ਪੰਜਾਬ ਵਿੱਚ ਖੇਤੀਬਾੜੀ ਦੇ ਨਾਲ-ਨਾਲ ਡੇਅਰੀ ਫਾਰਮਿੰਗ ਵੀ ਨੌਜਵਾਨਾਂ ਲਈ ਇੱਕ ਵੱਡਾ ਰੋਜ਼ਗਾਰ ਬਣਦੀ ਜਾ ਰਹੀ ਹੈ। ਬਰਨਾਲਾ ਜ਼ਿਲ੍ਹਾ ਦੇ ਪਿੰਡ ਸ਼ਹਿਣਾ ਦਾ ਰਹਿਣ ਵਾਲਾ 17 ਸਾਲ ਦਾ ਨੌਜਵਾਨ ਸੋਹਲਪ੍ਰੀਤ ਸਿੰਘ ਇਸਦੀ ਜਿਉਂਦੀ ਮਿਸਾਲ ਹੈ। ਇੰਨੀ ਛੋਟੀ ਉਮਰ ਵਿੱਚ ਹੀ ਉਸਨੇ ਡੇਅਰੀ ਫਾਰਮਿੰਗ ਦੇ ਕਿੱਤੇ ਵਿੱਚ ਕਦਮ ਰੱਖ ਕੇ ਨਾ ਸਿਰਫ਼ ਆਪਣਾ ਫਾਰਮ ਸਫਲਤਾਪੂਰਵਕ ਚਲਾਇਆ ਹੈ, ਸਗੋਂ ਇਸ ਤੋਂ ਵਧੀਆ ਮੁਨਾਫ਼ਾ ਵੀ ਕਮਾ ਰਿਹਾ ਹੈ।ਅੱਜ ਉਸਦਾ ਡੇਅਰੀ ਫਾਰਮ ਇਲਾਕੇ ਵਿੱਚ ਕਾਫੀ ਮਸ਼ਹੂਰ ਹੈ ਅਤੇ ਕਈ ਨੌਜਵਾਨ ਉਸਦੀ ਕਾਮਯਾਬੀ ਤੋਂ ਪ੍ਰੇਰਣਾ ਲੈ ਰਹੇ ਹਨ।

ਛੋਟੀ ਉਮਰ ਤੋਂ ਹੀ ਸੀ ਪਸ਼ੂ ਪਾਲਣ ਦਾ ਸ਼ੌਂਕ
ਸੋਹਲਪ੍ਰੀਤ ਸਿੰਘ ਦੱਸਦਾ ਹੈ ਕਿ ਉਸਨੂੰ ਬਚਪਨ ਤੋਂ ਹੀ ਪਸ਼ੂ ਪਾਲਣ ਦੇ ਕਿੱਤੇ ਨਾਲ ਖਾਸ ਲਗਾਅ ਸੀ। ਉਸਨੇ ਪੜ੍ਹਾਈ ਦੇ ਨਾਲ ਨਾਲ ਪਸ਼ੂਆਂ ਦੀ ਸੰਭਾਲ ਬਾਰੇ ਵੀ ਕਾਫੀ ਕੁਝ ਸਿੱਖਿਆ। ਜਦੋਂ ਉਸਨੇ ਡੇਅਰੀ ਫਾਰਮਿੰਗ ਦੀ ਸ਼ੁਰੂਆਤ ਕੀਤੀ, ਉਸ ਸਮੇਂ ਉਸਦੇ ਕੋਲ ਸਿਰਫ਼ ਚੰਗੀ ਨਸਲ ਦੀਆਂ ਚਾਰ ਮੱਝਾਂ ਹੀ ਸਨ। ਹੌਲੀ ਹੌਲੀ ਉਸਨੇ ਇਸ ਕਿੱਤੇ ਵਿੱਚੋਂ ਹੋਈ ਕਮਾਈ ਨੂੰ ਮੁੜ ਫਾਰਮ ਵਿੱਚ ਹੀ ਲਗਾਇਆ। ਸਮੇਂ ਦੇ ਨਾਲ ਉਸਨੇ ਨਵੀਆਂ ਮੱਝਾਂ ਅਤੇ ਗਾਵਾਂ ਖਰੀਦੀਆਂ ਅਤੇ ਆਪਣੇ ਫਾਰਮ ਦਾ ਵਿਸਥਾਰ ਕੀਤਾ। ਅੱਜ ਉਸਦੇ ਫਾਰਮ ਉੱਤੇ ਲਗਭਗ 47 ਮੱਝਾਂ, 13 ਗਾਵਾਂ ਅਤੇ 25 ਦੇ ਕਰੀਬ ਕਾਫ ਅਤੇ ਝੋਟੀਆਂ ਹਨ। ਸੋਹਲਪ੍ਰੀਤ ਹਰ ਰੋਜ਼ ਸਵੇਰੇ ਅਤੇ ਸ਼ਾਮ ਨੂੰ ਫਾਰਮ ਉੱਤੇ ਆ ਕੇ ਪਸ਼ੂਆਂ ਦੀ ਦੇਖਭਾਲ ਕਰਦਾ ਹੈ ਅਤੇ ਪੂਰੀ ਮੈਨੇਜਮੈਂਟ ਖੁਦ ਸੰਭਾਲਦਾ ਹੈ।

