Press "Enter" to skip to content

ਲੋਕਾਂ ਦਾ ਆਪਣਾ ਮੌਸਮ ਵਿਗਿਆਨੀ

ਕਿਸੇ ਨੇ ਵਿਆਹ ਦੀ ਤਰੀਕ ਰੱਖਣੀ ਹੋਵੇ, ਰਿਸ਼ਤੇਦਾਰੀ ਵਿੱਚ ਜਾਣਾ ਹੋਵੇ, ਫ਼ਸਲ ਬੀਜਣੀ ਜਾਂ ਵੱਢਣੀ ਹੋਵੇ ਜਾਂ ਕੋਈ ਧਾਰਮਿਕ ਸਮਾਗਮ ਕਰਨਾ ਹੋਵੇ ਤਾਂ ਫ਼ੋਨ ਬੱਲੋ ਵਾਲੇ ਬਲਜਿੰਦਰ ਸਿੰਘ ਦਾ ਖੜਕਦਾ ਹੈ। ਬਲਜਿੰਦਰ ਲੋਕਾਂ ਦਾ ਆਪਣਾ ਮੌਸਮ ਵਿਗਿਆਨੀ ਹੈ। ਕਿਸੇ ਵੀ ਕੰਮ ਦੀ ਵਿਉਂਤ ਤੋਂ ਪਹਿਲਾਂ ਲੋਕ ਬਲਜਿੰਦਰ ਦੇ ਫੇਸਬੁੱਕ ਪੇਜ “ਮੌਸਮ ਪੰਜਾਬ ਦਾ” ਉੱਤੇ ਜਾ ਕੇ ਮੌਸਮ ਦੀ ਭਵਿੱਖਬਾਣੀ ਸੁਣਦੇ ਹਨ। ਜੇਕਰ ਫਿਰ ਵੀ ਕੋਈ ਉਲਝਣ ਹੋਵੇ ਤਾਂ ਬਿਨਾ ਝਿਜਕ ਲੋਕ ਬਲਜਿੰਦਰ ਨੂੰ ਫ਼ੋਨ ਕਰ ਕੇ ਪੁੱਛ ਲੈਂਦੇ ਹਨ। ਬਲਜਿੰਦਰ ਦਾ ਸੁਭਾਅ ਐਸਾ ਹੈ ਕਿ ਨਾ ਉਹ ਮੌਸਮ ਦੀ ਜਾਣਕਾਰੀ ਦੇਣ ਤੋਂ ਉੱਕਦਾ ਹੈ ਨਾ ਹੀ ਲੋਕਾਂ ਦੇ ਫ਼ੋਨ ਸੁਣਨ ਤੋਂ ਅੱਕਦਾ-ਥੱਕਦਾ ਹੈ। ਨਰਮ ਸੁਭਾਅ ਦੇ ਮਿੱਠ-ਬੋਲੜੇ ਇਸ ਗੱਭਰੂ ਨੂੰ ਲੋਕ ਸੇਵਾ ਦੇ ਇਸ ਕਾਰਜ ਲਈ ਅਕਸਰ ਮਾਣ-ਸਨਮਾਨ ਵੀ ਮਿਲਦੇ ਰਹਿੰਦੇ ਹਨ ਪਰ ਲੋਕਾਂ ਤੋਂ ਮਿਲਦੇ ਪਿਆਰ ਸਤਿਕਾਰ ਨੂੰ ਬਲਜਿੰਦਰ ਸਭ ਸਨਮਾਨਾਂ ਤੋਂ ਉੱਪਰ ਮੰਨਦੇ ਹਨ।

