ਪੰਜਾਬ ਦੇ ਮਾਨਸਾ ਜ਼ਿਲ੍ਹੇ ਦੇ ਪਿੰਡ ਖੀਵਾ ਖੁਰਦ ਦੇ ਰਹਿਣ ਵਾਲੇ ਅਜੀਤਪਾਲ ਸਿੰਘ ਦੀ ਕਹਾਣੀ ਉਨ੍ਹਾਂ ਚੋਣਵੇਂ ਨੌਜਵਾਨਾਂ ਦੀ ਕਹਾਣੀ ਹੈ ਜੋ ਨਸ਼ੇ ਦੀ ਦਲਦਲ ਚੋਂ ਜ਼ਿੰਦਗੀ ਦਾ ਅੰਤ ਨੇੜਿਓ ਦੇਖ ਕੇ ਵਾਪਸ ਮੁੜਨ ਵਿੱਚ ਕਾਮਯਾਬ ਰਹਿੰਦੇ ਹਨ। ਅਜੀਤਪਾਲ ਸਿੰਘ ਦੀ ਕਹਾਣੀ ਉਨ੍ਹਾਂ ਲੋਕਾਂ ਲਈ ਪ੍ਰੇਰਨਾ ਦਾ ਸਰੋਤ ਵੀ ਹੈ ਜੋ ਨਸ਼ੇ ਦੀ ਆਦਤ ਤੋਂ ਮਜਬੂਰ ਹਨ ਅਤੇ ਇਸ ਭੈੜੀ ਆਦਤ ਤੋਂ ਛੁਟਕਾਰਾ ਪਾਉਣਾ ਚਾਹੁੰਦੇ ਹਨ।
ਅਜੀਤਪਾਲ ਸਿੰਘ ਦੱਸਦਾ ਹੈ, “ਸੱਭਿਆਚਾਰਕ ਪ੍ਰੋਗਰਾਮਾਂ ਤੋਂ ਲੈ ਕੇ ਯੁਵਕ ਮੇਲਿਆਂ ਤੱਕ ਮੈਂ ਕਾਲਜ ਦਾ ਜਾਣਿਆ ਪਹਿਚਾਣਿਆ ਚਿਹਰਾ ਸੀ। ਵਿਆਹਾਂ ਵਿੱਚ ਤਾਂ ਮੇਰੀ ਖਾਸ ਮੰਗ ਸੀ। ਬੋਲੀਆਂ ਪਾਉਣ ਵਿੱਚ ਮੈਂ ਔਰਤਾਂ ਤੋਂ ਵੀ ਚਾਰ ਕਦਮ ਅਗਾਂਹ ਸੀ। ਮੇਰੇ ਪਿੰਡ ਦੇ ਲੋਕ ਅਤੇ ਦੋਸਤ ਮਿੱਤਰ ਮੈਨੂੰ ਆਪਣੀਆਂ ਰਿਸ਼ਤੇਦਾਰੀਆਂ ਵਿਚ ਵੀ ਲੈ ਜਾਂਦੇ ਸਨ। ਓਦੋਂ ਤੱਕ ਮੈਂ ਠੀਕ ਸੀ। ਫਿਰ ਮੇਰਾ ਵਿਆਹ ਹੋ ਗਿਆ। ਮੇਰੀ ਬੱਚੀ ਦਾ ਜਨਮ ਵੀ ਹੋ ਗਿਆ। ਮੈਨੂੰ ਖੁਦ ਪਤਾ ਨਹੀਂ ਲੱਗਿਆ ਕਿ ਕਦੇ ਕਦਾਈਂ ਪੈੱਗ ਲਾਉਂਦਾ ਲਾਉਂਦਾ ਮੈਂ ਕਦੋਂ ਸ਼ਰਾਬ ਦਾ ਗੁਲਾਮ ਹੋ ਗਿਆ। ਹਾਲਾਤ ਇਸ ਹੱਦ ਤੱਕ ਬਦਤਰ ਸਨ ਕਿ ਮੇਰੇ ਪਰਿਵਾਰ ਨੇ ਇਹ ਮੰਨ ਲਿਆ ਸੀ ਕਿ ਮੈਂ ਕੁਝ ਦਿਨਾਂ ਮਹੀਨਿਆਂ ਦਾ ਹੀ ਮਹਿਮਾਨ ਹਾਂ। ਮੇਰੀ ਰੋਜ਼ ਦੀ ਡੋਜ਼ ਚਾਰ ਬੋਤਲਾਂ ਤੱਕ ਪਹੁੰਚ ਗਈ ਸੀ। ਸਾਰੀ ਸਾਰੀ ਰਾਤ ਮੈਂ ਦਰਦ ਨਾਲ ਤੜਫਦਾ ਰਹਿੰਦਾ ਤਾਂ ਮੈਂ ਘਰਦਿਆਂ ਨੂੰ ਖੁਦ ਕਹਿ ਦਿੰਦਾ ਸੀ ਕਿ ਮੇਰੇ ਜਹਿਰ ਦਾ ਟੀਕਾ ਲਵਾ ਦਿਓ। ਜਿਹੜੇ ਲੋਕ ਮੈਨੂੰ ਅਡਵਾਂਸ ਬੁੱਕ ਕਰਕੇ ਵਿਆਹ ਲੈਕੇ ਜਾਂਦੇ ਸੀ ਉਹ ਮੈਨੂੰ ਬੁਲਾਉਣ ਤੋਂ ਵੀ ਕੰਨੀ ਕਤਰਾਉਣ ਲੱਗ ਪਏ। ਜੇ ਕਿਸੇ ਰਿਸ਼ਤੇਦਾਰੀ ਵਿੱਚ ਵਿਆਹ ਚਲਿਆ ਜਾਂਦਾ ਤਾਂ ਉਨ੍ਹਾਂ ਦੇ ਮੱਥੇ ਵੱਟ ਪੈ ਜਾਂਦੇ।
