ਪੰਜਾਬ ਦੇ ਸ਼ਹਿਰ ਬਠਿੰਡਾ ਦੇ ਰਹਿਣ ਵਾਲੇ ਕਮਲ ਕਾਂਤ ਉਹ ਨਾਮ ਹੈ ਜੋ ਅੱਜ ਕਬਾੜ ਨੂੰ ਕਲਾ ਵਿੱਚ ਤਬਦੀਲ ਕਰਨ ਲਈ ਜਾਣੇ ਜਾਂਦੇ ਹਨ। ਜਿਹੜੀਆਂ ਚੀਜ਼ਾਂ ਲੋਕਾਂ ਲਈ ਫਾਲਤੂ ਜਾਂ ਬੇਕਾਰ ਹੁੰਦੀਆਂ ਹਨ, ਉਹਨਾਂ ਨੂੰ ਕਮਲ ਕਾਂਤ ਆਪਣੀ ਸੋਚ ਅਤੇ ਰਚਨਾਤਮਕ ਕਲਾ ਨਾਲ ਅਨੌਖੀਆਂ ਕਲਾਕ੍ਰਿਤੀਆਂ ਵਿੱਚ ਬਦਲ ਦਿੰਦੇ ਹਨ। ਉਨ੍ਹਾਂ ਦੀ ਕਹਾਣੀ ਸਿਰਫ ਇੱਕ ਕਾਰੋਬਾਰ ਦੀ ਨਹੀਂ, ਸਗੋਂ ਵੇਸਟ ਮੈਨੇਜਮੈਂਟ ਅਤੇ ਰਚਨਾਤਮਕ ਸੋਚ ਦੀ ਇੱਕ ਜਿਉਂਦੀ ਮਿਸਾਲ ਹਨ।

ਰੈਸਟੋਰੈਂਟ ਤੋਂ ਸ਼ੁਰੂ ਹੋਇਆ ਸਫਰ
ਕਮਲ ਕਾਂਤ ਦੇ ਮਨ ਵਿੱਚ ਸ਼ੁਰੂ ਤੋਂ ਹੀ ਵੇਸਟ ਮੈਨੇਜਮੈਂਟ ਉੱਤੇ ਕੰਮ ਕਰਨ ਦੀ ਇੱਛਾ ਸੀ। ਉਹ ਹਮੇਸ਼ਾ ਸੋਚਦੇ ਸਨ ਕਿ ਜੇ ਕਬਾੜ ਨੂੰ ਢੰਗ ਨਾਲ ਵਰਤਿਆ ਜਾਵੇ ਤਾਂ ਇਸ ਤੋਂ ਨਵੀਂ ਅਤੇ ਸੁੰਦਰ ਚੀਜ਼ਾਂ ਬਣ ਸਕਦੀਆਂ ਹਨ। ਇਸੇ ਸੋਚ ਨੇ ਉਨ੍ਹਾਂ ਦੇ ਜੀਵਨ ਦਾ ਰੁਖ ਬਦਲ ਦਿੱਤਾ।
ਕੁਝ ਸਾਲ ਪਹਿਲਾਂ ਕਮਲ ਕਾਂਤ ਇੱਕ ਰੈਸਟੋਰੈਂਟ ਚਲਾਉਂਦੇ ਸਨ। ਉੱਥੇ ਉਨ੍ਹਾਂ ਨੇ ਵੇਸਟ ਪਏ ਲੋਹੇ ਦੇ ਡਰੱਮਾਂ ਤੋਂ ਕੁਰਸੀਆਂ ਤਿਆਰ ਕੀਤੀਆਂ। ਇਹ ਕੁਰਸੀਆਂ ਲੋਕਾਂ ਨੂੰ ਬਹੁਤ ਪਸੰਦ ਆਈਆਂ। ਲੋਕਾਂ ਨੇ ਨਾ ਸਿਰਫ ਉਨ੍ਹਾਂ ਦੀ ਤਾਰੀਫ਼ ਕੀਤੀ, ਸਗੋਂ ਹੋਰ ਇਸ ਤਰ੍ਹਾਂ ਦੀਆਂ ਕੁਰਸੀਆਂ ਬਣਾਉਣ ਦੀ ਮੰਗ ਵੀ ਕੀਤੀ। ਇਹੋ ਉਹ ਮੋੜ ਸੀ ਜਿੱਥੋਂ ਉਨ੍ਹਾਂ ਨੇ ਪੂਰੀ ਤਰ੍ਹਾਂ ਕਬਾੜ ਤੋਂ ਸਮਾਨ ਤਿਆਰ ਕਰਨ ਦਾ ਕੰਮ ਸ਼ੁਰੂ ਕਰ ਦਿੱਤਾ। ਹੌਲੀ-ਹੌਲੀ ਉਹ ਵੱਖ-ਵੱਖ ਤਰ੍ਹਾਂ ਦੀਆਂ ਮੂਰਤਾਂ, ਫੈਂਸੀ ਆਇਟਮ ਅਤੇ ਡੇਕੋਰੇਟਿਵ ਚੀਜ਼ਾਂ ਬਣਾਉਣ ਲੱਗ ਪਏ।

