ਪਿੱਤਲ ਅਤੇ ਕਾਂਸੀ ਦੇ ਰਵਾਇਤੀ ਭਾਂਡੇ ਕਿਸੇ ਵੇਲੇ ਪੰਜਾਬ ਦੇ ਹਰ ਘਰ ਦੀ ਸ਼ਾਨ ਹੋਇਆ ਕਰਦੇ ਸਨ। ਹਰ ਘਰ ਵਿੱਚ ਨਾ ਸਿਰਫ਼ ਖਾਣ-ਪਕਾਉਣ ਲਈ ਵਰਤੇ ਜਾਂਦੇ ਸਨ ਸਗੋਂ ਘਰਾਂ ਦੀਆਂ ਕੰਸਾਂ ਉੱਤੇ ਸਜਾ ਕੇ ਰੱਖਣ ਦਾ ਰਿਵਾਜ ਵੀ ਸੀ। ਘਰਾਂ ਵਿੱਚ ਸਜਾਏ ਭਾਂਡਿਆਂ ਤੋਂ ਪਰਿਵਾਰ ਦੀਆਂ ਸੁਆਣੀਆਂ ਦੇ ਚੱਜ-ਸੁਚੱਜ ਹੀ ਨਹੀਂ ਪਰਖੇ ਜਾਂਦੇ ਸੀ ਬਲਕਿ ਇਨ੍ਹਾਂ ਭਾਂਡਿਆਂ ਤੋਂ ਪਰਿਵਾਰ ਦੀ ਆਰਥਿਕ ਸਥਿਤੀ ਦਾ ਅੰਦਾਜ਼ਾ ਵੀ ਸਹਿਜੇ ਹੀ ਹੋ ਜਾਂਦਾ ਸੀ। ਪਿੱਤਲ ਅਤੇ ਕਾਂਸੀ ਦੇ ਭਾਂਡੇ ਸਮਰੱਥਾ ਮੁਤਾਬਿਕ ਹਰ ਘਰ ਵਿੱਚ ਹੁੰਦੇ ਸਨ ਪਰ ਜ਼ਿਆਦਾ ਸਰਦੇ ਪੁੱਜਦੇ ਘਰਾਂ ਵਿੱਚ ਚਾਂਦੀ ਦੇ ਅਤੇ ਉੱਤਮ ਮੀਨਾਕਾਰੀ ਵਾਲੇ ਭਾਂਡੇ ਵੀ ਦੇਖਣ ਨੂੰ ਮਿਲਦੇ ਸਨ। ਇਨ੍ਹਾਂ ਭਾਂਡਿਆਂ ਵਿੱਚ ਰੋਟੀ ਪਕਾਉਣੀ ਖਾਣੀ ਸਿਹਤ ਲਈ ਵੀ ਵਧੀਆ ਸਮਝੀ ਜਾਂਦੀ ਸੀ। ਘਰ ਦੇ ਸਭ ਤੋਂ ਸੋਹਣੇ ਜਾਂ ਕੀਮਤੀ ਭਾਂਡੇ ਕਿਸੇ ਖ਼ਾਸ ਮਹਿਮਾਨ ਦੇ ਆਏ ਤੋਂ ਹੀ ਸੰਦੂਕਾਂ,ਪੇਟੀਆਂ ਵਿੱਚੋਂ ਕੱਢੇ ਜਾਂਦੇ ਸਨ।