ਬਲਜਿੰਦਰ ਦੇ ਇਨ੍ਹਾਂ ਯਤਨਾਂ ਤੋਂ ਪ੍ਰਭਾਵਿਤ ਹੋ ਕੇ ਮਰਾਹੜ ਪਾਵਰ ਕੰਟਰੋਲ ਪ੍ਰਾਈਵੇਟ ਲਿਮਟਿਡ ਵੱਲੋਂ ਉਨ੍ਹਾਂ ਨੂੰ ਇੱਕ ਆਟੋਮੈਟਿਕ ਵੈਦਰ ਸਟੇਸ਼ਨ ਭੇਂਟ ਕੀਤਾ ਗਿਆ ਹੈ ਜੋ ਹਵਾ ਦੇ ਪਰੈਸ਼ਰ, ਨਮੀ ਦੀ ਮਾਤਰਾ, ਮੀਂਹ ਦੀ ਸੰਭਾਵਨਾ ਅਤੇ ਤਾਪਮਾਨ ਬਾਰੇ ਜਾਣਕਾਰੀ ਦਿੰਦਾ ਹੈ। ਇਸਤੋਂ ਇਲਾਵਾ ਜਰਮਨ ਦੀ ਇੱਕ ਕੰਪਨੀ ਵੱਲੋਂ ਬਲਜਿੰਦਰ ਨੂੰ ਇੱਕ ਲਾਇਟਨਿੰਗ ਡਿਟੈਕਟਰ ਦਿੱਤਾ ਗਿਆ ਹੈ ਜੋ ਅਸਮਾਨੀ ਬਿਜਲੀ ਬਾਰੇ ਡਾਟਾ ਉਪਲਬਧ ਕਰਵਾਉਂਦਾ ਹੈ। ਇਨ੍ਹਾਂ ਯੰਤਰਾਂ ਨਾਲ ਬਲਜਿੰਦਰ ਲਈ ਮੌਸਮ ਦੀ ਸਟੀਕ ਜਾਣਕਾਰੀ ਇਕੱਠੀ ਕਰਨਾ ਹੋਰ ਵੀ ਸੁਖਾਲਾ ਹੋ ਗਿਆ ਹੈ।

