ਭਾਰਤ ਦੇ ਸੂਬੇ ਅਸਾਮ ਦੇ ਰਹਿਣ ਵਾਲੇ ਡਾ. ਪੂਰਨਿਮਾ ਦੇਵੀ ਬਰਮਨ ਨੂੰ ਹਰਗੀਲਾ ਨਾਂ ਦੇ ਇੱਕ ਪੰਛੀ ਦੀ ਨਸਲ ਬਚਾਉਣ ਦਾ ਸਿਹਰਾ ਜਾਂਦਾ ਹੈ। ਗੁਹਾਟੀ ਯੂਨੀਵਰਸਿਟੀ ਤੋਂ ਜੰਗਲੀ ਜੀਵ ਵਿਗਿਆਨ ਵਿੱਚ ਪੀਐੱਚਡੀ ਕਰਨ ਵਾਲੀ ਇਸ ਵਿਗਿਆਨੀ ਦੀ ਇਹ ਪ੍ਰਾਪਤੀ ਇੰਨੀ ਅਹਿਮ ਹੈ ਕਿ ਯੂਨਾਈਟਿਡ ਨੇਸ਼ਨਜ਼ ਇਨਵਾਇਰਨਮੈਂਟ ਪ੍ਰੋਗਰਾਮ ਦਾ ਸਾਲ 2022 ਲਈ ਚੈਂਪੀਅਨਜ਼ ਆਫ਼ ਅਰਥ (ਧਰਤੀ ਦੇ ਜੇਤੂ) ਐਵਾਰਡ ਨਾਲ ਵੀ ਸਨਮਾਨਿਤ ਕੀਤਾ ਜਾ ਚੁੱਕਾ ਹੈ। ਵਿਟਲੇ ਐਵਾਰਡ ਜਿਸ ਨੂੰ ਗਰੀਨ ਆਸਕਰ ਵੀ ਕਿਹਾ ਜਾਂਦਾ ਹੈ ਜਿਸ ਦੇ ਤਹਿਤ ਇੱਕ ਲੱਖ ਪੌਂਡ ਦੀ ਰਾਸ਼ੀ ਵੀ ਦਿੱਤੀ ਜਾਂਦੀ ਹੈ, ਵੀ ਸਾਲ 2017 ਲਈ ਡਾ. ਬਰਮਨ ਦੀ ਝੋਲੀ ਪੈ ਚੁੱਕਾ ਹੈ।
ਸਾਲ 2017 ਵਿੱਚ ਹੀ ਨਾਰੀ ਸ਼ਕਤੀ ਪੁਰਸਕਾਰ ਜੋ ਭਾਰਤ ਦੇ ਰਾਸ਼ਟਰਪਤੀ ਵੱਲੋਂ ਦਿੱਤਾ ਜਾਂਦਾ ਹੈ ਵੀ ਡਾ. ਬਰਮਨ ਨੂੰ ਮਿਲ ਚੁੱਕਾ ਹੈ ਜੋ ਕਿ ਔਰਤਾਂ ਦੇ ਸ਼ਕਤੀਕਰਨ ਲਈ ਅਹਿਮ ਯੋਗਦਾਨ ਪਾਉਣ ਲਈ ਦਿੱਤਾ ਜਾਂਦਾ ਹੈ।ਹਾਲ ਹੀ ਵਿੱਚ ਟਾਈਮ ਮੈਗਜ਼ੀਨ ਵੱਲੋਂ ਸਾਲ 2025 ਲਈ ਵੋਮੈਨ ਆਫ਼ ਦੀ ਈਅਰ ਐਵਾਰਡ ਲਈ ਵੀ ਉਨ੍ਹਾਂ ਦੀ ਚੋਣ ਕੀਤੀ ਗਈ ਹੈ। ਡਾ.