ਫਰੀਦਕੋਟ ਜ਼ਿਲ੍ਹੇ ਦੀ ਬਜ਼ੁਰਗ ਸ਼ਿੰਦਰ ਕੌਰ ਪਿਛਲੇ 35 ਸਾਲਾਂ ਤੋਂ ਹੱਥਾਂ ਨਾਲ ਕੱਪੜੇ ਬੁਣ ਰਹੇ ਹਨ। ਪੰਜਾਬ ਵਿੱਚ ਹੱਥਾਂ ਨਾਲ ਕੱਪੜੇ ਬੁਣਨ ਦੀ ਪਰੰਪਰਾ ਬਹੁਤ ਪੁਰਾਣੀ ਹੈ ਪਰ ਹੁਣ ਇਹ ਕਲਾ ਅਲੋਪ ਹੁੰਦੀ ਜਾ ਰਹੀ ਹੈ। ਸ਼ਿੰਦਰ ਕੌਰ ਮੁਤਾਬਿਕ ਜਿਵੇਂ-ਜਿਵੇਂ ਲੋਕ ਸਿੰਥੈਟਿਕ ਕੱਪੜੇ ਦੇ ਨੁਕਸਾਨਾਂ ਤੋਂ ਜਾਣੂ ਹੋ ਰਹੇ ਹਨ, ਹੱਥ ਨਾਲ ਬੁਣੇ ਕੱਪੜੇ ਦੀ ਮੰਗ ਫਿਰ ਤੋਂ ਵਧਣੀ ਸ਼ੁਰੂ ਹੋ ਗਈ ਹੈ।ਉਨ੍ਹਾਂ ਵੱਲੋਂ ਬਣਾਏ ਕੱਪੜੇ ਅਤੇ ਹੋਰ ਸਮਾਨ ਵਿਦੇਸ਼ਾਂ ਵਿੱਚ ਵਿਕਦਾ ਹੈ।
ਸਿੰਦਰ ਕੌਰ ਦੱਸਦੇ ਹਨ ਕਿ ਉਨ੍ਹਾਂ ਨੂੰ ਬਚਪਨ ਤੋਂ ਹੀ ਕੱਪੜੇ ਦੀ ਬੁਣਾਈ ਕਰਨ ਦਾ ਅਜਿਹਾ ਸ਼ੌਂਕ ਪਿਆ ਜੋ ਹੁਣ ਤੱਕ ਜਾਰੀ ਹੈ। ਉਹ ਦੱਸਦੇ ਹਨ ਕਿ ਪਹਿਲਾ ਉਹ ਅਤੇ ਉਸਦੀਆਂ ਭੈਣਾਂ ਕੱਪੜੇ ਬੁਣਦੀਆਂ ਹਨ ਅਤੇ ਉਨ੍ਹਾਂ ਨੇ ਸਾਰੀਆਂ ਨੇ ਰਲ ਕੇ ਆਪਣਾ ਦਾਜ ਬਣਾਇਆ ਸੀ ਅਤੇ ਉਨ੍ਹਾਂ ਆਪਣੀ ਬੇਟੀ ਦੇ ਵਿਆਹ ਮੌਕੇ ਵੀ ਦਾਜ ਦਾ ਸਾਰਾ ਕੱਪੜਾ ਹੱਥੀ ਬਣਾ ਕੇ ਦਿੱਤਾ ਸੀ। ਉਹ ਦੱਸਦੇ ਕਿ ਹਰ ਵਿਅਕਤੀ ਨੂੰ ਕਿਸੇ ਚੀਜ਼ ਦਾ ਨਸ਼ਾ ਹੁੰਦਾ ਹੈ ਪਰ ਉਨ੍ਹਾਂ ਨੂੰ ਸਿਰਫ ਖੱਡੀ ਉਪਰ ਬੈਠ ਕੇ ਬੁਣਾਈ ਕਰਨ ਦਾ ਨਸ਼ਾ ਹੈ ਅਤੇ ਅਜਿਹਾ ਇੱਕ ਵੀ ਦਿਨ ਨਹੀਂ ਹੁੰਦਾ ਹਨ ਜਦ ਉਹ ਬੁਣਾਈ ਨਹੀਂ ਕਰਦੇ।
