Press "Enter" to skip to content

ਹਾਦਸੇ ‘ਚ ਲੱਤ ਗਈ ਪਰ ਹੌਂਸਲਾ ਨਹੀਂ ਹਾਰਿਆ

ਡੇਅਰੀ ਫਾਰਮਿੰਗ ਨਾਲ ਸਫਲਤਾ ਦੀ ਮਿਸਾਲ ਬਣੇ ਅਮਨਦੀਪ ਸਿੰਘ
ਮੋਗਾ ਜ਼ਿਲ੍ਹੇ ਦੇ ਪਿੰਡ ਰਾਮੂਵਾਲਾ ਦੇ ਵਸਨੀਕ ਅਮਨਦੀਪ ਸਿੰਘ ਅੱਜ ਹਿੰਮਤ ਅਤੇ ਮਿਹਨਤ ਦੀ ਮਿਸਾਲ ਬਣ ਚੁੱਕੇ ਹਨ। ਕੁਝ ਸਾਲ ਪਹਿਲਾਂ ਇੱਕ ਸੜਕ ਹਾਦਸੇ ਵਿੱਚ ਉਨ੍ਹਾਂ ਦੀ ਇੱਕ ਲੱਤ ਕੱਟਣੀ ਪਈ ਸੀ, ਪਰ ਉਨ੍ਹਾਂ ਨੇ ਹਾਲਾਤਾਂ ਅੱਗੇ ਹਾਰ ਨਹੀਂ ਮੰਨੀ। ਅੱਜ ਉਹ ਡੇਅਰੀ ਫਾਰਮਿੰਗ ਰਾਹੀਂ ਨਾ ਸਿਰਫ਼ ਆਪਣਾ ਪਰਿਵਾਰ ਚਲਾ ਰਹੇ ਹਨ, ਸਗੋਂ ਸਰੀਰਕ ਤੌਰ ‘ਤੇ ਅਪਾਹਜ ਵਿਅਕਤੀਆਂ ਲਈ ਵੀ ਪ੍ਰੇਰਣਾ ਬਣੇ ਹੋਏ ਹਨ।

ਵਿਦੇਸ਼ ਤੋਂ ਵਾਪਸੀ ਮਗਰੋਂ ਹਾਦਸੇ ਨੇ ਬਦਲ ਦਿੱਤੀ ਜ਼ਿੰਦਗੀ
ਅਮਨਦੀਪ ਸਿੰਘ ਦੱਸਦੇ ਹਨ ਕਿ ਉਹ 2012 ਵਿੱਚ ਆਪਣੇ ਪਰਿਵਾਰ ਦੇ ਆਰਥਿਕ ਹਾਲਾਤ ਸੁਧਾਰਨ ਲਈ ਵਿਦੇਸ਼ ਗਏ ਸਨ। ਤਿੰਨ ਸਾਲ ਬਾਅਦ ਜਦੋਂ ਉਹ ਛੁੱਟੀ ‘ਤੇ ਘਰ ਆਏ ਹੋਏ ਸਨ ਤਾਂ ਆਪਣੇ ਦੋਸਤਾਂ ਨਾਲ ਧਾਰਮਿਕ ਸਥਾਨਾਂ ਦੇ ਦਰਸ਼ਨ ਕਰਨ ਗਏ। ਵਾਪਸੀ ਦੌਰਾਨ ਉਨ੍ਹਾਂ ਦਾ ਟਰੈਕਟਰ ਇੱਕ ਭਿਆਨਕ ਹਾਦਸੇ ਦਾ ਸ਼ਿਕਾਰ ਹੋ ਗਿਆ। ਹਾਦਸੇ ਵਿੱਚ ਅਮਨਦੀਪ ਸਿੰਘ ਗੰਭੀਰ ਰੂਪ ਵਿੱਚ ਜ਼ਖਮੀ ਹੋਏ ਅਤੇ ਉਨ੍ਹਾਂ ਦੀ ਇੱਕ ਲੱਤ ਬੁਰੀ ਤਰ੍ਹਾਂ ਨੁਕਸਾਨੀ ਗਈ। ਕਈ ਸਾਲਾਂ ਤੱਕ ਇਲਾਜ ਕਰਵਾਉਣ ਦੇ ਬਾਵਜੂਦ ਡਾਕਟਰਾਂ ਨੂੰ ਆਖ਼ਿਰਕਾਰ ਉਨ੍ਹਾਂ ਦੀ ਲੱਤ ਕੱਟਣੀ ਪਈ। ਉਹ ਦੱਸਦੇ ਹਨ ਕਿ ਵਿਦੇਸ਼ ਵਿੱਚ ਰਹਿ ਕੇ ਜੋ ਪੈਸਾ ਉਨ੍ਹਾਂ ਨੇ ਕਮਾਇਆ ਸੀ, ਉਹ ਸਾਰਾ ਇਲਾਜ ‘ਤੇ ਹੀ ਖਰਚ ਹੋ ਗਿਆ।

