ਸਤਲੁਜ ਦਰਿਆ ਪੰਜਾਬ ਦੀ ਜੀਵਨ ਰੇਖਾ ਹੈ। ਸਤਲੁਜ ਦਰਿਆ ਸਦੀਆਂ ਤੋਂ ਪੰਜਾਬੀ ਸਭਿਅਤਾ ਦੇ ਵਿਕਾਸ ਦਾ ਗਵਾਹ ਰਿਹਾ ਹੈ। ਸਤਲੁਜ ਦਰਿਆ ਕਰਕੇ ਹੀ ਪੰਜਾਬ ਦੀ ਧਰਤੀ ਦਾ ਵੱਡਾ ਹਿੱਸਾ ਉਪਜਾਊ ਬਣਿਆ ਅਤੇ ਇਸਦੇ ਕੰਢਿਆਂ ਤੇ ਪੰਜਾਬੀ ਸੱਭਿਅਤਾ ਪ੍ਰਫੁੱਲਿਤ ਹੋਈ ਹੈ। ਪੁਰਾਤਨ ਸਮਿਆਂ ਵਿੱਚ ਸਤਲੁਜ ਪਾਰ ਕਰਨਾ ਵੀ ਵਿਦੇਸ਼ੀ ਧਾੜਵੀਆਂ ਲਈ ਚੁਣੌਤੀ ਰਿਹਾ ਹੈ। ਇਹ ਦਰਿਆ ਪੰਜਾਬ ਦੀਆਂ ਅਨੇਕਾਂ ਇਤਿਹਾਸਕ ਘਟਨਾਵਾਂ ਦਾ ਗਵਾਹ ਹੈ। ਦੁਨੀਆ ਦੀ ਸਭ ਤੋਂ ਵੱਧ ਵਿਕਸਤ ਪੁਰਾਤਨ ਸੱਭਿਅਤਾ ਦੇ ਤੌਰ ਤੇ ਜਾਣੀ ਜਾਂਦੀ ਸਿੰਧੂ ਘਾਟੀ ਸੱਭਿਅਤਾ ਦੇ ਅਨੇਕਾਂ ਨਿਸ਼ਾਨ ਖਗੋਲ ਵਿਗਿਆਨੀਆਂ ਨੇ ਸਤਲੁਜ ਦੀਆਂ ਪੁਰਾਣੀਆਂ ਧਰਾਵਾਂ ਦੇ ਕੰਢਿਆਂ ਤੋਂ ਖ਼ੋਜੀਆਂ ਹਨ। ਕਿਹਾ ਜਾਂਦਾ ਹੈ ਕਿ ਕਿਸੇ ਵੇਲੇ ਸਤਲੁਜ ਦੀਆਂ ਪੰਜਾਬ ਵਿੱਚ ਸੌ ਧਰਾਵਾਂ ਵਗਦੀਆਂ ਸਨ।
ਪਰ ਅਫ਼ਸੋਸ ਦੀ ਗੱਲ ਹੈ ਕਿ ਸਮੇਂ ਦੀਆਂ ਸਰਕਾਰਾਂ ਅਤੇ ਲੋਕਾਂ ਦੇ ਇਸ ਦਰਿਆ ਦੀ ਅਹਿਮੀਅਤ ਤੋਂ ਬੇਮੁਖ ਹੋਣ ਕਰਕੇ ਬਹੁਤੀਆਂ ਧਰਾਵਾਂ ਖ਼ਤਮ ਹੋ ਚੁੱਕੀਆਂ ਹਨ। ਇੰਨੀ ਅਮੀਰ ਵਿਰਾਸਤ ਸਾਂਭੀ ਬੈਠਾ ਇਹ ਦਰਿਆ ਖ਼ਤਰੇ ਵਿੱਚ ਹੈ ਇਸਦੀਆਂ ਬਚੀਆਂ ਖੁਚੀਆਂ ਧਰਾਵਾਂ ਵੀ ਅਣਗਹਿਲੀ ਅਤੇ ਸਨਅਤੀ ਪ੍ਰਦੂਸ਼ਣ ਦਾ ਸ਼ਿਕਾਰ ਹੋ ਕੇ ਗੰਦੇ ਨਾਲੇ ਬਣਦੀਆਂ ਜਾ ਰਹੀਆਂ ਹਨ।
