ਪੰਜਾਬ ਸੂਬੇ ਦੇ ਸ਼ਹਿਰ ਬਰਨਾਲਾ ਦੇ ਰਹਿਣ ਵਾਲੇ ਜਗਸੀਰ ਸਿੰਘ ਪ੍ਰੋਫੈਸ਼ਨਲ ਬਾਡੀ ਬਿਲਡਰ ਅਤੇ ਜਿੰਮ ਟਰੇਨਰ ਹਨ। ਬਰਨਾਲਾ ਸ਼ਹਿਰ ਵਿੱਚ ਉਹ ਆਪਣਾ ਜਿੰਮ ਵੀ ਚਲਾਉਂਦੇ ਹਨ। ਆਪਣੇ ਇਸ ਕਿੱਤੇ ਤੋਂ ਸ਼ਿਰੀ ਲੱਖਾਂ ਰੁਪਏ ਕਮਾ ਰਹੇ ਹਨ ਅਤੇ ਆਰਾਮਦਾਇਕ ਜ਼ਿੰਦਗੀ ਬਸਰ ਕਰ ਰਹੇ ਹਨ। ਸ਼ਹਿਰ ਵਿੱਚ ਸ਼ਿਰੀ ਦੇ ਨਾਂ ਨਾਲ ਜਾਣੇ ਜਾਂਦੇ ਜਗਸੀਰ ਸਿੰਘ ਲਈ ਜ਼ਿੰਦਗੀ ਵਿੱਚ ਕੁੱਝ ਬਣਨ ਦਾ ਇਹ ਸਫ਼ਰ ਸੌਖਾ ਨਹੀਂ ਸੀ। ਸ਼ਿਰੀ ਅਤਿ ਦੀ ਗ਼ਰੀਬੀ ਅਤੇ ਤੰਗੀਆਂ ਤੁਰਸ਼ੀਆਂ ਨਾਲ ਜੂਝਦਿਆਂ ਬੀਤਿਆ ਹੈ। ਸ਼ਿਰੀ ਦੇ ਪਿਤਾ ਮਿਹਨਤ ਮਜਦੂਰੀ ਕਰਦੇ ਸਨ ਅਤੇ ਉਨ੍ਹਾਂ ਦੀ ਮਾਤਾ ਘਰੇਲੂ ਸੁਆਣੀ ਸੀ।
ਉਸ ਦੇ ਪਿਤਾ ਨੇ ਪਰਿਵਾਰ ਦੀ ਜ਼ਿੰਦਗੀ ਸੁਖਾਲੀ ਕਰਨ ਲਈ ਅਨੇਕਾਂ ਕੰਮ ਕੀਤੇ ਪਰ ਸ਼ਿਰੀ ਸਮੇਤ ਛੇ ਬੱਚਿਆਂ ਦਾ ਪਾਲਨ ਪੋਸ਼ਣ ਉਨ੍ਹਾਂ ਲਈ ਕਦੇ ਵੀ ਸੁਖਾਲਾ ਨਹੀਂ ਰਿਹਾ। ਸ਼ਿਰੀ ਦੱਸਦੇ ਹਨ, “ਅਸੀਂ 6 ਭੈਣ-ਭਰਾ ਹਾਂ। ਮੈਂ ਘਰ ਵਿੱਚ ਸਭ ਤੋਂ ਛੋਟਾ ਸੀ ਪਰ ਮੈਨੂੰ ਬਚਪਨ ਦੇ ਉਹ ਦਿਨ ਹਾਲੇ ਵੀ ਯਾਦ ਹਨ। ਸਾਡਾ ਇੱਕ ਕਮਰੇ ਦਾ ਕਿਰਾਏ ਦਾ ਘਰ ਸੀ ਜਿਸ ਵਿੱਚ ਅਸੀਂ ਅੱਠ ਜਣੇ ਰਹਿੰਦੇ ਸਾਂ। ਮੇਰੇ ਡੈਡੀ ਨੇ ਜ਼ਿੰਦਗੀ ਵਿੱਚ ਕਈ ਕੰਮ ਕੀਤੇ ਪਰ ਪਰਿਵਾਰ ਦਾ ਗੁਜ਼ਾਰਾ ਔਖਾ ਹੀ ਹੁੰਦਾ ਸੀ।”
