ਮੁਕਤਸਰ ਜ਼ਿਲ੍ਹੇ ਦੇ ਪਿੰਡ ਸੀਰਵਾਲੀ ਦੇ ਨੌਜਵਾਨ ਕਿਸਾਨ ਰਜਿੰਦਰ ਸਿੰਘ ਦੀਆਂ ਕਾਢਾਂ ਹੈਰਾਨ ਕਰਨ ਵਾਲੀਆਂ ਹਨ। ਸਿਰਫ਼ ਬਾਰਾਂ ਜਮਾਤਾਂ ਪਾਸ ਰਜਿੰਦਰ ਸਿੰਘ ਉਰਫ਼ ਰਾਜਾ ਬਰਾੜ ਇਲੈਕਟ੍ਰੋਨਿਕ ਪੁਰਜ਼ਿਆਂ ਦਾ ਖਿਡਾਰੀ ਹੈ। ਰਜਿੰਦਰ ਸਿੰਘ ਨੇ ਸੰਨ 2004 ਵਿੱਚ ਬਹੁਤ ਛੋਟੀ ਉਮਰ ਵਿੱਚ ਹੀ ਮਿਸ ਕਾਲ ਤੇ ਮੋਟਰ ਚੱਲਣ ਵਾਲਾ ਯੰਤਰ ਬਣਾ ਦਿੱਤਾ ਸੀ। ਇਸ ਪੁਰਜ਼ੇ ਤੋਂ ਚੱਲਿਆ ਸਫ਼ਰ ਅੱਜ ਤੱਕ ਜਾਰੀ ਹੈ।
ਰਜਿੰਦਰ ਨੇ ਖੇਤ ਵਿੱਚ ਆਵਾਰਾ ਪਸ਼ੂ ਵੜਨ ਤੇ ਫ਼ੋਨ ਕਰਨ ਵਾਲਾ ਯੰਤਰ ਵੀ ਬਣਾਇਆ ਹੈ। ਰਜਿੰਦਰ ਸਿੰਘ ਦਾ ਖੇਤ ਵਿੱਚ ਪਾਣੀ ਦਾ ਕਿਆਰਾ ਭਰਨ ਤੇ ਫ਼ੋਨ ਕਰਨ ਵਾਲਾ ਯੰਤਰ ਵੀ ਕਾਫ਼ੀ ਮਕਬੂਲ ਹੋਇਆ ਹੈ।ਖੇਤਾਂ ਵਿੱਚੋਂ ਟਰਾਂਸਫ਼ਾਰਮਰ ਚੋਰੀ ਰੋਕਣ ਵਾਲਾ ਯੰਤਰ ਵੀ ਰਜਿੰਦਰ ਨੇ ਤਿਆਰ ਕੀਤਾ ਹੈ।
ਰਜਿੰਦਰ ਸਿੰਘ ਦੇ ਯੰਤਰਾਂ ਦੀ ਕਾਫ਼ੀ ਮੰਗ ਹੈ। ਅੱਜ-ਕੱਲ੍ਹ ਉਹ ਟਰੱਕਾਂ ਵਿੱਚੋਂ ਡੀਜ਼ਲ ਚੋਰੀ ਰੋਕਣ ਵਾਲੇ ਉਪਕਰਨ ਤੇ ਕੰਮ ਕਰ ਰਹੇ ਹਨ। ਉਸਦੇ ਬਣਾਏ ਯੰਤਰ ਪੰਜਾਬ ਤੋਂ ਬਾਹਰਲੇ ਸੂਬਿਆਂ ਵਿੱਚ ਵੀ ਜਾਂਦੇ ਹਨ।
ਬਿਨਾਂ ਕਿਸੇ ਰਸਮੀ ਸਿਖਲਾਈ ਦੇ ਅਜਿਹੇ ਯੰਤਰ ਤਿਆਰ ਕਰਨ ਅਤੇ ਇਨ੍ਹਾਂ ਦੇ ਮਕਬੂਲ ਹੋਣ ਬਾਰੇ ਰਜਿੰਦਰ ਸਿੰਘ ਦੱਸਦੇ ਹਨ, “ਅਸਲ ਵਿੱਚ ਮੇਰੀ ਬਚਪਨ ਤੋਂ ਹੀ ਇਲੈਕਟ੍ਰੋਨਿਕ ਚੀਜ਼ਾਂ ਵਿੱਚ ਦਿਲਚਸਪੀ ਸੀ। ਮੈਂ ਖਿਡੌਣੇ ਜਾਂ ਕੋਈ ਵੀ ਬਿਜਲੀ ਜਾਂ ਸੈੱਲਾਂ ਤੇ ਚੱਲਣ ਵਾਲੀ ਚੀਜ਼ ਖ਼ੋਲ ਕੇ ਦੇਖਦਾ ਰਹਿੰਦਾ ਸੀ। ਬਹੁਤ ਸਾਰੀਆਂ ਚੀਜ਼ਾਂ ਖ਼ਰਾਬ ਵੀ ਕੀਤੀਆਂ। ਫਿਰ ਹੌਲੀ-ਹੌਲੀ ਸਾਰੇ ਪੁਰਜ਼ਿਆਂ ਦੇ ਕੰਮ ਬਾਰੇ ਸਮਝ ਆਉਂਦੀ ਗਈ। ਖ਼ੁਦ ਕਿਸਾਨ ਹੋਣ ਕਰਕੇ ਮੈਂ ਕਿਸਾਨਾਂ ਦੀਆਂ ਮੁਸ਼ਕਲਾਂ ਸਮਝਦਾ ਸੀ। ਜਦੋਂ ਮੇਰਾ ਮਿਸ ਕਾਲ ਨਾਲ ਮੋਟਰ ਚੱਲਣ ਵਾਲਾ ਯੰਤਰ ਮਕਬੂਲ ਹੋ ਗਿਆ ਤਾਂ ਮੈਂ ਖੇਤੀਬਾੜੀ ਨਾਲ ਜੁੜੇ ਬਹੁਤ ਸਾਰੇ ਯੰਤਰ ਬਣਾਏ ਜੋ ਕਿਸਾਨਾਂ ਦਾ ਕੰਮ ਸੌਖਾ ਕਰਦੇ ਹਨ।
ਝੀਂਗਾ ਪਾਲਕਾਂ ਲਈ ਵੀ ਮੈਂ ਇੱਕ ਯੰਤਰ ਬਣਾਇਆ ਹੈ ਜੋ ਉਨ੍ਹਾਂ ਦਾ 5 ਤੋਂ 6 ਲੱਖ ਤੱਕ ਦਾ ਸਾਲਾਨਾ ਫ਼ਾਇਦਾ ਕਰ ਦਿੰਦਾ ਹੈ। ਜੋ ਵੀ ਮੇਰੇ ਦਿਮਾਗ਼ ਵਿੱਚ ਆਉਂਦਾ ਹੈ ਜਾਂ ਕੋਈ ਬਣਾਉਣ ਲਈ ਕਹਿੰਦਾ ਹੈ ਮੈਂ ਬਣਾ ਦਿੰਦਾ ਹਾਂ।ਇਕੱਲੇ ਝੀਂਗਾ ਫਾਰਮ ਵਾਲਾ ਯੰਤਰ ਹੀ ਮੇਰਾ ਸੌ ਤੋਂ ਵੱਧ ਫਾਰਮਾਂ ਤੇ ਲੱਗਿਆ ਹੋਇਆ ਹੈ।ਇਹ ਕੰਮ ਮੈਂ ਸ਼ੌਕੀਆ ਸ਼ੁਰੂ ਕੀਤਾ ਸੀ ਪਰ ਹੁਣ ਮੈਂ ਮੰਗ ਦੇ ਆਧਾਰ ਤੇ ਹੀ ਮੈਂ ਯੰਤਰ ਤਿਆਰ ਕਰਦਾ ਹਾਂ। ਮੈਂ ਸਾਧਾਰਨ ਕਿਸਾਨ ਹਾਂ। ਮੇਰੇ ਕੋਲ ਇੰਨੀ ਪੂੰਜੀ ਨਹੀਂ ਹੈ ਜੇ ਸਰਕਾਰ ਜਾਂ ਕੋਈ ਨਿਵੇਸ਼ਕ ਪੈਸਾ ਲਾਉਣ ਨੂੰ ਤਿਆਰ ਹੋਵੇ ਤਾਂ ਮੈਂ ਆਮ ਵਰਤੋਂ ਵਿੱਚ ਆਉਣ ਵਾਲੇ ਬਹੁਤ ਸਾਰੇ ਅਜਿਹੇ ਯੰਤਰ ਤਿਆਰ ਕਰ ਸਕਦਾ ਹਾਂ ਜਿਸ ਨਾਲ ਲੋਕਾਂ ਦਾ ਸਮਾਂ ਅਤੇ ਪੈਸਾ ਦੋਹਾਂ ਦੀ ਬੱਚਤ ਹੋ ਸਕੇਗੀ।”
ਰਜਿੰਦਰ ਸਿੰਘ ਦੇ ਯੰਤਰਾਂ ਬਾਰੇ ਹੋਰ ਜਾਣਕਾਰੀ ਲੈਣ ਲਈ ਤੁਸੀਂ ਹੇਠਲੀ ਵੀਡੀਓ ਦੇਖ ਸਕਦੇ ਹੋ:-
Be First to Comment