ਬਾਪੂ ਭੀਮ ਸਿੰਘ ਦਾ ਬਿਆਨ, ਇੱਕ ਟੁੱਟੇ ਹੋਏ ਬਾਪ ਦਾ ਦਰਦ ਅਤੇ ਹਮਦਰਦੀ ਦੇ ਨਾਂ ‘ਤੇ ਹੋ ਰਹੀ ਸਿਆਸਤ
ਬਾਪੂ ਭੀਮ ਸਿੰਘ ਵੱਲੋਂ ਭਾਨੇ ਸਿੱਧੂ ਦੇ ਹੱਕ ਵਿੱਚ ਬੋਲਦਿਆਂ ਅਮਨ ਅਰੋੜਾ, ਭਗਵੰਤ ਮਾਨ ਅਤੇ ਹਰਪਾਲ ਸਿੰਘ ਚੀਮਾ ਦੀਆਂ ਧੀਆਂ ਦੇ ਰਿਸ਼ਤਿਆਂ ਬਾਰੇ ਕੀਤੀ ਗਈ ਟਿੱਪਣੀ ਤੋਂ ਪੰਜਾਬ ਦੇ ਬਹੁਤ ਸਾਰੇ ਲੋਕ ਖ਼ਫ਼ਾ ਹਨ। ਕਿਸੇ ਦੀਆਂ ਧੀਆਂ ਨੂੰ ਇਸ ਤਰ੍ਹਾਂ ਸਿਆਸੀ ਬਹਿਸ ਵਿੱਚ ਲਿਆਉਣਾ ਠੀਕ ਨਹੀਂ। ਪਰ ਮੈਂ ਇਸ ਮਾਮਲੇ ਨੂੰ ਇੱਕ ਹੋਰ ਨਜ਼ਰੀਏ ਤੋਂ ਵੀ ਵੇਖਣਾ ਚਾਹੁੰਦਾ ਹਾਂ। ਉਹ ਹੈ ਇੱਕ ਜਵਾਨ ਪੁੱਤ ਗੁਆ ਚੁੱਕੇ ਬਜ਼ੁਰਗ ਬਾਪ ਦੀ ਮਨੋਵਿਗਿਆਨਕ ਹਾਲਤ।
ਗੁੱਸਾ ਹਮੇਸ਼ਾ ਸਿਰਫ਼ ਗੁੱਸਾ ਨਹੀਂ ਹੁੰਦਾ। ਕਈ ਵਾਰ ਉਸ ਦੇ ਪਿੱਛੇ ਦਬਿਆ ਹੋਇਆ ਰੋਣਾ, ਬੇਬਸੀ, ਡਰ ਅਤੇ ਅਸਹਿ ਦੁੱਖ ਹੁੰਦਾ ਹੈ। ਜਦੋਂ ਮਨੁੱਖ ਆਪਣੇ ਹੰਝੂ ਰੋਕਦਾ ਹੈ ਤਾਂ ਕਈ ਵਾਰ ਉਹੀ ਦਰਦ ਗੁੱਸੇ ਦੇ ਰੂਪ ਵਿੱਚ ਬਾਹਰ ਆ ਜਾਂਦਾ ਹੈ। ਡੂੰਘੇ ਸਦਮੇ ਵਿੱਚ ਭਾਵਨਾਵਾਂ ਦਾ ਉਤਰਾਅ-ਚੜ੍ਹਾਅ ਹੋਣਾ ਸੁਭਾਵਿਕ ਹੈ। ਕਦੇ ਮਨੁੱਖ ਦਲੇਰੀ ਦੀਆਂ ਗੱਲਾਂ ਕਰਦਾ ਹੈ, ਕਦੇ ਗੁੱਸੇ ਵਿੱਚ ਬੋਲਦਾ ਹੈ, ਕਦੇ ਹੱਸ ਪੈਂਦਾ ਹੈ ਅਤੇ ਕਦੇ ਬਿਲਕੁਲ ਚੁੱਪ ਹੋ ਜਾਂਦਾ ਹੈ। ਕੁਝ ਹਾਲਾਤ ਵਿੱਚ ਮਨੁੱਖ ਆਪਣੇ ਆਲੇ-ਦੁਆਲੇ ਜਾਂ ਆਪਣੀਆਂ ਭਾਵਨਾਵਾਂ ਤੋਂ ਕੱਟਿਆ ਹੋਇਆ ਵੀ ਮਹਿਸੂਸ ਕਰ ਸਕਦਾ ਹੈ, ਜਿਸ ਨੂੰ ਮਨੋਵਿਗਿਆਨ ਵਿੱਚ Dissociation ਕਹਿੰਦੇ ਹਨ। ਇਹ Hallucination ਤੋਂ ਵੱਖਰੀ ਗੱਲ ਹੈ। ਬੇਸ਼ੱਕ ਬਿਨਾਂ ਕਿਸੇ ਮਨੋਵਿਗਿਆਨਕ ਮੁਲਾਂਕਣ ਦੇ ਬਾਪੂ ਦੀ ਮਾਨਸਿਕ ਅਵਸਥਾ ਬਾਰੇ ਕੋਈ ਪੱਕਾ ਨਤੀਜਾ ਨਹੀਂ ਕੱਢਿਆ ਜਾ ਸਕਦਾ।
ਤੁਸੀਂ ਪੰਜਾਬ ਦੇ ਪਿੰਡਾਂ ਵਿੱਚ ਅਕਸਰ ਵੇਖਿਆ ਹੋਵੇਗਾ ਕਿ ਜਦੋਂ ਕਿਸੇ ਘਰ ਦਾ ਜਵਾਨ ਪੁੱਤ ਚਲਾ ਜਾਂਦਾ ਹੈ ਤਾਂ ਸੱਥਰ ਉੱਤੇ ਬੈਠਾ ਬਾਪ ਜਾਂ ਭਰਾ ਕਦੇ ਬੜੀ ਦਲੇਰੀ ਦੀਆਂ ਗੱਲਾਂ ਕਰਦਾ ਹੈ, ਕਦੇ ਪੁਰਾਣੀਆਂ ਯਾਦਾਂ ਸੁਣਾਉਂਦਾ ਹੈ, ਕਦੇ ਹੱਸ ਵੀ ਪੈਂਦਾ ਹੈ। ਉਸ ਸਮੇਂ ਵੀ ਅੰਦਰੋਂ ਦਿਲ ਰੋ ਰਿਹਾ ਹੁੰਦਾ ਹੈ, ਪਰ ਲੋਕਾਂ ਦਾ ਇਕੱਠ, ਉਨ੍ਹਾਂ ਦੀ ਹਮਦਰਦੀ ਅਤੇ ਮਿਲ ਰਿਹਾ ਹੌਸਲਾ ਉਸ ਨੂੰ ਕੁਝ ਸਮੇਂ ਲਈ ਸੰਭਾਲੀ ਰੱਖਦਾ ਹੈ।
ਅਸਲ ਇਮਤਿਹਾਨ ਤਾਂ ਉਦੋਂ ਸ਼ੁਰੂ ਹੁੰਦਾ ਹੈ ਜਦੋਂ ਸੱਥਰ ਉੱਠ ਜਾਂਦਾ ਹੈ। ਜਦੋਂ ਲੋਕ ਆਪੋ-ਆਪਣੇ ਘਰਾਂ ਨੂੰ ਚਲੇ ਜਾਂਦੇ ਹਨ, ਨਾਅਰੇ ਚੁੱਪ ਹੋ ਜਾਂਦੇ ਹਨ ਅਤੇ ਘਰ ਵਿੱਚ ਉਹ ਖ਼ਾਲੀ ਥਾਂ ਸਾਹਮਣੇ ਆ ਜਾਂਦੀ ਹੈ ਜਿਸ ਨੂੰ ਕੋਈ ਭਰ ਨਹੀਂ ਸਕਦਾ। ਉਦੋਂ ਕਈ ਵਾਰ ਨਾ ਉਹ ਦਲੇਰੀ ਰਹਿੰਦੀ ਹੈ, ਨਾ ਹਾਸਾ, ਸਿਰਫ਼ ਇੱਕ ਡੂੰਘੀ ਉਦਾਸੀ ਰਹਿ ਜਾਂਦੀ ਹੈ।
