕਾਮਯਾਬ ਬਿਜ਼ਨਸ ਬਣਾ ਲਿਆ।

ਸਿਮਰਨਜੀਤ ਦੱਸਦੇ ਹਨ ਕਿ ਉਹ ਇੱਕ ਬਹੁਤ ਹੀ ਛੋਟੇ ਜਿਹੇ ਪਿੰਡ ਵਿੱਚ ਰਹਿੰਦਾ ਹੈ ਜਿੱਥੇ ਟਰਾਂਸਪੋਰਟ ਲਈ ਬੱਸ ਤੱਕ ਨਹੀਂ ਆਉਂਦੀ। ਪਿੰਡ ਦੇ ਜਿਆਦਾਤਰ ਨੌਜਵਾਨ ਵਿਦੇਸ਼ਾਂ ਵਿੱਚ ਗਏ ਹੋਏ ਹਨ ਪਰ ਉਨ੍ਹਾਂ ਦਾ ਸ਼ੁਰੂ ਤੋਂ ਹੀ ਪੰਜਾਬ ਵਿੱਚ ਰਹਿ ਕੇ ਆਪਣਾ ਕੁਝ ਕੰਮ ਕਰਨ ਦਾ ਇਰਾਦਾ ਸੀ ਜਿਸ ਤੋਂ ਬਾਅਦ ਉਨ੍ਹਾਂ ਇਲੈਕਟ੍ਰਿਕ ਵਾਹਨ ਬਣਾਉਣ ਦਾ ਰਾਹ ਚੁਣ ਲਿਆ। ਸ਼ੁਰੂਆਤ ਵਿੱਚ ਉਨ੍ਹਾਂ ਦੋ ਪਹੀਆ ਵਾਹਨਾਂ ਨੂੰ ਇਲੈਕਟ੍ਰਿਕ ਵਾਹਨਾਂ ਵਿੱਚ ਤਬਦੀਲ ਕੀਤਾ ਅਤੇ ਫਿਰ ਉਨ੍ਹਾਂ ਕੋਲ ਗੱਡੀਆਂ ਇਲੈਕਟ੍ਰਿਕ ਕਰਨ ਦੀ ਡਿਮਾਂਡ ਆਉਣ ਲੱਗੀ ਤਾਂ ਉਨ੍ਹਾਂ ਮੋਡੀਫਾਈ ਇਲੈਕਟ੍ਰਿਕ ਗੱਡੀਆਂ ਬਣਾਉਣ ਦਾ ਕਾਰੋਬਾਰ ਸ਼ੁਰੂ ਕਰ ਦਿੱਤਾ।

ਉਹ ਦੱਸਦੇ ਹਨ ਕਿ ਇਸ ਕੰਮ ਦੀ ਸ਼ੁਰੂਆਤ ਸੌਖੀ ਨਹੀਂ ਸੀ। ਇਸ ਕੰਮ ਵਿੱਚ ਪਹਿਲਾਂ ਉਨ੍ਹਾਂ ਨੇ ਕਾਫੀ ਨੁਕਸਾਨ ਵੀ ਝੱਲਿਆ ਕਿਉਂਕਿ ਉਨ੍ਹਾਂ ਨੇ ਵਾਹਨਾਂ ਨੂੰ ਮੋਡੀਫਾਈ ਕਰਨ ਜਾਂ ਇਲੈਕਟ੍ਰਿਕ ਵਾਹਨ ਬਣਾਉਣ ਸਬੰਧੀ ਕੋਈ ਪੜਾਈ ਵੀ ਨਹੀਂ ਕੀਤੀ ਸੀ।ਉਨ੍ਹਾਂ ਨੇ ਇਹ ਸਭ ਕੁਝ ਆਪਣੇ ਤਰਜ਼ਬੇ ਵਿੱਚੋਂ ਹੀ ਸਿੱਖਿਆ ਹੈ। ਹੁਣ ਉਨ੍ਹਾਂ ਕੋਲ ਇਲੈਕਟ੍ਰਿਕ ਵਾਹਨ ਬਣਾਉਣ ਦਾ ਇੰਨਾ ਤਜਰਬਾ ਹੈ ਕਿ ਉਨ੍ਹਾਂ ਕੋਲੋਂ ਇਲੈਕਟ੍ਰਿਕ ਗੱਡੀ ਤਿਆਰ ਕਰਵਾਉਣ ਲਈ 6 ਮਹੀਨੇ ਪਹਿਲਾਂ ਬੁਕਿੰਗ ਕਰਵਾਉਣੀ ਪੈਂਦੀ ਹੈ।