ਬਰਮਨ ਨੂੰ ਵਾਤਾਵਰਨ ਵਿੱਚ ਉਨ੍ਹਾਂ ਵੱਲੋਂ ਪਾਏ ਯੋਗਦਾਨ ਲਈ ਮਿਲੇ ਮਾਣ-ਸਨਮਾਨਾ ਦੀ ਲੰਮੀ ਲੜੀ ਤੋਂ ਵੀ ਵੱਧ ਮਿਸਾਲੀ ਹੈ ਉਨ੍ਹਾਂ ਦਾ ਕੰਮ ਜੋ ਕੁਦਰਤ ਦੇ ਇੱਕ ਦਰਵੇਸ਼ ਪੰਛੀ ਗਰੇਟਰ ਐਜੂਟੈਂਟ ਸਟਾਰਕ ਦੀ ਖ਼ਤਰੇ ਵਿੱਚ ਪਈ ਪ੍ਰਜਾਤੀ ਨੂੰ ਬਚਾਉਣ ਲਈ ਉਨ੍ਹਾਂ ਵੱਲੋਂ ਕੀਤਾ ਹੈ।ਗਰੇਟਰ ਐਜੂਟੈਂਟ ਸਟਾਰਕ ਜੋ ਕਿ ਸਟਾਰਕ (ਸਾਰਸ) ਪਰਵਾਰ ਦਾ ਇੱਕ ਪੰਛੀ ਹੈ ਜਿਸ ਨੂੰ ਅਸਾਮੀ ਲੋਕ ਹਰਗੀਲਾ ਕਹਿੰਦੇ ਹਨ। ਅਸਾਮ ਦੇ ਦਲਦਲੀ ਭੂ-ਖੇਤਰ ਵਿੱਚ ਰਹਿਣ ਵਾਲਾ ਇਹ ਦਰਵੇਸ਼ ਪੰਛੀ ਮਨੁੱਖੀ ਵਸੋਂ ਦੇ ਵਧਦੇ ਦਖ਼ਲ ਅਤੇ ਇਸ ਪੰਛੀ ਬਾਰੇ ਬਣੀਆਂ ਗ਼ਲਤ ਧਾਰਨਾਵਾਂ ਕਰ ਕੇ ਲਗ-ਪਗ ਖ਼ਤਮ ਹੋਣ ਕੰਢੇ ਸੀ ਜਦੋਂ ਡਾ. ਬਰਮਨ ਦੀ ਸਵੱਲੀ ਨਜ਼ਰ ਇਸ ਤੱਥ ਵੱਲ ਗਈ ਅਤੇ ਫਿਰ ਉਨ੍ਹਾਂ ਨੇ ਜੋ ਇਸ ਪੰਛੀ ਦੀ ਨਸਲ ਨੂੰ ਬਚਾਉਣ ਲਈ ਕੀਤਾ ਉਸ ਨੇ ਪੂਰੀ ਦੁਨੀਆ ਨੂੰ ਹੈਰਾਨ ਕਰ ਦਿੱਤਾ।
ਯੂਨਾਈਟਿਡ ਨੇਸ਼ਨਜ਼ ਦੀ ਇੱਕ ਡਾਕਿਊਮੈਂਟਰੀ ਵਿੱਚ ਆਪਣੇ ਇਸ ਸ਼ਾਨਦਾਰ ਕੰਮ ਬਾਰੇ ਗੱਲਬਾਤ ਕਰਦਿਆਂ ਡਾ.ਬਰਮਨ ਦੱਸਦੇ ਹਨ, “ ਅੱਲੜ ਉਮਰੇ ਮੇਰੀ ਦਾਦੀ ਮੈਨੂੰ ਝੋਨੇ ਦੇ ਖੇਤਾਂ ਵਿੱਚ ਲੈ ਜਾਂਦੀ ਸੀ ਤਾਂ ਕਿ ਮੈਂ ਕੁਦਰਤ ਨਾਲ ਜੁੜ ਸਕਾਂ।ਮੈਨੂੰ ਇਹ ਅਹਿਸਾਸ ਹੋਇਆ ਕਿ ਮਨੁੱਖ ਸਣੇ ਸਾਰੇ ਜੀਵ-ਜੰਤੂ ਕੁਦਰਤੀ ਤੰਦ ਨਾਲ ਬੱਝੇ ਹੋਏ ਹਨ ਜਿਸ ਕਰ ਕੇ ਹੀ ਇਹ ਦੁਨੀਆ ਖ਼ੂਬਸੂਰਤ ਹੈ। ਫਿਰ ਇੱਕ ਦਿਨ ਮੇਰੇ ਸਾਹਮਣੇ ਅਜਿਹੀ ਘਟਨਾ ਵਾਪਰੀ ਜਿਸ ਨੇ ਮੇਰੀ ਜ਼ਿੰਦਗੀ ਬਦਲ ਦਿੱਤੀ। ਮੈਂ ਦੇਖਿਆ ਕਿ ਇੱਕ ਕਿਸਾਨ ਇੱਕ ਬਹੁਤ ਵੱਡਾ ਦਰਖ਼ਤ ਵੱਢ ਰਿਹਾ ਸੀ ਜਿਸ ਉੱਤੇ ਹਰਗੀਲਾ ਪੰਛੀਆਂ ਦੇ ਆਲਣ੍ਹੇ ਸਨ।ਦਰਖ਼ਤ ਵੱਢਣ ਦੌਰਾਨ ਹਰਗੀਲਾ ਪੰਛੀਆਂ ਦੇ ਬੱਚੇ ਥੱਲੇ ਡਿੱਗ ਕੇ ਮਰ ਰਹੇ ਸਨ। ਇਸ ਘਟਨਾ ਨੇ ਮੇਰੇ ਤੇ ਢੂੰਗਾ ਅਸਰ ਕੀਤਾ।ਮੈਂ ਸਾਰੀ ਰਾਤ ਸੌਂ ਨਹੀਂ ਸਕੀ। ਬੱਸ ਫਿਰ ਅਗਲੇ ਦਿਨ ਤੋਂ ਹੀ ਮੇਰੇ ਇਸ ਮਿਸ਼ਨ ਦੀ ਸ਼ੁਰੂਆਤ ਹੋ ਗਈ ਜੋ ਕਿ ਹੁਣ ਔਰਤਾਂ ਦੀ ਵੱਡੀ ਜਨਤਕ ਮੁਹਿੰਮ ਬਣ ਚੁੱਕੀ ਹੈ।” ਅਸਾਮ ਹਰਗੀਲਾ ਪੰਛੀਆਂ ਦਾ ਦੁਨੀਆ ਦਾ ਸਭ ਤੋਂ ਵੱਡਾ ਰੈਣ ਬਸੇਰਾ ਹੈ। ਇਨ੍ਹਾਂ ਪੰਛੀਆਂ ਦਾ ਕੁਦਰਤ ਦੇ ਜੀਵਨ ਚੱਕਰ ਵਿੱਚ ਬਹੁਤ ਅਹਿਮ ਸਥਾਨ ਹੈ ਪਰ ਇਨ੍ਹਾਂ ਦੀ ਨਸਲ ਖ਼ਤਰੇ ਵਿੱਚ ਹੈ।
ਡਾ.ਬਰਮਨ ਨੂੰ ਸ਼ੁਰੂਆਤ ਵਿੱਚ ਲੋਕਾਂ ਵੱਲੋਂ ਜ਼ਿਆਦਾ ਹੁੰਗਾਰਾ ਨਹੀਂ ਮਿਲ਼ਿਆ ਕਿਉਂਕਿ ਲੋਕਾਂ ਵਿੱਚ ਇਸ ਪੰਛੀ ਨੂੰ ਲੈ ਕੇ ਬਹੁਤ ਭਰਮ-ਭੁਲੇਖੇ ਸਨ। ਦਰਅਸਲ ਇਹ ਪੰਛੀ ਮੁਰਦਾਰ ਖਾ ਕੇ ਗੁਜ਼ਾਰਾ ਕਰਦਾ ਹੈ ਅਤੇ ਦਲਦਲੀ ਖੇਤਰਾਂ ਵਿੱਚ ਰਹਿੰਦਾ ਹੈ।