Press "Enter" to skip to content

ਅਣਖ ਨਾਲ ਰੋਟੀ ਕਮਾਉਂਦੀ ਮਾਂ, ਜਿਸ ‘ਤੇ ਸਾਰੇ ਕਰਦੇ ਨੇ ਮਾਣ

ਲੁਧਿਆਣਾ ਸ਼ਹਿਰ ਦੀ ਰਹਿਣ ਵਾਲੀ ਸੰਜਨਾ ਦੀ ਕਹਾਣੀ ਹਿੰਮਤ, ਮਿਹਨਤ ਅਤੇ ਆਤਮਨਿਰਭਰਤਾ ਦੀ ਪ੍ਰੇਰਣਾਦਾਇਕ ਮਿਸਾਲ ਹੈ। ਜਿੱਥੇ ਜ਼ਿੰਦਗੀ ਨੇ ਉਸਦਾ ਕਈ ਵਾਰ ਇਮਤਿਹਾਨ ਲਿਆ, ਉੱਥੇ ਉਸਨੇ ਹੌਸਲੇ ਨਾਲ ਹਰ ਮੁਸ਼ਕਲ ਦਾ ਸਾਹਮਣਾ ਕਰਦੇ ਹੋਏ ਆਪਣੇ ਅਤੇ ਆਪਣੇ ਬੱਚੇ ਦੇ ਭਵਿੱਖ ਲਈ ਨਵਾਂ ਰਾਹ ਚੁਣਿਆ। ਲਗਭਗ ਸੱਤ ਸਾਲ ਪਹਿਲਾਂ ਸੰਜਨਾ ਦੇ ਪਤੀ ਨੇ ਉਸਨੂੰ ਇਕੱਲਾ ਛੱਡ ਦਿੱਤਾ। ਇਸ ਔਖੇ ਸਮੇਂ ਵਿੱਚ ਉਹ ਆਪਣੇ ਪੇਕੇ ਘਰ ਆ ਗਈ ਅਤੇ ਕਿਰਾਏ ਦੇ ਮਕਾਨ ਵਿੱਚ ਆਪਣੇ ਬੱਚੇ ਨਾਲ ਰਹਿਣ ਲੱਗ ਪਈ। ਘਰ ਦੇ ਗੁਜ਼ਾਰੇ ਅਤੇ ਬੱਚੇ ਦੇ ਭਵਿੱਖ ਦੀ ਜ਼ਿੰਮੇਵਾਰੀ ਹੁਣ ਸਿਰਫ ਉਸਦੇ ਮੱਥੇ ਸੀ।

ਨੌਕਰੀ ਤੋਂ ਸਟਾਰਟਅੱਪ ਤੱਕ ਦਾ ਸਫਰ
ਸ਼ੁਰੂਆਤੀ ਦੌਰ ਵਿੱਚ ਸੰਜਨਾ ਨੇ ਕਈ ਥਾਵਾਂ ‘ਤੇ ਨੌਕਰੀ ਕੀਤੀ ਤਾਂ ਜੋ ਘਰ ਦਾ ਖਰਚਾ ਚੱਲ ਸਕੇ। ਪਰ ਕੁਝ ਕਾਰਨਾਂ ਕਰਕੇ ਉਸਨੂੰ ਉਹ ਕੰਮ ਛੱਡਣੇ ਪਏ। ਹਾਲਾਤਾਂ ਅੱਗੇ ਹਾਰ ਮੰਨਣ ਦੀ ਬਜਾਏ ਉਸਨੇ ਖੁਦ ਦਾ ਰੁਜ਼ਗਾਰ ਸ਼ੁਰੂ ਕਰਨ ਦਾ ਫੈਸਲਾ ਕੀਤਾ। ਉਸਨੇ ਆਪਣੇ ਖਾਣਾ ਬਣਾਉਣ ਦੇ ਹੁਨਰ ਨੂੰ ਆਪਣੀ ਤਾਕਤ ਬਣਾਇਆ। ਘਰ ਤੋਂ ਹੀ ਦਾਲ, ਚਾਵਲ, ਕੜੀ ਅਤੇ ਰੋਟੀਆਂ ਬਣਾ ਕੇ ਉਸਨੇ ਆਪਣੇ ਫੂਡ ਸਟਾਰਟਅੱਪ ਦੀ ਸ਼ੁਰੂਆਤ ਕੀਤੀ। ਅੱਜ ਸੰਜਨਾ ਲੁਧਿਆਣਾ ਦੇ GNE ਕਾਲਜ ਨੇੜੇ ਆਪਣੀ ਫੂਡ ਸਟਾਲ ਲਗਾਉਂਦੀ ਹੈ। ਸਵੇਰੇ ਜਲਦੀ ਉੱਠ ਕੇ ਉਹ ਪਹਿਲਾਂ ਖਾਣਾ ਤਿਆਰ ਕਰਦੀ ਹੈ ਅਤੇ ਫਿਰ ਆਪਣੇ ਪਿਤਾ ਦੀ ਮਦਦ ਨਾਲ ਸਟਾਲ ਲਗਾਉਂਦੀ ਹੈ। ਸਵੇਰ ਤੋਂ ਸ਼ਾਮ ਤੱਕ ਉਹ ਆਪਣੇ ਕੰਮ ਵਿੱਚ ਰੁਝੀ ਰਹਿੰਦੀ ਹੈ।

