Press "Enter" to skip to content

ਨਸਲਾਂ ਬਚਾਉਣ ਦੀ ਜੰਗ ਚ ਮਿਸਾਲ ਬਣਿਆ ਪਿੰਡ

ਪੰਜਾਬ ਦੇ ਬਰਨਾਲਾ ਜ਼ਿਲ੍ਹੇ ਦੇ ਪਿੰਡ ਰਾਮਗੜ ਦੇ ਲੋਕਾਂ ਨੇ ਵਿਲੱਖਣ ਉਪਰਾਲਾ ਕੀਤਾ ਹੈ। ਪਿੰਡ ਦੀ ਪੰਚਾਇਤ ਵੱਲੋਂ ਪ੍ਰਵਾਸੀ ਪੰਜਾਬੀਆਂ ਦੇ ਸਹਿਯੋਗ ਨਾਲ ਓਪਨ ਏਅਰ ਆਰਟ ਗੈਲਰੀ ਬਣਾਈ ਗਈ ਹੈ। ਇਸ ਆਰਟ ਗੈਲਰੀ ਵਿੱਚ ਬਾਬਾ ਬੁੱਲੇ ਸ਼ਾਹ, ਬਾਬਾ ਨਜ਼ਮੀ, ਸੰਤ ਰਾਮ ਉਦਾਸੀ, ਸਵਿੱਤਰੀ ਬਾਈ ਫੂਲੇ, ਗ਼ਦਰੀ ਗੁਲਾਬ ਕੌਰ, ਲਿਓ ਟਾਲਸਟਾਏ ਆਦਿ ਮਹਾਨ ਸਾਹਿਤਕਾਰਾਂ ਦੇ ਬੁੱਤ ਲਗਾਏ ਗਏ ਹਨ।

ਪਿੰਡ ਵਾਸੀਆਂ ਮੁਤਾਬਿਕ ਕਿਤਾਬਾਂ ਤੋਂ ਦੂਰ ਹੁੰਦੀ ਜਾ ਰਹੀ ਨੌਜਵਾਨ ਪੀੜੀ ਨੂੰ ਸਾਹਿਤ ਦੀ ਚੇਟਕ ਲਾਉਣ ਲਈ ਇਹ ਉਪਰਾਲਾ ਕੀਤਾ ਗਿਆ ਹੈ। ਪਿੰਡ ਦੇ ਨੌਜਵਾਨ ਜੀਵਨ ਰਾਮਗੜ੍ਹ ਨੇ ਦੱਸਿਆ ਕਿ ਸਾਹਿਤਕਾਰਾਂ, ਕਵੀਆਂ, ਫਿਲਾਸਫਰਾਂ ਅਤੇ ਕੌਮੀ ਯੋਧਿਆ ਦੇ ਬੁੱਤ ਇੱਥੇ ਲਗਾਉਣ ਦਾ ਮਕਸਦ ਨੌਵਜਾਨਾਂ ਨੂੰ ਇਨ੍ਹਾਂ ਮਹਾਨ ਸਖਸੀਅਤਾਂ ਨਾਲ ਜੋੜਣਾ ਹੈ। ਜਦੋਂ ਪਿੰਡ ਦੇ ਨੌਜਵਾਨ ਇਨ੍ਹਾਂ ਬੁੱਤਾਂ ਨੂੰ ਇੱਥੇ ਲੱਗਿਆ ਵੇਖਣਗੇ ਤਾਂ ਉਹ ਇਨ੍ਹਾਂ ਬਾਰੇ ਹੋਰ ਜਾਣਨ ਲਈ ਇਛੁੱਕ ਵੀ ਹੋਣਗੇ ਅਤੇ ਫਿਰ ਉਹ ਇਨ੍ਹਾਂ ਮਹਾਨ ਸਖਸ਼ੀਅਤ ਬਾਰੇ ਪੜਣਗੇ ਅਤੇ ਇਨ੍ਹਾਂ ਨੂੰ ਆਪਣੇ ਰੋਲ ਮਾਡਲ ਵਜੋਂ ਵੀ ਵੇਖਣਗੇ।