ਕਿਸਾਨੀ ਪਰਵਾਰ ਨਾਲ ਸਬੰਧ ਰੱਖਦੇ ਬਲਜਿੰਦਰ ਨੇ ਸਾਇੰਸ ਦੇ ਵਿਸ਼ਿਆਂ ਨਾਲ ਬੀਐਸਸੀ ਦੀ ਪੜਾਈ ਕੀਤੀ ਹੋਈ ਹੈ ਪਰ ਮੌਸਮ ਵਿਗਿਆਨ ਦੀ ਜਾਣਕਾਰੀ ਲਈ ਉਸਨੇ ਕੋਈ ਵਿਸ਼ੇਸ਼ ਟਰੇਨਿੰਗ ਜਾਂ ਕੋਰਸ ਨਹੀਂ ਕੀਤਾ। ਮੌਸਮ ਦੀ ਭਵਿੱਖਬਾਣੀ ਸਬੰਧੀ ਮੁਹਾਰਤ ਹਾਸਲ ਕਰਨ ਪਿੱਛੇ ਉਸਦੀ ਬਾਲ ਉਮਰੇ ਬਣੀ ਦਿਲਚਸਪੀ ਅਤੇ ਅਣਥੱਕ ਮਿਹਨਤ ਦਾ ਹੀ ਸਾਰਾ ਹੱਥ ਹੈ। ਡੀਬੀਐੱਲ ਨਾਲ ਗੱਲਬਾਤ ਕਰਦਿਆਂ ਬਲਜਿੰਦਰ ਸਿੰਘ ਨੇ ਦੱਸਿਆ, “ਮੇਰਾ ਜਨਮ ਕਿਸਾਨੀ ਪਰਵਾਰ ਵਿੱਚ ਹੋਇਆ ਹੈ। ਖੇਤੀ ਦਾ ਸਿੱਧਾ ਸਬੰਧ ਮੌਸਮ ਨਾਲ ਹੈ। ਹੁਣ ਤਾਂ ਖੇਤੀ ਆਧੁਨਿਕ ਹੋ ਗਈ ਪਰ ਭਲੇ ਵੇਲਿਆਂ ‘ਚ ਬਜ਼ੁਰਗ ਬੱਦਲਾਂ ਤੋਂ, ਹਵਾ ਦੇ ਰੁੱਖ ਤੋਂ ਗਰਮੀ ਸਰਦੀ ਜਾਂ ਮੀਂਹ ਦਾ ਅੰਦਾਜ਼ਾ ਲਾ ਕੇ ਫ਼ਸਲ ਦੀ ਬਿਜਾਈ ਜਾਂ ਗੋਡੀ ਆਦਿ ਕਰਦੇ ਸਨ। ਵੱਡੇ ਬਜ਼ੁਰਗਾਂ ਤੋਂ ਇਹ ਕਹਾਣੀਆਂ ਮੈਂ ਅਕਸਰ ਸੁਣਿਆ ਕਰਦਾ ਸੀ। ਇੱਥੋਂ ਹੀ ਮੌਸਮ ਬਾਰੇ ਜਾਣਨ ਦੀ ਮੇਰੇ ਵਿੱਚ ਜਗਿਆਸਾ ਪੈਦਾ ਹੋਈ। ਇਸੇ ਲਈ ਬੀਐਸਸੀ ਸਾਇੰਸ ਵਿਸ਼ੇ ਨਾਲ ਕਰਨ ਤੋਂ ਬਾਅਦ ਮੈਂ ਅਗਲੇਰੀ ਪੜਾਈ ਮੌਸਮ ਵਿਗਿਆਨ ਵਿੱਚ ਕਰਨਾ ਚਾਹੁੰਦਾ ਸੀ ਪਰ ਨਿੱਜੀ ਕਾਰਨਾਂ ਕਰਕੇ ਮੈਂ ਇਹ ਸੁਪਨਾ ਪੂਰਾ ਨਹੀਂ ਕਰ ਸਕਿਆ। ਆਪਣਾ ਸ਼ੌਕ ਪੂਰਾ ਕਰਨ ਲਈ ਮੈਂ ਇੰਟਰਨੈੱਟ ਨੂੰ ਸਾਧਨ ਬਣਾਇਆ। ਜਿੰਨਾ ਵੀ ਪੜ੍ਹਨ ਨੂੰ ਮਿਲ਼ਿਆ ਮੈਂ ਪੜਦਾ ਗਿਆ। ਮੌਸਮ ਦੀ ਜਾਣਕਾਰੀ ਦੇਣ ਵਾਲੀਆਂ ਬਹੁਤ ਸਾਰੀਆਂ ਦੇਸੀ ਵਿਦੇਸ਼ੀ ਐਪਸ ਦੀ ਸਬਸਕਰਿਪਸ਼ਨ ਵੀ ਖ਼ਰੀਦੀ। ਹੌਲੀ-ਹੌਲੀ ਤਜਰਬਾ ਹੁੰਦਾ ਗਿਆ ਤਾਂ ਮੈਂ ਆਪਣਾ ਫੇਸਬੁੱਕ ਪੇਜ ਬਣਾ ਕੇ ਉਸ ਉੱਤੇ ਮੌਸਮ ਦੀ ਜਾਣਕਾਰੀ ਦੇਣੀ ਸ਼ੁਰੂ ਕਰ ਦਿੱਤੀ। ਮੇਰੀਆਂ ਕੀਤੀਆਂ ਭਵਿੱਖ ਬਾਣੀਆਂ ਠੀਕ ਸਾਬਤ ਹੋਣ ਲੱਗੀਆਂ ਤਾਂ ਮੇਰੇ ਫੇਸਬੁੱਕ ਪੇਜ ਨਾਲ ਜੁੜੇ ਲੋਕਾਂ ਦੀ ਗਿਣਤੀ ਵੀ ਵਧਦੀ ਗਈ।