ਕਬਾੜਖਾਨੇ ਵਿੱਚ ਨਵੀਂ ਸੋਚ
ਕਮਲ ਕਾਂਤ ਦੱਸਦੇ ਹਨ ਕਿ ਉਹ ਕਬਾੜ ਨੂੰ ਕਦੇ ਵੀ ਬੇਕਾਰ ਨਹੀਂ ਸਮਝਦੇ। ਜਦੋਂ ਵੀ ਉਹ ਕਬਾੜਖਾਨੇ ਜਾਂਦੇ ਹਨ, ਉਹਨਾਂ ਦੀ ਨਜ਼ਰ ਹਰ ਚੀਜ਼ ਵਿੱਚ ਇੱਕ ਨਵਾਂ ਡਿਜ਼ਾਇਨ ਲੱਭਦੀ ਹੈ। ਉਹ ਸੋਚਦੇ ਹਨ ਕਿ ਇਸ ਸਮਾਨ ਤੋਂ ਕਿਹੜੀ ਮੂਰਤ ਜਾਂ ਕਿਹੜੀ ਕਿਹ ਸਜਾਵਟੀ ਆਇਟਮ ਤਿਆਰ ਕਰ ਸਕਦੇ ਹਨ । ਇਸ ਤਰ੍ਹਾਂ ਉਹ ਲੋਹੇ ਦੇ ਪੁਰਾਣੇ ਪੁਰਜ਼ੇ, ਚੇਨ, ਗੀਅਰ, ਡਰੱਮ ਅਤੇ ਹੋਰ ਸਮਾਨ ਨੂੰ ਇਕੱਠਾ ਕਰਕੇ ਆਕਰਸ਼ਕ ਕਲਾਕ੍ਰਿਤੀਆਂ ਬਣਾਉਂਦੇ ਹਨ। ਉਨ੍ਹਾਂ ਦੀ ਕਲਾ ਸਿਰਫ ਪੰਜਾਬ ਵਿੱਚ ਹੀ ਨਹੀਂ, ਸਗੋਂ ਹੋਰ ਰਾਜਾਂ ਵਿੱਚ ਵੀ ਕਾਫ਼ੀ ਪਸੰਦ ਕੀਤੀ ਜਾ ਰਹੀ ਹੈ।

ਆਰਡਰ ਉੱਤੇ ਤਿਆਰ ਹੁੰਦੀਆਂ ਕਲਾਕ੍ਰਿਤੀਆਂ
ਕਮਲ ਕਾਂਤ ਦੇ ਬਣਾਏ ਮਾਡਲ ਲੋਕ ਤਿਆਰ ਰੂਪ ਵਿੱਚ ਵੀ ਖਰੀਦਦੇ ਹਨ। ਇਸ ਤੋਂ ਇਲਾਵਾ ਗਾਹਕ ਆਪਣੀ ਪਸੰਦ ਅਨੁਸਾਰ ਆਰਡਰ ਵੀ ਦਿੰਦੇ ਹਨ। ਸਮਾਰੋਹ, ਰੈਸਟੋਰੈਂਟ ਡੇਕੋਰ, ਗਾਰਡਨ ਸਜਾਵਟ ਜਾਂ ਦਫ਼ਤਰਾਂ ਲਈ ਖ਼ਾਸ ਡਿਜ਼ਾਇਨ ਤਿਆਰ ਕਰਦੇ ਹਨ। ਉਨ੍ਹਾਂ ਦੀਆਂ ਮੂਰਤਾਂ ਅਤੇ ਸਜਾਵਟੀ ਸਮਾਨ ਦੀ ਖ਼ਾਸ ਗੱਲ ਇਹ ਹੈ ਕਿ ਇਹ ਸਿਰਫ ਸੁੰਦਰ ਨਹੀਂ ਹੁੰਦੇ, ਸਗੋਂ ਵਾਤਾਵਰਣ ਪ੍ਰਤੀ ਜ਼ਿੰਮੇਵਾਰੀ ਦਾ ਸੰਦੇਸ਼ ਵੀ ਦਿੰਦੇ ਹਨ।