ਹਮਦਰਦੀ ਦੀਆਂ ਨਜ਼ਰਾਂ ਤੋਂ ਉੱਠ ਕੇ ਬਣਾਈ ਨਵੀਂ ਪਛਾਣ
ਇੱਕ ਲੱਤ ਗੁਆਉਣ ਤੋਂ ਬਾਅਦ ਅਮਨਦੀਪ ਸਿੰਘ ਅਕਸਰ ਘਰ ਵਿੱਚ ਹੀ ਰਹਿੰਦੇ ਸਨ। ਲੋਕ ਉਨ੍ਹਾਂ ਨੂੰ ਹਮਦਰਦੀ ਭਰੀਆਂ ਨਜ਼ਰਾਂ ਨਾਲ ਦੇਖਦੇ ਸਨ, ਜਿਸ ਕਾਰਨ ਉਹ ਮਾਨਸਿਕ ਤੌਰ ‘ਤੇ ਵੀ ਪ੍ਰੇਸ਼ਾਨ ਰਹਿੰਦੇ ਸਨ। ਪਰ ਉਨ੍ਹਾਂ ਨੇ ਹਿੰਮਤ ਨਹੀਂ ਹਾਰੀ ਅਤੇ ਆਪਣੀ ਜ਼ਿੰਦਗੀ ਨੂੰ ਨਵੀਂ ਦਿਸ਼ਾ ਦੇਣ ਦਾ ਫੈਸਲਾ ਕੀਤਾ। ਉਸ ਸਮੇਂ ਉਨ੍ਹਾਂ ਦੇ ਘਰ ਵਿੱਚ ਦੋ ਮੱਝਾਂ ਅਤੇ ਚਾਰ ਗਾਵਾਂ ਸਨ। ਉਨ੍ਹਾਂ ਨੇ ਪੂਰਾ ਧਿਆਨ ਪਸ਼ੂ ਪਾਲਣ ਵੱਲ ਲਗਾ ਦਿੱਤਾ ਅਤੇ ਪਸ਼ੂਆਂ ਦੀ ਨਸਲ ਸੁਧਾਰ ‘ਤੇ ਕੰਮ ਕਰਨਾ ਸ਼ੁਰੂ ਕੀਤਾ। ਹੌਲੀ-ਹੌਲੀ ਉਨ੍ਹਾਂ ਨੇ ਹੋਰ ਪਸ਼ੂ ਖਰੀਦੇ ਅਤੇ ਆਪਣਾ ਡੇਅਰੀ ਫਾਰਮ ਵਧਾਇਆ।