ਪਿੰਡ ਦੇ ਨੌਜਵਾਨ ਰਾਜਵਿੰਦਰ ਸਿੱਧੂ ਨੇ ਦੱਸਿਆ ਕਿ ਪਹਿਲਾ ਇਸ ਜਗ੍ਹਾਂ ਦੇ ਨਾਲ ਛੱਪੜ ਹੁੰਦਾ ਸੀ ਜਿਸ ਦਾ ਸਾਰਾ ਪਾਣੀ ਇੱਥੇ ਭਰ ਜਾਂਦਾ ਸੀ ਜਿਸ ਕਾਰਨ ਇੱਥੇ ਹਰ ਵੇਲੇ ਗੰਦਗੀ ਫੈਲੀ ਰਹਿੰਦੀ ਸੀ ਅਤੇ ਲੋਕਾਂ ਨੂੰ ਵੀ ਆਉਣ ਜਾਣ ਵਿੱਚ ਦਿੱਕਤ ਆਉਂਦੀ ਸੀ। ਫਿਰ ਪਿੰਡ ਦੇ ਨੌਜਵਾਨਾਂ ਨੇ ਪੰਚਾਇਤ ਨਾਲ ਮਿਲ ਕੇ ਪਹਿਲਾ ਇਸ ਜਗ੍ਹਾਂ ਦੀ ਸਫਾਈ ਕੀਤੀ ਅਤੇ ਪਿੰਡ ਵਾਸੀਆਂ ਸਮੇਤ ਐਨਆਰਆਈ ਵੀਰਾਂ ਦੇ ਸਹਿਯੋਗ ਦੇ ਨਾਲ ਇਸ ਜਗ੍ਹਾ ਦੀ ਕਾਇਆ ਕਲਪ ਕਰਕੇ ਇੱਥੇ ਬੁੱਤ ਲਗਾਉਣ ਦਾ ਮੁੱਢ ਬੰਨਿਆ।

ਪਿੰਡ ਦੇ ਵਸਨੀਕ ਜਨਕ ਰਾਮਗੜ੍ਹ ਖੁਦ ਬੁੱਤਤਰਾਸ਼ ਹਨ ਉਨ੍ਹਾਂ ਨੇ ਹੀ ਇੱਥੇ ਲੱਗੇ ਸਾਰੇ ਬੁੱਤ ਆਪਣੇ ਹੱਥੀਂ ਤਿਆਰ ਕੀਤੇ ਹਨ। ਉਨ੍ਹਾਂ ਦੱਸਿਆਂ ਕਿ ਇਹ ਬੁੱਤ ਬਹੁਤ ਵਧੀਆ ਮਟੀਰੀਅਲ ਦੇ ਤਿਆਰ ਕੀਤੇ ਗਏ ਹਨ ਜਿੰਨਾਂ ਉਪਰ ਹਵਾ, ਪਾਣੀ ਅਤੇ ਧੁੱਪ ਦਾ ਬਹੁਤ ਘੱਟ ਅਸਰ ਹੋਵੇਗਾ ਅਤੇ ਦਹਾਕਿਆਂ ਤੱਕ ਇਹ ਬੁੱਤ ਪਿੰਡ ਵਾਸੀਆਂ ਅਤੇ ਨੌਜਵਾਨਾਂ ਲਈ ਖਿੱਚ ਦਾ ਕੇਂਦਰ ਬਣੇ ਰਹਿਣਗੇ।
ਹੇਠਲੀ ਵੀਡੀਓ ਵਿੱਚ ਪਿੰਡ ਵਾਸੀਆਂ ਨਾਲ ਇਸ ਉਪਰਾਲੇ ਸਬੰਧੀ ਗੱਲਬਾਤ ਕੀਤੀ ਗਈ ਹੈ:-

Be First to Comment

Leave a Reply

Your email address will not be published. Required fields are marked *