ਸਾਡੇ ਪੰਜਾਬੀ ਸੱਭਿਆਚਾਰ ਵਿੱਚ ਸੱਥਰ ਉੱਤੇ ਕਈ ਦਿਨ ਬੈਠਣ ਅਤੇ ਦੁੱਖ ਵੰਡਾਉਣ ਦੀ ਰਵਾਇਤ ਦਾ ਵੀ ਇੱਕ ਮਨੋਵਿਗਿਆਨਕ ਪੱਖ ਹੈ। ਕੋਈ ਮਿਲਣ ਆਉਂਦਾ ਹੈ, ਪਹਿਲਾਂ ਵਿਛੜੇ ਹੋਏ ਜੀਅ ਦੀ ਗੱਲ ਚੱਲਦੀ ਹੈ, ਹੰਝੂ ਨਿਕਲਦੇ ਹਨ। ਫਿਰ ਕੋਈ ਕੋਲ ਬੈਠਾ ਬੰਦਾ ਹੌਸਲਾ ਦਿੰਦਾ ਹੈ, ਹੋਰ ਗੱਲ ਛੇੜ ਦਿੰਦਾ ਹੈ। ਮਨੁੱਖ ਕੁਝ ਸਮੇਂ ਲਈ ਉਸ ਦੁੱਖ ਤੋਂ ਬਾਹਰ ਆਉਂਦਾ ਹੈ। ਫਿਰ ਕੋਈ ਹੋਰ ਆਉਂਦਾ ਹੈ ਅਤੇ ਦੁੱਖ ਦੀ ਗੱਲ ਦੁਬਾਰਾ ਸ਼ੁਰੂ ਹੋ ਜਾਂਦੀ ਹੈ।
Somatic Experiencing ਵਿੱਚ ਇੱਕ ਪ੍ਰਕਿਰਿਆ ਨੂੰ Pendulation ਕਿਹਾ ਜਾਂਦਾ ਹੈ। ਇਸ ਵਿੱਚ ਨਰਵਸ ਸਿਸਟਮ ਤਣਾਅ ਜਾਂ ਦਰਦ ਵਾਲੀ ਅਵਸਥਾ ਅਤੇ ਤੁਲਨਾਤਮਕ ਸੁਰੱਖਿਆ ਜਾਂ ਸਹਿਜਤਾ ਵਾਲੀ ਅਵਸਥਾ ਵਿਚਕਾਰ ਹੌਲੀ-ਹੌਲੀ ਆਉਂਦਾ-ਜਾਂਦਾ ਹੈ। ਸੱਥਰ ਉੱਤੇ ਦੁੱਖ ਅਤੇ ਹੌਸਲੇ ਵਿਚਕਾਰ ਹੁੰਦੀ ਇਹ ਤਬਦੀਲੀ ਮੈਨੂੰ ਇਸ ਪ੍ਰਕਿਰਿਆ ਨਾਲ ਕੁਝ ਮਿਲਦੀ-ਜੁਲਦੀ ਲੱਗਦੀ ਹੈ। ਇਸ ਦਾ ਮਤਲਬ ਕਿਸੇ ਨੂੰ ਜ਼ਬਰਦਸਤੀ ਰੁਆਉਣਾ ਨਹੀਂ, ਸਗੋਂ ਉਸ ਨੂੰ ਆਪਣੀ ਸਮਰੱਥਾ ਅਨੁਸਾਰ ਦੁੱਖ ਮਹਿਸੂਸ ਕਰਨ ਅਤੇ ਉਸ ਵਿੱਚੋਂ ਕੁਝ ਰਾਹਤ ਲੈਣ ਲਈ ਸਹਾਰਾ ਦੇਣਾ ਹੈ।