ਪਰਿਵਾਰਿਕ ਜ਼ਿੰਮੇਵਾਰੀਆਂ ਦੇ ਨਾਲ-ਨਾਲ ਬਲਜਿੰਦਰ ਲਈ ਇਸ ਸੇਵਾ ਨੂੰ ਜਾਰੀ ਰੱਖਣਾ ਇੰਨਾ ਸੌਖਾ ਵੀ ਨਹੀਂ ਹੈ। ਚੁਨੌਤੀਆਂ ਬਾਰੇ ਗੱਲਬਾਤ ਕਰਦਿਆਂ ਬਲਜਿੰਦਰ ਸਿੰਘ ਦੱਸਦੇ ਹਨ, “ਇਹ ਕੰਮ ਮੈਂ ਪੈਸੇ ਕਮਾਉਣ ਲਈ ਨਹੀਂ ਕਰ ਰਿਹਾ। ਮੇਰੀ ਰੋਜ਼ੀ-ਰੋਟੀ ਦਾ ਵਸੀਲਾ ਹੁਣ ਵੀ ਖੇਤੀਬਾੜੀ ਹੀ ਹੈ। ਖੇਤੀ ਦੇ ਕੰਮਾਂ ਦੇ ਨਾਲ-ਨਾਲ ਪਸ਼ੂ ਡੰਗਰ ਵੀ ਸੰਭਾਲਣਾ ਹੁੰਦਾ ਹੈ। ਮੇਰਾ ਫ਼ੋਨ ਦਿਨ ਰਾਤ ਵੱਜਦਾ ਰਹਿੰਦਾ ਹੈ। ਮੈਸੇਜ ਵੀ ਬਹੁਤ ਆਉਂਦੇ ਹਨ। ਕਈ ਵਾਰ ਮੌਕੇ ਤੇ ਫ਼ੋਨ ਚੁੱਕਣਾ ਜਾਂ ਮੈਸੇਜਾਂ ਦਾ ਉੱਤਰ ਦੇਣਾ ਮੁਸ਼ਕਿਲ ਹੋ ਜਾਂਦਾ ਹੈ ਪਰ ਫਿਰ ਮੈਂ ਕੋਸ਼ਿਸ਼ ਕਰਦਾ ਹਾਂ ਕਿ ਹਰ ਇੱਕ ਦਾ ਜਵਾਬ ਦੇ ਸਕਾਂ। ਇਹ ਕੰਮ ਥੋੜ੍ਹਾ ਮੁਸ਼ਕਿਲ ਤਾਂ ਹੈ ਪਰ ਲੋਕਾਂ ਦੇ ਪਿਆਰ ਦੇ ਸਾਹਮਣੇ ਇਹ ਮੁਸ਼ਕਿਲ ਕੁੱਝ ਵੀ ਨਹੀਂ ਹੈ।