ਰੋਜ਼ਾਨਾ 500 ਲੀਟਰ ਤੋਂ ਵੱਧ ਦੁੱਧ ਦਾ ਉਤਪਾਦਨ
ਸੋਹਲਪ੍ਰੀਤ ਦੇ ਡੇਅਰੀ ਫਾਰਮ ਵਿੱਚ ਮੱਝਾਂ ਅਤੇ ਗਾਵਾਂ ਤੋਂ ਹਰ ਰੋਜ਼ 500 ਲੀਟਰ ਤੋਂ ਵੱਧ ਦੁੱਧ ਦੀ ਉਤਪਾਦਨ ਹੁੰਦੀ ਹੈ। ਇਸ ਦੁੱਧ ਨੂੰ ਦੋ ਵੱਖ-ਵੱਖ ਡੇਅਰੀ ਕੰਪਨੀਆਂ ਸਿੱਧਾ ਉਸਦੇ ਫਾਰਮ ਤੋਂ ਖਰੀਦ ਕੇ ਲੈ ਜਾਂਦੀਆਂ ਹਨ। ਸੋਹਲਪ੍ਰੀਤ ਦੱਸਦਾ ਹੈ ਕਿ ਕੰਪਨੀਆਂ ਤੋਂ ਉਸਨੂੰ ਦੁੱਧ ਦਾ ਵਧੀਆ ਰੇਟ ਮਿਲ ਜਾਂਦਾ ਹੈ, ਜਿਸ ਕਰਕੇ ਉਸਦੀ ਆਮਦਨ ਵੀ ਕਾਫੀ ਵਧੀਆ ਬਣ ਰਹੀ ਹੈ। ਡੇਅਰੀ ਫਾਰਮਿੰਗ ਦੇ ਇਸ ਕਿੱਤੇ ਤੋਂ ਉਹ ਮਹੀਨੇ ਦੇ ਲਗਭਗ 8 ਲੱਖ ਰੁਪਏ ਦੀ ਕਮਾਈ ਕਰ ਲੈਂਦਾ ਹੈ। ਜਦੋਂ ਇਸ ਵਿੱਚੋਂ ਫੀਡ, ਲੇਬਰ ਅਤੇ ਹੋਰ ਖਰਚੇ ਕੱਢੇ ਜਾਂਦੇ ਹਨ ਤਾਂ ਵੀ ਉਸਨੂੰ ਲਗਭਗ 4 ਲੱਖ ਰੁਪਏ ਦੀ ਬਚਤ ਰਹਿ ਜਾਂਦੀ ਹੈ।

