ਅੱਜ ਦਾ ਸਮਾਂ ਅਨਿਸ਼ਚਿਤਤਾ ਦਾ ਸਮਾਂ ਹੈ। ਦਿਨੋਂ ਦਿਨ ਵਧਦੀ ਮਹਿੰਗਾਈ ਅਤੇ ਘਟਦੇ ਰੋਜ਼ਗਾਰ ਦੇ ਮੌਕੇ ਆਮ ਇਨਸਾਨ ਨੂੰ ਸਿਰ ਚੁੱਕਣ ਦੀ ਵਿਹਲ ਨਹੀਂ ਦਿੰਦੇ। ਅਜਿਹੇ ਮਾਹੌਲ ਵਿੱਚ ਜੇ ਕੋਈ ਬੈਂਕ ਮੈਨੇਜਰ ਦੀ ਟੌਅਰ ਵਾਲੀ ਨੌਕਰੀ ਛੱਡ ਕੇ ਹਵੇਲੀਆਂ ਦੀਆਂ ਵੀਡੀਓ ਬਣਾਉਣ ਨਿਕਲ ਤੁਰੇ ਤਾਂ ਹੈਰਾਨੀ ਹੋਣੀ ਸੁਭਾਵਿਕ ਹੈ।
ਪੰਜਾਬ ਦੇ ਮਾਨਸਾ ਜ਼ਿਲ੍ਹੇ ਦੇ ਪਿੰਡ ਘਰਾਂਗਣਾ ਦੇ ਰਹਿਣ ਵਾਲੇ ਗੁਰਪ੍ਰੀਤ ਸਿੰਘ ਨੇ ਇਹ ਕੀਤਾ ਵੀ ਹੈ ਅਤੇ ਉਸਨੂੰ ਆਪਣੇ ਇਸ ਕਦਮ ਉੱਤੇ ਮਾਣ ਵੀ ਹੈ।ਸਤ ਕੁ ਸਾਲ ਪਹਿਲਾਂ ਸੇਲਜ਼ ਏਜੰਟ ਦੇ ਤੌਰ ਤੇ ਬੈਂਕਿੰਗ ਦੀ ਦੁਨੀਆ ਵਿੱਚ ਦਾਖਲ ਹੋਇਆ ਸੀ ਗੁਰਪ੍ਰੀਤ ਸਿੰਘ ਜਲਦੀ ਹੀ ਬੈਂਕ ਮੈਨੇਜਰ ਦੀ ਪਦਵੀ ਉੱਤੇ ਪਹੁੰਚ ਗਏ। ਪਿਛਲੇ ਦੋ ਸਾਲਾਂ ਤੋਂ ਗੁਰਪ੍ਰੀਤ ਸਿੰਘ ਦੇਸ਼ ਦੀ ਨਾਮੀ ਪ੍ਰਾਈਵੇਟ ਬੈਂਕ ਵਿੱਚ ਬਰਾਂਚ ਮੈਨੇਜਰ ਦੇ ਤੌਰ ਤੇ ਕੰਮ ਕਰ ਰਹੇ ਸੀ।ਵਿਰਸੇ ਨਾਲ ਜੁੜੀਆਂ ਚੀਜ਼ਾਂ ਦਾ ਸ਼ੌਕ ਗੁਰਪ੍ਰੀਤ ਸਿੰਘ ਨੂੰ ਪੁਰਾਤਨ ਹਵੇਲੀਆਂ ਦੀ ਵੀਡੀਓਗ੍ਰਾਫੀ ਵੱਲ ਲੈ ਗਿਆ। ਗੁਰਪ੍ਰੀਤ ਆਪਣੀਆਂ ਵੀਡੀਓ ਸੋਸ਼ਲ ਮੀਡੀਆ ਉੱਤੇ ਪਾਉਣ ਲੱਗ ਪਏ।ਹਵੇਲੀਆਂ ਦੀ ਵੀਡੀਓ ਬਣਾਉਣ ਦੇ ਸ਼ੌਕ ਕਰਕੇ ਗੁਰੀ ਘਰਾਂਗਣਾ ਨੂੰ ਇੰਨੀ ਮਕਬੂਲੀਅਤ ਮਿਲੀ ਕਿ 72 ਹਜ਼ਾਰ ਪ੍ਰਤੀ ਮਹੀਨਾ ਤਨਖ਼ਾਹ ਵਾਲੀ ਨੌਕਰੀ ਉਸ ਨੂੰ ਆਪਣੇ ਨਵੇਂ ਕੰਮ ਅੱਗੇ ਅੜਚਣ ਮਹਿਸੂਸ ਹੋਣ ਲੱਗ ਪਈ।
