Press "Enter" to skip to content

ਅੰਮ੍ਰਿਤ ਕੌਰ ਦੀ ਹੌਂਸਲੇ ਭਰੀ ਕਹਾਣੀ

ਲੁਧਿਆਣਾ ਦੇ ਪਿੰਡ ਪਵਾਂ ਦੀ ਧੀ, ਜੋ ਬਣੀ ਮਿਹਨਤ ਦੀ ਮਿਸਾਲ
ਲੁਧਿਆਣਾ ਜ਼ਿਲ੍ਹੇ ਦੇ ਪਿੰਡ ਪਵਾਂ ਦੀ ਰਹਿਣ ਵਾਲੀ ਅੰਮ੍ਰਿਤ ਕੌਰ ਅੱਜ ਆਪਣੇ ਹੌਂਸਲੇ ਅਤੇ ਮਿਹਨਤ ਨਾਲ ਅਨੇਕਾਂ ਔਰਤਾਂ ਲਈ ਪ੍ਰੇਰਣਾ ਬਣ ਚੁੱਕੀ ਹੈ। ਅੰਮ੍ਰਿਤ ਕੌਰ ਆਪਣੀ ਮਾਂ ਨਾਲ ਮਿਲ ਕੇ ਇੱਕ ਛੋਟੀ ਜਿਹੀ ਫੂਡ ਸਟਾਲ ਲਗਾਉਂਦੀ ਹੈ ਅਤੇ ਇਸੀ ਫੂਡ ਸਟਾਲ ਦੀ ਕਮਾਈ ਨਾਲ ਆਪਣਾ ਅਤੇ ਆਪਣੀ ਧੀ ਦਾ ਗੁਜ਼ਾਰਾ ਕਰ ਰਹੀ ਹੈ।

ਘਰੇਲੂ ਹਿੰਸਾ ਨੇ ਤੋੜਿਆ, ਪਰ ਹੌਂਸਲੇ ਨੇ ਖੜ੍ਹਾ ਕੀਤਾ
ਅੰਮ੍ਰਿਤ ਕੌਰ ਦੀ ਜ਼ਿੰਦਗੀ ਆਸਾਨ ਨਹੀਂ ਸੀ। ਘਰੇਲੂ ਹਿੰਸਾ ਦਾ ਸ਼ਿਕਾਰ ਰਹਿਣ ਕਾਰਨ ਉਸਦੇ ਮਨ ਵਿੱਚ ਕਈ ਵਾਰ ਆਪਣੀ ਜ਼ਿੰਦਗੀ ਖਤਮ ਕਰਨ ਦੇ ਖਿਆਲ ਵੀ ਆਏ। ਪਰ ਆਪਣੀ ਧੀ ਦੀ ਖਾਤਰ, ਉਸਨੇ ਹਾਲਾਤਾਂ ਅੱਗੇ ਹਾਰ ਮਨਣ ਦੀ ਬਜਾਏ, ਉਨ੍ਹਾਂ ਨਾਲ ਲੜਨ ਦਾ ਫੈਸਲਾ ਕੀਤਾ। ਪਤੀ ਤੋਂ ਅਲੱਗ ਹੋ ਕੇ ਅੰਮ੍ਰਿਤ ਕੌਰ ਆਪਣੀ ਬੇਟੀ ਨਾਲ ਪੇਕੇ ਆ ਕੇ ਰਹਿਣ ਲੱਗੀ। ਪਰ ਇੱਥੇ ਵੀ ਹਾਲਾਤ ਬਹੁਤ ਮੁਸ਼ਕਿਲ ਸਨ। ਘਰ ਦੀ ਗਰੀਬੀ ਅਤੇ ਪੈਸਿਆਂ ਦੀ ਤੰਗੀ ਕਾਰਨ ਕਈ ਵਾਰ ਕਬਾੜ ਚੁਗ ਕੇ ਵੀ ਘਰ ਦਾ ਗੁਜ਼ਾਰਾ ਕਰਨਾ ਪਿਆ। ਇਸੇ ਦੌਰਾਨ ਉਸਦੇ ਭਰਾਵਾਂ ਨੂੰ ਨਸ਼ੇ ਦੀ ਲੱਤ ਲੱਗ ਗਈ, ਜਿਸ ਨਾਲ ਪਰਿਵਾਰ ਦੀਆਂ ਮੁਸ਼ਕਲਾਂ ਹੋਰ ਵੀ ਵਧ ਗਈਆਂ।

