ਕੁਦਰਤ ਜਦੋਂ ਹੁਨਰ ਬਖ਼ਸ਼ਦੀ ਹੈ ਤਾਂ ਅਮੀਰ ਗ਼ਰੀਬ ਨਹੀਂ ਦੇਖਦੀ। ਇਸੇ ਲਈ ਕੁਦਰਤ ਦੀਆਂ ਦਾਤਾਂ ਅਨਮੋਲ ਕਹੀਆਂ ਜਾਂਦੀਆਂ ਹਨ। ਪੰਜਾਬ ਦੇ ਸ਼ਹਿਰ ਬਰਨਾਲਾ ਦੀ ਝੁੱਗੀ ਬਸਤੀ ਵਿੱਚ ਰਹਿੰਦੀਆਂ ਦੋ ਸਕੀਆਂ ਭੈਣਾਂ ਨੂੰ ਕੁਦਰਤ ਨੇ ਅਜਿਹਾ ਗਾਉਣ ਦਾ ਹੁਨਰ ਬਖ਼ਸ਼ਿਆ ਹੈ ਕਿ ਸੁਣਨ ਵਾਲਾ ਸਿਫ਼ਤ ਕਰੇ ਬਿਨਾ ਨਹੀਂ ਰਹਿ ਸਕਦਾ।
ਬਰਨਾਲਾ ਦੇ 25 ਏਕੜ ਦੀਆਂ ਝੁੱਗੀਆਂ ਝੋਂਪੜੀਆਂ ਵਿੱਚ ਰਹਿੰਦੀਆਂ ਵਰਖਾ ਅਤੇ ਸ਼ਾਲੂ ਬਚਪਨ ਤੋਂ ਹੀ ਗਾਉਣ ਦਾ ਸ਼ੌਕ ਰੱਖਦੀਆਂ ਹਨ। ਜੋਗੀ ਬਿਰਾਦਰੀ ਨਾਲ ਸਬੰਧ ਰੱਖਣ ਵਾਲੀਆਂ ਇੰਨਾ ਭੈਣਾਂ ਦਾ ਜਨਮ ਅਤਿ ਦੀ ਗ਼ਰੀਬੀ ਵਿੱਚ ਹੋਇਆ। ਮਾਂ ਲੋਕਾਂ ਦੇ ਘਰਾਂ ਵਿੱਚ ਕੰਮ ਕਰਦੀ ਅਤੇ ਪਿਤਾ ਕਬਾੜ ਦਾ ਕੰਮ ਕਰਦੇ ਹਨ। ਪੰਜ ਭੈਣਾਂ ਚੋਂ ਵੱਡੀਆਂ ਸ਼ਾਲੂ ਅਤੇ ਵਰਖਾ ਨੂੰ ਵੀ ਰੋਟੀ ਦੇ ਜੁਗਾੜ ਲਈ ਬਚਪਨ ਵਿੱਚ ਹੀ ਮਾਂ-ਬਾਪ ਨਾਲ ਕੰਮ ਕਰਵਾਉਣਾ ਪਿਆ। ਦਿਨ ਵੇਲੇ ਇਹ ਬੱਚੀਆਂ ਕੰਮ ਕਰਦੀਆਂ ਅਤੇ ਸ਼ਾਮ ਨੂੰ ਇੱਕ ਗੈਰ ਸਰਕਾਰੀ ਸੰਸਥਾ ਵੱਲੋਂ ਚਲਾਏ ਸਕੂਲ ਵਿੱਚ ਪੜ੍ਹਨ ਜਾਂਦੀਆਂ।
ਮਾਪਿਆਂ ਨੂੰ ਬੱਚੀਆਂ ਦੇ ਹੁਨਰ ਦੀ ਪਛਾਣ ਹੋਈ ਤਾਂ ਉਨ੍ਹਾਂ ਆਪਣੀਆਂ ਬੱਚੀਆਂ ਨੂੰ ਗਾਇਕੀ ਦੀ ਤਾਲੀਮ ਦਿਵਾਉਣ ਲਈ ਹੋਰ ਮਿਹਨਤ ਕਰਨੀ ਸ਼ੁਰੂ ਕਰ ਦਿੱਤੀ। ਅੱਤ ਦੀ ਗ਼ਰੀਬੀ ਹੰਢਾਉਣ ਦੇ ਬਾਵਜੂਦ ਉਨ੍ਹਾਂ ਦੇ ਮਾਂ-ਪਿਓ ਆਪਣੀਆਂ ਬੱਚੀਆਂ ਦੇ ਗਾਉਣ ਦੇ ਹੁਨਰ ਨੂੰ ਨਿਖਾਰਨ ਦੇ ਲਈ ਖ਼ੁਦ ਕਈ ਘਰਾਂ ਵਿੱਚ ਕੰਮ ਕਰਕੇ ਟੱਬਰ ਦੀ ਗੁਜ਼ਰ ਬਸਰ ਕਰ ਰਹੇ ਹਨ। ਸੰਗੀਤ ਦੀ ਸਿੱਖਿਆ ਲਈ ਆਪਣੇ ਸ਼ਹਿਰ ਤੋਂ ਲੁਧਿਆਣਾ ਜਾਣ ਸਮੇਂ ਕਈ ਵਾਰ ਇਨ੍ਹਾਂ ਕੋਲ ਬੱਸ ਦਾ ਕਿਰਾਇਆ ਵੀ ਨਹੀਂ ਹੁੰਦਾ ਤਾਂ ਸ਼ਹਿਰ ਦੇ ਕੁੱਝ ਦਾਨੀ ਸੱਜਣ ਇਨ੍ਹਾਂ ਦੀ ਮਦਦ ਕਰਦੇ ਹਨ।
ਸ਼ਾਲੂ ਅਤੇ ਵਰਖਾ ਗਾਇਕੀ ਵਿੱਚ ਨਾਂ ਬਣਾਉਣਾ ਚਾਹੁੰਦੀਆਂ ਹਨ ਤਾਂ ਜੋ ਆਪਣੇ ਮਾਪਿਆਂ ਅਤੇ ਭੈਣਾਂ ਨੂੰ ਚੰਗੀ ਜ਼ਿੰਦਗੀ ਦੇ ਸਕਣ। ਇਨ੍ਹਾਂ ਬੱਚੀਆਂ ਦੀ ਜ਼ਿੰਦਗੀ ਅਤੇ ਗਾਇਕੀ ਬਾਰੇ ਹੋਰ ਜਾਣਨ ਲਈ ਤੁਸੀਂ ਹੇਠਲੀ ਵੀਡੀਓ ਦੇਖ ਸਕਦੇ ਹੋ।
ਗਾਇਕੀ ਦੇ ਸ਼ੌਕ ਲਈ ਗ਼ਰੀਬੀ ਨਾਲ ਮੱਥਾ ਲਾਉਂਦੀਆਂ ਜੋਗਣਾਂ
More from EntertainmentMore posts in Entertainment »
Be First to Comment