ਕੁਦਰਤੀ ਵਾਤਾਵਰਨ ਦੀ ਸਾਂਭ-ਸੰਭਾਲ ਕਿਸੇ ਵੀ ਸਮਾਜ ਦਾ ਮੁੱਖ ਸਰੋਕਾਰ ਹੋਣਾ ਚਾਹੀਦਾ ਹੈ ਪਰ ਅਫ਼ਸੋਸ ਦੀ ਗੱਲ ਇਹ ਹੈ ਕਿ ਵਾਤਾਵਰਨ ਦੀ ਸਾਂਭ ਸੰਭਾਲ ਤਾਂ ਦੂਰ ਦੀ ਗੱਲ ਹੈ ਕੁਦਰਤ ਦੇ ਜੀਵਨ ਚੱਕਰ ਦੀ ਥੋੜ੍ਹਹੀ ਬਹੁਤ ਪ੍ਰਵਾਹ ਕਰਨਾ ਵੀ ਮਨੁੱਖੀ ਕਾਰ-ਵਿਹਾਰ ਦਾ ਹਿੱਸਾ ਨਹੀਂ ਹੈ। ਕੁਦਰਤ ਨੇ ਅਨਮੋਲ ਦਾਤਾਂ ਮਨੁੱਖ ਨੂੰ ਬਖ਼ਸ਼ੀਆਂ ਹਨ ਅਤੇ ਮਨੁੱਖ ਨੇ ਇਨ੍ਹਾਂ ਦਾ ਭਰਪੂਰ ਲਾਹਾ ਲੈਂਦਿਆਂ ਆਪਣੇ ਲਈ ਬਹੁਤ ਸੁਖਮਈ ਜੀਵਨ ਸਿਰਜ ਲਿਆ ਹੈ। ਵਿਕਾਸ ਦੀ ਇਸ ਅੰਨ੍ਹਹੀ ਦੌੜ ਵਿੱਚ ਮਨੁੱਖ ਕੁਦਰਤ ਦੇ ਨਿਯਮ ਭੁੱਲ ਚੁੱਕਾ ਹੈ। ਅਜਿਹੇ ਵਿੱਚ ਵੀ ਕੁੱਝ ਲੋਕ ਹਮੇਸ਼ਾ ਰਹਿੰਦੇ ਹਨ ਜੋ ਲੀਕ ਤੋਂ ਹਟਕੇ ਸੋਚਦੇ ਹੀ ਨਹੀਂ ਸਗੋਂ ਉਸਨੁੰ ਪੂਰਾ ਕਰਨ ਲਈ ਤਾਣ ਵੀ ਲਾਉਂਦੇ ਹਨ।
ਪੰਜਾਬ ਦੇ ਬਰਨਾਲਾ ਜ਼ਿਲ੍ਹੇ ਦੇ ਪਿੰਡ ਧੌਲ਼ਾ ਨਾਲ ਸਬੰਧਿਤ ਸੰਦੀਪ ਧੌਲ਼ਾ ਅਤੇ ਉਨ੍ਹਾਂ ਦੇ ਸਾਥੀ ਪਿਛਲੇ ਡੇਢ ਦਹਾਕੇ ਤੋਂ ਰਵਾਇਤੀ ਦਰਖਤਾਂ ਅਤੇ ਪੰਛੀਆਂ ਦੇ ਮੁੜ ਵਸੇਬੇ ਲਈ ਉਪਰਾਲਾ ਕਰ ਰਹੇ ਹਨ। ਸੰਦੀਪ ਅਤੇ ਉਨ੍ਹਾਂ ਦੇ ਸਾਥੀਆਂ ਨੇ ਆਪਣੇ ਪਿੰਡ ਅਤੇ ਆਸ-ਪਾਸ ਦੇ ਇਲਾਕੇ ਵਿੱਚ 15 ਹਜ਼ਾਰ ਦੇ ਕਰੀਬ ਰਵਾਇਤੀ ਦਰਖ਼ਤ ਲਗਾਏ ਹਨ ਅਤੇ 10 ਹਜ਼ਾਰ ਦੇ ਕਰੀਬ ਆਲ੍ਹਣਹੇ ਉਹ ਪੰਛੀਆਂ ਦੇ ਪ੍ਰਜਣਨ ਲਈ ਲਗਾ ਚੁੱਕੇ ਹਨ।