ਨੌਜਵਾਨਾਂ ਲਈ ਰੁਜ਼ਗਾਰ ਦਾ ਸਾਧਨ
ਅੱਜ ਕਮਲ ਕਾਂਤ ਦੇ ਨਾਲ ਕਈ ਨੌਜਵਾਨ ਮੁੰਡੇ ਕੰਮ ਕਰ ਰਹੇ ਹਨ। ਉਹ ਪਹਿਲਾਂ ਉਨ੍ਹਾਂ ਨੂੰ ਟ੍ਰੇਨਿੰਗ ਦਿੰਦੇ ਹਨ ਅਤੇ ਕੁਝ ਹੀ ਸਮੇਂ ਵਿੱਚ ਇਹ ਨੌਜਵਾਨ ਵੀ ਕਬਾੜ ਤੋਂ ਮੂਰਤਾਂ ਬਣਾਉਣ ਵਿੱਚ ਮਾਹਿਰ ਹੋ ਜਾਂਦੇ ਹਨ। ਇਸ ਉਪਰਾਲੇ ਨਾਲ ਨਾ ਸਿਰਫ ਕਲਾ ਨੂੰ ਉਤਸ਼ਾਹ ਮਿਲ ਰਿਹਾ ਹੈ, ਸਗੋਂ ਨੌਜਵਾਨਾਂ ਨੂੰ ਰੁਜ਼ਗਾਰ ਦੇ ਮੌਕੇ ਵੀ ਪ੍ਰਾਪਤ ਹੋ ਰਹੇ ਹਨ। ਇਹ ਸਾਬਤ ਕਰਦਾ ਹੈ ਕਿ ਜੇ ਸੋਚ ਨਵੀਂ ਹੋਵੇ ਤਾਂ ਕਬਾੜ ਵੀ ਕਮਾਈ ਦਾ ਵੱਡਾ ਸਾਧਨ ਬਣ ਸਕਦਾ ਹੈ।

ਵੇਸਟ ਮੈਨੇਜਮੈਂਟ ਵੱਲ ਇੱਕ ਕਦਮ
ਕਮਲ ਕਾਂਤ ਦਾ ਮਕਸਦ ਸਿਰਫ ਕਾਰੋਬਾਰ ਕਰਨਾ ਨਹੀਂ, ਸਗੋਂ ਇੱਕ ਅਜਿਹਾ ਮਾਹੌਲ ਤਿਆਰ ਕਰਨਾ ਹੈ ਜਿੱਥੇ ਲੋਕ ਵੇਸਟ ਸਮਾਨ ਨੂੰ ਬੇਕਾਰ ਨਾ ਸਮਝਣ। ਉਹ ਚਾਹੁੰਦੇ ਹਨ ਕਿ ਕਬਾੜ ਵਿੱਚ ਪਈਆਂ ਚੀਜ਼ਾਂ ਨੂੰ ਰੀਸਾਇਕਲ ਕਰਕੇ ਸੁੰਦਰ ਮੂਰਤਾਂ ਅਤੇ ਡੇਕੋਰੇਟਿਵ ਆਇਟਮ ਤਿਆਰ ਕੀਤੀਆਂ ਜਾਣ। ਇਹ ਉਪਰਾਲਾ ਵਾਤਾਵਰਣ ਦੀ ਸੰਭਾਲ ਵਿੱਚ ਵੀ ਮਹੱਤਵਪੂਰਨ ਭੂਮਿਕਾ ਨਿਭਾ ਸਕਦਾ ਹੈ। ਜੇ ਹਰ ਸ਼ਹਿਰ ਵਿੱਚ ਇਸ ਤਰ੍ਹਾਂ ਦੀ ਸੋਚ ਵਿਕਸਤ ਹੋਵੇ, ਤਾਂ ਕੂੜੇ ਦੀ ਸਮੱਸਿਆ ਨੂੰ ਕਾਫ਼ੀ ਹੱਦ ਤੱਕ ਘਟਾਇਆ ਜਾ ਸਕਦਾ ਹੈ।

