ਗਿੱਦੜਬਾਹਾ ਦੇ ਰਹਿਣ ਵਾਲੇ ਲਲਿਤ ਬਾਂਸਲ ਆਪਣੇ ਘਰ ਆਵਾਰਾ ਕੁੱਤਿਆਂ ਦੀ ਸਾਂਭ ਸੰਭਾਲ ਕਰਦੇ ਹਨ। ਉਹ ਆਪਣੀ ਸਾਰੀ ਕਮਾਈ ਆਵਾਰਾ ਕੁੱਤਿਆਂ ਦੀ ਸਾਂਭ ਸੰਭਾਲ ਉਪਰ ਹੀ ਲਗਾ ਦਿੰਦੇ ਹਨ। ਸ਼ਹਿਰ ਦੇ ਕੁਝ ਹੋਰ ਲੋਕ ਵੀ ਉਨ੍ਹਾਂ ਦਾ ਸਮਰਥਨ ਕਰਦੇ ਹਨ।ਉਹ ਦੱਸਦੇ ਹਨ ਕਿ ਅਵਾਰਾ ਕੁੱਤਿਆ ਦੀ ਸੇਵਾ ਕਰਨ ਦੇ ਚਲਦੇ ਬਹੁਤੇ ਲੋਕ ਉਨ੍ਹਾਂ ਨੂੰ ਕੁੱਤਿਆਂ ਦਾ ਸਰਦਾਰ ਕਹਿ ਕੇ ਵੀ ਬੁਲਾਉਂਦੇ ਹਨ ਪਰ ਉਹ ਬਿਨ੍ਹਾਂ ਕਿਸੇ ਦੀ ਪ੍ਰਵਾਹ ਕੀਤੇ ਇਨ੍ਹਾਂ ਜਾਨਵਰਾਂ ਦੀ ਸੇਵਾ ਵਿੱਚ ਲੱਗੇ ਹੋਏ ਹਨ।
ਉਹ ਦੱਸਦੇ ਹਨ ਕਿ ਇਸ ਦੀ ਸ਼ੁਰੂਆਤ ਇੱਕ ਆਵਾਰਾ ਜਾਨਵਰ ਦੇ ਇਲਾਜ ਦੌਰਾਨ ਹੋਈ ਜਿਸ ਤੋਂ ਬਾਅਦ ਉਨ੍ਹਾਂ ਇਨ੍ਹਾਂ ਜਾਨਵਾਰਾਂ ਦੀ ਸੇਵਾ ਲਈ ਹੀ ਆਪਣੀ ਜਿੰਦਗੀ ਨੂੰ ਸਮਰਪਿਤ ਕਰ ਦਿੱਤਾ। ਉਨ੍ਹਾਂ ਕੋਲ ਘਰ ਵਿੱਚ ਕਈ ਆਵਾਰਾ ਕੁੱਤੇ ਰੱਖੇ ਹੋਏ ਹਨ ਜਿਨ੍ਹਾਂ ਵਿੱਚ ਕਈ ਬਿਮਾਰ ਜਾਨਵਰ ਹਨ ਅਤੇ ਕਈ ਅਜਿਹੇ ਹਨ ਜੋ ਚਲਣ ਅਤੇ ਦੇਖਣ ਵਿੱਚ ਅਸਮਰੱਥ ਹਨ। ਇਨ੍ਹਾਂ ਜਾਨਵਰਾਂ ਦੀ ਦੇਖ ਭਾਲ, ਇਲਾਜ ਅਤੇ ਖਾਣ ਪੀਣ ਦਾ ਸਾਰਾ ਖਰਚ ਉਹ ਆਪਣੀ ਜੇਬ ਵਿੱਚੋਂ ਹੀ ਕਰਦੇ ਹਨ।
ਲਲਿਤ ਬਾਂਸਲ ਸ਼ਹਿਰ ਵਿੱਚ ਕਰੀਬ 250 ਆਵਾਰਾ ਕੁੱਤਿਆ ਦੀ ਸਾਂਭ ਸੰਭਾਲ ਕਰਦੇ ਹਨ ਅਤੇ ਉਹ ਇਨ੍ਹਾਂ ਜਾਨਵਰਾਂ ਨੂੰ ਖਾਣਾ ਖਵਾਉਣ ਤੋਂ ਲੈ ਕੇ ਦਵਾਈ ਜਾਂ ਇਲਾਜ ਦਾ ਪ੍ਰਬੰਧ ਵੀ ਖੁਦ ਹੀ ਕਰਦੇ ਹਨ। ਇਸ ਕੰਮ ਲਈ ਸ਼ਹਿਰ ਦੇ ਕੁਝ ਲੋਕ ਉਨ੍ਹਾਂ ਦੀ ਮਦਦ ਲਈ ਵੀ ਅੱਗੇ ਆਏ ਹਨ ਜੋ ਉਨ੍ਹਾਂ ਦੀ ਇਸ ਸੇਵਾ ਵਿੱਚ ਆਪਣਾ ਬਣਦਾ ਯੋਗਦਾਨ ਵੀ ਦੇ ਰਹੇ ਹਨ।
ਲਲਿਤ ਆਵਾਰਾ ਕੁੱਤਿਆਂ ਦੀ ਸੇਵਾ ਕਰਨ ਨੂੰ ਲੈ ਕੇ ਇੰਨਾ ਸਮਰਪਿਤ ਹਨ ਕਿ ਉਨ੍ਹਾਂ ਨੇ ਕੁਆਰੇ ਰਹਿਣ ਦਾ ਫੈਸਲਾ ਕੀਤਾ ਹੈ। ਉਹ ਦੱਸਦੇ ਹਨ ਕਿ ਕੁੱਤੇ ਨੂੰ ਦਰਵੇਸ਼ ਕਿਹਾ ਜਾਂਦਾ ਹੈ ਅਤੇ ਇਨ੍ਹਾਂ ਦਰਵੇਸ਼ਾਂ ਦੀ ਸੇਵਾ ਕਿਸੇ ਕਿਸੇ ਦੇ ਹਿੱਸੇ ਹੀ ਆਉਂਦੀ ਹੈ। ਉਹ ਭਵਿੱਖ ਵਿੱਚ ਆਵਾਰਾ ਕੁੱਤਿਆ ਦੇ ਲਈ ਇੱਕ ਸੈਲਟਰ ਹੋਮ ਵੀ ਬਣਾਉਂਦੇ ਚਾਹੁੰਦੇ ਹਨ ਤਾਂ ਜੋ ਇਨ੍ਹਾਂ ਦੀ ਸਾਂਭ ਸੰਭਾਲ ਹੋ ਚੰਗੇ ਢੰਗ ਨਾਲ ਹੋ ਸਕੇ।
ਉਨ੍ਹਾਂ ਦੀ ਸੇਵਾ ਭਾਵਨਾ ਅਤੇ ਕੰਮ ਬਾਰੇ ਹੋਰ ਜਾਣਨ ਲਈ ਤੁਸੀਂ ਹੇਠਾਂ ਦਿੱਤੀ ਵੀਡੀਓ ਵੀ ਵੇਖ ਸਕਦੇ ਹੋ।

ਲੋਕ ਮੈਨੂੰ ਕੁੱਤਿਆਂ ਦਾ ਸਰਦਾਰ ਕਹਿੰਦੇ ਹਨ
More from MotivationalMore posts in Motivational »
Be First to Comment