ਪੰਜਾਬ ਦੇ ਮਾਨਸਾ ਸ਼ਹਿਰ ਦੇ ਰਹਿਣ ਵਾਲੇ ਤਜਿੰਦਰ ਸਿੰਘ ਪੰਜਾਬੀ ਭਾਸ਼ਾ ਦੇ ਪ੍ਰੇਮੀ ਹਨ। ਉਹ ਪੰਜਾਬੀ ਭਾਸ਼ਾ ਵਿੱਚ ਪੋਸਟ ਗ੍ਰੈਜੂਏਟ ਹਨ। ਉਹ ਪਿਛਲੇ ਵੀਹ ਸਾਲਾਂ ਤੋਂ ਸਾਈਕਲ ਚਲਾ ਕੇ ਪੰਜਾਬੀ ਭਾਸ਼ਾ ਨੂੰ ਉਤਸ਼ਾਹਿਤ ਕਰ ਰਹੇ ਹਨ।ਜਿਸ ਤਹਿਤ ਉਹ ਨੇੜਲੇ ਪਿੰਡਾਂ ਦੀਆਂ ਸੱਥਾਂ ਅਤੇ ਸਕੂਲਾਂ ਵਿੱਚ ਜਾ ਕੇ ਬੱਚਿਆਂ ਨੂੰ ਪੰਜਾਬੀ ਭਾਸ਼ਾ ਬੋਲਣ ਲਿਖਣ ਦੀ ਜਾਂਚ ਸਿਖਾਉਂਦੇ ਹਨ।
ਤਜਿੰਦਰ ਸਿੰਘ ਹਰ ਸਾਲ ਪੰਜਾਬੀ ਭਾਸ਼ਾ ਦੇ ਪ੍ਰਚਾਰ ਦੇ ਲਈ 3 ਹਜ਼ਾਰ ਕਿਲੋਮੀਟਰ ਦੇ ਕਰੀਬ ਸਾਇਕਲ ਯਾਤਰਾ ਕਰਦੇ ਹਨ। ਜਿਸ ਤਹਿਤ ਉਹ ਰਾਸਤੇ ਵਿੱਚ ਆਉਂਦੇ ਸਕੂਲ ਵਿੱਚ ਰੁਕਦੇ ਹਨ ਜਿੱਥੇ ਉਹ ਬੱਚਿਆਂ ਨਾਲ ਪੰਜਾਬੀ ਭਾਸ਼ਾ ਨੂੰ ਕਿਵੇਂ ਸੋਹਣੇ ਤਰੀਕੇ ਨਾਲ ਬੋਲਣਾ ਅਤੇ ਲਿਖਣਾ ਹੈ ਉਸ ਦੇ ਨੁਕਤੇ ਸਾਂਝੇ ਕਰਦੇ ਹਨ। ਉਹ ਦੱਸਦੇ ਹਨ ਸਕੂਲਾਂ ਵਿੱਚ ਪੜਦੇ ਬੱਚਿਆਂ ਵਿੱਚ ਪੰਜਾਬੀ ਭਾਸ਼ਾ ਦਾ ਗਿਆਨ ਬਹੁਤ ਘੱਟ ਹੁੰਦਾ ਜਾ ਰਿਹਾ ਹੈ ਅਤੇ ਆਪਣੇ ਇਸ ਉਪਰਾਲੇ ਨਾਲ ਉਹ ਬੱਚਿਆਂ ਵਿੱਚ ਪੰਜਾਬੀ ਭਾਸ਼ਾ ਨਾਲ ਜੁੜਣ ਦੀ ਜਗਿਆਸਾ ਪੈਦਾ ਕਰਦੇ ਹਨ।
ਉਹ ਦੱਸਦੇ ਹਨ ਕਿ ਪੰਜਾਬੀ ਭਾਸ਼ਾ ਅੱਜ ਵਿਦੇਸ਼ਾ ਤੱਕ ਫੈਲੀ ਹੋਈ ਹੈ ਪਰ ਪੰਜਾਬ ਦੇ ਸਕੂਲਾਂ ਵਿੱਚ ਪੜਦੇ ਬਹੁਤੇ ਬੱਚੇ ਪੰਜਾਬੀ ਭਾਸ਼ਾ ਦੇ ਮੁੱਢਲੇ ਗਿਆਨ ਤੋ ਕੋਰੇ ਹਨ ਜਦਕਿ ਉਨ੍ਹਾਂ ਨੂੰ ਬਾਕੀ ਹੋਰ ਭਾਸ਼ਾਵਾਂ ਦਾ ਜਰੂਰ ਗਿਆਨ ਹੈ ਜੋ ਸੋਚਣ ਵਾਲੀ ਗੱਲ ਹੈ। ਉਨ੍ਹਾਂ ਸਰਕਾਰੀ ਸਕੂਲਾਂ ਵਿੱਚ ਪੜਾਉਣ ਵਾਲੇ ਅਧਿਆਪਕਾਂ ਨੂੰ ਵੀ ਅਪੀਲ ਕੀਤੀ ਕਿ ਘੱਟੋਂ ਘੱਟ ਇਨ੍ਹਾਂ ਬੱਚਿਆਂ ਨੂੰ ਚੰਗੀ ਪੰਜਾਬੀ ਬੋਲਣੀ ਲਿਖਣੀ ਅਤੇ ਪੜਣੀ ਸਿਖਾਈ ਜਾਵੇ ਜਿਨ੍ਹਾਂ ਨੇ ਅੱਗੇ ਜਾ ਕੇ ਪੰਜਾਬੀ ਭਾਸ਼ਾ ਦੇ ਪ੍ਰਚਾਰਕ ਬਣਨਾ ਹੈ।
