ਬਰਨਾਲਾ ਜ਼ਿਲ੍ਹੇ ਦੇ ਪਿੰਡ ਕੱਟੂ ਦੇ ਰਹਿਣ ਵਾਲੇ ਜਗਤਾਰ ਸਿੰਘ ਕੋਲ ਪੁਰਾਣੇ ਸਮੇਂ ਵਿੱਚ ਘਰਾਂ ਅਤੇ ਖੇਤਾਂ ਵਿੱਚ ਵਰਤੀਆਂ ਜਾਣ ਵਾਲੀਆਂ ਵਸਤਾਂ ਦਾ ਖ਼ਜ਼ਾਨਾ ਹੈ। ਕਿੱਤੇ ਵਜੋਂ ਅਧਿਆਪਕ ਰਹੇ ਜਗਤਾਰ ਸਿੰਘ ਦੇ ਬਚਪਨ ਦੇ ਇਸ ਸ਼ੌਕ ਨੇ ਉਨ੍ਹਾਂ ਨੂੰ ਇਸ ਅਨਮੋਲ ਖ਼ਜ਼ਾਨੇ ਦਾ ਮਾਲਕ ਬਣਾ ਦਿੱਤਾ। ਜਗਤਾਰ ਸਿੰਘ ਜੀ ਕੋਲ ਪੰਜਾਬ ਸਾਲ ਪਹਿਲਾਂ ਖੇਤੀਬਾੜੀ ਲਈ ਵਰਤੇ ਜਾਣ ਵਾਲੇ ਸੰਦ, ਘਰਾਂ ਵਿੱਚ ਵਰਤੇ ਜਾਂਦੇ ਪੁਰਾਤਨ ਭਾਂਡੇ, ਪਾਣੀ ਵਿੱਚ ਤੈਰਨ ਵਾਲੀ ਪੁਰਾਤਨ ਇੱਟ ਅਤੇ ਪੁਰਾਤਨ ਸਿੱਕਿਆਂ ਸਮੇਤ ਬਹੁਤ ਕੁੱਝ ਸੰਭਾਲਿਆ ਹੋਇਆ ਹੈ।
ਮਾਸਟਰ ਜਗਤਾਰ ਸਿੰਘ ਦੱਸਦੇ ਹਨ, “ਸਾਡੇ ਖੇਤਾਂ ਕੋਲ ਇੱਕ ਥੇਹ ਹੁੰਦਾ ਸੀ। ਬਚਪਨ ਵਿੱਚ ਜਦੋਂ ਅਸੀਂ ਖੇਤ ਜਾਂਦੇ ਤਾਂ ਹਲ਼ ਵਾਹੁੰਦੇ ਬਾਪੂ ਹੋਣਾ ਦੇ ਮਗਰ ਹੋ ਲੈਣਾ। ਓਥੋਂ ਸਿੱਕਿਆਂ ਸਮੇਤ ਬਹੁਤ ਸਾਰੀਆਂ ਚੀਜ਼ਾਂ ਨਿਕਲਣੀਆਂ। ਮੈਂ ਉਨ੍ਹਾਂ ਨੂੰ ਸੰਭਾਲ ਕੇ ਰੱਖਣ ਲੱਗ ਪਿਆ। ਫਿਰ ਸਕੂਲ ਵਿੱਚ ਜਦੋਂ ਹੜੱਪਾ ਅਤੇ ਮਹਿੰਜੋਦੜੋ ਦੀ ਖ਼ੁਦਾਈ ਬਾਰੇ ਪੜਿਆਂ ਤਾਂ ਇਨ੍ਹਾਂ ਵਸਤਾਂ ਦੀ ਮਹੱਤਤਾ ਬਾਰੇ ਪਤਾ ਲੱਗਿਆ। ਬੱਸ ਓਦੋਂ ਤੋਂ ਲੈ ਕੇ ਹੁਣ ਤੱਕ ਪੁਰਾਤਨ ਵਸਤਾਂ ਦਾ ਸੰਗ੍ਰਹਿ ਕਰਨ ਦਾ ਕੰਮ ਜਾਰੀ ਹੈ।
ਇਨ੍ਹਾਂ ਵਸਤਾਂ ਨੂੰ ਇਕੱਠੇ ਕਰਨ ਪਿੱਛੇ ਮੇਰਾ ਮਕਸਦ ਨਵੀਂ ਪੀੜੀ ਨੂੰੰ ਵਿਰਸੇ ਤੋਂ ਜਾਣੂ ਕਰਵਾਉਣਾ ਹੈ। ਅੱਜ ਜੋ ਵੀ ਸਹੂਲਤਾਂ ਅਸੀਂ ਮਾਣ ਰਹੇ ਹਾਂ ਉਹ ਇਨ੍ਹਾਂ ਸੰਦਾਂ ਦੀ ਬਦੌਲਤ ਹੀ ਹਨ। ਇਨ੍ਹਾਂ ਵਿੱਚੋਂ ਬਹੁਤ ਸਾਰੀਆਂ ਵਸਤਾਂ ਮੈਨੂੰ ਲੋਕਾਂ ਨੇ ਮੁਫ਼ਤ ਵੀ ਦਿੱਤੀਆਂ ਹਨ ਅਤੇ ਕਈ ਚੀਜ਼ਾਂ ਬਹੁਤ ਮਹਿੰਗੇ ਮੁੱਲ ਤੇ ਖ਼ਰੀਦੀਆਂ ਹਨ।
ਮੇਰੀ ਇੱਛਾ ਹੈ ਕਿ ਪਿੰਡ ਦੀ ਸਾਂਝੀ ਥਾਂ ਤੇ ਇੱਕ ਮਿਊਜ਼ੀਅਮ ਬਣਾ ਕੇ ਇਹ ਸਾਰੀਆਂ ਚੀਜ਼ਾਂ ਆਪਣੇ ਲੋਕਾਂ ਨੂੰ ਹੀ ਸਮਰਪਿਤ ਕਰ ਦੇਵਾਂ ਤਾਂ ਜੋ ਆਉਣ ਵਾਲੀਆਂ ਨਸਲਾਂ ਨੂੰ ਇਸ ਗੱਲ ਦਾ ਪਤਾ ਲੱਗ ਸਕੇ ਕਿ ਇਹ ਆਮ ਜਿਹੇ ਦਿਸਣ ਵਾਲੇ ਭਾਂਡੇ ਅਤੇ ਖੇਤੀਬਾੜੀ ਦੇ ਸੰਦ ਹੀ ਹਨ ਜਿੰਨਾ ਰਾਹੀਂ ਅਣਥੱਕ ਮਿਹਨਤ ਕਰਕੇ ਸਾਡੇ ਪੁਰਖਿਆਂ ਨੇ ਪੰਜਾਬ ਨੂੰ ਖ਼ੁਸ਼ਹਾਲ ਕੀਤਾ ਹੈ।”
ਮਾਸਟਰ ਜਗਤਾਰ ਸਿੰਘ ਜੀ ਦੇ ਸੰਗ੍ਰਹਿ ਬਾਰੇ ਹੋਰ ਜਾਣਕਾਰੀ ਹੇਠਲੀ ਵੀਡੀਓ ਵਿੱਚ ਦੇਖੀ ਜਾ ਸਕਦੀ ਹੈ:-
ਪੁਰਾਤਨ ਵਸਤਾਂ ਰਾਹੀਂ ਵਿਰਸੇ ਦੀ ਅਲ਼ਖ ਜਗਾਉਂਦਾ ਬਾਬਾ
More from MotivationalMore posts in Motivational »
Be First to Comment