Press "Enter" to skip to content

ਪੰਜਾਬ ਦੀ ਚੜ੍ਹਦੀ ਕਲਾ ਦਾ ਹੋਕਾ ਦਿੰਦੀਆਂ ਤਿੰਨ ਪੀੜ੍ਹੀਆਂ

ਨਸ਼ਿਆਂ ਕਾਰਨ ਜ਼ਿੰਦਗੀ ਤਬਾਹ ਕਰ ਰਹੇ ਨੌਜਵਾਨ ਮੁੰਡੇ-ਕੁੜੀਆਂ ਦੀਆਂ ਵੀਡੀਓ ਆਮ ਹੀ ਸੋਸ਼ਲ ਮੀਡੀਆ ਤੇ ਵਾਇਰਲ ਹੁੰਦੀਆਂ ਰਹਿੰਦੀਆਂ ਹਨ ਜੋ ਅਕਸਰ ਅਖ਼ਬਾਰਾਂ ਅਤੇ ਟੀਵੀ ਚੈਨਲਾਂ ਦੀਆਂ ਖ਼ਬਰਾਂ ਦੀਆਂ ਸੁਰਖ਼ੀਆਂ ਬਣਦੀਆਂ ਹਨ। ਪੰਜਾਬ ਵਿੱਚ ਵਧਦੀ ਬੇਰੁਜ਼ਗਾਰੀ ਅਤੇ ਸਵੈ-ਕੇਂਦਰਿਤ ਹੋ ਰਹੇ ਸਮਾਜ ਨੇ ਇਸ ਸਮੱਸਿਆ ਨੂੰ ਹੋਰ ਪੇਚੀਦਾ ਕਰ ਦਿੱਤਾ ਹੈ। ਤੇਜ਼ੀ ਨਾਲ ਵਧਦੇ ਨਿੱਜੀਕਰਨ ਕਰ ਕੇ ਸਰਕਾਰੀ ਨੌਕਰੀਆਂ ਨਾਂਹ ਦੇ ਬਰਾਬਰ ਰਹਿ ਗਈਆਂ ਹਨ ਅਤੇ ਪ੍ਰਾਈਵੇਟ ਨੌਕਰੀਆਂ ਦੀਆਂ ਨਿਗੂਣੀਆਂ ਤਨਖ਼ਾਹਾਂ ਚੰਗੀ ਜ਼ਿੰਦਗੀ ਜਿਊਣ ਦੇ ਸੁਪਨੇ ਸੰਜੋਅ ਰਹੀ ਨੌਜਵਾਨ ਪੀੜ੍ਹੀ ਨੂੰ ਲਗਾਤਾਰ ਨਿਰਾਸ਼ਤਾ ਵੱਲ ਧੱਕ ਰਹੀਆਂ ਹਨ ਜਿਸ ਕਰਕੇ ਕਈ ਵਾਰ ਨੌਜਵਾਨ ਮਾਨਸਿਕ ਰਾਹਤ ਦੇ ਚੱਕਰ ਵਿੱਚ ਨਸ਼ਿਆਂ ਦੀ ਦਲਦਲ ਵਿੱਚ ਧਸ ਕੇ ਆਪਣੀ ਜ਼ਿੰਦਗੀ ਤਬਾਹ ਕਰ ਲੈਂਦੇ ਹਨ। ਸਵੈ-ਕੇਂਦਰਿਤ ਹੋ ਚੁੱਕੇ ਸਮਾਜ ਵਿੱਚ ਤੁਹਾਡੇ ਘਰਾਂ ਚੋਂ ਲੱਗਦੇ ਚਾਚੇ-ਤਾਏ, ਤੁਹਾਡੇ ਗਵਾਂਢੀ, ਪਿੰਡ ਦੇ ਸਰਵ-ਪ੍ਰਵਾਨਤ ਸਿਆਣੇ ਲੋਕ ਹੁਣ ਬੀਤੇ ਦੀ ਗੱਲ ਹੋ ਗਏ ਹਨ ਜੋ ਹਰ ਜਾਣੂੰ ਨੌਜਵਾਨ ਨੂੰ ਗ਼ਲਤ ਰਾਹ ਵੱਲ ਜਾਂਦਾ ਦੇਖ ਹੱਕ ਨਾਲ ਵਰਜਦੇ ਵੀ ਸਨ ਅਤੇ ਸਹੀ ਰਾਹਾਂ ਤੇ ਚੱਲਣ ਦਾ ਵੱਲ ਵੀ ਸਿਖਾਉਂਦੇ ਸਨ। ਅਜਿਹੇ ਮਾਹੌਲ ਵਿੱਚ ਵੀ ਜੇ ਕੋਈ ਨਿਰਸਵਾਰਥ ਭਾਵਨਾ ਨਾਲ ਨਵੀਂ ਪੀੜ੍ਹੀ ਨੂੰ ਸਹੀ ਰਾਹਾਂ ਉੱਤੇ ਤੋਰਨ ਲਈ ਮਿਹਨਤ ਕਰ ਰਿਹਾ ਹੈ ਤਾਂ ਉਸ ਦੀ ਨਾ ਸਿਰਫ਼ ਸਿਫ਼ਤ ਕਰਨੀ ਬਣਦੀ ਹੈ ਸਗੋਂ ਅਜਿਹੇ ਯਤਨਾਂ ਨੂੰ ਲੋਕਾਂ ਸਾਹਮਣੇ ਲਿਆਉਣਾ ਵੀ ਚਾਹੀਦਾ ਹੈ।

