ਜੇਕਰ ਤੁਸੀਂ ਕਿਸਾਨੀ ਨਾਲ ਸਬੰਧਤ ਹੋ ਤਾਂ ਤੁਸੀਂ ਕਦੇ ਨਾ ਕਦੇ ਕੋਟਭਾਈ ਦੀ ਮਸ਼ਹੂਰ ਕਹੀ ਬਾਰੇ ਤਾਂ ਜਰੂਰ ਸੁਣਿਆ ਹੋਵੇਗਾ।ਕਿਸੇ ਵੇਲੇ ਇਹ ਗੱਲ ਵੀ ਲੋਕਾਂ ਵਿੱਚ ਪ੍ਰਚੱਲਤ ਹੋਇਆ ਕਰਦੀ ਸੀ ਕਿ ਜੋ ਵਿਅਕਤੀ ਚੌਦਾਂ ਰੋਟੀਆਂ ਖਾਂਦਾ ਹੈ ਓਹੀ ਕੋਟਭਾਈ ਦੀ ਕਹੀ ਚਲਾ ਸਕਦਾ ਹੈ। ਕਾਰੀਗਰਾਂ ਵੱਲੋਂ ਹੱਥੀ ਤਿਆਰ ਕੀਤੀ ਗਈ ਇਹ ਕਹੀ ਕਿਸੇ ਵੇਲੇ ਕਿਸਾਨਾਂ ਦੀ ਪਹਿਲੀ ਪਸੰਦ ਹੋਇਆ ਕਰਦੀ ਸੀ ਅਤੇ ਵੀ ਇਸ ਕਹੀ ਬਾਰੇ ਜਾਣਦੇ ਲੋਕ ਅੱਜ ਵੀ ਕੋਟਭਾਈ ਦੀ ਕਹੀ ਇਸਤੇਮਾਲ ਕਰਨ ਨੂੰ ਤਰਜ਼ੀਹ ਦਿੰਦੇ ਹਨ। ਜਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਕੋਟਭਾਈ ਦਾ ਸੁਖਜਿੰਦਰ ਸਿੰਘ ਵੀ ਖੇਤੀਬਾੜੀ ਸੰਦ ਬਣਾਉਣੇ ਦੇ ਆਪਣੇ ਪਿੱਤਾ ਪੁਰਖੀ ਕਿੱਤੇ ਨੂੰ ਅੱਜ ਵੀ ਦਿਲੋਂ ਕਰ ਰਿਹਾ ਹੈ।
ਪੇਸ਼ੇ ਤੋਂ ਕੰਪਿਊਟਰ ਇੰਜੀਨੀਅਰ ਸੁਖਜਿੰਦਰ ਸਿੰਘ ਦੱਸਦਾ ਹੈ ਕਿ ਪੜਾਈ ਪੂਰੀ ਹੋਣ ਤੋਂ ਬਾਅਦ ਉਹ ਚੰਡੀਗੜ੍ਹ ਵਿੱਚ ਵਧੀਆ ਨੌਕਰੀ ਕਰਦਾ ਸੀ ਪਰ ਅਚਾਨਕ ਪਿਤਾ ਦੀ ਮੌਤ ਤੋਂ ਬਾਅਦ ਉਸਨੇ ਆਪਣੀ ਨੌਕਰੀ ਛੱਡ ਦਿੱਤੀ ਅਤੇ ਪੁਰਖਿਆਂ ਦਾ ਖੇਤੀਬਾੜੀ ਦੇ ਸੰਦ ਬਣਾਉਣ ਦਾ ਰਵਾਇਤੀ ਕਿੱਤਾ ਅਪਣਾ ਲਿਆ। ਸੁਖਜਿੰਦਰ ਸਿੰਘ ਦੱਸਦਾ ਹੈ ਕਿ ਇਸ ਕਿੱਤੇ ਕਰਕੇ ਉਸਦੇ ਪਿਓ ਦਾਦੇ ਦੀ ਇਲਾਕੇ ਵਿੱਚ ਵਧੀਆ ਪਹਿਚਾਣ ਬਣੀ ਹੋਈ ਹੈ ਪਰ ਉਸਦੇ ਪਿਤਾ ਦੀ ਮੌਤ ਤੋਂ ਬਾਅਦ ਇਸ ਪਹਿਚਾਣ ਨੂੰ ਬਣਾਏ ਰੱਖਣ ਦੇ ਅਤੇ ਆਪਣੇ ਪਿਓ ਦਾਦੇ ਨਾਮ ਜਿਉਂਦਾ ਰੱਖਣ ਲਈ ਉਹਨੇ ਇਹ ਕਿੱਤਾ ਕਰਨ ਦਾ ਫੈਸਲਾ ਲਿਆ।