ਕਬਾੜ ਤੋਂ ਕਲਾ ਤੱਕ
ਬਠਿੰਡਾ ਦੇ ਕਮਲ ਕਾਂਤ ਦੀ ਇਹ ਕਹਾਣੀ ਸਾਬਤ ਕਰਦੀ ਹੈ ਕਿ ਕਾਮਯਾਬੀ ਲਈ ਵੱਡੇ ਸਾਧਨਾਂ ਦੀ ਨਹੀਂ, ਸਗੋਂ ਵੱਡੀ ਸੋਚ ਦੀ ਲੋੜ ਹੁੰਦੀ ਹੈ। ਕਬਾੜ ਵਿੱਚੋਂ ਕਲਾ ਤਿਆਰ ਕਰਕੇ ਉਹ ਨਾ ਸਿਰਫ ਆਪਣੀ ਪਹਿਚਾਣ ਬਣਾਉਂਦੇ ਹਨ, ਸਗੋਂ ਹੋਰਨਾਂ ਲਈ ਵੀ ਪ੍ਰੇਰਣਾ ਦਾ ਸਰੋਤ ਹਨ।
ਜੇ ਤੁਸੀਂ ਵੀ ਜਾਣਨਾ ਚਾਹੁੰਦੇ ਹੋ ਕਿ ਕਿਵੇਂ ਕਬਾੜ ਤੋਂ ਅਨੌਖੀਆਂ ਮੂਰਤਾਂ ਅਤੇ ਸਜਾਵਟੀ ਸਮਾਨ ਤਿਆਰ ਹੁੰਦੇ ਹਨ, ਤਾਂ ਹੇਠਾਂ ਦਿੱਤੀ ਵੀਡੀਓ ਜ਼ਰੂਰ ਵੇਖੋ।

ਕਬਾੜ ਵਿੱਚੋਂ ਅਨੋਖੀਆਂ ਕਲਾਕ੍ਰਿਤੀਆਂ ਬਣਾਉਣ ਵਾਲਾ ਕਲਾਕਾਰ
More from MotivationalMore posts in Motivational »
- ਚੰਗੇ ਭਲਿਆਂ ਨੂੰ ਮਾਤ ਪਾਉਂਦਾ ਜਵਾਨ ਦਾ ਹੌਂਸਲਾ
- ਚੌਥੀ ਪੀੜੀ ਦਾ ਕਾਰੀਗਰ ਬਣਿਆ ਸੋਸ਼ਲ ਮੀਡੀਆ ਸਟਾਰ, ਲੱਕੜ ਵਿੱਚੋਂ ਤਿਆਰ ਕਰਦਾ ਹੈ ਅਨੋਖੀਆਂ ਕਲਾਕ੍ਰਿਤੀਆਂ
- ਰੁੱਸੇ ਪੰਛੀਆਂ ਨੂੰ ਮਨਾਉਣ ਦੀ ਮੁਹਿੰਮ ਚਲਾਉਣ ਵਾਲਾ ਪੰਜਾਬੀ ਨੌਜਵਾਨ
- 70 ਸਾਲ ਦੀ ਉਮਰ ਵਿੱਚ ਨਵੀਂ ਸ਼ੁਰੂਆਤ: ਮਹਿੰਦਰ ਕੌਰ ਨੇ ਦੁੱਖ ਨੂੰ ਤਾਕਤ ਬਣਾ ਕੇ ਖੋਲ੍ਹਿਆ ਢਾਬਾ
- ਸਾਡਾ ਪਰਿਵਾਰ ਵੀ ਸਾਂਝਾ ਹੈ ਤੇ ਕੰਮ ਵੀ ਸਾਂਝਾ ਹੈ






Be First to Comment