ਘਰ ਦੀ ਗ਼ਰੀਬੀ ਕਰਕੇ ਸ਼ਿਰੀ ਅਤੇ ਉਸਦੇ ਭੈਣ ਭਰਾਵਾਂ ਦੇ ਬਚਪਨ ਦੇ ਸ਼ੌਕ ਵੀ ਅਧੂਰੇ ਹੀ ਰਹਿ ਗਏ। ਸ਼ਿਰੀ ਦੱਸਦੇ ਹਨ, “ਮੈਨੂੰ ਕ੍ਰਿਕਟ ਖੇਡਣ ਦਾ ਸ਼ੌਕ ਸੀ। ਹਾਲਾਤ ਇੰਨੇ ਮਾੜੇ ਸਨ ਕਿ ਘਰ ਵਿੱਚ ਟੀਵੀ ਵੀ ਨਹੀਂ ਹੁੰਦਾ ਸੀ। ਅਸੀਂ ਗਲੀ ਵਿੱਚ ਕਰਿਆਨੇ ਦੀ ਦੁਕਾਨ ਦੇ ਬਾਹਰ ਖੜ ਕੇ ਮੈਚ ਦੇਖਦੇ ਹੁੰਦੇ ਸੀ। ਕਈ ਵਾਰ ਦੁਕਾਨਦਾਰ ਸਾਨੂੰ ਓਥੋਂ ਵੀ ਭਜਾ ਦਿੰਦਾ ਸੀ। ਬਾਲ ਮਨ ਤੇ ਅਸਰ ਬਹੁਤ ਹੁੰਦਾ ਸੀ ਪਰ ਬੱਚਾ ਹੋਣ ਕਰਕੇ ਕੁੱਝ ਕਰ ਨਹੀਂ ਸੀ ਸਕਦਾ। ਘਰ ਦੇ ਮਾੜੇ ਹਾਲਾਤਾਂ ਕਰਕੇ ਮੈਂ ਆਪਣੀ ਖੇਡ ਜਾਰੀ ਨਾਂ ਰੱਖ ਸਕਿਆ।”
“ਪੜਾਈ ਵਿੱਚ ਮੈਂ ਬਚਪਨ ਤੋਂ ਹੀ ਕਮਜ਼ੋਰ ਸੀ। ਵੱਡਾ ਹੋਇਆ ਤਾਂ ਮੈਂ ਸਬੱਬ ਨਾਲ ਬਾਡੀ ਬਿਲਡਿੰਗ ਵਿੱਚ ਆਗਿਆ। ਬਾਡੀ ਬਿਲਡਿੰਗ ਦੇ ਖ਼ਰਚੇ ਕੱਢਣ ਲਈ ਜਿੰਮ ਟਰੇਨਰ ਦੀ ਨੌਕਰੀ ਕੀਤੀ, ਬਾਊਂਸਰ ਦੀ ਨੌਕਰੀ ਵੀ ਕੀਤੀ, ਰਿਕਵਰੀ ਦਾ ਕੰਮ ਵੀ ਕੀਤਾ ਪਰ ਜ਼ਿੰਦਗੀ ਰਸਤਾ ਨਹੀਂ ਦੇ ਰਹੀ ਸੀ। ਨਿਰਾਸ਼ਾ ਵਿੱਚ ਮੈਂ ਨਸ਼ਿਆਂ ਦਾ ਸਹਾਰਾ ਲੈਣ ਲੱਗ ਪਿਆ। ਜ਼ਿੰਦਗੀ ਜਿੱਥੋਂ ਉੱਪਰ ਚੁੱਕੀ ਸੀ ਓਥੇ ਹੀ ਫਿਰ ਚਲਾ ਗਿਆ।”
ਨਸ਼ੇ ਦੀ ਦਲਦਲ ਵਿੱਚ ਫਸੇ ਸ਼ਿਰੀ ਨੇ ਇੱਕ ਵਾਰ ਫਿਰ ਦੁਸ਼ਵਾਰੀਆਂ ਨਾਲ ਦੋ ਚਾਰ ਹੋਣ ਲਈ ਆਪਣੇ ਆਪ ਨਾਲ ਲੜਨ ਦਾ ਫ਼ੈਸਲਾ ਲਿਆ।