25 ਤੋਂ ਵੱਧ ਪਸ਼ੂਆਂ ਨਾਲ ਖੜ੍ਹਾ ਕੀਤਾ ਸਫਲ ਡੇਅਰੀ ਫਾਰਮ
ਅੱਜ ਅਮਨਦੀਪ ਸਿੰਘ ਕੋਲ 25 ਤੋਂ ਵੱਧ ਗਾਵਾਂ ਅਤੇ ਮੱਝਾਂ ਹਨ। ਉਹ ਦੱਸਦੇ ਹਨ ਕਿ ਭਾਵੇਂ ਉਨ੍ਹਾਂ ਦੀ ਇੱਕ ਲੱਤ ਨਹੀਂ ਹੈ, ਜਿਸ ਕਰਕੇ ਪਰਿਵਾਰ ਦੇ ਬਾਕੀ ਮੈਂਬਰ ਵੀ ਕੰਮ ਵਿੱਚ ਉਨ੍ਹਾਂ ਦੀ ਪੂਰੀ ਮਦਦ ਕਰਦੇ ਹਨ ਪਰ ਉਹ ਅੱਜ ਵੀ ਜ਼ਿਆਦਾਤਰ ਕੰਮ ਖੁਦ ਕਰਦੇ ਹਨ । ਸਵੇਰੇ ਪਸ਼ੂਆਂ ਦੇ ਵਾੜੇ ਦੀ ਸਫਾਈ ਤੋਂ ਲੈ ਕੇ ਪਸ਼ੂਆਂ ਨੂੰ ਨਹਾਉਣ, ਚਾਰਾ ਪਾਉਣ ਅਤੇ ਦੁੱਧ ਚੋਣ ਤੱਕ ਦਾ ਕੰਮ ਉਹ ਖੁਦ ਸੰਭਾਲਦੇ ਹਨ। ਦੁੱਧ ਇਕੱਠਾ ਕਰਨ ਤੋਂ ਬਾਅਦ ਉਹ ਖੁਦ ਹੀ ਇਸ ਨੂੰ ਡੇਅਰੀ ਤੱਕ ਪਹੁੰਚਾਉਂਦੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਅੱਜ ਤੱਕ ਜੋ ਕੁਝ ਵੀ ਉਨ੍ਹਾਂ ਨੇ ਹਾਸਲ ਕੀਤਾ ਹੈ, ਉਹ ਪਸ਼ੂ ਪਾਲਣ ਦੇ ਕਿੱਤੇ ਦੀ ਬਦੌਲਤ ਹੀ ਸੰਭਵ ਹੋਇਆ ਹੈ।

ਨੌਜਵਾਨਾਂ ਲਈ ਪ੍ਰੇਰਣਾਦਾਇਕ ਸੁਨੇਹਾ
ਅਮਨਦੀਪ ਸਿੰਘ ਦਾ ਮੰਨਣਾ ਹੈ ਕਿ ਜੇਕਰ ਇਨਸਾਨ ਹਿੰਮਤ ਅਤੇ ਦ੍ਰਿੜ੍ਹ ਇਰਾਦੇ ਨਾਲ ਅੱਗੇ ਵਧੇ ਤਾਂ ਕੋਈ ਵੀ ਮੁਸ਼ਕਲ ਉਸਦਾ ਰਸਤਾ ਨਹੀਂ ਰੋਕ ਸਕਦੀ। ਉਹ ਨੌਜਵਾਨਾਂ ਨੂੰ ਸੁਨੇਹਾ ਦਿੰਦੇ ਹਨ ਕਿ ਜ਼ਿੰਦਗੀ ਵਿੱਚ ਕਦੇ ਵੀ ਹਾਰ ਨਹੀਂ ਮੰਨਣੀ ਚਾਹੀਦੀ, ਕਿਉਂਕਿ ਮਿਹਨਤ ਅਤੇ ਲਗਨ ਨਾਲ ਹਰ ਮੰਜ਼ਿਲ ਹਾਸਲ ਕੀਤੀ ਜਾ ਸਕਦੀ ਹੈ। ਅਮਨਦੀਪ ਸਿੰਘ ਦੀ ਇਹ ਕਹਾਣੀ ਸਾਬਤ ਕਰਦੀ ਹੈ ਕਿ ਸਰੀਰਕ ਕਮਜ਼ੋਰੀ ਕਦੇ ਵੀ ਸਫਲਤਾ ਦੀ ਰੁਕਾਵਟ ਨਹੀਂ ਬਣਦੀ। ਸਹੀ ਸੋਚ, ਮਿਹਨਤ ਅਤੇ ਆਤਮ-ਵਿਸ਼ਵਾਸ ਨਾਲ ਹਰ ਚੁਣੌਤੀ ਨੂੰ ਮੌਕੇ ਵਿੱਚ ਬਦਲਿਆ ਜਾ ਸਕਦਾ ਹੈ। ਹੇਠਾਂ ਦਿੱਤੀ ਇਹ ਵੀਡੀਓ ਉਨ੍ਹਾਂ ਦੇ ਜੀਵਨ ਸੰਘਰਸ਼ ਅਤੇ ਸਫਲਤਾ ਬਾਰੇ ਹੈ।

More from MotivationalMore posts in Motivational »

Be First to Comment

Leave a Reply

Your email address will not be published. Required fields are marked *