ਇੱਕ ਪਾਸੇ ਜਿੱਥੇ ਸਰਕਾਰ ਵੱਲੋਂ ਪਿੰਡਾਂ ਅੰਦਰ ਬੁਨਿਆਦੀ ਵਿਕਾਸ ਕੀਤੇ ਜਾ ਰਹੇ ਹਨ ਤਾਂ ਦੂਜੇ ਪਾਸੇ ਪਿੰਡਾਂ ਦੇ ਨੌਜਵਾਨਾਂ ਵੱਲੋਂ ਵੀ ਆਪਣੇ ਪੱਧਰ ਉਪਰ ਪਿੰਡ ਨੂੰ ਸੋਹਣਾ ਬਣਾਉਣ ਅਤੇ ਪਿੰਡਾਂ ਵਿਚਲੀਆਂ ਵਿਰਾਸਤੀ ਥਾਵਾਂ ਨੂੰ ਸਾਂਭਣ ਦੇ ਯਤਨ ਕੀਤੇ ਜਾ ਰਹੇ ਹਨ ਜਿਸ ਦੀ ਮਿਸਾਲ ਬਣਿਆ ਹੈ ਬਰਨਾਲਾ ਜਿਲੇ ਦਾ ਪਿੰਡ ਮਾਂਗੇਵਾਲ। ਜਿੱਥੇ ਪਿੰਡ ਦੇ ਨੌਜਵਾਨਾਂ ਨੇ ਨਾ ਸਿਰਫ ਪਿੰਡ ਦੀ ਨੁਹਾਰ ਬਦਲੀ ਹੈ ਸਗੋਂ ਪਿੰਡ ਦੀ ਵਿਰਾਸਤ ਅਤੇ ਵਿਰਾਸਤੀ ਚੀਜ਼ਾਂ ਨੂੰ ਵੀ ਸਾਂਭਣ ਦਾ ਹੰਭਲਾ ਮਾਰਿਆ ਹੈ।
ਇਹ ਵਿਰਾਸਤੀ ਖੂਹ ਪੁਰਾਣੇ ਵੇਲੇ ਦੀ ਯਾਦ ਦਵਾਉਂਦਾ ਹੈ ਜੋ ਪਿੰਡ ਮਾਂਗੇਵਾਲ ਦੇ ਬਿਲਕੁਲ ਵਿਚਕਾਰ ਬਣਿਆ ਹੋਇਆ ਹੈ। ਤਕਰੀਬ 400 ਸਾਲ ਪੁਰਾਣੇ ਇਸ ਖੂਹ ਦੀ ਹਾਲਤ ਕਿਸੇ ਸਮੇਂ ਪੂਰੀ ਤਰ੍ਹਾਂ ਖਸਤਾ ਹੋ ਚੁੱਕੀ ਸੀ ਅਤੇ ਇਸ ਦੇ ਆਲੇ ਦੁਆਲੇ ਵੀ ਕਾਫੀ ਗੰਦਗੀ ਪਈ ਰਹਿੰਦੀ ਸੀ ਜਿਸਨੂੰ ਸਾਫ ਕਰਨ ਦਾ ਪਿੰਡ ਦੇ ਨੌਜਵਾਨਾਂ ਨੇ ਉਪਰਾਲਾ ਕੀਤਾ ਅਤੇ ਫਿਰ ਇਨ੍ਹਾਂ ਨੌਜਵਾਨਾਂ ਨੇ ਨਾ ਸਿਰਫ ਇਸ ਖੂਹ ਦੀ ਨੁਹਾਰ ਬਦਲੀ ਸਗੋਂ ਇਸ ਖੂਹ ਨੂੰ ਮੁੜ ਚਲਦਾ ਵੀ ਕੀਤਾ ਤਾਂ ਜੋ ਆਉਣ ਵਾਲੀ ਪੀੜੀ ਨੂੰ ਪੁਰਾਣੇ ਵਿਰਸੇ ਅਤੇ ਸੱਭਿਆਚਾਰ ਨਾਲ ਜੋੜਿਆ ਜਾ ਸਕੇ।
ਪਿੰਡ ਦੇ ਨੌਜਵਾਨਾਂ ਨਿਰਮਲ ਸਿੰਘ ਅਤੇ ਲਖਵੀਰ ਸਿੰਘ ਨੇ ਦੱਸਿਆ ਕਿ ਇਸ ਖੂਹ ਦੇ ਨਾਲ ਵਿਰਾਸਤੀ ਰੁੱਖ ਵੀ ਲਗਾਏ ਗਏ ਹਨ ਅਤੇ ਪਿੰਡ ਵਿੱਚ ਵੱਡੇ ਪੱਧਰ ਤੇ ਦਰਖਤ ਲਗਾਏ ਹੋਏ ਹਨ ਜਿੰਨਾਂ ਨੂੰ ਸਮੇਂ ਸਮੇਂ ਉਪਰ ਪਾਣੀ ਲਗਾਉਣ ਅਤੇ ਦੇਖ ਰੇਖ ਕਰਨ ਦਾ ਕੰਮ ਵੀ ਨੌਜਵਾਨਾਂ ਵੱਲੋਂ ਹੀ ਕੀਤਾ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਇਸ ਕੰਮ ਲਈ ਪਹਿਲਾਂ ਨੌਜਵਾਨਾਂ ਵੱਲੋਂ ਪੈਸੇ ਇੱਕਠੇ ਕਰਕੇ ਇਹ ਉਪਰਾਲਾ ਕੀਤਾ ਗਿਆ ਜਿਸ ਵਿੱਚ ਪਿੰਡ ਵਾਸੀਆਂ ਅਤੇ ਐਨਆਰਆਈ ਵੀਰਾਂ ਨੇ ਵੀ ਵਿੱਤੀ ਸਹਿਯੋਗ ਦਿੱਤਾ ਹੈ।