ਬਲਜਿੰਦਰ ਦੇ ਕੰਮ ਦੀ ਅਹਿਮੀਅਤ ਮੌਸਮ ਵਿਭਾਗ ਦੇ ਉੱਦਮਾਂ ਦੀ ਰੌਸ਼ਨੀ ਵਿੱਚ ਹੋਰ ਸੌਖਿਆਂ ਸਮਝ ਆਉਂਦੀ ਹੈ। ਸਰਕਾਰੀ ਡਾਟਾ ਦੀ ਉਪਲਬਧਤਾ ਬਾਰੇ ਬਲਜਿੰਦਰ ਸਿੰਘ ਕਹਿੰਦੇ ਹਨ, “ਮੌਸਮ ਵਿਭਾਗ(ਆਈਐੱਮਡੀ) ਵੱਲੋਂ ਪੰਜਾਬ ਵਿੱਚ 10 ਮੈਨੂਅਲ ਵੈਦਰ ਸਟੇਸ਼ਨ ਸਥਾਪਿਤ ਕੀਤੇ ਗਏ ਹਨ ਪਰ ਕਈ ਵਾਰ ਉਹ ਡਾਟਾ ਮੌਸਮ ਵਿਭਾਗ ਦੀ ਵੈੱਬਸਾਈਟ ਤੇ ਅੱਪਡੇਟ ਨਹੀਂ ਹੋ ਪਾਉਂਦਾ। ਇਸਤੋਂ ਬਿਨਾਂ 50 ਤੋਂ ਜ਼ਿਆਦਾ ਆਟੋਮੈਟਿਕ ਵੈਦਰ ਸਟੇਸ਼ਨ ਵੀ ਮੌਸਮ ਵਿਭਾਗ ਵੱਲੋਂ ਤਹਿਸੀਲ ਪੱਧਰਾਂ ਤੇ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਅਤੇ ਖੇਤੀਬਾੜੀ ਵਿਭਾਗ ਦੇ ਸਹਿਯੋਗ ਨਾਲ ਲਗਾਏ ਹਨ ਪਰ ਇਨ੍ਹਾਂ ਵਿੱਚੋਂ ਜ਼ਿਆਦਾਤਰ ਸਟੇਸ਼ਨ ਖ਼ਰਾਬ ਪਏ ਹਨ। ਜਿਸ ਕਰਕੇ ਬਹੁਤ ਸਾਰੀਆਂ ਐਪਸ ਵੀ ਸਹੀ ਜਾਣਕਾਰੀ ਨਹੀਂ ਦੇ ਪਾਉਂਦੀਆਂ। ਮੈਂ ਲੋਕਾਂ ਦੀ ਇਹ ਮਜਬੂਰੀ ਸਮਝਦਾ ਹਾਂ। ਮੌਸਮ ਵਿਭਾਗ ਤੋਂ ਜੋ ਵੀ ਡਾਟਾ ਉਪਲਬਧ ਹੁੰਦਾ ਹੈ ਉਸਤੋਂ ਇਲਾਵਾ ਮੈਂ ਬਹੁਤ ਸਾਰੇ ਯੂਰਪ ਦੇ ਮੁਲਕਾਂ ਦੇ ਮੌਸਮ ਬਾਰੇ ਡਾਟੇ ਦੀ ਸਬਸਕਰਿਪਸ਼ਨ ਖ਼ਰੀਦੀ ਹੋਈ ਹੈ। ਮੇਰੇ ਕੋਲ ਹੁਣ ਆਪਣਾ ਆਟੋਮੈਟਿਕ ਵੈਦਰ ਸਟੇਸ਼ਨ ਵੀ ਹੈ। ਮੈਂ ਇਹ ਸਾਰਾ ਡਾਟਾ ਇਕੱਤਰ ਕਰਕੇ, ਲੋਕਾਂ ਨੂੰ ਸੌਖੇ ਸ਼ਬਦਾਂ ਵਿੱਚ ਸਮਝਾ ਦਿੰਦਾ ਹਾਂ ਤਾਂ ਜੋ ਉਹ ਆਪਣੇ ਕੰਮਕਾਜ ਉਸ ਹਿਸਾਬ ਨਾਲ ਵਿਉਂਤ ਸਕਣ। ਲੋਕ ਬੜੀ ਉਮੀਦ ਨਾਲ ਮੇਰੇ ਨਾਲ ਸੰਪਰਕ ਕਰਦੇ ਹਨ। ਮੈਂ ਲੋਕਾਂ ਦੀ ਉਮੀਦ ਨਹੀਂ ਤੋੜਨੀ ਚਾਹੁੰਦਾ। ਜਿੱਥੋਂ ਤੱਕ ਸੰਭਵ ਹੋਇਆ ਮੈਂ ਇਹ ਕੰਮ ਜਾਰੀ ਰੱਖਾਂਗਾ।

Be First to Comment

Leave a Reply

Your email address will not be published. Required fields are marked *