ਨੇਤਰਹੀਨ ਅਤੇ ਬੇਸਹਾਰਾ ਬੱਚਿਆਂ ਨੂੰ ਸਾਂਭਣ ਦੇ ਲਈ ਜਿੱਥੇ ਵੱਖ ਵੱਖ ਸੰਸਥਾਵਾ ਕੰਮ ਕਰ ਰਹੀਆਂ ਹਨ ਉੱਥੇ ਹੀ ਬਰਨਾਲਾ ਜਿਲੇ ਦੇ ਪਿੰਡ ਨਰਾਇਣਗੜ੍ਹ ਸੋਹੀਆ ਵਿੱਚ ਵੀ ਇੱਕ ਅਜਿਹਾ ਹੀ ਟਰੱਸਟ ਕੰਮ ਰਿਹਾ ਹੈ ਜਿੱਥੇ ਨੇਤਰਹੀਣ ਅਤੇ ਘਰ ਤੋਂ ਬੇਘਰ ਹੋਏ ਬੇਸਹਾਰਾ ਬੱਚਿਆਂ ਨੂੰ ਸਾਂਭਿਆ ਜਾਂਦਾ ਹੈ ਇੱਥੇ ਬੱਚਿਆ ਨੂੰ ਰਹਿਣ ਸਹਿਣ ਹੀ ਮੁਫਤ ਨਹੀਂ ਸਗੋਂ ਬੱਚਿਆਂ ਨੂੰ ਪੜਾਇਆ ਲਿਖਾਇਆ ਵੀ ਜਾਂਦਾ ਹੈ ਤਾਂ ਜੋ ਬੱਚੇ ਸਮਾਜ ਵਿੱਚ ਚੰਗੇ ਢੰਗ ਨਾਲ ਵਿਚਰ ਸਕਣ।
ਬਰਨਾਲਾ ਜਿਲੇ ਦੇ ਪਿੰਡ ਨਰਾਇਣਗੜ੍ਹ ਸੋਹੀਆਂ ਦਾ ਚੰਦੂਆਣਾ ਸਾਹਿਬ ਨੇਤਰਹੀਣ ਅਤੇ ਬੇਸਹਾਰਾ ਚੈਰੀਟੇਬਲ ਟਰੱਸਟ ਬਹੁਤ ਸਾਰੇ ਬੱਚਿਆ ਦਾ ਸਹਾਰਾ ਬਣਿਆ ਹੋਇਆ ਹੈ। ਇਸ ਟਰੱਸਟ ਨੂੰ ਚਲਾੳਣ ਵਾਲੇ ਬਾਬਾ ਸੂਬਾ ਸਿੰਘ ਜੀ ਜੋ ਖੁਦ ਨੇਤਰਹੀਣ ਹਨ ਪਰ ਹੁਣ ਇਨ੍ਹਾਂ ਬੇਸਹਾਰਾ ਅਤੇ ਨੇਤਰਹੀਣ ਬੱਚਿਆਂ ਦੇ ਲਈ ਮਾਰਗਦਰਸ਼ਕ ਬਣੇ ਹੋਏ ਹਨ। ਬਾਬਾ ਸੂਬਾ ਸਿੰਘ ਦੱਸਦੇ ਹਨ ਕਿ ਸੰਨ 2000 ਵਿੱਚ ਵੱਖ ਵੱਖ ਪਿੰਡਾਂ ਦੇ ਸਹਿਯੋਗ ਨਾਲ ਇਹ ਟਰੱਸਟ ਦੀ ਸਥਾਪਨਾ ਹੋਈ। ਜਿੱਥੇ ਹੁਣ 50 ਦੇ ਕਰੀਬ ਬੇਸਹਾਰਾ ਅਤੇ ਨੇਤਰਹੀਣ ਬੱਚੇ ਰਹਿ ਰਹੇ ਹਨ। ਉਨ੍ਹਾਂ ਦੱਸਿਆ ਕਿ ਇੱਥੇ ਬੱਚਿਆ ਨੂੰ ਜਿੱਥੇ ਰਹਿਣ ਸਹਿਣ ਅਤੇ ਖਾਣ ਪੀਣ ਮੁਫਤ ਵਿੱਚ ਮੁਹੱਈਆਂ ਕਰਵਾਇਆ ਜਾਂਦਾ ਹੈ ਉਸਦੇ ਨਾਲ ਹੀ ਨੇਤਰਹੀਣ ਬੱਚਿਆ ਨੂੰ ਬਰੇਲ ਲਿਪੀ ਵਿੱਚ ਪੜਾਈ ਵੀ ਕਰਵਾਈ ਜਾ ਰਹੀ ਹੈ ਤਾਂ ਜੋ ਬੱਚੇ ਚੰਗੀ ਵਿਦਿਆ ਹਾਸਲ ਕਰਕੇ ਸਮਾਜ ਵਿੱਚ ਚੰਗੇ ਮੁਕਾਮ ਹਾਲਸ ਕਰ ਸਕਣ।