ਸੰਦੀਪ ਧੌਲ਼ਾ ਆਪਣੇ ਕੰੰਮ ਦੀ ਵਾਜਬੀਅਤ ਸਮਝਾਉਂਦੇ ਹੋਏ ਕਹਿੰਦੇ ਹਨ, “ਪੰਛੀਆਂ ਨੇ ਨਾ ਸਿਰਫ਼ ਸਾਨੂੰ ਖੇਤੀ ਵਿੱਚ ਸਹਿਯੋਗ ਕੀਤਾ ਸਗੋਂ ਉਨ੍ਹਾਂ ਵਾਤਾਵਰਨ ਨੂੰ ਸਾਫ਼ ਵੀ ਰੱਖਿਆ। ਕੁਦਰਤ ਦੇ ਸਮਤੋਲ ਵਿੱਚ ਪੰਛੀ ਬਹੁਤ ਅਹਿਮ ਕੜੀ ਹਨ। ਅਸੀਂ ਖੇਤਾਂ ਵਿੱਚ ਜ਼ਹਿਰਾਂ ਘੋਲ ਦਿੱਤੀਆਂ।ਰਵਾਇਤੀ ਦਰਖ਼ਤ ਜਹੋ ਸਾਡੇ ਪੰਜਾਬ ਦੇ ਵਾਤਾਵਰਨ ਮੁਤਾਬਿਕ ਸਨ ਉਹ ਪੁੱਟ ਕੇ ਜੰਗਲ ਉਜਾੜ ਦਿੱਤੇ।ਪੁਰਾਣੇ ਟਿੱਬਿਆਂ ਵਿੱਚ ਬਹੁਤ ਸਾਰੇ ਪੰਛੀ ਖੁੱਡਾਂ ਬਣਾਉਂਦੇ ਸਨ ਉਹ ਅਸੀਂ ਬਿਲਡਿੰਗਾਂ ਅਤੇ ਸੜਕਾਂ ਹੇਠ ਵਿਛਾ ਦਿੱਤੇ।ਪੁਰਾਣੇ ਘਰਾਂ ਵਿੱਚ ਪੰਛੀ ਆਲ੍ਹਣਹੇ ਬਣਾਉਂਦੇ ਸਨ ਉਹ ਵੀ ਅਸੀਂ ਢਾਹ ਕੇ ਆਲੀਸ਼ਾਨ ਕੋਠੀਆਂ ਬਣਾ ਲਈਆਂ।ਹੁਣ ਅਸੀਂ ਕਦੇ ਵੱਧ ਗਰਮੀ ਤੋਂ ਪਰੇਸ਼ਾਨ ਹੁੰਦੇ ਹਾਂ ਕਦੇ ਵੱਧ ਠੰਢ ਤੋਂ ਪਰੇਸ਼ਾਨ ਹੁੰਦੇ ਹਾਂ।ਫ਼ਸਲਾਂ ਤੇ ਕੀੜਿਆਂ ਦਾ ਹਮਲਾ ਵਧ ਗਿਆ ਕਿਉਂਕਿ ਇਨ੍ਹਾਂ ਨੂੰ ਖਾਣ ਵਾਲੇ ਮਿੱਤਰ ਪੰਛੀਆਂ ਦੇ ਰਹਿਣ ਲਈ ਅਸੀਂ ਜਗ੍ਹਾ ਨਹੀਂ ਛੱਡੀ। ਸਰਬ ਉੱਤਮ ਹੋਣ ਦੇ ਗਰੂਰ ਵਿੱਚ ਅਸੀਂ ਇਹ ਭੁੱਲ ਗਏ ਹਾਂ ਕਿ ਕੁਦਰਤ ਨੇ ਹੋਰ ਜੀਵਾਂ ਨੂੰ ਵੀ ਬਰਾਬਰ ਨਿਆਮਤਾਂ ਬਖ਼ਸ਼ੀਆਂ ਹਨ ਅਤੇ ਸਾਰੇ ਜੀਵ ਹੀ ਕੁਦਰਤ ਦੇ ਜੀਵਨ ਚੱਕਰ ਦਾ ਅਹਿਮ ਹਿੱਸਾ ਹਨ।