ਪੰਜਾਬ ਦੇ ਸ਼ਹਿਰ ਮੁੱਲਾਂਪੁਰ ਵਿੱਚ ਰਹਿਣ ਵਾਲੇ ਤਿੰਨ ਦੋਸਤਾਂ ਨੇ ਆਪਣੀ ਸਖ਼ਤ ਮਿਹਨਤ ਨਾਲ ਨਾ ਸਿਰਫ਼ ਇੱਕ ਸ਼ਾਨਦਾਰ ਸਰੀਰ ਬਣਾਇਆ ਹੈ ਸਗੋਂ ਨਵੀਂ ਪੀੜ੍ਹੀ ਨੂੰ ਸਿਹਤ ਪ੍ਰਤੀ ਜਾਗਰੂਕ ਕਰਨ ਲਈ ਇੱਕ ਨਿਵੇਕਲੀ ਲਹਿਰ ਵੀ ਸ਼ੁਰੂ ਕੀਤੀ ਹੈ। ਜੇ ਤੁਹਾਨੂੰ ਮੁੱਲਾਂਪੁਰ ਦੇ ਖੇਡ ਗਰਾਉਂਡ ਵਿੱਚ ਸੁਵੱਖਤੇ ਜਾਣ ਦਾ ਮੌਕਾ ਮਿਲੇ ਤਾਂ ਪੰਜਾਬ ਦੀ ਜਵਾਨੀ ਦੀ ਇੱਕ ਵੱਖਰੀ ਹੀ ਤਸਵੀਰ ਦੇਖਣ ਨੂੰ ਮਿਲੇਗੀ। ਪੰਜ ਸਾਲ ਦੀ ਬਾਲ ਉਮਰ ਤੋਂ ਲੈ ਕੇ 65 ਸਾਲ ਦੀ ਉਮਰ ਤੱਕ ਦੇ ਬਜ਼ੁਰਗ ਤੁਹਾਨੂੰ ਇਸ ਖੇਡ ਗਰਾਉਂਡ ਵਿੱਚ ਸਖ਼ਤ ਸਰੀਰਕ ਕਸਰਤਾਂ ਕਰਦੇ ਮਿਲਣਗੇ। ਇਸ ਦੀ ਸ਼ੁਰੂਆਤ ਮੁੱਲਾਂਪੁਰ ਦੇ ਰਹਿਣ ਵਾਲੇ ਨੌਜਵਾਨ ਬਲਵਿੰਦਰ ਸਿੰਘ (ਉਮਰ 35 ਸਾਲ) ਤੋਂ ਹੁੰਦੀ ਹੈ।