ਇੱਕ ਦਿਨ ਹਾਲਤਾ ਇੰਨੇ ਬਦਤਰ ਹੋ ਗਏ ਕਿ ਮੂੰਹ ਵਿੱਚ ਚਮਚਿਆਂ ਨਾਲ ਪਾਣੀ ਪਾਉਣ ਦੀ ਨੌਬਤ ਆ ਗਈ। ਮੇਰੀ ਮਾਂ ਨੂੰ ਕਿਤਾਬਾਂ ਪੜਨ ਦੀ ਲਗਨ ਸੀ। ਅਕਸਰ ਮੈਂ ਸਾਰੀ ਸਾਰੀ ਰਾਤ ਜਾਾਗਦਾ ਰਹਿੰਦਾ ਸੀ। ਇੱਕ ਅਹਿੀ ਹੀ ਰਾਤ ਮੈਂ ਆਪਣੀ ਮਾਂ ਦੀਆਂ ਕਿਤਾਬਾਂ ਵਿੱਚੋਂ ਇੱਕ ਕਿਤਾਬ ਚੱਕ ਕੇ ਪੜਨੀ ਸ਼ੁਰੂ ਕਰ ਦਿੱਤੀ। ਇਹ ਸਿਲਸਿਲਾ ਅਜਿਹਾ ਤੁਰਿਆ ਕਿ ਕੋਈ ਗਿਣਤੀ ਨਹੀਂ ਰਹੀ ਕਿ ਮੈਂ ਕਿੰਨੀਆਂ ਕਿਤਾਬਾਂ ਪੜ ਚੁੱਕਿਆ ਹਾਂ। ਕਿਤਾਬਾਂ ਮੇਰੇ ਨਸ਼ੇ ਦਾ ਬਦਲ ਬਣ ਗਈਆਂ। ਕਿਤਾਬਾਂ ਨੇ ਮੇਰਾ ਸਵੈਮਾਣ ਵਾਪਸ ਲਿਆਂਦਾ। ਉਸ ਦਿਨ ਤੋਂ ਬਾਅਦ ਅੱਜ ਤੱਕ ਮੈਂ ਨਸ਼ੇ ਨੂੰ ਹੱਥ ਨਹੀਂ ਲਾਇਆ। ਖੇਤੀਬਾੜੀ ਸਾਰੀ ਆਪ ਸੰਭਾਲਣ ਲੱਗ ਪਿਆ। ਹੁਣ ਉਹੀ ਸਮਾਜ ਹੈ ਤੇ ਉਹੀ ਪਹਿਲਾਂ ਵਾਲਾ ਅਜੀਤਪਾਲ ਹੈ।” ਅਜੀਤਪਾਲ ਹੁਣ ਨਸ਼ੇ ਵਿੱਚ ਫਸੇ ਨੌਜਵਾਨਾਂ ਨੂੰ ਆਪਣੀ ਉਦਹਾਰਨ ਦੇ ਕੇ ਨਸ਼ੇ ਛੱਡਣ ਲਈ ਪ੍ਰੇਰਿਤ ਕਰਦਾ ਰਹਿੰਦਾ ਹੈ। ਆਪਣੇ ਸੰਪਰਕ ਵਿੱਚ ਆਉਣ ਵਾਲੇ ਨੌਜਵਾਨਾਂ ਨੂੰ ਸਾਹਿਤ ਨਾਲ ਜੋੜਨਾ ਵੀ ਹੁਣ ਉਸਦੀ ਜ਼ਿੰਦਗੀ ਦੇ ਜਰੂਰੀ ਕੰਮਾਂ ਦਾ ਹਿੱਸਾ ਬਣ ਚੁੱਕਾ ਹੈ।
ਅਜੀਤਪਾਲ ਦੇ ਮਾੜੇ ਦਿਨਾਂ ਦੇ ਹਾਲਾਤਾਂ ਬਾਰੇ ਇਸ ਹੇਠਲੀ ਵੀਡੀਓ ਵਿੱਚ ਉਸ ਨਾਲ ਵਿਸਅਥਾਰ ਵਿੱਚ ਗੱਲਬਾਤ ਕੀਤੀ ਗਈ ਹੈ:-
ਲੋਕ ਕੁੜੀਆਂ ਨੂੰ ਨਸ਼ਾ ਛੁਡਾਊ ਕੇਂਦਰ ਕਿਉਂ ਸਮਝਦੇ ਨੇ
More from MotivationalMore posts in Motivational »
Be First to Comment