ਸੁਖਜਿੰਦਰ ਦੱਸਦਾ ਹੈ ਕਿ ਕੋਟਭਾਈ ਦੀ ਬਣੀ ਕਹੀ ਪੰਜਾਬ ਹੀ ਨਹੀਂ ਸਗੋਂ ਹੋਰਨਾਂ ਸੂਬਿਆਂ ਦੇ ਕਿਸਾਨਾਂ ਦੀ ਪਹਿਲੀ ਪਸੰਦ ਹੈ ਅਤੇ ਜੋ ਕਿਸਾਨ ਇੱਕ ਵਾਰ ਉਨ੍ਹਾਂ ਵੱਲੋਂ ਤਿਆਰ ਕੀਤੀ ਕਹੀ ਇਸਤੇਮਾਲ ਕਰ ਲੈਂਦਾ ਹੈ ਉਹ ਮੁੜ ਫੇਰ ਉਨ੍ਹਾਂ ਤੋਂ ਕਹੀਂ ਖਰੀਦਣ ਜਰੂਰ ਆਉਂਦਾ ਹੈ। ਉਹ ਦੱਸਦਾ ਹੈ ਕਿ ਉਸ ਵੱਲੋਂ ਕਹੀ ਸਮੇਤ ਹੋਰ ਖੇਤੀਬਾੜੀ ਸੰਦ ਹੱਥੀਂ ਤਿਆਰ ਕੀਤੇ ਜਾਂਦੇ ਹਨ ਅਤੇ ਦਿਨ ਵਿੱਚ ਤਿੰਨ ਤੋਂ ਚਾਰ ਕਹੀਆਂ ਹੀ ਤਿਆਰ ਹੁੰਦੀ ਹਨ ਕਿਉਂਕਿ ਉਹ ਸਾਰੇ ਕੰਮ ਹੱਥੀਂ ਕਰਦਾ ਹੈ।
ਕਈ ਲੋਕਾਂ ਵੱਲੋਂ ਉਸਨੂੰ ਅੱਜ ਦੇ ਆਧੁਨਿਕ ਜ਼ਮਾਨੇ ਵਿੱਚ ਆਧੁਨਿਕ ਮਸ਼ੀਨਾਂ ਦੇ ਨਾਲ ਕਹੀ ਬਣਾਉਣ ਦੀ ਸਲਾਹ ਵੀ ਦਿੱਤੀ ਸੀ ਪਰ ਸੁਖਜਿੰਦਰ ਦੱਸਦਾ ਹੈ ਕਿ ਉਹ ਵੀ ਆਧੁਨਿਕ ਮਸ਼ੀਨਾਂ ਦੀ ਵਰਤੋਂ ਕਰਕੇ ਮਸ਼ੀਨੀ ਕਹੀ ਤਿਆਰ ਕਰ ਸਕਦਾ ਹੈ ਜਿਸ ਨਾਲ ਬੇਸ਼ੱਕ ਸਮਾਂ ਦੀ ਬਚਤ ਹੋਵੇਗੀ ਤੇ ਚੰਗੇ ਪੈਸੇ ਵੀ ਕਮਾਏ ਜਾ ਸਕਦੇ ਹਨ ਪਰ ਉਸ ਵੱਲੋਂ ਹੱਥੀਂ ਤਿਆਰ ਕੀਤੀ ਕਹੀ ਦੀ ਕੁਆਲਿਟੀ ਵਿੱਚ ਕਾਫੀ ਫਰਕ ਹੁੰਦਾ ਹੈ ਅਤੇ ਕਹੀ ਦੀ ਕੁਆਲਿਟੀ ਕਰਕੇ ਹੀ ਲੋਕ ਉਸ ਕੋਲੋ ਕਹੀਂ ਖਰੀਦਣ ਆਉਂਦੇ ਹਨ। ਜਿਸ ਕਰਕੇ ਉਸਨੇ ਆਪਣੇ ਪਿੱਤਾ ਪੁਰਖੀ ਤਰੀਕੇ ਨਾਲ ਹੱਥੀਂ ਕਹੀ ਅਤੇ ਹੋਰ ਸੰਦ ਬਣਾਉਣ ਨੂੰ ਪਹਿਲ ਦਿੱਤੀ ਹੈ।
ਸੁਖਜਿੰਦਰ ਦਾ ਕਹਿਣਾ ਹੈ ਕਿ ਇਹ ਕਿੱਤਾ ਉਸਦੇ ਖੂਨ ਵਿੱਚ ਹੈ ਅਤੇ ਅਜਿਹਾ ਕਰਕੇ ਉਹ ਆਪਣੇ ਪੁਰਖਿਆਂ ਦੀ ਵਿਰਾਸਤ ਨੂੰ ਸੰਭਾਲ ਰਿਹਾ ਹੈ। ਹੋਰ ਜਾਣਕਾਰੀ ਲਈ ਤੁਸੀਂ ਹੇਠਲੀ ਵੀਡੀਓ ਵੇਖ ਸਕਦੇ ਹੋ :-
ਇਹ ਕਿੱਤਾ ਮੇਰੇ ਖੂਨ ‘ਚ ਹੈ
More from MotivationalMore posts in Motivational »
Be First to Comment