ਸ਼ੁਰੂਆਤ ਵਿੱਚ ਆਇਆ ਘਾਟਾ ਵੀ ਬਣਿਆ ਸਿੱਖਿਆ
ਸੋਹਲਪ੍ਰੀਤ ਦੱਸਦਾ ਹੈ ਕਿ ਜਦੋਂ ਉਸਨੇ ਡੇਅਰੀ ਫਾਰਮਿੰਗ ਦੀ ਸ਼ੁਰੂਆਤ ਕੀਤੀ ਸੀ ਤਾਂ ਸ਼ੁਰੂ ਵਿੱਚ ਉਸਨੂੰ ਕੁਝ ਘਾਟਾ ਵੀ ਝੱਲਣਾ ਪਿਆ। ਇਹ ਘਾਟਾ ਉਸਨੂੰ ਮਾੜੀ ਨਸਲ ਦੇ ਪਸ਼ੂ ਖਰੀਦਣ ਕਰਕੇ ਪਿਆ ਸੀ। ਪਰ ਉਸਨੇ ਹਾਰ ਨਹੀਂ ਮੰਨੀ। ਉਸਨੇ ਇਸ ਤਜਰਬੇ ਤੋਂ ਸਿੱਖਿਆ ਲਈ ਅਤੇ ਚੰਗੀ ਨਸਲ ਦੇ ਪਸ਼ੂਆਂ ਦੀ ਪਰਖ ਕਰਨੀ ਸਿੱਖ ਲਈ। ਅੱਜ ਉਸਦੀ ਮਿਹਨਤ ਅਤੇ ਸਹੀ ਫੈਸਲਿਆਂ ਦੇ ਕਾਰਨ ਉਹ ਨਾ ਸਿਰਫ਼ ਆਪਣਾ ਘਾਟਾ ਪੂਰਾ ਕਰ ਚੁੱਕਾ ਹੈ, ਸਗੋਂ ਇੱਕ ਸਫਲ ਡੇਅਰੀ ਫਾਰਮਰ ਵਜੋਂ ਜਾਣਿਆ ਜਾਂਦਾ ਹੈ।

ਡੇਅਰੀ ਫਾਰਮਿੰਗ ਵਿੱਚ ਨਾਕਾਮੀ ਦੇ ਤਿੰਨ ਮੁੱਖ ਕਾਰਨ
ਸੋਹਲਪ੍ਰੀਤ ਦਾ ਮੰਨਣਾ ਹੈ ਕਿ ਕੁਝ ਲੋਕ ਡੇਅਰੀ ਫਾਰਮਿੰਗ ਨੂੰ ਘਾਟੇ ਦਾ ਸੌਦਾ ਮੰਨਦੇ ਹਨ, ਪਰ ਅਸਲ ਵਿੱਚ ਅਜਿਹਾ ਨਹੀਂ ਹੈ। ਉਸਦੇ ਅਨੁਸਾਰ ਡੇਅਰੀ ਫਾਰਮਿੰਗ ਵਿੱਚ ਫੇਲ ਹੋਣ ਦੇ ਤਿੰਨ ਮੁੱਖ ਕਾਰਨ ਹੁੰਦੇ ਹਨ:
ਲੇਬਰ ਦੀ ਘਾਟ
ਚੰਗੀ ਨਸਲ ਦੇ ਪਸ਼ੂਆਂ ਦੀ ਕਮੀ
ਪਸ਼ੂਆਂ ਨੂੰ ਵਧੀਆ ਫੀਡ ਅਤੇ ਖੁਰਾਕ ਨਾ ਮਿਲਣਾ
ਉਹ ਕਹਿੰਦਾ ਹੈ ਕਿ ਕਈ ਲੋਕ ਖਰਚਾ ਘਟਾਉਣ ਲਈ ਖੁਦ ਹੀ ਲੇਬਰ ਦਾ ਕੰਮ ਕਰਨ ਲੱਗ ਜਾਂਦੇ ਹਨ। ਸ਼ੁਰੂ ਵਿੱਚ ਤਾਂ ਉਹ ਇਹ ਕਰ ਲੈਂਦੇ ਹਨ ਪਰ ਕੁਝ ਸਮੇਂ ਬਾਅਦ ਥੱਕ ਕੇ ਇਸ ਕਿੱਤੇ ਨੂੰ ਛੱਡ ਦਿੰਦੇ ਹਨ। ਉਸਦਾ ਮੰਨਣਾ ਹੈ ਕਿ ਜੇਕਰ ਕੋਈ ਵਿਅਕਤੀ ਲੇਬਰ ਰੱਖ ਕੇ ਅਤੇ ਸਹੀ ਮੈਨੇਜਮੈਂਟ ਨਾਲ ਡੇਅਰੀ ਫਾਰਮਿੰਗ ਕਰੇ ਤਾਂ ਇਸ ਵਿੱਚੋਂ ਵਧੀਆ ਕਮਾਈ ਕੀਤੀ ਜਾ ਸਕਦੀ ਹੈ।