ਬਲਵਿੰਦਰ ਸਿੰਘ ਦੱਸਦੇ ਹਨ, “ਮੇਰੀ ਸ਼ਹਿਰ ਵਿੱਚ ਹੀ ਕੱਪੜੇ ਦੀ ਦੁਕਾਨ ਹੈ। ਕਰੋਨਾ ਸਮੇਂ ਲੱਗੇ ਕਰਫ਼ਿਊ ਤੋਂ ਪਹਿਲਾਂ ਮੈਂ ਵੀ ਆਮ ਲੋਕਾਂ ਵਰਗਾ ਹੀ ਸੀ। ਘਰੋਂ ਕੰਮ ਤੇ ਚਲੇ ਜਾਣਾ ਅਤੇ ਫਿਰ ਕੰਮ ਤੋਂ ਘਰ ਆ ਕੇ ਸੌਂ ਜਾਣਾ। ਕਰਫ਼ਿਊ ਦੌਰਾਨ ਸਭ ਕੁੱਝ ਬੰਦ ਸੀ ਤਾਂ ਮੈਂ ਸਮਾਂ ਲੰਘਾਉਣ ਲਈ ਸੈਰ ਕਰਨੀ ਸ਼ੁਰੂ ਕਰ ਦਿੱਤੀ। ਸੈਰ ਦੀ ਇਸ ਆਦਤ ਨੇ ਮੇਰਾ ਖੇਡ ਗਰਾੳਂਡ ਨਾਲ ਪੱਕਾ ਰਿਸ਼ਤਾ ਬਣਾ ਦਿੱਤਾ। ਕੰਮ ਤੇ ਜਾਣਾ ਹੁਣ ਸਿਰਫ਼ ਮੇਰੀ ਪਰਿਵਾਰਿਕ ਲੋੜ ਹੈ ਦੁਕਾਨ ਤੇ ਜਾਣ ਤੋਂ ਪਹਿਲਾਂ ਅਤੇ ਬਾਅਦ ਦਾ ਸਾਰਾ ਸਮਾਂ ਮੇਰਾ ਸਿਰਫ਼ ਗਰਾਉਂਡ ਲਈ ਹੀ ਹੁੰਦਾ ਹੈ।”

ਬਲਵਿੰਦਰ ਸਿੰਘ ਦਾ ਇਹ ਯਤਨ ਲਹਿਰ ਕਿਵੇਂ ਬਣਿਆ ਇਸ ਬਾਰੇ ਗੱਲਬਾਤ ਕਰਦਿਆਂ ਉਹ ਦੱਸਦੇ ਹਨ, “ਖੇਡ ਗਰਾਉਂਡ ਵਿੱਚ ਦੋਸਤ ਬਣਦੇ ਗਏ ਤੇ ਹਮ ਖ਼ਿਆਲ ਲੋਕਾਂ ਦਾ ਘੇਰਾ ਵਧਦਾ ਗਿਆ। ਹੌਲੀ-ਹੌਲੀ ਲੋਕ ਆਪਣੇ ਬੱਚਿਆਂ ਨੂੰ ਮੇਰੇ ਕੋਲ ਟਰੇਨਿੰਗ ਲਈ ਲੈ ਕੇ ਆਉਣ ਲੱਗ ਪਏ। ਮੈਂ ਸਾਰਿਆਂ ਨੂੰ ਮੁਫ਼ਤ ਟਰੇਨਿੰਗ ਦਿੰਦਾ ਹਾਂ, ਮੇਰਾ ਮਕਸਦ ਹੈ ਕਿ ਵੱਧ ਤੋਂ ਵੱਧ ਬੱਚਿਆਂ ਨੂੰ ਗਰਾਉਂਡ ਨਾਲ ਜੋੜ ਸਕਾਂ ਤਾਂ ਜੋ ਭਟਕਣ ਵਾਲੀ ਉਮਰ ਵਿੱਚ ਪਹੁੰਚਣ ਤੋਂ ਪਹਿਲਾਂ ਹੀ ਉਨ੍ਹਾਂ ਨੂੰ ਆਪਣੇ ਸਰੀਰ ਨਾਲ ਪਿਆਰ ਹੋ ਜਾਵੇ। ਨਸ਼ੇ ਦੀ ਆਦਤ ਪਹਿਲਾਂ ਤੋਂ ਹੀ ਨਹੀਂ ਸੀ ਪਰ ਦੋਸਤਾਂ ਦਾ ਘੇਰਾ ਬਹੁਤ ਵੱਡਾ ਸੀ ਪਰ ਹੁਣ ਮੈਂ ਆਪਣੇ ਆਪ ਨੂੰ ਇਸ ਘੇਰੇ ਤੱਕ ਹੀ ਸੀਮਤ ਕਰ ਲਿਆ। ਇਹੀ ਮੇਰੇ ਸਾਥੀ ਨੇ ਤੇ ਇਹੀ ਮੇਰੇ ਦੋਸਤ ਨੇ।”