ਪੰਜਾਬ ਦੇ ਪੁਰਾਣੇ ਵਿਰਸੇ ਨਾਲ ਜੁੜੀਆਂ ਚੀਜ਼ਾਂ ਦੀ ਵੀ ਪਿੰਡ ਦੀ ਜਨਤਕ ਥਾਂ ਉਪਰ ਪ੍ਰਦਰਸ਼ਨੀ ਲਗਾਈ ਹੋਈ ਹੈ ਜਿੱਥੇ ਪੰਜਾਬ ਦੇ ਪੁਰਾਣੇ ਵਿਰਸੇ ਨੂੰ ਯਾਦ ਕਰਵਾਉਂਦੀ ਚੀਜ਼ਾਂ ਜਿਵੇਂ ਚਰਖਾ, ਹੱਲ, ਬਲਦ ਗੱਡੀ, ਮਧਾਣੀ, ਪੰਜਾਲੀ ਸਮੇਤ ਹੋਰ ਬਹੁਤ ਚੀਜ਼ਾਂ ਇੱਥੇ ਸਾਂਭ ਕੇ ਰੱਖੀਆਂ ਹੋਈਆਂ ਹਨ ਅਤੇ ਇਨ੍ਹਾਂ ਵਿੱਚੋਂ ਬੁਹਤੀਆਂ ਚੀਜ਼ਾਂ ਪਿੰਡ ਦੇ ਲੋਕਾਂ ਵੱਲੋਂ ਖੁਦ ਹੀ ਉਨ੍ਹਾਂ ਨੂੰ ਇਸ ਪ੍ਰਦਰਸ਼ਨੀ ਵਿੱਚ ਰੱਖਣ ਲਈ ਦਿੱਤੀਆਂ ਹੋਈਆਂ ਹਨ। ਪਿੰਡ ਵਾਸੀ ਦੱਸਦੇ ਹਨ ਕਿ ਇਨ੍ਹਾਂ ਚੀਜ਼ਾਂ ਨੂੰ ਇੱਥੇ ਰੱਖਣ ਦਾ ਮਕਸਦ ਨਵੀਂ ਪੀੜੀ ਦੇ ਨੌਜਵਾਨਾਂ ਨੂੰ ਪੰਜਾਬ ਦੇ ਵਿਰਸੇ ਨਾਲ ਜੋੜਣਾ ਹੈ।
ਪਿੰਡ ਦੇ ਨੌਜਵਾਨ ਵੱਲੋਂ ਪਿੰਡ ਦੇ ਬਸ ਸਟੈਂਡ ਉਪਰ ਵੀ ਲੋਕਾਂ ਨੂੰ ਜਾਗਰੂਕ ਕਰ ਵਾਲੀ ਚਿਤਰਕਾਰੀ ਕੀਤੀ ਹੋਈ ਹੈ ਅਤੇ ਬੱਚਿਆਂ ਦੇ ਖੇਡਣ ਦੇ ਲਈ ਖੇਡ ਮੈਦਾਨ ਵੀ ਬਣਾਇਆ ਹੋਇਆ ਹੈ।ਪਿੰਡ ਵਾਸੀਆਂ ਨੇ ਦੱਸਿਆ ਕਿ ਪਿੰਡ ਵਿੱਚ ਇੱਕ ਮਿੰਨੀ ਜੰਗਲ ਵੀ ਲਗਾਇਆ ਹੋਇਆ ਹੈ ਜਿਸ ਦੀ ਦੇਖ ਰੇਖ ਪਿੰਡ ਦੇ ਨੌਜਵਾਨ ਹੀ ਕਰਦੇ ਹਨ ਅਤੇ ਪੂਰਾ ਪਿੰਡ ਉਨ੍ਹਾ ਦਾ ਸਹਿਯੋਗ ਕਰਦਾ ਹੈ।
ਪਿੰਡ ਦੇ ਨੌਜਵਾਨਾਂ ਵੱਲੋਂ ਕੀਤੇ ਇਸ ਉਪਰਾਲੇ ਦੀ ਸ਼ਲਾਘਾ ਕਰਨੀ ਤਾਂ ਜਰੂਰ ਬਣਦੀ ਹੈ ਅਤੇ ਨੌਜਵਾਨਾਂ ਵੱਲੋਂ ਪਿੰਡ ਵਿੱਚ ਸਾਂਭੀ ਵਿਰਾਸਤ ਨੂੰ ਵੇਖ ਕੇ ਹੋਰਨਾਂ ਨੌਜਵਾਨਾਂ ਨੂੰ ਵੀ ਇਸ ਤਰ੍ਹਾਂ ਦੇ ਉਪਰਾਲੇ ਕਰਨ ਦੀ ਪ੍ਰੇਰਣਾ ਮਿਲੇਗੀ। ਇਨ੍ਹਾਂ ਨੌਜਵਾਨਾਂ ਦੇ ਉਪਰਾਲੇ ਬਾਰੇ ਹੋਰ ਜਾਨਣ ਲਈ ਤੁਸੀਂ ਹੇਠਾਂ ਦਿੱਤੀ ਵੀਡੀਓ ਵੇਖ ਸਕਦੇ ਹੋ।
ਪੰਜਾਬ ਦੀ ਵਿਰਾਸਤ ਸਾਂਭਣ ਵਾਲੇ ਨੌਜਵਾਨ
More from MotivationalMore posts in Motivational »
Be First to Comment