ਥੋੜੇ ਸਮੇਂ ਵਿੱਚ ਹੀ ਉਸ ਦੀ ਸੋਸ਼ਲ ਮੀਡੀਆ ਉੱਤੇ ਇੱਕ ਵੱਖਰੀ ਪਹਿਚਾਣ ਬਣ ਗਈ।ਸੋਸ਼ਲ ਮੀਡੀਆ ਉੱਤੇ ਗੁਰੀ ਘਰਾਂਗਣਾ ਦੇ ਨਾਂ ਨਾਲ ਮਸ਼ਹੂਰ ਗੁਰਪ੍ਰੀਤ ਸਿੰਘ ਦੀਆਂ ਵੀਡੀਉਜ਼ ਲੱਖਾਂ ਲੋਕ ਦੇਖਦੇ ਹਨ।ਗੁਰੀ ਘਰਾਂਗਣਾ ਦਾ ਕਹਿਣਾ ਹੈ ਕਿ ਪੁਰਾਣੀਆਂ ਹਵੇਲੀਆਂ ਦੀਆਂ ਵੀਡੀਓ ਬਣਾਉਣ ਪਿੱਛੇ ਉਸਦਾ ਮਕਸਦ ਲੋਕਾਂ ਨੂੰ ਵਿੱਸਰਦੀ ਜਾ ਰਹੀ ਪੁਰਾਤਨ ਇਮਾਰਤਸਾਜ਼ੀ ਦੀ ਕਲਾ ਤੋਂ ਜਾਣੂ ਕਰਵਾਉਣਾ ਹੈ।
ਗੁਰੀ ਘਰਾਂਗਣਾ ਦੱਸਦੇ ਹਨ, “ਅਨੇਕਾਂ ਪ੍ਰਵਾਸੀ ਜੋ ਆਪਣਾ ਸਭ ਕੁੱਝ ਵੇਚ ਕੇ ਵਿਦੇਸ਼ ਵੱਸ ਗਏ ਹਨ ਨੇ ਮੇਰੀਆਂ ਵੀਡੀਓ ਦੇਖਣ ਤੋਂ ਬਾਅਦ ਆਪਣੇ ਜੱਦੀ ਪਿੰਡ ਵਿੱਚ ਪੁਰਾਤਨ ਹਵੇਲੀ ਬਣਾਉਣ ਦਾ ਫ਼ੈਸਲਾ ਕੀਤਾ ਹੈ।ਮੈਨੂੰ ਪੁਰਾਣੀਆਂ ਹਵੇਲੀਆਂ ਦੀਆਂ ਜਾਂ ਉਸ ਵਰਗੀਆਂ ਨਵੀਆਂ ਹਵੇਲੀਆਂ ਦੀਆਂ ਵੀਡੀਓ ਬਣਾਉਣ ਦੀਆਂ ਬਹੁਤ ਪੇਸ਼ਕਸ਼ ਹੋ ਰਹੀਆਂ ਹਨ।ਬਹੁਤ ਸਾਰੇ ਲੋਕ ਮੈਨੂੰ ਪੁਰਾਣੇ ਦਰਵਾਜ਼ੇ ਜਾਂ ਹੋਰ ਸਮਾਨ ਦੀ ਖ਼ਰੀਦ ਵੇਚ ਲਈ ਫ਼ੋਨ ਕਰਦੇ ਰਹਿੰਦੇ ਹਨ।ਮੈਂ ਲੋਕਾਂ ਦਾ ਆਪਸ ਵਿੱਚ ਸੰਪਰਕ ਵੀ ਕਰਵਾ ਦਿੰਦਾ ਹਾਂ।ਇਸ ਕੰਮ ਦਾ ਜਾਂ ਹਵੇਲੀਆਂ ਦੀ ਵੀਡੀਓ ਬਣਾਉਣ ਦਾ ਮੈਂ ਕਿਸੇ ਤੋਂ ਕੋਈ ਪੈਸਾ ਨਹੀਂ ਲੈ ਰਿਹਾ।ਇਹ ਮੇਰਾ ਸ਼ੌਕ ਹੈ।ਰੋਜ਼ੀ ਰੋਟੀ ਚਲਾਉਣ ਲਈ ਮੈਂ ਵਪਾਰਕ ਵੀਡੀਓ ਕਰਦਾ ਹਾਂ।”
ਗੁਰੀ ਘਰਾਂਗਣਾ ਨਾਲ ਪੂਰੀ ਗੱਲਬਾਤ ਤੁਸੀਂ ਹੇਠ ਲਿਖੇ ਲਿੰਕ ਤੇ ਦੇਖ ਸਕਦੇ ਹੋ
Be First to Comment