ਇਕਬਾਲ ਸਿੰਘ ਮੋਬਾਈਲ ਫ਼ੋਨ ਅਸੈਸਰੀਜ਼ ਦੀ ਦੁਕਾਨ ਕਰਦੇ ਹਨ। ਆਪਣੇ ਸ਼ਾਨਦਾਰ ਸਰੀਰ ਬਣਾਉਣ ਪਿਛਲੇ ਸਫ਼ਰ ਬਾਰੇ ਇਕਬਾਲ ਸਿੰਘ ਦੱਸਦੇ ਹਨ,“ਮੈਨੂੰ ਜਦੋਂ ਬਲਵਿੰਦਰ ਵੀਰ ਦੇ ਕੰਮ ਬਾਰੇ ਪਤਾ ਲੱਗਿਆ ਤਾਂ ਮੈਂ ਆਪਣੇ ਬੇਟੇ ਨੂੰ ਇਨ੍ਹਾਂ ਕੋਲ ਲੈ ਕੇ ਆਉਣਾ ਸ਼ੁਰੂ ਕਰ ਦਿੱਤਾ। ਇੱਕ ਦਿਨ ਮੈਂ ਆਪਣੇ ਬੇਟੇ ਨੂੰ ਕੋਈ ਔਖੀ ਕਸਰਤ ਕਰਨ ਬਾਰੇ ਕਹਿ ਰਿਹਾ ਸੀ ਤਾਂ ਉਸ ਨੇ ਮੈਨੂੰ ਖ਼ੁਦ ਉਹ ਕਸਰਤ ਕਰ ਕੇ ਦਿਖਾਉਣ ਦੀ ਚੁਣੌਤੀ ਦੇ ਦਿੱਤੀ। ਉਸ ਟਾਈਮ ਮੇਰਾ ਭਾਰ ਬਹੁਤ ਜ਼ਿਆਦਾ ਸੀ।

ਬੀਪੀ, ਸ਼ੂਗਰ, ਹਾਈ ਕਲੈਸਟਰੌਲ ਵਰਗੀਆਂ ਕਈ ਬਿਮਾਰੀਆਂ ਨੇ ਮੈਨੂੰ ਘੇਰਾ ਪਾਇਆ ਹੋਇਆ ਸੀ। ਪੌੜੀਆਂ ਚੜ੍ਹਨ ਲੱਗਿਆਂ ਵੀ ਸਾਹ ਫੁੱਲ ਜਾਂਦਾ ਸੀ ਪਰ ਮੈਂ ਆਪਣੇ ਬੇਟੇ ਦੀ ਚੁਣੌਤੀ ਨੂੰ ਸਵਿਕਾਰ ਕੀਤਾ।

ਸਖ਼ਤ ਮਿਹਨਤ ਕਰ ਕੇ ਮੈਂ ਆਪਣਾ ਵਜ਼ਨ ਵੀਹ ਕਿੱਲੋ ਘੱਟ ਕੀਤਾ। ਹੁਣ ਮੈਂ ਜਵਾਨਾਂ ਵਾਂਗ ਮਹਿਸੂਸ ਕਰਦਾ ਹਾਂ। ਇੰਝ ਲੱਗਦਾ ਹੈ ਕਿ ਮੇਰੀ ਦਸ ਸਾਲ ਉਮਰ ਹੋਰ ਵਧ ਗਈ ਹੈ।

ਮੇਰੇ ਤੋਂ ਉਤਸ਼ਾਹਿਤ ਹੋ ਕੇ ਹੁਣ ਮੇਰਾ ਸਾਰਾ ਪਰਿਵਾਰ ਸਵੇਰੇ ਗਰਾਉਂਡ ਵਿੱਚ ਹੁੰਦਾ ਹੈ। ਇਹ ਸਭ ਬਲਵਿੰਦਰ ਸਿੰਘ ਦੇ ਯਤਨਾਂ ਸਦਕਾ ਹੀ ਸੰਭਵ ਹੋਇਆ ਹੈ।”

ਇਸ ਨਿਵੇਕਲੀ ਟੀਮ ਦੇ ਸਭ ਤੋਂ ਵੱਡੀ ਉਮਰ ਦੇ ਤਰਲੋਚਨ ਸਿੰਘ (ਉਮਰ 65 ਸਾਲ) ਭਾਰਤੀ ਫ਼ੌਜ ਵਿੱਚੋਂ ਸੂਬੇਦਾਰ ਦੇ ਅਹੁਦੇ ਤੋਂ ਸੇਵਾ ਮੁਕਤ ਹੋਏ ਹਨ ਅਤੇ ਅੱਜ-ਕੱਲ੍ਹ ਇੱਕ ਬੈਂਕ ਵਿੱਚ ਸਕਿਊਰਟੀ ਸਟਾਫ਼ ਵਿੱਚ ਤੈਨਾਤ ਹਨ। ਤਰਲੋਚਨ ਸਿੰਘ ਨੇ ਉਸ ਉਮਰ ਵਿੱਚ ਆਪਣੇ ਸਿਕਸ-ਪੈਕ ਬਣਾਏ ਹਨ ਜਿਸ ਉਮਰ ਵਿੱਚ ਅੱਜ-ਕੱਲ੍ਹ ਬਜ਼ੁਰਗ ਤੁਰਨੋ ਵੀ ਆਹਰੀ ਹੋ ਜਾਂਦੇ ਹਨ।

