ਏਅਰੋ ਮੌਡਲਿੰਗ ਯੂਰਪ ਵਿੱਚ ਬਹੁਤ ਮਕਬੂਲ ਖੇਡ ਹੈ। ਇਸ ਵਿੱਚ ਅਸਲੀ ਜਹਾਜ਼ਾਂ ਦੇ ਖਿਡਾਉਣਾ ਮਾਡਲ ਰਿਮੋਟ ਦੀ ਮਦਦ ਨਾਲ ਉਡਾਏ ਜਾਂਦੇ ਹਨ। ਭਾਵੇਂ ਇਹ ਅਸਲੀ ਜਹਾਜ਼ਾਂ ਦੇ ਖਿਡਾਉਣਾ ਮਾਡਲ ਹੀ ਹੁੰਦੇ ਹਨ ਪਰ ਇਨ੍ਹਾਂ ਨੂੰ ਮੁਹਾਰਤ ਨਾਲ ਉਡਾਉਣ ਲਈ ਸਿਖਲਾਈ ਦੀ ਜ਼ਰੂਰਤ ਪੈਂਦੀ ਹੈ।
ਭਾਰਤੀਆਂ ਲਈ ਇਹ ਖੇਡ ਬਹੁਤੀ ਜਾਣੀ ਪਹਿਚਾਣੀ ਨਹੀਂ ਹੈ ਪਰ ਬਠਿੰਡਾ ਜ਼ਿਲ੍ਹੇ ਦੇ ਪਿੰਡ ਸੀਰੀਏਵਾਲਾ ਦੇ ਕਿਸਾਨ ਯਾਦਵਿੰਦਰ ਸਿੰਘ ਨੇ ਇਸ ਵਿੱਚ ਆਪਣਾ ਵੱਖਰਾ ਹੀ ਮੁਕਾਮ ਹਾਸਲ ਕੀਤਾ ਹੈ। ਉਹ ਇਨ੍ਹਾਂ ਜਹਾਜ਼ਾਂ ਨੂੰ ਨਾ ਸਿਰਫ਼ ਮੁਹਾਰਤ ਨਾਲ ਉਡਾਉਂਦੇ ਹਨ ਸਗੋਂ ਤਿਆਰ ਵੀ ਆਪ ਹੀ ਕਰਦੇ ਹਨ। ਉਨ੍ਹਾਂ ਵੱਲੋਂ ਤਿਆਰ ਕੀਤਾ ਗਿਆ ਇੱਕ ਮਾਡਲ ਜਹਾਜ਼ ਚ-130 ਹਰਕੁਲੀਸ ਇੰਡੀਆ ਬੁੱਕ ਆਫ਼ ਰਿਕਾਰਡ ਵਿੱਚ ਵੀ ਦਰਜ ਹੋ ਚੁੱਕਾ ਹੈ।
ਇਸ ਕੰਮ ਵਿੱਚ ਉਨ੍ਹਾਂ ਨੂੰ ਇੰਨੀ ਮੁਹਾਰਤ ਮਿਲ ਚੁੱਕੀ ਹੈ ਕਿ ਪੰਜਾਬ ਦੇ ਵੱਖ-ਵੱਖ ਸਕੂਲਾਂ ਵਿੱਚ ਉਨ੍ਹਾਂ ਨੂੰ ਬੱਚਿਆਂ ਨੂੰ ਟਰੇਨਿੰਗ ਦੇਣ ਲਈ ਬੁਲਾਇਆ ਜਾਂਦਾ ਹੈ। ਏਅਰੋਨੌਟਿਕਸ ਦੀ ਸਟੱਡੀ ਕਰਵਾਉਣ ਵਾਲੇ ਇੰਜੀਨੀਅਰਿੰਗ ਕਾਲਜ ਵੀ ਉਨ੍ਹਾਂ ਨੂੰ ਟਰੇਨਿੰਗ ਦੇਣ ਲਈ ਅਕਸਰ ਬੁਲਾਉਂਦੇ ਰਹਿੰਦੇ ਹਨ।