Press "Enter" to skip to content

ਦਾਦੀਆਂ-ਨਾਨੀਆਂ ਦੇ ਵਿਰਸੇ ਨੂੰ ਸੰਭਾਲਦੀ ਮੁਟਿਆਰ

ਬਰਨਾਲਾ ਜ਼ਿਲ੍ਹੇ ਦੇ ਪਿੰਡ ਧੌਲੇ ਦੀ ਰਹਿਣ ਵਾਲੀ ਗੁਰਪ੍ਰੀਤ ਕੌਰ ਅੱਜ ਪਿੰਡ ਦੀਆਂ ਔਰਤਾਂ ਅਤੇ ਕੁੜੀਆਂ ਲਈ ਇੱਕ ਪ੍ਰੇਰਣਾ ਬਣ ਚੁੱਕੀ ਹੈ। ਪਿਛਲੇ ਦੋ ਸਾਲਾਂ ਤੋਂ ਉਹ ਆਪਣੇ ਘਰ ਵਿੱਚ ਸਿਲਾਈ-ਕਢਾਈ ਦਾ ਕੰਮ ਕਰ ਰਹੀ ਹੈ ਅਤੇ ਨਾਲ ਹੀ ਪਿੰਡ ਦੀਆਂ ਮਹਿਲਾਵਾਂ ਨੂੰ ਇਹ ਹੁਨਰ ਸਿਖਾ ਕੇ ਉਨ੍ਹਾਂ ਨੂੰ ਆਤਮਨਿਰਭਰ ਬਣਾਉਣ ਦਾ ਕੰਮ ਵੀ ਕਰ ਰਹੀ ਹੈ। ਗੁਰਪ੍ਰੀਤ ਕੌਰ ਦਾ ਮੰਨਣਾ ਹੈ ਕਿ ਘਰੇਲੂ ਕੰਮਾਂ ਤੋਂ ਬਾਅਦ ਔਰਤਾਂ ਕੋਲ ਕਾਫੀ ਸਮਾਂ ਬਚ ਜਾਂਦਾ ਹੈ। ਇਸ ਸਮੇਂ ਦਾ ਸਹੀ ਇਸਤੇਮਾਲ ਕਰਕੇ ਉਹ ਨਾ ਸਿਰਫ਼ ਕੋਈ ਨਵਾਂ ਹੁਨਰ ਸਿੱਖ ਸਕਦੀਆਂ ਹਨ, ਸਗੋਂ ਆਪਣੀ ਆਮਦਨ ਵੀ ਵਧਾ ਸਕਦੀਆਂ ਹਨ।

ਹਾਰਟ ਅਟੈਕ ਤੋਂ ਬਾਅਦ ਆਈ ਜ਼ਿੰਦਗੀ ਵਿੱਚ ਨਵੀਂ ਸੋਚ
ਗੁਰਪ੍ਰੀਤ ਕੌਰ ਦੱਸਦੀ ਹੈ ਕਿ ਸ਼ੁਰੂਆਤ ਵਿੱਚ ਉਹ ਇਕੱਲੀ ਹੀ ਸਿਲਾਈ-ਕਢਾਈ ਦਾ ਕੰਮ ਕਰਦੀ ਸੀ। ਪਰ ਸਾਲ 2023 ਵਿੱਚ ਉਨ੍ਹਾਂ ਨੂੰ ਦੋ ਵਾਰ ਹਾਰਟ ਅਟੈਕ ਆਇਆ, ਜਿਸ ਕਾਰਨ ਉਨ੍ਹਾਂ ਦੀ ਜ਼ਿੰਦਗੀ ਦਾ ਨਜ਼ਰੀਆ ਬਦਲ ਗਿਆ। ਉਹ ਕਹਿੰਦੀ ਹੈ ਕਿ ਠੀਕ ਹੋਣ ਤੋਂ ਬਾਅਦ ਉਨ੍ਹਾਂ ਨੇ ਸੋਚਿਆ ਕਿ ਪਰਮਾਤਮਾ ਨੇ ਜਿੰਨੀ ਜ਼ਿੰਦਗੀ ਬਖਸ਼ੀ ਹੈ, ਉਸ ਦੌਰਾਨ ਆਪਣੇ ਹੁਨਰ ਨੂੰ ਹੋਰਾਂ ਤੱਕ ਪਹੁੰਚਾਉਣਾ ਚਾਹੀਦਾ ਹੈ। ਇਸੇ ਸੋਚ ਨਾਲ ਉਨ੍ਹਾਂ ਨੇ ਪਿੰਡ ਦੀਆਂ ਕੁੜੀਆਂ ਅਤੇ ਔਰਤਾਂ ਨੂੰ ਆਪਣੇ ਨਾਲ ਜੋੜਨਾ ਸ਼ੁਰੂ ਕੀਤਾ ਅਤੇ ਉਨ੍ਹਾਂ ਨੂੰ ਸਿਲਾਈ-ਕਢਾਈ ਦੀ ਸਿਖਲਾਈ ਦੇਣੀ ਸ਼ੁਰੂ ਕੀਤੀ।