ਇਸ ਦਰਿਆ ਦੀ ਅਹਿਮੀਅਤ ਸਮਝਣ ਅਤੇ ਲੋਕਾਂ ਨੂੰ ਇਸ ਬਾਰੇ ਚੇਤੰਨ ਕਰਨ ਲਈ ਪੰਜਾਬ ਦੇ ਵੱਖ-ਵੱਖ ਹਿੱਸਿਆਂ ਨਾਲ ਸਬੰਧ ਰੱਖਦੇ ਕੁੱਝ ਨੌਜਵਾਨਾਂ ਨੇ ਮਾਰਚ ਮਹੀਨੇ ਸਾਲ 2022 ਵਿੱਚ ਸਤਲੁਜ ਦੀ ਪੈਦਲ ਯਾਤਰਾ ਕਰ ਚੁੱਕੇ ਹਨ।
ਉਨ੍ਹਾਂ ਦੀ ਫੇਰੀ ਦਾ ਮਕਸਦ ਪਾਣੀ ਦੇ ਸਰੋਤਾਂ ਨੂੰ ਬਚਾਉਣ ਦਾ ਸੁਨੇਹਾ ਦੇਣਾ ਹੈ। ਹੁਸੈਨੀਵਾਲਾ ਤੋਂ ਪੰਜਾਬ ਦੇ ਨੰਗਲ ਡੈਮ ਤੱਕ ਇੰਨਾ ਨੌਜਵਾਨਾਂ ਨੇ ਯਾਤਰਾ ਕੀਤੀ ਹੈ। ਇਹ ਸਤਲੁਜ ਦਾ ਉਹ ਹਿੱਸਾ ਹੈ ਜੋ ਭਾਰਤੀ ਪੰਜਾਬ ਵਿੱਚ ਪੈਂਦਾ ਹੈ। ਤਿੱਬਤ (ਚੀਨ) ਤੋਂ ਸ਼ੁਰੂ ਹੋ ਕੇ ਇਹ ਦਰਿਆ ਹੁਸੈਨੀਵਾਲਾ ਤੋਂ ਪਾਕਿਸਤਾਨ ਦੇ ਪੰਜਾਬ ਵਿੱਚ ਦਾਖਲ ਹੁੰਦਾ ਹੈ ਅਤੇ ਫਿਰ ਸਿੰਧ ਦਰਿਆ ਵਿੱਚ ਰਲ ਜਾਂਦਾ ਹੈ।
ਜਤਿੰਦਰ ਮੌਹਰ ਇੱਕ ਨਾਮਵਰ ਪੰਜਾਬੀ ਫ਼ਿਲਮ ਨਿਰਦੇਸ਼ਕ ਹਨ। ਮੌਹਰ ਲਗਾਤਾਰ ਪੰਜਾਬ ਦੇ ਜਲ ਸਰੋਤਾਂ ਦੀ ਮਹੱਤਤਾ ਅਤੇ ਉਨ੍ਹਾਂ ਨੂੰ ਬਚਾਉਣ ਬਾਰੇ ਲਿਖਦੇ ਰਹਿੰਦੇ ਹਨ। ਉਹ ਸਤਲੁਜ ਦੇ ਕੰਢੇ ਵਗਦੇ ਪੁਰਾਤਤਵ ਸਥਾਨਾਂ ਬਾਰੇ ਲਿਖਦੇ ਹਨ। ਜਤਿੰਦਰ ਮੌਹਰ ਯਾਤਰਾ ਦੌਰਾਨ ਨੌਜਵਾਨਾਂ ਨੂੰ ਮਿਲਣ ਪਹੁੰਚੇ। ਜਤਿੰਦਰ ਮੌਹਰ ਦੀਆਂ ਲਿਖਤਾਂ ਤੋਂ ਸ਼ੁਰੂ ਹੋਏ ਇਸ ਸਫ਼ਰ ਨੂੰ ਇਨ੍ਹਾਂ ਨੌਜਵਾਨਾਂ ਨੇ ਅੱਗੇ ਤੋਰਿਆ ਹੈ। ਆਸ ਦੀ ਕਿਰਨ ਪੈਦਾ ਹੋਈ ਹੈ ਕਿ ਕਿਸੇ ਨਾ ਕਿਸੇ ਦਿਨ ਕੋਈ ਹੋਰ ਸਤਲੁਜ ਦੇ ਖੈਰ-ਖਵਾਹ ਪੰਜਾਬੀ ਅਗਲਾ ਕਦਮ ਚੁੱਕਣਗੇ।
ਸਤਲੁਜ ਦੇ ਰਾਖੇ ਨੌਜਵਾਨ ਕੌਣ ਨੇ?
More from MotivationalMore posts in Motivational »
Be First to Comment