ਫੂਡ ਸਟਾਲ: ਮਜਬੂਰੀ ਤੋਂ ਮਿਹਨਤ ਤੱਕ ਦਾ ਸਫਰ
ਇਨ੍ਹਾਂ ਸਾਰੇ ਹਾਲਾਤਾਂ ਤੋਂ ਬਾਹਰ ਨਿਕਲਣ ਲਈ ਅੰਮ੍ਰਿਤ ਕੌਰ ਨੇ ਖੁਦ ਫੂਡ ਸਟਾਲ ਲਗਾਉਣ ਦਾ ਫੈਸਲਾ ਕੀਤਾ। ਸ਼ੁਰੂ ਵਿੱਚ ਉਸਦੀ ਮਾਂ ਨੇ ਇਸ ਕੰਮ ਲਈ ਮਨਾਂ ਕੀਤਾ, ਪਰ ਅੰਮ੍ਰਿਤ ਕੌਰ ਨੇ ਹੌਂਸਲਾ ਨਾ ਛੱਡਿਆ ਅਤੇ ਆਪਣੀ ਮਾਂ ਨੂੰ ਸਮਝਾ ਕੇ ਇਹ ਕਦਮ ਚੁੱਕਿਆ। ਅੱਜ ਇਸ ਫੂਡ ਸਟਾਲ ਵਿੱਚ ਅੰਮ੍ਰਿਤ ਕੌਰ ਦੀ ਮਾਂ ਵੀ ਉਸਦਾ ਪੂਰਾ ਸਾਥ ਦੇ ਰਹੀ ਹੈ। ਦੋਵੇਂ ਮਾਂ-ਧੀ ਸਵੇਰ ਤੋਂ ਸ਼ਾਮ ਤੱਕ ਲੋਕਾਂ ਨੂੰ ਖਾਣਾ ਖਵਾਉਂਦੀਆਂ ਹਨ, ਜਿਸ ਨਾਲ ਉਨ੍ਹਾਂ ਨੂੰ ਗੁਜ਼ਾਰੇ ਜੋਗੀ ਕਮਾਈ ਹੋ ਜਾਂਦੀ ਹੈ।

ਧੀ ਦਾ ਸੁਨਹਿਰੀ ਭਵਿੱਖ ਹੀ ਸਭ ਤੋਂ ਵੱਡਾ ਸੁਪਨਾ
ਅੰਮ੍ਰਿਤ ਕੌਰ ਕਹਿੰਦੀ ਹੈ ਕਿ ਉਸਨੇ ਜ਼ਿੰਦਗੀ ਵਿੱਚ ਬਹੁਤ ਤੰਗੀਆਂ ਵੇਖੀਆਂ ਹਨ ਅਤੇ ਮਾੜਾ ਸਮਾਂ ਆਪਣੇ ਪਿੰਡੇ ਉੱਤੇ ਹੰਢਾਇਆ ਹੈ। ਉਸਦੀ ਸਭ ਤੋਂ ਵੱਡੀ ਇੱਛਾ ਇਹ ਹੈ ਕਿ ਉਸਦੀ ਧੀ ਨੂੰ ਕਦੇ ਵੀ ਉਹ ਦਿਨ ਨਾ ਵੇਖਣੇ ਪੈਣ, ਜੋ ਉਸਨੇ ਵੇਖੇ। ਇਸ ਲਈ ਉਹ ਦਿਨ-ਰਾਤ ਮਿਹਨਤ ਕਰਦੀ ਹੈ, ਤਾਂ ਜੋ ਉਸਦੀ ਧੀ ਚੰਗੀ ਤਰ੍ਹਾਂ ਪੜ੍ਹਾਈ ਕਰਕੇ ਆਪਣੀ ਜ਼ਿੰਦਗੀ ਵਿੱਚ ਇੱਕ ਵਧੀਆ ਮੁਕਾਮ ਹਾਸਲ ਕਰ ਸਕੇ। ਉਸਦੀ ਕਹਾਣੀ ਸਾਬਤ ਕਰਦੀ ਹੈ ਕਿ ਹਾਲਾਤ ਚਾਹੇ ਕਿੰਨੇ ਵੀ ਮਾੜੇ ਕਿਉਂ ਨਾ ਹੋਣ, ਹੌਂਸਲੇ ਅਤੇ ਮਿਹਨਤ ਨਾਲ ਹਰ ਮੁਸ਼ਕਲ ਨੂੰ ਹਰਾਇਆ ਜਾ ਸਕਦਾ ਹੈ। ਉਸਦੀ ਜ਼ਿੰਦਗੀ ਦੇ ਸੰਘਰਸ਼ ਬਾਰੇ ਹੋਰ ਜਾਨਣ ਲਈ ਤੁਸੀਂ ਹੇਠਾਂ ਦਿੱਤੀ ਵੀਡੀਓ ਵੇਖ ਸਕਦੇ ਹੋ।

More from MotivationalMore posts in Motivational »

Be First to Comment

Leave a Reply

Your email address will not be published. Required fields are marked *