ਮੁਕੇਸ਼ ਮਲੌਦ ਦਾ ਜਨਮ ਪੰਜਾਬ ਦੇ ਕਥਿਤ ਉੱਚ ਜਾਤੀ ਬ੍ਰਾਹਮਣ ਪਰਿਵਾਰ ਵਿੱਚ ਹੋਇਆ। ਸਕੂਲ ਦੀ ਪੜਾਈ ਦੌਰਾਨ ਮੁਕੇਸ਼ ਦੀ ਦੋਸਤੀ ਅਖੌਤੀ ਨੀਵੀਂ ਜਾਤੀ ਦੇ ਸਮਝੇ ਜਾਣ ਵਾਲੇ ਪਰਿਵਾਰਾਂ ਦੇ ਮੁੰਡਿਆ ਨਾਲ ਹੋਈ ਤਾਂ ਮੁਕੇਸ਼ ਨੂੰ ਉਨ੍ਹਾਂ ਦੁਆਰਾ ਹੰਢਾਈਆਂ ਜਾਣ ਵਾਲੀਆਂ ਮੁਸ਼ਕਲਾਂ ਦਾ ਅਹਿਸਾਸ ਹੋਇਆ। ਮੁਕੇਸ਼ ਨੂੰ ਉੱਚ ਜਾਤੀ ਦੇ ਸਮਾਜਿਕ ਦਾਬੇ ਦੀ ਸਦੀਆਂ ਤੋਂ ਚੱਲੀ ਆ ਰਹੀ ਪਰੰਪਰਾ ਖਟਕਣ ਲੱਗੀ ਪਰ ਇਸਦਾ ਹੱਲ ਅੱਲ੍ਹੜ ਉਮਰ ਦੇ ਮੁਕੇਸ਼ ਨੂੰ ਸਮਝ ਨਹੀਂ ਸੀ ਆ ਰਿਹਾ। ਜਾਤੀ ਵਿਤਕਰੇ ਦੀ ਜੜ ਸਮਝਣ ਲਈ ਮੁਕੇਸ਼ ਨੇ ਕਿਤਾਬਾਂ ਵੱਲ ਰੁਖ਼ ਕੀਤਾ। ਹਮਖ਼ਿਆਲ ਲੋਕਾਂ ਨਾਲ ਮੇਲ ਹੋਇਆ ਤਾਂ ਮੁਕੇਸ਼ ਅਤੇ ਉਸਦੇ ਸਾਥੀਆਂ ਨੇ ਸਮਾਜਿਕ ਤੌਰ ਤੇ ਪਛੜੇ ਦਲਿਤ ਵਰਗ ਦੀ ਭਲਾਈ ਲਈ ਯਤਨ ਸ਼ੁਰੂ ਕੀਤੇ। ਮੁਕੇਸ਼ ਅਤੇ ਉਸਦੇ ਸਾਥੀਆਂ ਦੀ ਪੜਤਾਲ ਵਿੱਚ ਸਾਹਮਣੇ ਆਇਆ ਕਿ ਪਿੰਡਾਂ ਦੇ ਦਲਿਤ ਭਾਈਚਾਰੇ ਦੇ ਕਾਨੂੰਨੀ ਹੱਕ ਵੀ ਹਾਲੇ ਤੱਕ ਉਨ੍ਹਾਂ ਨੂੰ ਨਹੀਂ ਮਿਲੇ।
ਮੁਕੇਸ਼ ਦੱਸਦੇ ਹਨ, “ ਪੰਜਾਬ ਵਿਲੇਜ਼ ਕਾਮਨ ਲੈਂਡ ਐਕਟ 1961 ਦੇ ਤਹਿਤ ਪੰਜਾਬ ਦੇ ਕਿਸੇ ਵੀ ਪਿੰਡ ਦੀ ਪੰਚਾਇਤ ਦੀ ਮਾਲਕੀ ਵਾਲੀ ਜ਼ਮੀਨ ਦਾ ਤੀਜਾ ਹਿੱਸਾ ਸਿਰਫ਼ ਐਸਸੀ ਭਾਈਚਾਰੇ ਨੂੰ ਹੀ ਖੇਤੀਬਾੜੀ ਲਈ ਦਿੱਤਾ ਜਾ ਸਕਦਾ ਹੈ ਪਰ ਜ਼ਮੀਨੀ ਹਕੀਕਤ ਇਸਦੇ ਬਿਲਕੁਲ ਉਲਟ ਹੈ। ਦਰਅਸਲ ਪਿੰਡਾਂ ਦੇ ਚੌਧਰੀ ਕਿਸਮ ਦੇ ਕੁੱਝ ਲੋਕ ਦਲਿਤਾਂ ਦੇ ਨਾਂ ਤੇ ਇਨ੍ਹਾਂ ਜ਼ਮੀਨਾਂ ਦੀ ਬੋਲੀ ਕਰਵਾ ਕੇ ਖ਼ੁਦ ਕਾਸ਼ਤ ਕਰਦੇ ਆ ਰਹੇ ਹਨ। ਜਦੋਂ ਸਾਨੂੰ ਇਹ ਤੱਥ ਪਤਾ ਲੱਗਿਆ ਤਾਂ ਅਸੀਂ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਬਣਾ ਕੇ ਸੰਗਰੂਰ ਜ਼ਿਲ੍ਹੇ ਦੇ ਇੱਕ ਪਿੰਡ ਬਾਲਦ ਕਲਾਂ ਤੋਂ ਸੰਘਰਸ਼ ਦੀ ਸ਼ੁਰੂਆਤ ਕੀਤੀ।
ਸਾਡੇ ਤੇ 30 ਤੋਂ ਜ਼ਿਆਦਾ ਪਰਚੇ ਦਰਜ ਹੋਏ। ਬਹੁਤ ਸਾਰੇ ਸਾਥੀਆਂ ਨੇ ਜੇਲ੍ਹ ਵੀ ਕੱਟੀ। ਹੁਣ ਅਸੀਂ 80 ਪਿੰਡਾਂ ਵਿੱਚ ਐਸਸੀ ਭਾਈਚਾਰੇ ਨੂੰ ਉਨ੍ਹਾਂ ਦੇ ਹੱਕ ਦੀ ਪੰਚਾਇਤੀ ਜ਼ਮੀਨ ਦਵਾ ਚੁੱਕੇ ਹਾਂ। ਇਨ੍ਹਾਂ ਪਿੰਡਾਂ ਵਿੱਚ ਦਲਿਤ ਭਾਈਚਾਰੇ ਦੀ ਜ਼ਿੰਦਗੀ ਵਿੱਚ ਸਿਫਤੀ ਤਬਦੀਲੀ ਆਈ ਹੈ।
ਹੁਣ ਦਲਿਤ ਭਾਈਚਾਰੇ ਕੋਲ ਆਪਣੇ ਖੇਤ ਹਨ ਜਿੱਥੋਂ ਉਹ ਬਿਨਾਂ ਕਿਸੇ ਡਰ ਭੈਅ ਦੇ ਖਾਣ ਲਈ ਅਨਾਜ ਅਤੇ ਪਸ਼ੂਆਂ ਲਈ ਤੂੜੀ ਅਤੇ ਹਰਾ ਚਾਰਾ ਸਭ ਕੁੱਝ ਲੈ ਸਕਦੇ ਹਨ। ਹੋਰ ਬਹੁਤ ਸਾਰੇ ਪਿੰਡਾਂ ਵਿੱਚ ਸੰਘਰਸ਼ ਜਾਰੀ ਹੈ।”
ਮੁਕੇਸ਼ ਅਤੇ ਉਸਦੇ ਸਾਥੀਆਂ ਦੇ ਸੰਘਰਸ਼ ਅਤੇ ਪ੍ਰਾਪਤੀਆਂ ਬਾਰੇ ਹੇਠਲੀ ਵੀਡੀਓ ਵਿੱਚ ਮੁਕੇਸ਼ ਮਲੌਦ ਨਾਲ ਵਿਸ਼ੇਸ਼ ਤੌਰ ਤੇ ਗੱਲਬਾਤ ਕੀਤੀ ਗਈ ਹੈ:-
Be First to Comment