ਬਾਜ਼ਾਰਾਂ ਵਿੱਚ ਆਏ ਸਟੀਲ ਅਤੇ ਸਿਲਵਰ ਦੇ ਮੁਕਾਬਲਤਨ ਸਸਤੇ ਭਾਂਡਿਆਂ ਨੇ ਪੰਜਾਬੀ ਪੇਂਡੂ ਸੱਭਿਆਚਾਰ ਦਾ ਇਹ ਅਨਮੋਲ ਖ਼ਜ਼ਾਨਾ ਘਰਾਂ ਵਿੱਚੋਂ ਹੌਲੀ-ਹੌਲੀ ਗ਼ਾਇਬ ਕਰ ਦਿੱਤਾ। ਇਨ੍ਹਾਂ ਭਾਂਡਿਆਂ ਨਾਲ ਜੁੜੀ ਸੁਚੱਜਤਾ ਅਤੇ ਬਣਾ ਸੁਆਰ ਕੇ ਰੱਖਣ ਦਾ ਸੋਹਜ ਵੀ ਅਲੋਪ ਹੋ ਗਿਆ ਅਤੇ ਹੱਥੀਂ ਇਨ੍ਹਾਂ ਭਾਂਡਿਆਂ ਨੂੰ ਤਿਆਰ ਕਰਨ ਵਾਲੇ ਕਾਰੀਗਰ ਵੀ ਸਮੇਂ ਦੀ ਧੂੜ ਵਿੱਚ ਰੁਲ ਗਏ। ਅੱਜ ਵੀ ਕਿਸੇ ਰਿਸ਼ਤੇਦਾਰੀ ਜਾਂ ਗਲੀ ਗੁਆਂਢ ਵਿੱਚ ਜੇ ਇਹ ਰਵਾਇਤੀ ਭਾਂਡੇ ਦੇਖਣ ਨੂੰ ਮਿਲ ਜਾਣ ਤਾਂ ਮਨ ਸਕੂਨ ਨਾਲ ਭਰ ਜਾਂਦਾ ਹੈ।
ਅੱਜ-ਕੱਲ੍ਹ ਕਈ ਮਹਿੰਗੇ ਹੋਟਲਾਂ, ਰੈਸਟੋਰੈਂਟਾਂ ਵਿੱਚ ਮਸ਼ੀਨੀ ਪਿੱਤਲ ਦੇ ਇਹ ਭਾਂਡੇ ਦਿਖਾਵੇ ਦੇ ਤੌਰ ਤੇ ਵਰਤੇ ਜਾਂਦੇ ਹਨ। ਅੱਜ ਦੀ ਨੌਜਵਾਨ ਪੀੜੀ ਲਈ ਤਾਂ ਇਹ ਮਿਊਜ਼ੀਅਮ ਵਿੱਚ ਪਈਆਂ ਚੀਜ਼ਾਂ ਦੇਖਣ ਵਰਗੀ ਗੱਲ ਹੀ ਹੈ।
ਬਠਿੰਡਾ ਜ਼ਿਲ੍ਹੇ ਦੇ ਪਿੰਡ ਅਬੁਲ ਖੁਰਾਣਾ ਦੇ ਰਹਿਣ ਵਾਲੇ ਕਿਸਾਨ ਬਲਵਿੰਦਰ ਸਿੰਘ ਕੋਲ ਅਜਿਹੇ ਭਾਂਡਿਆਂ ਦਾ ਬੇਸ਼ਕੀਮਤੀ ਖ਼ਜ਼ਾਨਾ ਹੈ। ਬਲਵਿੰਦਰ ਸਿੰਘ ਨੇ ਆਪਣੇ ਪੁਰਖਿਆਂ ਦੀਆਂ ਪਿਛਲੀਆਂ ਕਈ ਪੀੜੀਆਂ ਵੱਲੋਂ ਵਰਤੇ ਜਾਂਦੇ ਭਾਂਡੇ ਸੰਭਾਲ ਕੇ ਰੱਖੇ ਹੋਏ ਹਨ।