ਆਪਣੀ ਜ਼ਿੰਦਗੀ ਦੇ ਸ਼ਾਨਦਾਰ ਸਫ਼ਰ ਬਾਰੇ ਉਹ ਦੱਸਦੇ ਹਨ,“ਮੈਨੂੰ ਸ਼ੁਰੂ ਤੋਂ ਹੀ ਤੁਰਨ ਦਾ ਸ਼ੌਂਕ ਸੀ। ਫ਼ੌਜ ਵਿੱਚ ਵੀ ਮੈਂ ਨਵੇਂ ਮੁੰਡਿਆਂ ਨੂੰ ਵੀ ਕਦੇ ਆਪਣੇ ਤੋਂ ਅੱਗੇ ਨਹੀਂ ਲੰਘਣ ਦਿੱਤਾ ਸੀ। ਸੇਵਾ ਮੁਕਤੀ ਤੋਂ ਬਾਅਦ ਵੀ ਨਾ ਮੈਂ ਸੈਰ ਕਰਨੀ ਛੱਡੀ ਨਾ ਕੰਮ ਕਰਨਾ ਛੱਡਿਆ। ਫਿਰ ਮੈਨੂੰ ਇਸ ਖੇਡ ਗਰਾਉਂਡ ਵਿੱਚ ਬਲਵਿੰਦਰ ਵਰਗੇ ਉਤਸ਼ਾਹੀ ਨੌਜਵਾਨ ਨਾਲ ਮਿਲਣ ਦਾ ਮੌਕਾ ਮਿਲਿਆ। ਸੋਚ ਮਿਲਦੀ ਸੀ ਤਾਂ ਰਸਤੇ ਵੀ ਮਿਲ ਗਏ। ਸਰੀਰ ਮੇਰਾ ਪਹਿਲਾਂ ਵੀ ਫਿੱਟ ਸੀ ਪਰ ਇਨ੍ਹਾਂ ਤੋਂ ਮੈਂ ਬਹੁਤ ਕੁੱਝ ਨਵਾਂ ਸਿੱਖਿਆ ਹੈ। ਜਿਸਦਾ ਨਤੀਜਾ ਤੁਹਾਡੇ ਸਾਹਮਣੇ ਹੀ ਹੈ।

ਮੈਂ ਹਰ ਉਹ ਕਸਰਤ ਕਰ ਲੈਂਦਾ ਹਾਂ ਜੋ ਇਹ ਮੁੰਡੇ ਕਰਦੇ ਹਨ। ਅਸਲ ਵਿੱਚ ਮੈਂ ਕਦੇ ਵੀ ਬੁੱਢੀ ਉਮਰ ਦੇ ਲੋਕਾਂ ਦੀ ਸੰਗਤ ਨਹੀਂ ਕੀਤੀ। ਮੇਰੀ ਸੋਚ ਸੀ ਕਿ ਉਹ ਬੁੜਿਆਂ ਵਾਲੀਆਂ ਗੱਲਾਂ ਸੁਣਾ-ਸੁਣਾ ਕੇ ਮੈਨੂੰ ਵੀ ਆਪਣੇ ਵਰਗਾ ਹੀ ਕਰ ਲੈਣਗੇ। ਮੈਂ ਹਮੇਸ਼ਾ ਹੀ ਜਵਾਨਾਂ ਦੀ ਸੰਗਤ ਕਰਨ ਨੂੰ ਪਹਿਲ ਦਿੱਤੀ ਹੈ। ਮੇਰਾ ਸਰੀਰ ਐਨਾ ਫਿੱਟ ਹੈ ਕਿ ਇਸ ਉਮਰ ਵਿੱਚ ਵੀ ਮੈਂ ਪਾਈਆ ਘਿਓ ਰੋਜ਼ ਪੀਂਦਾ ਹਾਂ। ਹੋਰ ਇਸ ਉਮਰ ਵਿੱਚ ਬੰਦੇ ਨੂੰ ਕੀ ਚਾਹੀਦਾ ਹੈ।”

Be First to Comment

Leave a Reply

Your email address will not be published. Required fields are marked *