35 ਤੋਂ ਵੱਧ ਔਰਤਾਂ ਨੂੰ ਦਿੱਤਾ ਰੁਜ਼ਗਾਰ ਦਾ ਹੁਨਰ
ਗੁਰਪ੍ਰੀਤ ਕੌਰ ਹੁਣ ਤੱਕ ਤਕਰੀਬਨ 30 ਤੋਂ 35 ਕੁੜੀਆਂ ਅਤੇ ਔਰਤਾਂ ਨੂੰ ਸਿਲਾਈ-ਕਢਾਈ ਦਾ ਕੰਮ ਸਿਖਾ ਚੁੱਕੀ ਹੈ। ਇਸ ਵੇਲੇ ਵੀ ਕਰੀਬ 15 ਔਰਤਾਂ ਉਨ੍ਹਾਂ ਨਾਲ ਨਿਯਮਿਤ ਤੌਰ ‘ਤੇ ਜੁੜੀਆਂ ਹੋਈਆਂ ਹਨ। ਸਵੇਰੇ ਘਰੇਲੂ ਕੰਮ ਮੁਕਾਉਣ ਤੋਂ ਬਾਅਦ ਇਹ ਮਹਿਲਾਵਾਂ ਗੁਰਪ੍ਰੀਤ ਕੌਰ ਕੋਲ ਆ ਕੇ ਕੰਮ ਸਿੱਖਦੀਆਂ ਅਤੇ ਕਰਦੀਆਂ ਹਨ। ਸ਼ਾਮ ਹੋਣ ‘ਤੇ ਉਹ ਆਪਣੇ ਘਰਾਂ ਨੂੰ ਵਾਪਸ ਚਲੀ ਜਾਂਦੀਆਂ ਹਨ। ਇਸ ਤਰ੍ਹਾਂ ਉਹ ਘਰ ਅਤੇ ਕੰਮ ਦੋਵੇਂ ਜ਼ਿੰਮੇਵਾਰੀਆਂ ਨੂੰ ਸੰਤੁਲਿਤ ਢੰਗ ਨਾਲ ਨਿਭਾ ਰਹੀਆਂ ਹਨ। ਗੁਰਪ੍ਰੀਤ ਕੌਰ ਅਤੇ ਉਨ੍ਹਾਂ ਨਾਲ ਜੁੜੀਆਂ ਮਹਿਲਾਵਾਂ ਹੱਥੀਂ ਕਢਾਈ ਕਰਕੇ ਕਈ ਤਰ੍ਹਾਂ ਦਾ ਰਵਾਇਤੀ ਸਮਾਨ ਤਿਆਰ ਕਰਦੀਆਂ ਹਨ। ਇਨ੍ਹਾਂ ਵਿੱਚ ਘੱਗਰੇ, ਪੱਖੀਆਂ, ਕਰੋਸ਼ੀਆ, ਰੁਮਾਲ, ਸਿਰਹਾਣੇ, ਬੈੱਡ ਦੀਆਂ ਚਾਦਰਾਂ, ਫੁਲਕਾਰੀਆਂ, ਜਾਗੋ ਵਾਲੀਆਂ ਕਮੀਜ਼ਾਂ ਅਤੇ ਬਾਗ ਫੁਲਕਾਰੀ ਵਰਗੀਆਂ ਚੀਜ਼ਾਂ ਸ਼ਾਮਲ ਹਨ। ਇਸ ਤੋਂ ਇਲਾਵਾ ਵਿਆਹ ਸਮੇਂ ਦਹੇਜ ਵਿੱਚ ਦਿੱਤਾ ਜਾਣ ਵਾਲਾ ਕਈ ਤਰ੍ਹਾਂ ਦਾ ਸਮਾਨ ਵੀ ਹੱਥੀਂ ਤਿਆਰ ਕੀਤਾ ਜਾਂਦਾ ਹੈ। ਉਨ੍ਹਾਂ ਨੂੰ ਦੇਸ਼ ਅਤੇ ਵਿਦੇਸ਼ ਤੋਂ ਆਰਡਰ ਵੀ ਪ੍ਰਾਪਤ ਹੁੰਦੇ ਹਨ, ਜਿਨ੍ਹਾਂ ਅਨੁਸਾਰ ਉਹ ਖਾਸ ਤੌਰ ‘ਤੇ ਸਮਾਨ ਤਿਆਰ ਕਰਕੇ ਭੇਜਦੀਆਂ ਹਨ।

