ਭਦੌੜ ਸ਼ਹਿਰ ਦਾ ਪੰਜਾਬੀ ਮਿਊਜ਼ਿਕ ਇੰਡਸਟਰੀ ਵਿੱਚ ਅਹਿਮ ਸਥਾਨ ਰਿਹਾ ਹੈ। ਭਦੌੜ ਨਾਲ ਕੁਲਦੀਪ ਮਾਣਕ, ਮੁਹੰਮਦ ਸਦੀਕ ਅਤੇ ਨਛੱਤਰ ਛੱਤਾ ਵਰਗੇ ਵੱਡੇ ਗਾਇਕਾਂ ਦੇ ਨਾਮ ਜੁੜੇ ਹੋਏ ਹਨ। ਸੰਗੀਤ ਪ੍ਰੇਮੀ ਬਿੰਦਰ ਸਿੰਘ ਇਸੇ ਭਦੌੜ ਸ਼ਹਿਰ ਦੇ ਰਹਿਣ ਵਾਲੇ ਹਨ। ਬਿੰਦਰ ਸਿੰਘ ਨੂੰ ਇਸ ਸ਼ਹਿਰ ਦੇ ਵਿਰਸੇ ਵਿੱਚੋਂ ਹੀ ਸੰਗੀਤ ਸੰਗ੍ਰਹਿ ਕਰਤਾ ਬਣਨ ਦੀ ਮੁਹਾਰਤ ਹਾਸਲ ਹੋਈ ਹੈ।
ਬਿੰਦਰ ਸਿੰਘ ਦੱਸਦੇ ਹਨ ਕਿ ਬਚਪਨ ਤੋਂ ਹੀ ਉਨ੍ਹਾਂ ਨੂੰ ਸੰਗੀਤ ਨਾਲ ਪਿਆਰ ਸੀ। ਸੰਗੀਤ ਦਾ ਇਹ ਸ਼ੌਕ ਹੌਲੀ-ਹੌਲੀ ਦੁਰਲੱਭ ਰਿਕਾਰਡ ਸਾਂਭਣ ਵਿੱਚ ਤਬਦੀਲ ਹੋ ਗਿਆ। ਬਿੰਦਰ ਸਿੰਘ ਨੇ ਪੰਜਾਬੀ ਸੰਗੀਤ ਦੇ ਉਸ ਅਨਮੋਲ ਖ਼ਜ਼ਾਨੇ ਨੂੰ ਸੰਭਾਲ ਕੇ ਰੱਖਿਆ ਹੈ ਜੋ ਬਹੁਤ ਹੀ ਦੁਰਲੱਭ ਹੈ। ਬਿੰਦਰ ਸਿੰਘ ਕੋਲ ਕਈ ਕਿਸਮ ਦੇ ਗਰਾਮੋਫ਼ੋਨ ਸੰਭਾਲੇ ਹੋਏ ਹਨ।
ਸੰਗੀਤਕ ਤਵਿਆਂ ਦਾ ਬਿੰਦਰ ਸਿੰਘ ਕੋਲ ਵੱਡਾ ਭੰਡਾਰ ਹੈ। ਕਈ ਅਜਿਹੇ ਸੰਗੀਤਕ ਤਵੇ ਵੀ ਹਨ ਜੋ ਇੰਨਾ ਵਿਚਲੀ ਆਵਾਜ਼ ਦੇ ਮਾਲਕ ਗਾਇਕਾਂ ਜਾਂ ਤਵੇ ਜਾਰੀ ਕਰਨ ਵਾਲੀਆਂ ਕੰਪਨੀਆਂ ਕੋਲ ਵੀ ਨਹੀਂ ਹਨ। ਬਿੰਦਰ ਸਿੰਘ ਕਹਿੰਦੇ ਹਨ ਕਿ ਸਾਧਾਰਨ ਨਿਮਨ ਮੱਧ ਵਰਗੀ ਪਰਿਵਾਰ ਵਿੱਚ ਪੈਦਾ ਹੋਣ ਕਰਕੇ ਇਹ ਸ਼ੌਕ ਪਾਲਣਾ ਉਨ੍ਹਾਂ ਲਈ ਸੌਖਾ ਕੰਮ ਨਹੀਂ ਸੀ ਕਿਉਂਕਿ ਇਹ ਤਵੇ ਅਲੱਗ-ਅਲੱਗ ਥਾਵਾਂ ਤੋਂ ਲੱਭ ਕੇ ਖ਼ਰੀਦਣੇ ਪੈਂਦੇ ਹਨ ਅਤੇ ਕਈ ਵਾਰ ਤਾਂ ਇੱਕ-ਇੱਕ ਤਵੇ ਲਈ ਹਜ਼ਾਰਾਂ ਰੁਪਏ ਦੇਣੇ ਪੈਂਦੇ ਹਨ।
ਪੰਜਾਬੀ ਸੰਗੀਤ ਦੇ ਸ਼ੌਕੀਨ ਬਿੰਦਰ ਸਿੰਘ ਕੋਲ ਅਕਸਰ ਆਉਂਦੇ ਰਹਿੰਦੇ ਹਨ। ਗਾਇਕ ਹੰਸ ਰਾਜ ਹੰਸ ਸਮੇਤ ਅਨੇਕਾਂ ਮਸ਼ਹੂਰ ਪੰਜਾਬੀ ਗਾਇਕ ਉਸਦਾ ਸੰਗੀਤਕ ਸੰਗ੍ਰਹਿ ਵੇਖਣ ਆ ਚੁੱਕੇ ਹਨ। ਬਿੰਦਰ ਸਿੰਘ ਪੰਜਾਬੀ ਸੰਗੀਤ ਪ੍ਰੇਮੀਆਂ ਅਤੇ ਗਾਇਕਾਂ ਲਈ ਕਿਸੇ ਵਿਸ਼ਵ ਕੋਸ ਤੋਂ ਘੱਟ ਨਹੀਂ ਹੈ।
ਹੇਠਲੀ ਵੀਡੀਓ ਵਿੱਚ ਤੁਸੀਂ ਬਿੰਦਰ ਸਿੰਘ ਦੇ ਸੰਗ੍ਰਹਿ ਸਬੰਧੀ ਹੋਰ ਜਾਣਕਾਰੀ ਹਾਸਲ ਕਰ ਸਕਦੇ ਹੋ।
Be First to Comment