ਉਨ੍ਹਾਂ ਦੱਸਿਆ ਕਿ ਬੱਚਿਆ ਨੂੰ ਇੱਥੇ ਗੁਰਬਾਣੀ ਦਾ ਪਾਠ ਕਰਨਾ ਵੀ ਸਿਖਾਇਆ ਜਾਂਦਾ ਹੈ ਅਤੇ ਇਸ ਦੇ ਨਾਲ ਸ਼ਬਦ ਕੀਤਰਨ ਕਰਨਾ, ਹਾਰਮੋਨੀਅਮ ਅਤੇ ਤਬਲਾ ਬਚਾਉਣਾ ਵੀ ਸਿਖਾਇਆ ਜਾਂਦਾ ਹੈ। ਇੱਥੋਂ ਸਿੱਖਿਆ ਪ੍ਰਾਪਤ ਕਰਕੇ ਬਹੁਤ ਸਾਰੇ ਬੱਚੇ ਚੰਗੇ ਮੁਕਾਮ ਹਾਸਲ ਕਰ ਚੁੱਕੇ ਹਨ ਅਤੇ ਕਈ ਬੱਚੇ ਵਿਦੇਸ਼ਾਂ ਵਿੱਚ ਵੀ ਸੈੱਟ ਹੋ ਚੁੱਕੇ ਹਨ। ਉਨ੍ਹਾਂ ਕਿਹਾ ਕਿ ਖੁਦ ਨੇਤਰਹੀਣ ਹੋਣ ਦੇ ਚਲਦੇ ਜੋ ਸਮੱਸਿਆਵਾਂ ਉਨ੍ਹਾਂ ਨੇ ਝੱਲੀਆਂ ਹਨ ਉਹ ਇਨ੍ਹਾਂ ਬੱਚਿਆ ਨੂੰ ਦਰਪੇਸ਼ ਨਾ ਆਉਣ ਇਸ ਲਈ ਉਨ੍ਹਾਂ ਵੱਲੋਂ ਇਹ ਉਪਰਾਲਾ ਕੀਤਾ ਜਾ ਰਿਹਾ ਹੈ।
ਨੇਤਰਹੀਣ ਅਤੇ ਬੇਸਹਾਰਾ ਬੱਚਿਆ ਲਈ ਕੀਤੇ ਜਾ ਰਹੇ ਉਪਰਾਲੇ ਵਿੱਚ ਪਿੰਡ ਵਾਸੀਆਂ ਦਾ ਵੀ ਪੂਰਾ ਸਹਿਯੋਗ ਰਿਹਾ ਹੈ ਪਿੰਡ ਵਾਸੀਆਂ ਨੇ ਦੱਸਿਆ ਕਿ ਬਾਬਾ ਸੂਬਾ ਸਿੰਘ ਵੱਲੋਂ ਸ਼ੁਰੂ ਕੀਤੇ ਗਏ ਇਸ ਕਾਰਜ ਵਿੱਚ ਪਿੰਡ ਦੇ ਲੋਕ ਅਤੇ ਵਿਦੇਸ਼ਾਂ ਤੋਂ ਐਨਆਰਆਈ ਵੀਰਾਂ ਵੱਲੋਂ ਵੀ ਪੂਰਾ ਸਹਿਯੋਗ ਮਿਲ ਰਿਹਾ ਹੈ ਜਿਸ ਦੇ ਚਲਦੇ ਇੱਥੇ ਬੇਸਹਾਰਾ ਅਤੇ ਨੇਤਰਹੀਣ ਬੱਚਿਆਂ ਦੀ ਜਿੰਦਗੀ ਨੂੰ ਸਵਾਰਿਆ ਜਾ ਰਿਹਾ ਹੈ।