ਇੱਕ ਬਾਗ ਫੁਲਕਾਰੀ ਬਣਾਉਣ ਲਈ ਲੱਗ ਜਾਂਦੇ ਹਨ ਤਿੰਨ ਮਹੀਨੇ
ਅੱਜ ਦੇ ਸਮੇਂ ਵਿੱਚ ਜਿੱਥੇ ਮਸ਼ੀਨੀ ਕੰਮ ਨੂੰ ਤਰਜੀਹ ਦਿੱਤੀ ਜਾਂਦੀ ਹੈ, ਉੱਥੇ ਹੱਥੀਂ ਕੀਤੀ ਕਢਾਈ ਲਈ ਕਾਫੀ ਧੀਰਜ ਅਤੇ ਮਿਹਨਤ ਦੀ ਲੋੜ ਹੁੰਦੀ ਹੈ। ਗੁਰਪ੍ਰੀਤ ਕੌਰ ਦੱਸਦੀ ਹੈ ਕਿ ਇੱਕ ਸਧਾਰਨ ਬਾਗ ਫੁਲਕਾਰੀ ਤਿਆਰ ਕਰਨ ਲਈ ਲਗਭਗ ਦੋ ਮਹੀਨੇ ਲੱਗ ਜਾਂਦੇ ਹਨ, ਜਦਕਿ ਵਿਸ਼ੇਸ਼ ਡਿਜ਼ਾਇਨ ਵਾਲੇ ਬਾਗ ਨੂੰ ਤਿਆਰ ਕਰਨ ਵਿੱਚ ਤਿੰਨ ਮਹੀਨੇ ਤੱਕ ਦਾ ਸਮਾਂ ਲੱਗ ਸਕਦਾ ਹੈ। ਭਾਵੇਂ ਇਸ ਕੰਮ ਵਿੱਚ ਵੱਧ ਸਮਾਂ ਲੱਗਦਾ ਹੈ, ਪਰ ਹੱਥੀਂ ਬਣੀਆਂ ਇਹ ਕਲਾਕ੍ਰਿਤੀਆਂ ਆਪਣੀ ਖੂਬਸੂਰਤੀ ਕਾਰਨ ਹਰ ਕਿਸੇ ਨੂੰ ਪਸੰਦ ਆਉਂਦੀਆਂ ਹਨ।

ਮਸ਼ੀਨੀ ਯੁੱਗ ਵਿੱਚ ਖਤਮ ਹੋ ਰਹੀ ਹੈ ਹੱਥੀਂ ਕਢਾਈ ਦੀ ਪਰੰਪਰਾ
ਆਧੁਨਿਕ ਯੁੱਗ ਵਿੱਚ ਮਸ਼ੀਨੀ ਕੰਮ ਦੇ ਵਧਦੇ ਰੁਝਾਨ ਕਾਰਨ ਹੱਥੀਂ ਕੀਤੀ ਜਾਣ ਵਾਲੀ ਕਢਾਈ ਅਤੇ ਸਿਲਾਈ ਦੀ ਕਲਾ ਹੌਲੀ-ਹੌਲੀ ਪਿੱਛੇ ਛੱਡੀ ਜਾ ਰਹੀ ਹੈ। ਨਵੀਂ ਪੀੜੀ ਨੂੰ ਇਸ ਰਵਾਇਤੀ ਕਲਾ ਅਤੇ ਇਸਦੇ ਮਹੱਤਵ ਬਾਰੇ ਬਹੁਤ ਘੱਟ ਜਾਣਕਾਰੀ ਹੈ। ਗੁਰਪ੍ਰੀਤ ਕੌਰ ਦਾ ਕਹਿਣਾ ਹੈ ਕਿ ਇਹ ਕਲਾ ਸਾਡੇ ਪੰਜਾਬੀ ਵਿਰਸੇ ਦਾ ਅਹਿਮ ਹਿੱਸਾ ਹੈ ਅਤੇ ਇਸ ਨੂੰ ਸੰਭਾਲਣਾ ਬਹੁਤ ਜ਼ਰੂਰੀ ਹੈ। ਉਹ ਚਾਹੁੰਦੀ ਹੈ ਕਿ ਆਉਣ ਵਾਲੀਆਂ ਪੀੜੀਆਂ ਵੀ ਆਪਣੇ ਵਿਰਸੇ ਨਾਲ ਜੁੜੀਆਂ ਇਨ੍ਹਾਂ ਕਲਾਵਾਂ ਨੂੰ ਜਾਣਨ ਅਤੇ ਸਿੱਖਣ।