ਪਿਤਾ ਦਾ ਵੀ ਮਿਲਿਆ ਪੂਰਾ ਸਾਥ
ਸੋਹਲਪ੍ਰੀਤ ਦੇ ਪਿਤਾ ਬਲਵੀਰ ਸਿੰਘ ਦੱਸਦੇ ਹਨ ਕਿ ਉਨ੍ਹਾਂ ਦੇ ਬੇਟੇ ਨੂੰ ਬਚਪਨ ਤੋਂ ਹੀ ਪਸ਼ੂ ਪਾਲਣ ਦਾ ਸ਼ੌਂਕ ਸੀ। ਜਦੋਂ ਉਸਨੇ ਵਿਦੇਸ਼ ਜਾਣ ਦੀ ਬਜਾਏ ਪੰਜਾਬ ਵਿੱਚ ਰਹਿ ਕੇ ਹੀ ਆਪਣਾ ਕਿੱਤਾ ਸ਼ੁਰੂ ਕਰਨ ਦੀ ਇੱਛਾ ਜਤਾਈ ਤਾਂ ਉਨ੍ਹਾਂ ਨੇ ਵੀ ਉਸਦਾ ਪੂਰਾ ਸਾਥ ਦਿੱਤਾ। ਉਹ ਦੱਸਦੇ ਹਨ ਕਿ ਇਸ ਡੇਅਰੀ ਫਾਰਮ ਦੀ ਪੂਰੀ ਮੈਨੇਜਮੈਂਟ ਸੋਹਲਪ੍ਰੀਤ ਖੁਦ ਹੀ ਕਰਦਾ ਹੈ ਅਤੇ ਜਦੋਂ ਵੀ ਲੋੜ ਪੈਂਦੀ ਹੈ ਤਾਂ ਉਹ ਉਸਦੀ ਮਦਦ ਕਰ ਦਿੰਦੇ ਹਨ।

ਨੌਜਵਾਨਾਂ ਲਈ ਪ੍ਰੇਰਣਾ
ਅੱਜ ਦੇ ਸਮੇਂ ਵਿੱਚ ਜਦੋਂ ਬਹੁਤ ਸਾਰੇ ਨੌਜਵਾਨ ਵਿਦੇਸ਼ ਜਾਣ ਦਾ ਸੁਪਨਾ ਦੇਖਦੇ ਹਨ, ਉਸ ਸਮੇਂ ਸੋਹਲਪ੍ਰੀਤ ਸਿੰਘ ਵਰਗੇ ਨੌਜਵਾਨ ਪੰਜਾਬ ਵਿੱਚ ਰਹਿ ਕੇ ਹੀ ਆਪਣੇ ਬਲਬੂਤੇ ਤੇ ਸਫਲਤਾ ਹਾਸਲ ਕਰ ਰਹੇ ਹਨ। ਉਸਦੀ ਕਹਾਣੀ ਇਹ ਸਾਬਤ ਕਰਦੀ ਹੈ ਕਿ ਜੇਕਰ ਮਨ ਵਿੱਚ ਲਗਨ ਹੋਵੇ ਅਤੇ ਮਿਹਨਤ ਨਾਲ ਕੰਮ ਕੀਤਾ ਜਾਵੇ ਤਾਂ ਖੇਤੀਬਾੜੀ ਅਤੇ ਡੇਅਰੀ ਫਾਰਮਿੰਗ ਵਿੱਚ ਵੀ ਵੱਡੀ ਕਾਮਯਾਬੀ ਹਾਸਲ ਕੀਤੀ ਜਾ ਸਕਦੀ ਹੈ।
ਇਸ ਨੌਜਵਾਨ ਅਤੇ ਉਸਦੇ ਡੇਅਰੀ ਫਾਰਮਿੰਗ ਦੇ ਕਿੱਤੇ ਬਾਰੇ ਹੋਰ ਜਾਨਣ ਲਈ ਤੁਸੀਂ ਹੇਠਾਂ ਦਿੱਤੀ ਵੀਡੀਓ ਵੇਖ ਸਕਦੇ ਹੋ।







Be First to Comment