ਪੰਜਾਬ ਦੇ ਮੁਕਤਸਰ ਜ਼ਿਲ੍ਹੇ ਦੇ ਰਹਿਣ ਵਾਲੇ ਸਰਬਜੀਤ ਸਿੰਘ ਅਤੇ ਉਸਦੇ ਸਾਥੀ ਲੋੜਵੰਦ ਬੱਚਿਆਂ ਨੂੰ ਪੜਾਉਣ ਲਈ ਘਰ-ਘਰ ਜਾ ਕੇ ਰੱਦੀ ਮੰਗਦੇ ਹਨ। ਇਸ ਰੱਦੀ ਵਿੱਚੋਂ ਕਿਤਾਬਾਂ ਚੁਣ ਕੇ ਉਹ ਉਨ੍ਹਾਂ ਕਿਤਾਬਾਂ ਨੂੰ ਲੋੜਵੰਦ ਬੱਚਿਆਂ ਨੂੰ ਮੁਫ਼ਤ ਵੰਡ ਦਿੰਦੇ ਹਨ। ਇਸ ਕੰਮ ਲਈ ਉਨ੍ਹਾਂ ਨਵ ਸਾਂਝ ਨਾਂ ਦੀ ਇੱਕ ਸੰਸਥਾ ਵੀ ਬਣਾਈ ਹੋਈ ਹੈ।
ਸੰਸਥਾ ਵੱਲੋਂ ਇੱਕ ਕਮਰਾ ਕਿਰਾਏ ਤੇ ਲਿਆ ਹੋਇਆ ਹੈ ਜਿੱਥੇ ਇਹ ਵੱਖ-ਵੱਖ ਕਲਾਸਾਂ ਦੀਆਂ ਕਿਤਾਬਾਂ ਸਟੋਰ ਕਰਕੇ ਰੱਖਦੇ ਹਨ। ਇੱਥੇ ਕੋਈ ਵੀ ਲੋੜਵੰਦ ਵਿਦਿਆਰਥੀ ਆਪਣੀ ਜ਼ਰੂਰਤ ਦੀਆਂ ਕਿਤਾਬਾਂ ਮੁਫ਼ਤ ਵਿੱਚ ਲਿਜਾ ਸਕਦਾ ਹੈ।
ਸੰਸਥਾ ਦੇ ਆਗੂ ਸਰਬਜੀਤ ਸਿੰਘ ਦੱਸਦੇ ਹਨ ਕਿ ਉਨ੍ਹਾਂ ਲੋੜਵੰਦ ਬੱਚਿਆਂ ਨੂੰ ਮੁਫ਼ਤ ਪੜਾਉਣ ਤੋਂ ਸ਼ੁਰੂਆਤ ਕੀਤੀ ਸੀ ਅਤੇ ਬੱਚਿਆਂ ਦੀਆਂ ਕਿਤਾਬਾਂ ਕਾਪੀਆਂ ਦੇ ਖ਼ਰਚੇ ਲਈ ਉਨ੍ਹਾਂ ਲੋਕਾਂ ਨੂੰ ਆਪਣੇ ਘਰ ਦੀ ਰੱਦੀ ਦਾਨ ਕਰਨ ਲਈ ਪ੍ਰੇਰਿਤ ਕਰਨਾ ਸ਼ੁਰੂ ਕੀਤਾ ਸੀ। ਜਦੋਂ ਉਨ੍ਹਾਂ ਦੇਖਿਆ ਕਿ ਲੋਕ ਮਹਿੰਗੇ ਮੁੱਲ ਦੀਆਂ ਕਿਤਾਬਾਂ ਕਬਾੜ ਵਿੱਚ ਵੇਚ ਰਹੇ ਹਨ ਤਾਂ ਉਨ੍ਹਾਂ ਇਹ ਕਿਤਾਬਾਂ ਵੇਚਣ ਦੀ ਬਜਾਏ ਸੰਭਾਲ਼ ਕੇ ਗ਼ਰੀਬ ਬੱਚਿਆਂ ਨੂੰ ਵੰਡਣੀਆਂ ਸ਼ੁਰੂ ਕਰ ਦਿੱਤੀਆਂ। ਪਹਿਲਾਂ-ਪਹਿਲ ਲੋਕਾਂ ਨੇ ਉਨ੍ਹਾਂ ਨੂੰ ਮਜ਼ਾਕ ਦਾ ਪਾਤਰ ਵੀ ਬਣਾਇਆ ਪਰ ਹੌਲੀ-ਹੌਲੀ ਲੋਕ ਆਪ ਉਨ੍ਹਾਂ ਨੂੰ ਪੁਰਾਣੀਆਂ ਕਿਤਾਬਾਂ ਆ ਕੇ ਦੇਣ ਲੱਗ ਪਏ। ਹੁਣ ਉਹ ਹਜ਼ਾਰਾਂ ਬੱਚਿਆਂ ਨੂੰ ਮੁਫ਼ਤ ਕਿਤਾਬਾਂ ਵੰਡ ਚੁੱਕੇ ਹਨ ਅਤੇ ਇਹ ਸਫ਼ਰ ਉਨ੍ਹਾਂ ਦਾ ਹਾਲੇ ਵੀ ਜਾਰੀ ਹੈ
ਸਰਬਜੀਤ ਅਤੇ ਉਸਦੇ ਸਾਥੀਆਂ ਦੇ ਕੰਮ ਬਾਰੇ ਹੋਰ ਜਾਣਨ ਲਈ ਤੁਸੀਂ ਹੇਠਲੀ ਵੀਡੀਓ ਦੇਖ ਸਕਦੇ ਹੋ।
Be First to Comment