ਬਹੁਤ ਸਾਰੀਆਂ ਨਾਮੀ ਵਿੱਦਿਅਕ ਸੰਸਥਾਵਾਂ ਨੇ ਉਨ੍ਹਾਂ ਨੂੰ ਸਨਮਾਨਿਤ ਵੀ ਕੀਤਾ ਹੈ। ਖ਼ਾਸ ਗੱਲ ਇਹ ਹੈ ਕਿ ਯਾਦਵਿੰਦਰ ਸਿੰਘ ਨੇ ਇਨ੍ਹਾਂ ਜਹਾਜ਼ਾਂ ਨੂੰ ਉਡਾਉਣ ਜਾਂ ਬਣਾਉਣ ਦੀ ਕੋਈ ਰਸਮੀ ਸਿਖਲਾਈ ਵੀ ਨਹੀਂ ਲਈ ਹੈ।
ਯਾਦਵਿੰਦਰ ਸਿੰਘ ਦੱਸਦੇ ਹਨ, “ ਅੱਜ ਤੋਂ 14 ਕੁ ਸਾਲ ਪਹਿਲਾਂ ਮੈਨੂੰ ਰਿਸ਼ਤੇਦਾਰੀ ਵਿੱਚ ਵਿਆਹ ਸਮਾਗਮ ਲਈ ਇੰਗਲੈਂਡ ਜਾਣ ਦਾ ਮੌਕਾ ਮਿਲਿਆ। ਓਥੇ ਮੈਂ ਪਹਿਲੀ ਵਾਰ ਇਹ ਛੋਟੇ ਜਹਾਜ਼ ਉੱਡਦੇ ਦੇਖੇ। ਮੈਂ ਇੰਗਲੈਂਡ ਤੋਂ ਦੋ ਛੋਟੇ ਜਹਾਜ਼ ਖ਼ਰੀਦ ਲਏ। ਇਨ੍ਹਾਂ ਜਹਾਜ਼ਾਂ ਤੇ ਹੀ ਮੈਂ ਟਰੇਨਿੰਗ ਕੀਤੀ। ਕੁੱਝ ਮੈਗਜ਼ੀਨ ਪੜੇ ਅਤੇ ਕੁੱਝ ਇੰਟਰਨੈੱਟ ਤੋਂ ਸਮਗਰੀ ਇਕੱਠੀ ਕਰਕੇ ਮੈਂ ਇਸਦੀ ਸਾਇੰਸ ਸਮਝੀ ਅਤੇ ਖ਼ੁਦ ਮਾਡਲ ਤਿਆਰ ਕਰਨੇ ਸਿੱਖੇ। ਹੁਣ ਤੱਕ ਮੈਂ ਬਹੁਤ ਸਾਰੇ ਇੰਜੀਨੀਅਰਿੰਗ ਦੇ ਵਿੱਦਿਆਰਥੀਆਂ ਅਤੇ ਸੰਸਥਾਵਾਂ ਨੂੰ ਇਹ ਜਹਾਜ਼ ਬਣਾ ਕੇ ਦੇ ਚੁੱਕਾ ਹਾਂ। ਇੰਡੀਅਨ ਆਰਮੀ ਦੇ ਵੀ ਕਈ ਪ੍ਰੋਜੈਕਟ ਮੈਂ ਤਿਆਰ ਕੀਤੇ ਹਨ। ਅੱਗੇ ਮੇਰਾ ਸੁਪਨਾ ਇਸ ਕੰਮ ਨੂੰ ਪੰਜਾਬ ਵਿੱਚ ਉਦਯੋਗ ਦੇ ਤੌਰ ਤੇ ਸਥਾਪਤ ਕਰਨ ਦਾ ਹੈ।”
ਯਾਦਵਿੰਦਰ ਸਿੰਘ ਦੇ ਇਨ੍ਹਾਂ ਖ਼ੂਬਸੂਰਤ ਜਹਾਜ਼ਾਂ ਨੂੰ ਬਣਾਉਣ ਅਤੇ ਉਡਾਉਣ ਸਬੰਧੀ ਪੂਰੀ ਜਾਣਕਾਰੀ ਹੇਠਲੀ ਵੀਡੀਓ ਵਿੱਚ ਸਾਂਝੀ ਕੀਤੀ ਗਈ ਹੈ:-
Be First to Comment