ਮਾਪਿਆਂ ‘ਤੇ ਬੋਝ ਨਹੀਂ, ਬਣਨਾ ਚਾਹੁੰਦੀ ਸੀ ਆਤਮਨਿਰਭਰ
ਸੰਜਨਾ ਦੱਸਦੀ ਹੈ ਕਿ ਉਹ ਆਪਣੇ ਪੇਕੇ ਘਰ ਆ ਕੇ ਆਪਣੇ ਮਾਪਿਆਂ ਉੱਤੇ ਬੋਝ ਨਹੀਂ ਬਣਨਾ ਚਾਹੁੰਦੀ ਸੀ। ਉਸਦਾ ਵਿਸ਼ਵਾਸ ਹੈ ਕਿ ਇਨਸਾਨ ਨੂੰ ਆਪਣੀ ਮਿਹਨਤ ਨਾਲ ਕਮਾਈ ਕਰਕੇ ਆਪਣਾ ਗੁਜ਼ਾਰਾ ਕਰਨਾ ਚਾਹੀਦਾ ਹੈ। ਇੱਕਲੀ ਔਰਤ ਹੋਣ ਦੇ ਨਾਤੇ ਉਸਨੂੰ ਕਈ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ, ਪਰ ਉਸਦਾ ਹੌਸਲਾ ਕਦੇ ਵੀ ਟੁੱਟਿਆ ਨਹੀਂ। ਉਹ ਕਹਿੰਦੀ ਹੈ ਕਿ ਕਈ ਵਾਰ ਕੰਮ ਦੌਰਾਨ ਮੁਸ਼ਕਿਲ ਘੜੀਆਂ ਵੀ ਆਉਂਦੀਆਂ ਹਨ, ਪਰ ਉਹ ਹਰ ਔਖੇ ਸਮੇਂ ਵਿੱਚ ਵਾਹਿਗੁਰੂ ਦਾ ਆਸਰਾ ਲੈ ਕੇ ਅੱਗੇ ਵਧਦੀ ਰਹਿੰਦੀ ਹੈ।

ਬੱਚੇ ਦੇ ਚੰਗੇ ਭਵਿੱਖ ਲਈ ਕਰ ਰਹੀ ਹੈ ਮਿਹਨਤ
ਸੰਜਨਾ ਚਾਹੁੰਦੀ ਹੈ ਕਿ ਉਸਦਾ ਬੱਚਾ ਚੰਗੀ ਪੜਾਈ-ਲਿਖਾਈ ਕਰਕੇ ਭਵਿੱਖ ਵਿੱਚ ਕਾਮਯਾਬ ਹੋਵੇ। ਉਸਨੇ ਖੁਦ ਬਹੁਤ ਔਖਾ ਸਮਾਂ ਦੇਖਿਆ ਹੈ, ਇਸ ਲਈ ਉਹ ਆਪਣੇ ਬੱਚੇ ਨੂੰ ਹਰ ਸੁਵਿਧਾ ਦੇਣਾ ਚਾਹੁੰਦੀ ਹੈ। ਉਸਦੀ ਹਰ ਰੋਜ਼ ਦੀ ਮਿਹਨਤ ਸਿਰਫ ਰੋਜ਼ੀ-ਰੋਟੀ ਲਈ ਨਹੀਂ, ਸਗੋਂ ਆਪਣੇ ਬੱਚੇ ਦੇ ਚੰਗੇ ਭਵਿੱਖ ਲਈ ਹੈ।

ਹੌਸਲੇ ਨਾਲ ਬਦਲਦੀ ਤਕਦੀਰ
ਸੰਜਨਾ ਦੀ ਕਹਾਣੀ ਇਹ ਸਾਬਤ ਕਰਦੀ ਹੈ ਕਿ ਜੇ ਹੌਸਲਾ ਮਜ਼ਬੂਤ ਹੋਵੇ ਤਾਂ ਕੋਈ ਵੀ ਮੁਸ਼ਕਿਲ ਇਨਸਾਨ ਨੂੰ ਰੋਕ ਨਹੀਂ ਸਕਦੀ। ਲੁਧਿਆਣਾ ਵਿੱਚ ਆਪਣਾ ਫੂਡ ਸਟਾਰਟਅੱਪ ਚਲਾ ਰਹੀ ਇਹ ਮਹਿਲਾ ਅੱਜ ਕਈਆਂ ਲਈ ਪ੍ਰੇਰਣਾ ਬਣ ਚੁੱਕੀ ਹੈ। ਸੰਜਨਾ ਦੇ ਸੰਘਰਸ਼ ਬਾਰੇ ਹੋਰ ਜਾਨਣ ਲਈ ਤੁਸੀਂ ਹੇਠਾਂ ਦਿੱਤੀ ਵੀਡੀਓ ਵੇਖ ਸਕਦੇ ਹੋ।

More from MotivationalMore posts in Motivational »

Be First to Comment

Leave a Reply

Your email address will not be published. Required fields are marked *