ਉਹ ਦੱਸਦੇ ਹਨ ਕਿ ਉਸਦੀ ਦੋਵੇਂ ਨੂੰਹਾਂ ਸ਼ਹਿਰ ਦੀਆਂ ਰਹਿਣ ਵਾਲੀਆਂ ਹਨ ਪਰ ਇੱਥੇ ਆ ਕੇ ਹੁਣ ਉਹ ਵੀ ਬੁਣਾਈ ਕਤਾਈ ਵਿੱਚ ਉਨ੍ਹਾਂ ਦੀ ਪੂਰੀ ਮਦਦ ਕਰਦੀਆਂ ਹਨ। ਸ਼ੁਰੂ ਵਿੱਚ ਉਨ੍ਹਾਂ ਨੂੰ ਇਹ ਕੰਮ ਪਸੰਦ ਨਹੀਂ ਸੀ ਪਰ ਹੌਲੀ ਹੌਲੀ ਉਨ੍ਹਾਂ ਵਿੱਚ ਵੀ ਬੁਣਾਈ ਦੇ ਕੰਮ ਦਾ ਸ਼ੌਂਕ ਪੈਦਾ ਹੋ ਗਿਆ ਅਤੇ ਹੁਣ ਉਨ੍ਹਾਂ ਦੇ ਟੱਬਰ ਦੇ ਛੋਟੇ ਬੱਚੇ ਵੀ ਉਨ੍ਹਾਂ ਨੂੰ ਵੇਖ ਕੇ ਬੁਣਾਈ ਦਾ ਕੰਮ ਕਰਨ ਵਿੱਚ ਉਨ੍ਹਾਂ ਦੀ ਮਦਦ ਕਰਦੇ ਹਨ ਅਤੇ ਉਨ੍ਹਾਂ ਦਾ ਪੂਰਾ ਟੱਬਰ ਰਲ ਮਿਲ ਕੇ ਦਰੀਆਂ, ਚਾਦਰਾਂ, ਖੇਸ ਅਤੇ ਸੂਤੀ ਕੱਪੜੇ ਦੀ ਬੁਣਾਈ ਕਰਦੇ ਹਨ।
ਉਹ ਦੱਸਦੇ ਹਨ ਕਿ ਭਾਵੇਂ ਅੱਜ ਦੇ ਮਸ਼ੀਨੀ ਯੁੱਗ ਵਿੱਚ ਬੁਣਾਈ ਦੀ ਕਲਾ ਖਤਮ ਹੁੰਦੀ ਜਾ ਰਹੀ ਹੈ ਪਰ ਹੌਲੀ ਹੌਲੀ ਲੋਕ ਇਸ ਕਲਾ ਨੂੰ ਸਿੱਖਣ ਲਈ ਵੀ ਅੱਗੇ ਆ ਰਹੇ ਹਨ ਅਤੇ ਉਹ ਬੁਣਾਈ ਦੀ ਹੋਰਨਾਂ ਔਰਤਾਂ ਨੂੰ ਸਿਖਲਾਈ ਵੀ ਦਿੰਦੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਔਰਤਾਂ ਨੂੰ ਇਸ ਵੱਲ ਮੁੜਣ ਦੀ ਲੋੜ ਹੈ ਕਿਉਂਕਿ ਇਹ ਕੰਮ ਘਰ ਬੈਠ ਕੇ ਹੀ ਕਰਨਾ ਹੈ ਅਤੇ ਇਸ ਨਾਲ ਔਰਤਾਂ ਕਮਾਈ ਦਾ ਇੱਕ ਵੱਖਰਾ ਜ਼ਰੀਆਂ ਵੀ ਬਣਾ ਸਕਦੀਆਂ ਹਨ। ਹੇਠਲੀ ਵੀਡੀਓ ਵਿੱਚ, ਸ਼ਿੰਦਰ ਕੌਰ ਅਤੇ ਉਸਦੇ ਪਰਿਵਾਰ ਨਾਲ ਉਨ੍ਹਾਂ ਦੇ ਕਾਰੋਬਾਰ ਬਾਰੇ ਕੀਤੀ ਗੱਲਬਾਤ ਤੁਸੀਂ ਵੇਖ ਸਕਦੇ ਹੋ।

ਵਿਦੇਸ਼ਾਂ ਵਿੱਚ ਵੀ ਵਿਕਦਾ ਹੈ ਇਸ ਟੱਬਰ ਦਾ ਹੱਥੀਂ ਬੁਣਿਆ ਕੱਪੜਾ
More from MotivationalMore posts in Motivational »
Be First to Comment