ਇਸ ਆਸ਼ਰਮ ਵਿੱਚ ਰਹਿੰਦੇ ਬੱਚਿਆ ਨੇ ਦੱਸਿਆ ਕਿ ਕਿਸ ਤਰ੍ਹਾਂ ਬਾਬਾ ਜੀ ਨੇ ਉਨ੍ਹਾਂ ਦੀ ਜਿੰਦਗੀ ਹੀ ਬਦਲ ਦਿੱਤੀ। ਪਹਿਲਾ ਜਿੱਥੇ ਨੇਤਰਹੀਣ ਹੋਣ ਕਾਰਨ ਉਨ੍ਹਾਂ ਨੂੰ ਨਾਕਾਰਾ ਸਮਝਿਆ ਜਾਂਦਾ ਸੀ ਹੁਣ ਉਹ ਇੱਥੇ ਰਹਿ ਕੇ ਚੰਗੀ ਵਿਦਿਆ ਹਾਸਲ ਕਰ ਰਹੇ ਹਨ ਅਤੇ ਨਾਲ ਨਾਲ ਗੁਰਬਾਣੀ ਦਾ ਪਾਠ ਕਰਨਾ ਅਤੇ ਸ਼ਬਦ ਕੀਤਰਨ ਕਰਨਾ ਵੀ ਸਿੱਖ ਰਹੇ ਹਨ। ਉਨ੍ਹਾਂ ਦੱਸਿਆ ਕਿ ਬਾਬਾ ਵੱਲੋਂ ਨੇਤਰਹੀਣਾ ਲਈ ਕੀਤੇ ਇਸ ਉਪਰਾਲੇ ਕਰਕੇ ਹੁਣ ਉਹ ਵੀ ਭਵਿੱਖ ਵੀ ਕਾਮਯਾਬ ਇਨਸਾਨ ਬਣਕੇ ਬੇਸਹਾਰਾ ਅਤੇ ਨੇਤਰਹੀਣ ਬੱਚਿਆ ਦੇ ਲਈ ਹੀ ਕੰਮ ਕਰਨਾ ਚਾਹੁੰਦੇ ਹਨ।
ਟਰੱਸਟ ਵੱਲੋਂ ਕੀਤੇ ਜਾ ਰਹੇ ਇਸ ਉਪਰਾਲੇ ਦੀ ਨੇਤਰਹੀਣ ਬੱਚਿਆ ਦੇ ਮਾਪਿਆ ਨੇ ਪ੍ਰਸੰਸਾ ਵੀ ਕੀਤੀ। ਉਨ੍ਹਾਂ ਕਿਹਾ ਕਿ ਇੱਥੇ ਬੱਚਿਆ ਨੂੰ ਚੰਗੀ ਵਿਦਿਆ ਦਿੱਤੀ ਜਾ ਰਹੀ ਹੈ ਅਤੇ ਉਨ੍ਹਾਂ ਨੂੰ ਚੰਗਾ ਇਨਸਾਨ ਬਣਨ ਵੱਲ ਪ੍ਰੇਰਿਤ ਕੀਤਾ ਜਾ ਰਿਹਾ ਹੈ ਜੋ ਕਿ ਬਹੁਤ ਵਧੀਆ ਉਪਰਾਲਾ ਹੈ।
ਖੁਦ ਨੇਤਰਹੀਣ ਹੋਣ ਦੇ ਬਾਵਜੂਦ ਨੇਤਰਹੀਣ ਅਤੇ ਬੇਸਹਾਰਾ ਬੱਚਿਆ ਲਈ ਸਹਾਰਾ ਬਣੇ ਬਾਬਾ ਸੂਬਾ ਸਿੰਘ ਸੱਚਮੁੱਚ ਹੀ ਪ੍ਰੇਰਣਾ ਦੀ ਮਿਸਾਲ ਹਨ ਜਿੰਨਾ ਵੱਲੋਂ ਕੀਤੇ ਜਾ ਰਹੇ ਇਸ ਮਹਾਨ ਕਾਰਜ ਦੀ ਪ੍ਰਸੰਸਾ ਕਰਨਾ ਬਣਦੀ ਹੈ। ਉਨ੍ਹਾਂ ਦੇ ਇਸ ਉਪਰਾਲੇ ਬਾਰੇ ਹੋਰ ਜਾਨਣ ਲਈ ਹੇਠਾਂ ਦਿੱਤੀ ਵੀਡੀਓ ਵੇਖ ਸਕਦੇ ਹੋ।
ਰੱਬ ਨੇ ਅੱਖਾਂ ਨਹੀਂ ਦਿੱਤੀਆਂ ਪਰ ਵਾਹਿਗੁਰੂ ਨੇ ਕ੍ਰਿਪਾ ਬਹੁਤ ਕੀਤੀ ਹੈ
More from MotivationalMore posts in Motivational »
Be First to Comment