ਮਰੇ ਹੋਏ ਜੀਵਾਂ ਦੀਆਂ ਹੱਡੀਆਂ ਤੱਕ ਵੀ ਇਹ ਖਾ ਜਾਂਦਾ ਹੈ ਜਿਸ ਕਰ ਕੇ ਹੱਡ ਖਾਣ ਵਾਲਾ ਪੰਛੀ ਵੀ ਕਿਹਾ ਜਾਂਦਾ ਹੈ।ਲੋਕ ਇਸ ਨੂੰ ਨਫ਼ਰਤ ਕਰਦੇ ਸਨ ਅਤੇ ਇਸ ਨੂੰ ਮਾਰ ਵੀ ਦਿੰਦੇ ਸਨ। ਦਲਦਲੀ ਭੂ-ਖੇਤਰ ਲਗਾਤਾਰ ਘਟਣ ਕਰ ਕੇ ਵੀ ਇਨ੍ਹਾਂ ਦੀ ਜਨਸੰਖਿਆ ਘੱਟ ਰਹੀ ਸੀ ਜੋ ਕਿ ਇਸ ਦੇ ਜੀਵਨ ਨਿਰਬਾਹ ਦਾ ਮੁੱਖ ਸਰੋਤ ਸਨ।
ਡਾ. ਬਰਮਨ ਨੇ ਇਸ ਸਮੱਸਿਆ ਦਾ ਇੱਕ ਸ਼ਾਨਦਾਰ ਤਰੀਕਾ ਲੱਭਿਆ। ਉਨ੍ਹਾਂ ਪਿੰਡਾਂ ਵਿੱਚ ਜਾ ਕੇ ਔਰਤਾਂ ਨੂੰ ਲਾਮਬੰਦ ਕਰ ਕੇ ਇਸ ਪੰਛੀ ਦੀ ਵਾਤਾਵਰਨ ਲਈ ਅਹਿਮੀਅਤ ਅਤੇ ਇਸ ਦੇ ਮੁੜ ਵਸੇਬੇ ਬਾਰੇ ਚੇਤੰਨ ਕਰਨਾ ਸ਼ੁਰੂ ਕਰ ਦਿੱਤਾ। ਉਨ੍ਹਾਂ ਔਰਤਾਂ ਦੇ ਛੋਟੇ-ਛੋਟੇ ਸਮੂਹ ਬਣਾਏ ਜੋ ਅੱਗੇ ਹੋਰ ਔਰਤਾਂ ਨੂੰ ਇਸ ਕਾਰਜ ਨਾਲ ਜੋੜਨ ਦਾ ਕੰਮ ਕਰਦੇ ਸਨ।ਡਾ. ਬਰਮਨ ਨੇ ਇਸ ਨੂੰ ਹਰਗੀਲਾ ਆਰਮੀ ਦਾ ਨਾਂ ਦਿੱਤਾ। ਅਸਾਮ ਵਿੱਚ ਗਰਬ ਧਾਰਨ ਵੇਲੇ ਗੋਦ-ਭਰਾਈ ਦੀ ਇੱਕ ਰਸਮ ਕੀਤੀ ਜਾਂਦੀ ਹੈ।ਹਰਗੀਲਾ ਆਰਮੀ ਨੇ ਇਸ ਰਸਮ ਨੂੰ ਹਰਗੀਲਾ ਪੰਛੀਆਂ ਨਾਲ ਜੋੜ ਕੇ ਮਨਾਉਣਾ ਸ਼ੁਰੂ ਕੀਤਾ। ਹਰਗੀਲਾ ਆਰਮੀ ਨੇ ਇਸ ਅਨਮੋਲ ਜੀਵ ਨਾਲ ਜੋੜ ਕੇ ਗੀਤ ਬਣਾਏ ਤੇ ਪ੍ਰਚਾਰੇ। ਇਨ੍ਹਾਂ ਹੀ ਨਹੀਂ ਸਿਲਾਈ ਕਢਾਈ ਜਾਣਦੀਆਂ ਔਰਤਾਂ ਨੇ ਅੱਗੇ ਹੋਰ ਔਰਤਾਂ ਨੂੰ ਇਹ ਕਿੱਤਾ ਸਿਖਾਇਆ। ਘਰਾਂ ਵਿੱਚ ਵਰਤੇ ਜਾਣ ਵਾਲੇ ਕੱਪੜੇ-ਦਰੀਆਂ, ਚਾਦਰਾਂ, ਮਫ਼ਲਰ, ਸਾੜੀਆਂ ਆਦਿ ਤੇ ਹਰਗੀਲਾ ਪੰਛੀ ਨਾਲ ਸਬੰਧਿਤ ਨਮੂਨੇ ਕੱਢਣੇ, ਬੁਣਨੇ ਔਰਤਾਂ ਨੂੰ ਸਿਖਾਏ ਗਏ। ਇਸ ਨਾਲ ਨਾ ਸਿਰਫ਼ ਘਰੇਲੂ ਕੰਮਕਾਜੀ ਔਰਤਾਂ ਨੂੰ ਰੋਜ਼ਗਾਰ ਮਿਲ਼ਿਆ ਸਗੋਂ ਇਸ ਪੰਛੀ ਪ੍ਰਤੀ ਲੋਕਾਂ ਦੀਆਂ ਧਾਰਨਾਵਾਂ ਵੀ ਬਦਲਣੀਆਂ ਸ਼ੁਰੂ ਹੋਈਆਂ।
ਡਾ.ਬਰਮਨ ਦੀ ਇਸ ਮੁਹਿੰਮ ਨਾਲ ਹੁਣ 10 ਹਜ਼ਾਰ ਅਸਾਮੀ ਔਰਤਾਂ ਜੁੜੀਆਂ ਹੋਈਆਂ ਹਨ[ ਇਸ ਤੋਂ ਇਲਾਵਾ ਇਸ ਮੁਹਿੰਮ ਨਾਲ 400 ਵਾਲੰਟੀਅਰ ਵੀ ਜੁੜੇ ਹੋਏ ਹਨ ਜੋ ਰੋਜ਼ਾਨਾ ਇਨ੍ਹਾਂ ਪੰਛੀਆਂ ਦੇ ਆਲਣ੍ਹੇ ਬਚਾਉਣ, ਦਰਖ਼ਤ ਲਾਉਣ ਅਤੇ ਦਰਖ਼ਤਾਂ ਤੋਂ ਡਿੱਗੇ ਅਨਾਥ ਹਰਗੀਲਾ ਬੱਚਿਆਂ ਨੂੰ ਬਚਾਉਣ ਦਾ ਕੰਮ ਕਰਦੇ ਹਨ। ਡਾ. ਪੂਰਨਿਮਾ ਦੇਵੀ ਬਰਮਨ ਦੀ ਦੂਰਅੰਦੇਸ਼ੀ ਅਤੇ ਇਸ ਹਰਗੀਲਾ ਆਰਮੀ ਜਾਂ ਹਰਗੀਲਾ ਭੈਣਾਂ ਦੇ ਸਮੂਹਿਕ ਯਤਨਾਂ ਸਦਕਾ ਹੁਣ ਹਰਗੀਲਾ ਪੰਛੀਆਂ ਦੀ ਗਿਣਤੀ ਜੋ ਕਿਸੇ ਵੇਲੇ 2 ਸੌ ਤੋਂ ਵੀ ਘੱਟ ਹੋ ਗਈ ਸੀ ਹੁਣ ਇਕੱਲੇ ਅਸਾਮ ਵਿੱਚ ਇਹ ਗਿਣਤੀ 1800 ਤੋਂ ਉੱਤੇ ਹੋ ਗਈ ਹੈ ਜੋ ਕਿ ਪੁਰੇ ਸੰਸਾਰ ਵਿੱਚ ਇਨ੍ਹਾਂ ਦੀ ਵਸੋਂ (ਲਗ-ਪਗ 3000) ਦਾ ਦੋ ਤਿਹਾਈ ਹਿੱਸਾ ਬਣਦੀ ਹੈ। ਡਾ. ਬਰਮਨ ਨੂੰ ਹੋਰਨਾਂ ਦੇਸ਼ਾਂ ਤੋਂ ਵੀ ਸੱਦੇ ਮਿਲ ਰਹੇ ਹਨ ਜਿੱਥੇ ਉਹ ਆਪਣੀ ਇਸ ਮੁਹਿੰਮ ਅਤੇ ਇਸ ਦੀ ਅਹਿਮੀਅਤ ਬਾਰੇ ਪ੍ਰਚਾਰ ਕਰਨ ਲਈ ਜਾਂਦੇ ਰਹਿੰਦੇ ਹਨ।
ਅਸਾਮ ਦੀਆਂ ਪੇਂਡੂ ਔਰਤਾਂ ਦੀ ਹਰਗੀਲਾ ਆਰਮੀ ਦੀ ਇਸ ਲਾ ਮਿਸਾਲ ਮੁਹਿੰਮ ਅਤੇ ਇਸ ਦੇ ਸਿੱਟਿਆਂ ਤੋਂ ਪੁਰੇ ਸੰਸਾਰ ਦੇ ਵਾਤਾਵਰਨ ਕਾਰਕੁਨ ਪ੍ਰੇਰਨਾ ਲੈ ਰਹੇ ਹਨ।ਡਾ. ਬਰਮਨ ਇਸ ਨੂੰ ਆਪਣੇ ਸ਼ਬਦਾਂ ਵਿੱਚ ਇਉਂ ਸਮੇਟਦੇ ਹਨ, “ ਅਜਿਹੇ ਸਮਾਜਕ ਬਦਲਾਅ ਹਰ ਕੋਈ ਲਿਆ ਸਕਦਾ ਹੈ। ਮੈਂ ਖ਼ਾਸਕਰ ਨੌਜਵਾਨ ਕੁੜੀਆਂ ਨੂੰ ਕਹਿਣਾ ਚਾਹੁੰਦੀ ਹਾਂ ਕਿ ਪੂਰੇ ਹੌਸਲੇ ਅਤੇ ਉਤਸ਼ਾਹ ਨਾਲ ਬੱਸ ਆਪਣੇ ਘਰ ਤੋਂ ਇੱਕ ਕਦਮ ਬਾਹਰ ਵੱਲ ਪੁੱਟੋ।ਇਸ ਲਈ ਕੋਈ ਖ਼ਾਸ ਡਿਗਰੀ ਜਾਂ ਡਿਪਲੋਮੇ ਦੀ ਜ਼ਰੂਰਤ ਨਹੀਂ ਹੈ।ਅਸੀਂ ਸਾਰੇ ਜੀਵ ਇੱਕ ਦੂਜੇ ਨਾਲ ਜੁੜੇ ਹੋਏ ਹਾਂ ਤਾਂ ਸਾਡਾ ਸਭ ਦਾ ਫ਼ਰਜ਼ ਬਣਦਾ ਹੈ ਕਿ ਅਸੀਂ ਕੁਦਰਤ ਦੀ ਸੰਭਾਲ ਕਰੀਏ।”

ਪੰਛੀਆਂ ਦੀ ਭੈਣ ਡਾ. ਪੂਰਨਿਮਾ ਦੇਵੀ ਬਰਮਨ
More from MotivationalMore posts in Motivational »
Be First to Comment