ਇਹ ਵੀ ਸ਼ਾਇਦ ਸਾਡੇ ਚਿੱਤ ਚੇਤੇ ਨਹੀਂ ਹੈ ਕਿ ਮਨੁੱਖ ਵਾਤਾਵਰਨ ਅਤੇ ਬਾਕੀ ਜੀਵਾਂ ਨੂੰ ਅਣਗੌਲਿਆ ਕਰਕੇ ਧਰਤੀ ਤੇ ਇਕੱਲਾ ਬਹੁਤਾ ਸਮਾਂ ਰਹਿ ਹੀ ਨਹੀਂ ਸਕਦਾ। ਇਸ ਵਿਚਾਰ ਦੇ ਹੱਕ ਵਿੱਚ ਕੰਮ ਕਰਨ ਵਾਲੇ ਕੁਦਰਤ ਪ੍ਰੇਮੀ ਵੀ ਅਕਸਰ ਵਾਤਾਵਰਨ ਬਚਾਉਣ ਦਾ ਹੋਕਾ ਦਿੰਦੇ ਹਨ। ਪਰ ਅਸਲ ਸਚਾਈ ਇਹੈ ਹੈ ਕਿ ਕੁਦਰਤ ਦਾ ਕੁੱਝ ਵੀ ਵਿਗੜਨ ਵਾਲਾ ਨਹੀਂ ਹੈ। ਕੁਦਰਤ ਸਮਤੋਲ ਬਣਾਉਣਾ ਜਾਣਦੀ ਹੈ।ਜੇ ਹਾਲਾਤ ਇਸੇ ਤਰਾਂ ਰਹੇ ਤਾਂ ਇੱਕ ਸਮਾਂ ਅਜਿਹਾ ਵੀ ਆਵੇਗਾ ਕਿ ਅਸੀਂ ਚਾਹ ਕੇ ਵੀ ਧਰਤੀ ਨੂੰ ਮਨੁੱਖ ਦੇ ਰਹਿਣ ਲਾਇਕ ਨਹੀਂ ਬਣ ਸਕਾਂਗੇ।
ਸ਼ਾਇਦ ਮਨੁੱਖੀ ਹੋਂਦ ਦਾ ਅੰਤ ਅਸੀਂ ਆਪ ਸਿਰਜ ਰਹੇ ਹਾਂ।ਅਥਾਹ ਜਾਇਦਾਦਾਂ ਅਸੀਂ ਆਉਣ ਵਾਲੀਆਂ ਪੀੜੀਆਂ ਲਈ ਜੋੜ ਰਹੇ ਹਾਂ ਪਰ ਜੇ ਸਾਹ ਲੈਣ ਲਈ ਹਵਾ ਨਾਂ ਹੋਈ ਜੇ ਖਾਣ ਲਈ ਕੁੱਝ ਉੱਗਣਾ ਹੀ ਬੰਦ ਹੋ ਗਿਆ ਜੇ ਜੀਵਨ ਚੱਕਰ ਨੂੰ ਚਲਾਉਣ ਵਾਲੇ ਪੰਛੀ,ਜਾਨਵਰ ਹੀ ਨਾ ਰਹੇ ਤਾਂ ਇਹ ਸਭ ਚੀਜ਼ਾਂ ਦਾ ਕੋਈ ਮੁੱਲ ਹੀ ਨਹੀਂ ਰਹੇਗਾ। ਸੋ ਲੋੜ ਇਸ ਗੱਲ ਦੀ ਬਣਦੀ ਹੈ ਕਿ ਅਸੀਂ ਅੱਜ ਤੋਂ ਹੀ ਕੁਦਰਤ ਨੂੰ ਸਮਝੀਏ, ਵਾਤਾਵਰਨ ਦਾ ਖ਼ਿਆਲ ਰੱਖਣਾ ਸਿੱਖੀਏ ਅਤੇ ਮਨੁੱਖ ਦੀ ਵਜਾ ਕਰਕੇ ਸੰਕਟ ਦਾ ਸ਼ਿਕਾਰ ਪੰਛੀਆਂ ਜਾਂ ਜਾਨਵਰਾਂ ਦੀ ਸਾਂਭ ਸੰਭਾਲ ਲਈ ਯਤਨ ਸ਼ੁਰੂ ਕਰੀਏ।”
ਸੰਦੀਪ ਹੁਣਾ ਦਾ ਸਫ਼ਰ ਹਾਲੇ ਮੁੱਕਿਆ ਨਹੀਂ ਹੈ। ਸੰਦੀਪ ਅਤੇ ਉਸ ਦੇ ਸਾਥੀ ਮੰਨਦੇ ਹਨ ਕਿ ਜਦੋਂ ਤੱਕ ਮਨੁੱਖ ਵੱਲੋਂ ਕੁਦਰਤ ਦੇ ਕੀਤੇ ਨੁਕਸਾਨ ਦੀ ਭਰਪਾਈ ਨਹੀਂ ਹੋ ਜਾਂਦੀ ਇਹ ਯਤਨ ਜਾਰੀ ਰੱਖਣੇ ਪੈਣਗੇ ਅਤੇ ਇਸ ਲਈ ਬਹੁਤ ਸਾਰੇ ਮਨੁੱਖੀ ਹੱਥਾਂ ਦੀ ਲੋੜ ਪਏਗੀ ਜੋ ਵੱਖ-ਵੱਖ ਤਰੀਕੇ ਨਾਲ ਹਵਾ,ਪਾਣੀ,ਧਰਤੀ ਅਤੇ ਜੀਵਾਂ ਦੀ ਸੰਭਾਲ ਲਈ ਕੰਮ ਕਰਨਗੇ। ਇਸ ਤੋਂ ਇਲਾਵਾ ਮਨੁੱਖ ਨੂੰ ਵਿਕਾਸ ਦੇ ਨਾਲ-ਨਾਲ ਕੁਦਰਤ ਨਾਲ ਛੇੜਛਾੜ ਨਾ ਕਰਨ ਦਾ ਵੱਲ ਸਿੱਖਣਾ ਪਵੇਗਾ ਤਾਂ ਜੋ ਅਜਿਹੇ ਹਾਲਾਤ ਦੁਬਾਰਾ ਪੈਦਾ ਹੋਣ ਦੀ ਨੌਬਤ ਹੀ ਨਾ ਆਵੇ। ਸੰਦੀਪ ਧੌਲ਼ਾ ਨਾਲ ਪੂਰੀ ਗੱਲਬਾਤ ਤੁਸੀਂ ਇਸ ਹੇਠਲੇ ਲਿੰਕ ਤੇ ਸੁਣ ਸਕਦੇ ਹੋ
ਜਵਾਨੀ ਪਹਿਰੇ ਪੰਛੀਆਂ ਨੂੰ ਦਿਲ ਦੇਣ ਵਾਲਾ ਨੌਜਵਾਨ-ਸੰਦੀਪ ਧੌਲਾ
More from MotivationalMore posts in Motivational »
Be First to Comment