ਰੋਜ਼ਗਾਰ ਜਾਂ ਬਿਹਤਰ ਜ਼ਿੰਦਗੀ ਦੀ ਭਾਲ ਵਿੱਚ ਮਨੁੱਖ ਅਣਜਾਣੀਆਂ ਧਰਤੀਆਂ ਤੇ ਵੀ ਪ੍ਰਵਾਸ ਕਰ ਜਾਂਦਾ ਹੈ। ਬਿਹਤਰ ਜ਼ਿੰਦਗੀ ਲਈ ਪ੍ਰਵਾਸ ਕੋਈ ਨਵਾਂ ਵਰਤਾਰਾ ਨਹੀਂ ਹੈ ਪਰ ਆਪਣੀ ਜੰਮਣ ਭੋਇ ਦੀ ਖਿੱਚ ਮਨੁੱਖ ਨੂੰ ਹਮੇਸ਼ਾ ਰਹਿੰਦੀ ਹੈ ਚਾਹੇ ਉਹ ਵਿਦੇਸ਼ ਵਿੱਚ ਕਿੰਨਾ ਵੀ ਕਾਮਯਾਬ ਕਿਉਂ ਨਾ ਹੋ ਜਾਵੇ। ਆਪਣੇ ਕੰਮਕਾਰ ਦੇ ਜਾਲ ਇਨਸਾਨ ਅਜਿਹਾ ਬੁਣਦਾ ਹੈ ਕਿ ਚਾਹ ਕੇ ਵੀ ਇਸ ਵਿੱਚੋਂ ਨਿਕਲ ਕੇ ਵਾਪਸ ਆਪਣੇ ਵਤਨ ਨਹੀਂ ਪਰਤ ਸਕਦਾ ਪਰ ਕੁੱਝ ਲੋਕ ਹਮੇਸ਼ਾ ਹੁੰਦੇ ਹਨ ਜੋ ਵਹਿਣਾ ਤੋਂ ਉਲਟ ਚੱਲਣ ਦਾ ਮਾਦਾ ਰੱਖਦੇ ਹਨ।
ਅਜਿਹੇ ਹੀ ਇਨਸਾਨ ਹਨ ਫ਼ਰੀਦਕੋਟ ਜ਼ਿਲ੍ਹੇ ਦੇ ਪਿੰਡ ਮੱਤਾ ਦੇ ਰਹਿਣ ਵਾਲੇ ਭੁਪਿੰਦਰ ਸਿੰਘ। ਭੁਪਿੰਦਰ ਸਿੰਘ ਪਰਿਵਾਰ ਸਮੇਤ ਅਮਰੀਕਾ ਵਰਗੇ ਅਜਿਹੇ ਦੇਸ਼ ਵਿੱਚ ਜਾ ਕੇ ਵੱਸ ਗਏ ਸਨ ਜਿੱਥੇ ਪਹੁੰਚਣਾ ਅੱਜ ਲਗਭਗ ਹਰ ਪੰਜਾਬੀ ਦਾ ਸੁਪਨਾ ਹੈ।ਅਮਰੀਕਾ ਵਿੱਚ ਕਈ ਸਾਲ ਜ਼ਿੰਦਗੀ ਗੁਜ਼ਾਰਨ ਤੋਂ ਬਾਅਦ ਭੁਪਿੰਦਰ ਸਿੰਘ ਨੂੰ ਇਹ ਮਹਿਸੂਸ ਹੋਇਆ ਕਿ ਚੰਗੀ ਜ਼ਿੰਦਗੀ ਜਿਊਣ ਲਈ ਜਿੰਨੀ ਮਿਹਨਤ ਅਮਰੀਕਾ ਵਰਗੇ ਮੁਲਕ ਵਿੱਚ ਕਰਨੀ ਪੈਂਦੀ ਹੈ ਓਨੀ ਮਿਹਨਤ ਨਾਲ ਉਹ ਆਪਣੇ ਪਿੰਡ ਰਹਿ ਕੇ ਵੀ ਠੀਕ-ਠਾਕ ਜ਼ਿੰਦਗੀ ਬਸਰ ਕਰ ਸਕਦੇ ਹਨ। ਭੁਪਿੰਦਰ ਸਿੰਘ ਕਹਿੰਦੇ ਹਨ ਕਿ ਵੱਡੇ ਸ਼ਹਿਰ ਵਿੱਚ ਆਊਟਲੈੱਟ ਖੋਲ੍ਹਣ ਦੀ ਬਜਾਏ ਉਨ੍ਹਾਂ ਪਿੰਡ ਵਿੱਚ ਹੀ ਵਿਦੇਸ਼ਾਂ ਵਰਗਾ ਆਊਟਲੈੱਟ ਅਤੇ ਪ੍ਰੋਸੈਸਿੰਗ ਯੂਨਿਟ ਲਾਉਣ ਦਾ ਫ਼ੈਸਲਾ ਇਸ ਲਈ ਕੀਤਾ ਤਾਂ ਕਿ ਬਾਜ਼ਾਰ ਨੂੰ ਪਿੰਡਾਂ ਵੱਲੋਂ ਮੋੜਿਆ ਜਾ ਸਕੇ। ਭੁਪਿੰਦਰ ਸਿੰਘ ਦਾ ਇਹ ਵੀ ਕਹਿਣਾ ਹੈ ਕਿ ਵੱਡੀ ਇੰਡਸਟਰੀ ਦੀ ਬਜਾਏ ਇਸ ਤਰਾਂ ਦੇ ਲਘੂ ਉਦਯੋਗ ਵੱਧ ਤੋਂ ਵੱਧ ਪਿੰਡਾਂ ਵਿੱਚ ਲੱਗਣੇ ਚਾਹੀਦੇ ਹਨ ਤਾਂ ਜੋ ਵੱਧ ਤੋਂ ਵੱਧ ਲੋਕਾਂ ਨੂੰ ਰੋਜ਼ਗਾਰ ਮਿਲ ਸਕੇ।
ਹੇਠ ਲਿਖੇ ਲਿੰਕ ਨੂੰ ਖ਼ੋਲ ਕੇ ਤੁਸੀਂ ਭੁਪਿੰਦਰ ਸਿੰਘ ਦੇ ਕੰਮ ਬਾਰੇ ਹੋਰ ਜਾਣਕਾਰੀ ਹਾਸਲ ਕਰ ਸਕਦੇ ਹੋ।
ਭੁਪਿੰਦਰ ਸਿੰਘ ਨੇ ਅਮਰੀਕਾ ਵਰਗੇ ਦੇਸ਼ ਦੀ ਆਲੀਸ਼ਾਨ ਜ਼ਿੰਦਗੀ ਛੱਡ ਕੇ ਭਾਰਤ ਵਿੱਚ ਆਪਣੇ ਪਿੰਡ ਵਿਚ ਕੁਝ ਨਵਾਂ ਕਰਨ ਦਾ ਮਨ ਬਣਾਇਆ। ਕੁਝ ਖੋਜ ਕਰਨ ਤੋਂ ਬਾਅਦ, ਉਸਨੇ ਆਪਣੇ ਖੇਤ ਵਿੱਚ ਇੱਕ ਆਊਟਲੈਟ ਅਤੇ ਪ੍ਰੋਸੈਸਿੰਗ ਯੂਨਿਟ ਖੋਲ੍ਹਣ ਦਾ ਫੈਸਲਾ ਕੀਤਾ। ਇੱਥੇ ਭੁਪਿੰਦਰ ਸਿੰਘ ਫਲਾਂ ਦਾ ਜੂਸ ਅਤੇ ਹੋਰ ਖਾਣ-ਪੀਣ ਦੀਆਂ ਵਸਤਾਂ ਤਿਆਰ ਕਰਦੇ ਹਨ। ਸਾਰੇ ਉਤਪਾਦਾਂ ਨੂੰ ਫਾਰਮ ‘ਤੇ ਜੈਵਿਕ ਤੌਰ ‘ਤੇ ਪੈਕ ਕੀਤਾ ਜਾਂਦਾ ਹੈ ਅਤੇ ਉੱਥੇ ਸਥਾਪਿਤ ਆਊਟਲੇਟ ‘ਤੇ ਵੇਚਿਆ ਜਾਂਦਾ ਹੈ। ਭੁਪਿੰਦਰ ਸਿੰਘ ਔਰਤ ਕਿਸਾਨਾਂ ਨੂੰ ਆਊਟਸੋਰਸਿੰਗ ਕਰਕੇ ਰੁਜ਼ਗਾਰ ਵੀ ਮੁਹੱਈਆ ਕਰਵਾ ਰਹੇ ਹਨ। ਭੁਪਿੰਦਰ ਸਿੰਘ ਦਾ ਕਹਿਣਾ ਹੈ ਕਿ ਇਹ ਉਨ੍ਹਾਂ ਦਾ ਸ਼ੁੱਧ ਧੰਦਾ ਨਹੀਂ ਸਗੋਂ ਇੱਕ ਜਾਗਰੂਕਤਾ ਮੁਹਿੰਮ ਹੈ ਤਾਂ ਜੋ ਕਿਸਾਨ ਖੇਤੀ ਤੋਂ ਆਮਦਨ ਪ੍ਰਾਪਤ ਕਰਨ ਦੇ ਵੱਖ-ਵੱਖ ਤਰੀਕੇ ਸਿੱਖ ਸਕਣ।
Be First to Comment