ਬਲਵਿੰਦਰ ਸਿੰਘ ਦੱਸਦੇ ਹਨ, “ਇਨ੍ਹਾਂ ਵਿੱਚ ਬਹੁਤੇ ਪਿੱਤਲ ਦੇ ਭਾਂਡੇ ਹਨ ਪਰ ਕੁੱਝ ਕੁ ਕਾਂਸੀ ਅਤੇ ਚਾਂਦੀ ਦੇ ਵੀ ਹਨ। ਇਹ ਮੇਰੀ ਖ਼ੁਸ਼ਕਿਸਮਤੀ ਹੈ ਕਿ ਮੇਰੀਆਂ ਪਿਛਲੀਆਂ ਪੀੜੀਆਂ ਨੇ ਇਹ ਭਾਂਡੇ ਸੰਭਾਲ ਕੇ ਰੱਖੇ। ਜਦੋਂ ਦਾ ਮਸ਼ੀਨੀ ਭਾਂਡਿਆਂ ਦਾ ਸਮਾਂ ਆਇਆ, ਸਾਡੀ ਰਸੋਈ ਵਿੱਚੋਂ ਵੀ ਇਹ ਬਾਹਰ ਕਰ ਦਿੱਤੇ ਗਏ। ਕਈ ਦਹਾਕੇ ਇਹ ਸਾਡੇ ਘਰ ਪੇਟੀਆਂ ਵਿੱਚ ਬੰਦ ਰਹੇ। ਘਰਾਂ ਵਿੱਚੋਂ ਇਨ੍ਹਾਂ ਦੇ ਅਲੋਪ ਹੋਣ ਤੋਂ ਬਾਅਦ ਇਨ੍ਹਾਂ ਦੀ ਕੀਮਤ ਸਮਝ ਆਈ ਤਾਂ ਅਸੀਂ ਇਹ ਫ਼ੈਸਲਾ ਕੀਤਾ ਕਿ ਇਨ੍ਹਾਂ ਭਾਂਡਿਆਂ ਨੂੰ ਧੋ ਸਵਾਰ ਕੇ ਉਵੇਂ ਹੀ ਘਰ ਦੇ ਵਿੱਚ ਸਜਾਏ ਜਾਣ ਜਿਸ ਤਰਾਂ ਇਹ ਪਹਿਲਾਂ ਘਰਾਂ ਵਿੱਚ ਹੋਇਆ ਕਰਦੇ ਸਨ। ਇਸ ਪਿੱਛੇ ਸਾਡਾ ਮਕਸਦ ਇਹ ਹੈ ਕਿ ਸਾਡੇ ਘਰ ਆਉਣ ਵਾਲੇ ਮਹਿਮਾਨ ਇਨ੍ਹਾਂ ਦੀ ਮਹੱਤਤਾ ਸਮਝ ਸਕਣ। ਮੈਂ ਚਾਹੁੰਦਾ ਹਾਂ ਕਿ ਮੇਰੀਆਂ ਆਉਣ ਵਾਲੀਆਂ ਪੀੜੀਆਂ ਵੀ ਇਨ੍ਹਾਂ ਨੂੰ ਸੰਭਾਲ ਕੇ ਰੱਖਣ ਤਾਂ ਜੋ ਨਵੀਆਂ ਨਸਲਾਂ ਨੂੰ ਇਨ੍ਹਾਂ ਭਾਂਡਿਆਂ ਦੀ ਖ਼ੂਬਸੂਰਤੀ, ਇਨ੍ਹਾਂ ਦੀ ਮੀਨਾਕਾਰੀ ਦੇਖ ਕਿ ਪਤਾ ਲੱਗ ਸਕੇ ਕਿ ਸਾਡੇ ਪੁਰਖੇ ਕਿੰਨੀ ਗੁਣੀ ਸਨ ਅਤੇ ਸਿਹਤ ਪ੍ਰਤੀ ਉਹ ਕਿੰਨੇ ਚੇਤੰਨ ਸਨ।”
ਬਲਵਿੰਦਰ ਸਿੰਘ ਦੇ ਵਿਰਾਸਤੀ ਭਾਂਡਿਆਂ ਬਾਰੇ ਵਿਸਥਾਰ ਸਹਿਤ ਜਾਣਕਾਰੀ ਹੇਠਲੀ ਵੀਡੀਓ ਵਿੱਚ ਦਿੱਤੀ ਗਈ ਹੈ:-
Be First to Comment