ਬਰਨਾਲਾ ਜ਼ਿਲ੍ਹੇ ਦੇ ਪਿੰਡ ਦੀਵਾਨਾ ਅਤੇ ਛੀਨੀਵਾਲ ਦੇ ਲੋਕਾਂ ਨੇ ਪਹਿਲਕਦਮੀ ਕਰਦਿਆਂ ਇੱਕ ਸਾਂਝੀ ਜਗ੍ਹਾ ‘ਤੇ ਛੋਟਾ ਜੰਗਲ ਲਗਾਉਣ ਦਾ ਉਪਰਾਲਾ ਕੀਤਾ ਹੈ। ਇਸ ਜਗ੍ਹਾਂ ਉਪਰ ਪਹਿਲਾਂ ਕੂੜੇ ਦਾ ਡੰਪ ਹੁੰਦਾ ਸੀ, ਜਿਸਨੂੰ ਪਿੰਡ ਦੇ ਨੌਜਵਾਨਾਂ ਨੇ ਸਵਾਰ ਕੇ ਹੁਣ ਇੱਥੇ ਇੱਕ ਸੁੰਦਰ ਜੰਗਲ ਵਿਕਸਤ ਕੀਤਾ ਹੈ।
ਪਿੰਡ ਦੇ ਲੋਕਾਂ ਨੇ ਦੱਸਿਆ ਕਿ ਇਸ ਜੰਗਲ ਦੇ ਸਾਹਮਣੇ ਵੀ ਖਾਲੀ ਜਗ੍ਹਾਂ ਪਈ ਸੀ ਜਿਸ ਵਿੱਚ ਲੋਕ ਮਲਵਾ ਜਾ ਹੋਰ ਕੂੜਾ ਕਰਕਟ ਸੁੱਟ ਦਿੰਦੇ ਸਨ ਪਰ ਦੋਵਾਂ ਪਿੰਡਾਂ ਦੇ ਨੌਜਵਾਨਾਂ ਨੇ ਇਸ ਜਗ੍ਹਾ ਉਪਰ ਵੀ ਜੰਗਲ ਲਗਾਉਣ ਦੀ ਮੁਹਿੰਮ ਵਿੱਢੀ ਹੋਈ ਹੈ ਜਿਸ ਤਹਿਤ ਉਨ੍ਹਾਂ ਵੱਲੋਂ ਇੱਥੋਂ ਕੂੜਾ ਕਰਕਟ ਸਾਫ ਕਰਕੇ ਇਸ ਉਪਰ ਮਿੱਟੀ ਪਾਈ ਜਾ ਰਹੀ ਹੈ ਜਿਸ ਉਪਰ ਬਾਅਦ ਵਿੱਚ ਰਵਾਇਤੀ ਰੁੱਖ ਲਗਾ ਕੇ ਜੰਗਲ ਵਿਕਸਿਤ ਕੀਤਾ ਜਾਵੇਗਾ।
ਪਿੰਡ ਦੇ ਨੌਜਵਾਨ ਦੱਸਦੇ ਹਨ ਉਨ੍ਹਾਂ ਵੱਲੋਂ ਸਿਰਫ ਫੋਟੋ ਖਿਚਵਾਉਣ ਦੇ ਲਈ ਇੱਥੇ ਬੂਟੇ ਨਹੀਂ ਲਗਾਏ ਗਏ ਬਲਕਿ ਇਨ੍ਹਾਂ ਬੂਟਿਆਂ ਦੀ ਸਾਂਭ ਸੰਭਾਲ ਵੀ ਪਿੰਡ ਦੇ ਨੌਜਵਾਨ ਕਰਦੇ ਹਨ ਤਾਂ ਜੋ ਇਹ ਬੂਟੇ ਸਹੀ ਤਰੀਕੇ ਨਾਲ ਵਿਕਾਸ ਕਰਕੇ ਵੱਡੇ ਰੁੱਖ ਬਣ ਸਕਣ। ਉਨ੍ਹਾਂ ਦੱਸਿਆ ਕਿ ਇੱਥੇ ਟਾਹਲੀ, ਤੂਤ, ਬੇਰੀ, ਬੋਹੜ, ਅਮਰੂਦ, ਜਾਮਣ, ਰੈਰੂ ਆਦਿ ਰਵਾਇਤੀ ਰੁੱਖ ਲਗਾਏ ਗਏ ਹਨ ਤਾਂ ਜੋ ਆਉਣ ਵਾਲੀਆਂ ਨਸਲਾਂ ਇਨ੍ਹਾਂ ਰੁੱਖਾਂ ਦੀ ਛਾਂ ਅਤੇ ਫਲਾਂ ਦਾ ਆਨੰਦ ਮਾਣ ਸਕਣ।
ਪਿੰਡ ਦੇ ਨੌਜਵਾਨ ਦੱਸਦੇ ਹਨ ਕਿ ਹੋਰਨਾਂ ਪਿੰਡਾਂ ਦੇ ਨੌਜਵਾਨਾਂ ਵੀ ਇਸ ਤਰ੍ਹਾਂ ਦੇ ਸਾਂਝੇ ਉਪਰਾਲੇ ਕਰਨੇ ਚਾਹੀਦੇ ਹਨ ਕਿਉਂਕਿ ਇਸ ਧਰਤੀ ਉਪਰ ਸਾਫ ਹਵਾ ਸਭ ਲਈ ਹੀ ਜਰੂਰੀ ਹੈ ਅਤੇ ਜੇਕਰ ਇਸ ਤਰ੍ਹਾਂ ਦੇ ਜੰਗਲ ਵਿਕਸਤ ਹੋਣਗੇ ਤਾਂ ਸੂਬੇ ਅੰਦਰ ਜੰਗਲਾਂ ਹੇਠ ਘੱਟ ਰਹੇ ਰਕਬੇ ਨੂੰ ਵੀ ਵਧਾਇਆ ਜਾ ਸਕਦਾ ਹੈ। ਇਨ੍ਹਾਂ ਨੌਜਵਾਨਾਂ ਦੇ ਕੰਮ ਬਾਰੇ ਹੋਰ ਜਾਨਣ ਲਈ ਤੁਸੀਂ ਹੇਠਾਂ ਦਿੱਤੀ ਵੀਡੀਓ ਵੇਖ ਸਕਦੇ ਹੋ।

ਦੋ ਪਿੰਡਾਂ ਨੇ ਰਲ਼ ਕੇ ਲਾਇਆ ਸਾਂਝਾ ਜੰਗਲ
More from MotivationalMore posts in Motivational »
Be First to Comment