ਪੰਜਾਬ ਵਿੱਚ ਪੰਜਾਬੀ ਭਾਸ਼ਾ ਦੇ ਪ੍ਰਚਾਰ ਲਈ ਸਾਇਕਲ ਯਾਤਰਾ ਕਰਨ ਤੋਂ ਇਲਾਵਾ ਉਹ ਦੇਸ਼ ਦੇ ਵੱਖ ਸੂਬਿਆਂ ਵਿੱਚ ਰੇਲ ਅਤੇ ਬੱਸ ਜ਼ਰੀਏ ਵੀ ਯਾਤਰਾ ਕਰ ਚੁੱਕੇ ਹਨ ਜਿੱਥੇ ਉਹ ਹੋਰਨਾਂ ਸੂਬਿਆਂ ਦੇ ਬੱਚਿਆ ਨੂੰ ਪੰਜਾਬੀ ਭਾਸ਼ਾ ਬਾਰੇ ਦੱਸਦੇ ਅਤੇ ਸਿਖਾਉਂਦੇ ਹਨ।ਇਸ ਤੋਂ ਇਲਾਵਾ ਉਹ ਵਿਦੇਸ਼ਾਂ ਵਿੱਚ ਰਹਿੰਦੇ ਪੰਜਾਬੀ ਬੱਚਿਆਂ ਨੂੰ ਵੀ ਪੰਜਾਬੀ ਭਾਸ਼ਾ ਦੀ ਔਨਲਾਈਨ ਟਿਊਸ਼ਨ ਪ੍ਰਦਾਨ ਕਰਦੇ ਹਨ।
ਬੱਚਿਆਂ ਅਤੇ ਨੌਜਵਾਨਾਂ ਨੂੰ ਪੰਜਾਬੀ ਦੇ ਨਾਲ ਜੋੜਣ ਦੇ ਲਈ ਉਨ੍ਹਾਂ ਵੱਲੋਂ ਗੁਰਮੁਖੀ ਘੜੀ, ਚਾਬੀ ਛੱਲੇ, ਚਾਦਰਾਂ, ਦੁੱਪਟੇ ਅਤੇ ਹੋਰ ਵਸਤਾਂ ਵੀ ਤਿਆਰ ਕੀਤੀਆਂ ਜਾਂਦੀਆਂ ਹਨ ਜਿਸ ਦੀ ਪ੍ਰਦਰਸ਼ਨੀ ਉਹ ਵੱਖ ਵੱਖ ਮੇਲਿਆਂ ਉਪਰ ਲਗਾਉਂਦੇ ਹਨ ਜਿੱਥੇ ਨੌਜਵਾਨ ਇਨ੍ਹਾਂ ਚੀਜ਼ਾਂ ਨੂੰ ਜ਼ਰੀਏ ਵੀ ਪੰਜਾਬੀ ਭਾਸ਼ਾ ਨਾਲ ਜੁੜਦੇ ਹਨ।
ਉਹ ਦੱਸਦੇ ਹਨ ਕਿ ਸ਼ੁਰੂਆਤ ਵਿੱਚ ਲੋਕਾਂ ਨੇ ਉਨ੍ਹਾਂ ਦੀ ਸਾਇਕਲ ਯਾਤਰਾ ਨੂੰ ਲੈ ਕੇ ਮਜ਼ਾਕ ਵੀ ਉਡਾਇਆਂ ਪਰ ਉਹ ਆਪਣੇ ਲਕਸ਼ ਨਾਲ ਜੁੜੇ ਰਹੇ। ਉਨ੍ਹਾਂ ਦੇ ਦਿਲ ਵਿੱਚ ਜਨੂਨ ਹੈ ਕਿ ਪਿੰਡ-ਪਿੰਡ ਕੇ ਬੱਚਿਆਂ ਨੂੰ ਪੰਜਾਬੀ ਭਾਸ਼ਾ ਬਾਰੇ ਹੋਰ ਜਾਗਰੂਕ ਕੀਤਾ ਜਾਵੇ ਤਾਂ ਜੋ ਪੰਜਾਬੀ ਭਾਸ਼ਾ ਦਾ ਪ੍ਰਚਾਰ ਅਤੇ ਪਸਾਰ ਹੋ ਸਕੇ। ਉਨ੍ਹਾਂ ਦੇ ਕੰਮ ਬਾਰੇ ਤੁਸੀਂ ਹੇਠਾਂ ਦਿੱਤੀ ਵੀਡੀਓ ਵੀ ਵੇਖ ਸਕਦੇ ਹੋ।

ਪੰਜਾਬੀ ਭਾਸ਼ਾ ਦੇ ਪ੍ਰਚਾਰ ਲਈ ਵੀਹ ਸਾਲਾਂ ਤੋਂ ਸਾਈਕਲ ਯਾਤਰਾ ਕਰ ਰਿਹਾ ਹੈ ਇਹ ਪੰਜਾਬੀ
More from MotivationalMore posts in Motivational »
Be First to Comment