Press "Enter" to skip to content

ਗੁਰੂ ਰਵਿਦਾਸ ਦਾ ਸੱਚਾ ਭਗਤ ਕਰਦਾ ਹੈ ਜੁੱਤੀਆਂ ਗੰਢਣ ਦੀ ਫ੍ਰੀ ਸੇਵਾ

ਬਰਨਾਲਾ ਸ਼ਹਿਰ ਦੇ ਰਹਿਣ ਵਾਲੇ ਮੋਚੀ ਸਿੰਘ ਮੁਫ਼ਤ ਵਿੱਚ ਜੁੱਤੀਆਂ ਗੰਢਣ ਦੀ ਸੇਵਾ ਕਰਦੇ ਹਨ। ਮੋਚੀ ਸਿੰਘ ਦੀ ਇਸ ਸੇਵਾ ਨੂੰ ਦੇਖ ਕੇ ਕੁਝ ਲੋਕ ਉਨ੍ਹਾਂ ਨੂੰ ਜੁੱਤੀਆਂ ਗੰਢਣ ਬਦਲੇ ਪੈਸੇ ਵੀ ਦੇ ਜਾਂਦੇ ਹਨ ਪਰ ਉਹ ਕਿਸੇ ਤੋਂ ਮੂੰਹੋ ਮੰਗ ਕੇ ਪੈਸੇ ਨਹੀਂ ਲੈਂਦੇ ਅਤੇ ਇਨ੍ਹਾਂ ਪੈਸਿਆਂ ਨਾਲ ਹੀ ਉਹ ਗੁਜ਼ਾਰਾ ਕਰਦੇ ਹਨ।

ਮੋਚੀ ਸਿੰਘ ਦੱਸਦੇ ਹਨ ਕਿ ਉਹ ਸਵੇਰੇ ਐਸ.ਡੀ. ਕਾਲਜ ਦੇ ਨਜ਼ਦੀਕ ਪੁੱਲ ਹੇਠਾਂ ਆਪਣੇ ਅੱਡੇ ਉਪਰ ਆ ਜਾਂਦੇ ਹਨ ਅਤੇ ਸਵੇਰ ਤੋਂ ਸ਼ਾਮ ਤੱਕ ਉਹ ਇੱਥੇ ਮੁਫਤ ਵਿੱਚ ਲੋਕਾਂ ਦੀਆਂ ਜੁੱਤੀਆਂ ਗੰਢਣ ਦਾ ਕੰਮ ਕਰਦੇ ਹਨ। ਜਦੋਂ ਉਨ੍ਹਾਂ ਨੂੰ ਪੁੱਛਿਆ ਕਿ ਆਪਣੀ ਮਿਹਨਤ ਦਾ ਉਹ ਘੱਟੋ ਘੱਟ ਮੁੱਲ ਤਾਂ ਲੈ ਸਕਦੇ ਹਨ ਤਾਂ ਇਸਦੇ ਜਵਾਬ ਵਿੱਚ ਮੋਚੀ ਸਿੰਘ ਕਹਿੰਦੇ ਹਨ ਕਿ ਉਨ੍ਹਾਂ ਦੇ ਗੂਰੁ ਦੇ ਬੋਲ ਹਨ ਕਿ ਮੁਫਤ ਵਿੱਚ ਹੀ ਜੁੱਤੀਆਂ ਗੰਢਣ ਦਾ ਕੰਮ ਕਰਨਾ ਹੈ ਅਤੇ ਜੇਕਰ ਉਹ ਕਿਸੇ ਤੋਂ ਮੰਗ ਕੇ ਪੈਸੇ ਲੈਣਗੇ ਤਾਂ ਗੂਰੁ ਦੇ ਬੋਲ ਝੂਠੇ ਪੈ ਜਾਣਗੇ।

ਉਹ ਦੱਸਦੇ ਹਨ ਕਿ ਜਦੋਂ ਕਿ ਕੋਈ ਵਿਅਕਤੀ ਉਨ੍ਹਾਂ ਕੋਲ ਜੁੱਤੀ ਠੀਕ ਕਰਵਾਉਣ ਲਈ ਆਉਂਦਾ ਹੈ ਤਾਂ ਉਹ ਜੁੱਤੀ ਫੜ ਕੇ ਆਪਣੇ ਕੋਲ ਨਹੀਂ ਰੱਖਦੇ ਬਲਕਿ ਵਿਅਕਤੀ ਨੂੰ ਕੋਲ ਬਿਠਾ ਕੇ ਉਸਦੀ ਜੁੱਤੀ ਮੌਕੇ ਉਪਰ ਹੀ ਠੀਕ ਕਰਕੇ ਉਸਨੂੰ ਦਿੰਦੇ ਹਨ। ਇਸ ਕੰਮ ਲਈ ਜੋ ਵੀ ਸਮਾਨ ਲੱਗਦਾ ਹੈ ਉਹ ਵੀ ਉਹ ਖੁਦ ਹੀ ਖਰੀਦ ਕੇ ਲਿਆਉਂਦੇ ਹਨ।

ਉਹ ਦੱਸਦੇ ਹਨ ਕਿ ਕਈ ਵਾਰ ਲੋਕ ਉਨ੍ਹਾਂ ਨੂੰ ਆਪਣੇ ਕੰਮ ਦੇ ਪੈਸੇ ਲੈਣ ਦੀ ਨਸੀਹਤ ਵੀ ਦਿੰਦੇ ਹਨ ਪਰ ਉਹ ਆਪਣੇ ਗੂਰੁ ਦੇ ਬੋਲ ਪੂਰੇ ਕਰਨ ਵਿੱਚ ਯਕੀਨ ਰੱਖਦੇ ਹਨ। ਉਹ ਦੱਸਦੇ ਹਨ ਸਵੇਰ ਤੋਂ ਸ਼ਾਮ ਤੱਕ ਇਸ ਕੰਮ ਨਾਲ ਜੋ ਵੀ ਕਮਾਈ ਹੋ ਜਾਂਦੀ ਹੈ ਉਸ ਨਾਲ ਹੀ ਘਰ ਦਾ ਗੁਜ਼ਾਰਾ ਚੱਲਦਾ ਹੈ ਅਤੇ ਉਹ ਖੁਸ਼ ਵੀ ਹਨ। ਮੋਚੀ ਸਿੰਘ ਦੀ ਇਸ ਵਿਲੱਖਣ ਸੇਵਾ ਬਾਰੇ ਤੁਸੀਂ ਹੇਠਾਂ ਦਿੱਤੀ ਵੀਡੀਓ ਵੀ ਵੇਖ ਸਕਦੇ ਹੋ।

Be First to Comment

Leave a Reply

Your email address will not be published. Required fields are marked *