ਦਾਦੀ ਅਤੇ ਮਾਂ ਤੋਂ ਮਿਲੀ ਵਿਰਾਸਤ ਨੂੰ ਰੱਖ ਰਹੀ ਹੈ ਜਿਉਂਦਾ
ਗੁਰਪ੍ਰੀਤ ਕੌਰ ਦੱਸਦੀ ਹੈ ਕਿ ਸਿਲਾਈ-ਕਢਾਈ ਦਾ ਇਹ ਹੁਨਰ ਉਨ੍ਹਾਂ ਨੂੰ ਵਿਰਾਸਤ ਵਿੱਚ ਮਿਲਿਆ ਹੈ। ਪਹਿਲਾਂ ਉਨ੍ਹਾਂ ਦੀ ਦਾਦੀ ਜੀ ਹੱਥੀਂ ਕਢਾਈ ਕਰਦੇ ਸਨ, ਫਿਰ ਉਨ੍ਹਾਂ ਦੀ ਮਾਤਾ ਜੀ ਨੇ ਇਸ ਪਰੰਪਰਾ ਨੂੰ ਅੱਗੇ ਵਧਾਇਆ। ਉਨ੍ਹਾਂ ਨੇ ਇਹ ਹੁਨਰ ਆਪਣੀ ਮਾਂ ਤੋਂ ਸਿੱਖਿਆ ਅਤੇ ਹੁਣ ਉਹ ਇਸ ਨੂੰ ਹੋਰ ਔਰਤਾਂ ਤੱਕ ਪਹੁੰਚਾ ਰਹੀ ਹੈ। ਉਨ੍ਹਾਂ ਦਾ ਮਕਸਦ ਸਿਰਫ਼ ਰੁਜ਼ਗਾਰ ਦੇ ਮੌਕੇ ਪੈਦਾ ਕਰਨਾ ਹੀ ਨਹੀਂ, ਸਗੋਂ ਦਾਦੀਆਂ-ਨਾਨੀਆਂ ਦੀ ਇਸ ਅਨਮੋਲ ਵਿਰਾਸਤ ਨੂੰ ਜਿਉਂਦਾ ਰੱਖਣਾ ਵੀ ਹੈ। ਗੁਰਪ੍ਰੀਤ ਕੌਰ ਦੀ ਇਹ ਪਹਿਲ ਪਿੰਡ ਦੀਆਂ ਔਰਤਾਂ ਲਈ ਆਰਥਿਕ ਸਹਾਰਾ ਬਣ ਰਹੀ ਹੈ। ਇਸ ਦੇ ਨਾਲ ਹੀ ਉਹ ਪੰਜਾਬ ਦੀ ਰਵਾਇਤੀ ਸਿਲਾਈ-ਕਢਾਈ ਅਤੇ ਫੁਲਕਾਰੀ ਵਰਗੀ ਵਿਰਾਸਤੀ ਕਲਾ ਨੂੰ ਵੀ ਨਵੀਂ ਪੀੜੀ ਤੱਕ ਪਹੁੰਚਾ ਰਹੀ ਹੈ। ਉਨ੍ਹਾਂ ਦੀ ਕਹਾਣੀ ਸਾਬਤ ਕਰਦੀ ਹੈ ਕਿ ਜੇਕਰ ਇਰਾਦੇ ਮਜ਼ਬੂਤ ਹੋਣ ਤਾਂ ਮੁਸ਼ਕਲਾਂ ਵੀ ਰਾਹ ਨਹੀਂ ਰੋਕ ਸਕਦੀਆਂ ਅਤੇ ਇੱਕ ਵਿਅਕਤੀ ਦੀ ਕੋਸ਼ਿਸ਼ ਕਈ ਹੋਰਨਾਂ ਦੀ ਜ਼ਿੰਦਗੀ ਬਦਲ ਸਕਦੀ ਹੈ। ਉਨ੍ਹਾਂ ਦੇ ਕੰਮ ਬਾਰੇ ਹੋਰ ਜਾਨਣ ਲਈ ਤੁਸੀਂ ਹੇਠਾਂ ਦਿੱਤੀ ਵੀਡੀਓ ਵੇਖ ਸਕਦੇ ਹੋ।

More from MotivationalMore posts in Motivational »

Be First to Comment

Leave a Reply

Your email address will not be published. Required fields are marked *