ਉਹ ਦੱਸਦੇ ਹਨ ਹੁਣ ਤੱਕ ਉਹ ਕਈ ਤਰ੍ਹਾਂ ਦੇ ਵਾਹਨਾਂ ਨੂੰ ਇਲੈਕਟ੍ਰਿਕ ਵਾਹਨ ਵਿੱਚ ਤਬਦੀਲ ਕਰ ਚੁੱਕੇ ਹਨ ਅਤੇ ਉਨ੍ਹਾਂ ਵੱਲੋਂ ਤਿਆਰ ਕੀਤੇ ਵਾਹਨ ਇੱਕਲੇ ਪੰਜਾਬ ਵਿੱਚ ਹੀ ਨਹੀਂ ਸਗੋਂ ਦੇਸ਼ ਭਰ ਦੇ ਵੱਖ ਵੱਖ ਸੂਬਿਆ ਵਿੱਚ ਗਏ ਹਨ। ਉਹ ਦੱਸਦੇ ਹਨ ਕਿ ਉਹ ਖੁਦਵੀ ਨਵੇਂ ਇਲੈਕਟ੍ਰਿਕ ਵਾਹਨ ਬਣਾਉਂਦੇ ਹਨ ਅਤੇ ਡਿਮਾਂਡ ਦੇ ਹਿਸਾਬ ਨਾਲ ਵਾਹਨ ਨੂੰ ਇਲੈਕਟ੍ਰਿਕ ਵੀ ਕਰਦੇ ਹਨ। ਆਪਣੇ ਇਸ ਕੰਮ ਦੇ ਨਾਲ ਨਾਲ ਉਨ੍ਹਾਂ ਹੋਰਨਾਂ ਨੌਜਵਾਨਾਂ ਨੂੰ ਵੀ ਕੰਮ ਦਿੱਤਾ ਹੈ।

ਉਹ ਦੱਸਦੇ ਹਨ ਆਉਣ ਵਾਲਾ ਭਵਿੱਖ ਇਲੈਕਟ੍ਰਿਕ ਵਾਹਨਾਂ ਦਾ ਹੈ ਅਤੇ ਮਾਰਕਿਟ ਵਿੱਚ ਇਸ ਦੀ ਡਿਮਾਂਡ ਵੀ ਹੈ ਪਰ ਸਰਕਾਰਾਂ ਨੂੰ ਵੀ ਅਜਿਹੇ ਕਿੱਤਿਆ ਨੂੰ ਉਤਸ਼ਾਹਿਤ ਕਰਨ ਦੇ ਲਈ ਉਪਰਾਲੇ ਕਰਨੇ ਚਾਹੀਦੇ ਹਨ ਅਤੇ ਇਲੈਕਟ੍ਰਿਕ ਵਾਹਨਾਂ ਨੂੰ ਪ੍ਰਮੋਟ ਕਰਨ ਦੇ ਲਈ ਸਬਸਿਡੀ ਜਾਂ ਟੈਕਸ ਵਿੱਚ ਛੋਟ ਵਰਗੀਆਂ ਸਹੂਲਤਾਂ ਦੇਣੀਆਂ ਚਾਹੀਦੀਆਂ ਹਨ ਤਾਂ ਜੋ ਇਸ ਤਰ੍ਹਾਂ ਦੇ ਕੰਮ ਵਿੱਚ ਹੋਰ ਨੌਜਵਾਨ ਵੀ ਆ ਕੇ ਆਪਣਾ ਭਵਿੱਖ ਬਣਾ ਸਕਣ। ਇਸ ਨੌਜਵਾਨ ਦੇ ਕੰਮ ਬਾਰੇ ਹੋਰ ਜਾਨਣ ਲਈ ਤੁਸੀਂ ਹੇਠਾਂ ਦਿੱਤੀ ਵੀਡੀਓ ਵੇਖ ਸਕਦੇ ਹੋ।

Be First to Comment

Leave a Reply

Your email address will not be published. Required fields are marked *