“ਇਸ ਤਰਾਂ ਦੀ ਨਿਰਾਸ਼ਾ ਭਰੀ ਜ਼ਿੰਦਗੀ ਤੋਂ ਮੈਂ ਤੰਗ ਆ ਗਿਆ ਸੀ। ਸਭ ਕੁੱਝ ਛੱਡ ਕੇ ਦੁਬਾਰਾ ਬਾਡੀ ਬਿਲਡਿੰਗ ਲਈ ਮਿਹਨਤ ਕਰਨੀ ਸ਼ੁਰੂ ਕਰ ਦਿੱਤੀ। ਇਸਦਾ ਤਜਰਬਾ ਤਾਂ ਮੈਨੂੰ ਪਹਿਲਾ ਹੀ ਸੀ। ਥੋੜੇ ਸਮੇਂ ਵਿੱਚ ਹੀ ਮੈਂ ਦੁਬਾਰਾ ਉਹ ਸਰੀਰ ਬਣਾ ਲਿਆ ਜੋ ਮੇਰੀ ਪਹਿਚਾਣ ਸੀ। ਹੁਣ ਮੇਰਾ ਆਪਣਾ ਜਿੰਮ ਹੈ। ਮੇਰੇ ਕੋਲ ਸੌ ਦੇ ਕਰੀਬ ਨੌਜਵਾਨ ਰੋਜ਼ਾਨਾ ਟਰੇਨਿੰਗ ਲਈ ਆਉਂਦੇ ਹਨ।
ਪਿਛਲੇ 7 ਕੁ ਸਾਲਾਂ ਵਿੱਚ ਮੈਂ ਇੱਕ ਦਰਜਨ ਤੋਂ ਵੀ ਜ਼ਿਆਦਾ ਪ੍ਰੋਫੈਸ਼ਨਲ ਬਾਡੀ ਬਿਲਡਰ ਵੀ ਤਿਆਰ ਕੀਤੇ ਹਨ। ਹੁਣ ਮੈਂ ਡੇਢ ਲੱਖ ਰੁਪਏ ਮਹੀਨਾ ਕਮਾਉਂਦਾ ਹਾਂ। ਮੇਰੇ ਮਾਂ ਬਾਪ ਨੇ ਮੈਨੂੰ ਪਾਲਣ ਲਈ ਬਹੁਤ ਸੰਘਰਸ਼ ਕੀਤਾ ਹੈ ਹੁਣ ਮੈਂ ਉਨ੍ਹਾਂ ਨੂੰ ਹਰ ਸੁੱਖ ਸਹੂਲਤ ਦੇ ਰਿਹਾ ਹਾਂ। ਆਰਥਿਕ ਤੌਰ ਤੇ ਹੁਣ ਮੈਂਨੂੰ ਕੋਈ ਤੰਗੀ ਨਹੀਂ ਰਹੀ। ਅਗਲਾ ਟੀਚਾ ਮੇਰਾ ਇਹ ਹੈ ਕਿ ਮੈਂ ਹੁਣ ਬਾਡੀ ਬਿਲਡਿੰਗ ਕੰਪੀਟੀਸ਼ਨ ਲਈ ਆਪਣੇ ਆਪ ਤੇ ਕੰਮ ਕਰਨਾ ਹੈ। ਇਸ ਖੇਡ ਨੇ ਹੀ ਮੈਨੂੰ ਸ਼ੋਹਰਤ ਅਤੇ ਪੈਸਾ ਸਭ ਕੁਝ ਦਿੱਤਾ ਹੈ ਤਾਂ ਜ਼ਿੰਦਗੀ ਹੁਣ ਇਸਦੇ ਲੇਖੇ ਹੀ ਲਾਉਣੀ ਹੈ।”
ਜਗਸੀਰ ਸਿੰਘ ਦੇ ਸੰਘਰਸ਼ ਅਤੇ ਕਾਮਯਾਬੀ ਦੀ ਕਹਾਣੀ ਤੁਸੀਂ ਹੇਠਲੀ ਵੀਡੀਓ ਵਿੱਚ ਵਿਸਥਾਰ ਵਿੱਚ ਦੇਖ ਸਕਦੇ ਹੋ:-
ਮੇਰਾ ਇੱਕੋ ਸੁਪਨਾ ਸੀ ਕਿ ਘਰ ਦੀ ਗਰੀਬੀ ਚੁੱਕਣੀ ਹੈ
More from MotivationalMore posts in Motivational »
Be First to Comment