ਭਾਰਤ ਅਤੇ ਪਾਕਿਸਤਾਨ ਦੀ ਜਦੋਂ ਵੰਡ ਹੋਈ ਤਾਂ ਪੰਜਾਬ ਵੀ ਦੋ ਹਿੱਸਿਆਂ ਵਿੱਚ ਵੰਡਿਆ ਗਿਆ। ਧਰਮ ਦੇ ਆਧਾਰ ਤੇ ਕੀਤੀ ਗਈ ਇਸ ਵੰਡ ਕਰਕੇ ਲੱਖਾਂ ਪੰਜਾਬੀਆਂ ਨੂੰ ਆਪਣੀ ਜੰਮਣ ਭੋਇ ਛੱਡ ਕੇ ਮਜਬੂਰਨ ਪਰਵਾਸ ਕਰਨਾ ਪਿਆ। ਇਸ ਵੰਡ ਨੂੰ 75 ਸਾਲ ਬੀਤ ਚੁੱਕੇ ਹਨ ਪਰ ਹਾਲੇ ਵੀ ਪੰਜਾਬੀਆਂ ਦੇ ਮਨਾਂ ਵਿੱਚੋਂ ਵੰਡ ਤੋਂ ਪਹਿਲਾਂ ਦੇ ਆਪਣੇ ਰਹਿਣ ਬਸੇਰਿਆਂ ਦੇ ਵਿਛੋੜੇ ਦੀ ਚੀਸ ਨਹੀਂ ਗਈ ਹੈ। ਵੰਡ ਤੋਂ ਬਾਅਦ ਪੈਦਾ ਹੋਈਆਂ ਦੋਵੇਂ ਪਾਸੇ ਦੇ ਪੰਜਾਬੀਆਂ ਦੀਆਂ ਅਗਲੀਆਂ ਪੀੜੀਆਂ ਦੇ ਦਿਲ ਵਿੱਚ ਵੀ ਆਪਣੇ ਪੁਰਖਿਆਂ ਦੀਆਂ ਵਸੇਬਾਂ ਦਾ ਹੇਰਵਾ ਹੈ।
ਪੰਜਾਬ ਦੇ ਸ਼ਹਿਰ ਸੰਗਰੂਰ ਦੇ ਰਹਿਣ ਵਾਲੇ ਰੌਬਿਨ ਲਹਿਲ ਦੀ ਅਜਿਹੀ ਹੀ ਕਹਾਣੀ ਹੈ। ਰੌਬਿਨ ਹੋਣਾ ਦਾ ਜਨਮ ਭਾਵੇਂ ਵੰਡ ਤੋਂ ਬਾਅਦ ਹੋਇਆ ਪਰ ਰੌਬਿਨ ਲਹਿਲ ਹੋਣਾ ਦੇ ਪੁਰਖੇ ਅਣਵੰਡੇ ਪੰਜਾਬ ਦੇ ਮੁਲਤਾਨ ਜ਼ਿਲ੍ਹੇ ਦੇ ਪਿੰਡ ਲਹਿਲ ਵਿੱਚ ਰਹਿੰਦੇ ਸਨ। ਰੌਬਿਨ ਲਹਿਲ ਦੇ ਦਾਦਾ ਜੀ ਮੁਲਤਾਨ ਦੇ ਨਾਮੀ ਜਗੀਰਦਾਰ ਸਨ। ਜਦੋਂ 1947 ਵਿੱਚ ਪੰਜਾਬ ਦੀ ਵੰਡ ਹੋਈ ਤਾਂ ਉਨ੍ਹਾਂ ਦੇ ਪਰਿਵਾਰ ਨੂੰ ਭਾਰਤੀ ਪੰਜਾਬ ਵਿੱਚ ਪਰਵਾਸ ਕਰਨਾ ਪਿਆ ਪਰ ਉਨ੍ਹਾਂ ਦਾ ਪਰਿਵਾਰ ਆਪਣੇ ਪੁਰਖਿਆਂ ਦੇ ਪਿੰਡ ਨਾਲ ਭਾਵੁਕ ਤੌਰ ਤੇ ਇੰਨਾ ਜੁੜਿਆ ਹੋਇਆ ਸੀ ਕਿ ਉਨ੍ਹਾਂ ਸੰਗਰੂਰ ਵਿਚ ਵੀ ਆਪਣੇ ਪਿੰਡ ਦੇ ਨਾਂ ਤੇ ਲਹਿਲ ਕਾਲੋਨੀ ਵਸਾ ਲਈ।
ਤਿੰਨ ਪੀੜ੍ਹੀਆਂ ਬੀਤ ਜਾਣ ਤੋਂ ਬਾਅਦ ਵੀ, ਇਸ ਪਰਿਵਾਰ ਨੇ ਲਹਿੰਦੇ ਪੰਜਾਬ ਦੇ ਪੁਰਾਣੇ ਪਰਿਵਾਰਕ ਦੋਸਤਾਂ ਨਾਲ ਚੰਗੇ ਸਬੰਧ ਬਣਾਏ ਹੋਏੇ ਹਨ। 1947 ਵਿੱਚ ਪਰਵਾਸ ਕਰਨ ਵਾਲੇ ਪਰਿਵਾਰਾਂ ਨਾਲ ਸਬੰਧਿਤ ਜ਼ਿਆਦਾਤਰ ਕਹਾਣੀਆਂ ਕੌੜੇ ਤਜਰਬਿਆਂ ਨਾਲ ਭਰੀਆਂ ਹਨ ਪਰ ਇਸ ਪਰਿਵਾਰ ਦੀ ਕਹਾਣੀ ਉਦਾਸ ਭਾਵਨਾਵਾਂ ਦੀ ਬਜਾਏ ਸੁਹਾਵਣੀ ਯਾਦਾਂ ਨੂੰ ਸੰਭਾਲਣ ਦੀ ਖ਼ੂਬਸੂਰਤ ਮਿਸਾਲ ਹੈ।
ਰੌਬਿਨ ਲਹਿਲ ਦੇ ਪਰਿਵਾਰ ਦੇ ਉਜਾੜੇ ਅਤੇ ਵੱਸਣ ਦੀ ਪੂਰੀ ਕਹਾਣੀ ਤੁਸੀਂ ਹੇਠਲੀ ਵੀਡੀਓ ਵਿੱਚ ਦੇਖ ਸਕਦੇ ਹੋ:-
Be First to Comment