ਹੁਣ ਬਾਪੂ ਭੀਮ ਸਿੰਘ ਵੱਲ ਮੁੜਦੇ ਹਾਂ। ਪਰਵਿੰਦਰ ਸਿੰਘ ਝੋਟੇ ਦੇ ਕਤਲ ਤੋਂ ਬਾਅਦ ਇੱਕ ਬਜ਼ੁਰਗ ਬਾਪ ਉੱਤੇ ਕੀ ਬੀਤ ਰਹੀ ਹੋਵੇਗੀ, ਇਸ ਦਾ ਪੂਰਾ ਅੰਦਾਜ਼ਾ ਅਸੀਂ ਬਾਹਰ ਬੈਠ ਕੇ ਨਹੀਂ ਲਗਾ ਸਕਦੇ। ਸੰਭਵ ਹੈ ਕਿ ਲੋਕਾਂ ਦਾ ਇਕੱਠ ਅਤੇ ਲਗਾਤਾਰ ਮਿਲ ਰਿਹਾ ਹੌਸਲਾ ਉਨ੍ਹਾਂ ਦੇ ਵਿਹਾਰ ਨੂੰ ਪ੍ਰਭਾਵਿਤ ਕਰ ਰਿਹਾ ਹੋਵੇ। ਇਸ ਲਈ ਉਨ੍ਹਾਂ ਦੇ ਬਿਆਨ ਨੂੰ ਗ਼ਲਤ ਕਹਿੰਦਿਆਂ ਵੀ ਉਨ੍ਹਾਂ ਦੇ ਦੁੱਖ ਪ੍ਰਤੀ ਸੰਵੇਦਨਸ਼ੀਲ ਰਹਿਣਾ ਚਾਹੀਦਾ ਹੈ।
ਪਰ ਮੇਰਾ ਇੱਕ ਸਵਾਲ ਉਨ੍ਹਾਂ ਲੋਕਾਂ ਨੂੰ ਵੀ ਹੈ ਜਿਹੜੇ ਬਾਪੂ ਭੀਮ ਸਿੰਘ ਦੇ ਖ਼ਿਲਾਫ਼ ਲਗਾਤਾਰ ਸੋਸ਼ਲ ਮੀਡੀਆ ਉੱਤੇ ਪੋਸਟਾਂ ਪਾ ਰਹੇ ਹਨ।
ਮੰਨ ਲਿਆ ਕਿ ਬਾਪੂ ਦਾ ਬਿਆਨ ਗ਼ਲਤ ਸੀ, ਪਰ ਕੀ ਤੁਹਾਡਾ ਤਰੀਕਾ ਠੀਕ ਹੈ? ਜੇ ਤੁਸੀਂ ਸੱਚਮੁੱਚ ਉਸ ਪਰਿਵਾਰ ਨਾਲ ਹਮਦਰਦੀ ਰੱਖਦੇ ਹੋ, ਤਾਂ ਕੀ ਤੁਸੀਂ ਬਾਪੂ ਨੂੰ ਮਿਲ ਕੇ ਇਹ ਗੱਲ ਨਹੀਂ ਸਮਝਾ ਸਕਦੇ ਸੀ? ਕੀ ਫ਼ੋਨ ਕਰਕੇ ਨਹੀਂ ਕਹਿ ਸਕਦੇ ਸੀ ਕਿ ਬਾਪੂ ਜੀ, ਅਸੀਂ ਤੁਹਾਡੇ ਦੁੱਖ ਵਿੱਚ ਤੁਹਾਡੇ ਨਾਲ ਖੜ੍ਹੇ ਹਾਂ, ਪਰ ਤੁਸੀਂ ਜਿਹੜੇ ਸ਼ਬਦ ਵਰਤੇ ਹਨ ਉਹ ਠੀਕ ਨਹੀਂ?
ਕੀ ਹਰ ਗੱਲ ਲਈ ਸੋਸ਼ਲ ਮੀਡੀਆ ਉੱਤੇ ਪੋਸਟ ਪਾਉਣੀ ਜ਼ਰੂਰੀ ਹੈ? ਕੀ ਕਿਸੇ ਦੁਖੀ ਬਾਪ ਨੂੰ ਸਮਝਾਉਣ ਲਈ ਉਸ ਨੂੰ ਹਜ਼ਾਰਾਂ ਲੋਕਾਂ ਦੇ ਸਾਹਮਣੇ ਖੜ੍ਹਾ ਕਰਨਾ ਹੀ ਇੱਕੋ ਰਸਤਾ ਹੈ? ਜਨਤਕ ਬਿਆਨ ਦੀ ਜਨਤਕ ਆਲੋਚਨਾ ਹੋ ਸਕਦੀ ਹੈ, ਪਰ ਜੇ ਤੁਹਾਡਾ ਮਕਸਦ ਬਾਪੂ ਨੂੰ ਸਮਝਾਉਣਾ ਅਤੇ ਪਰਿਵਾਰ ਨਾਲ ਹਮਦਰਦੀ ਜਤਾਉਣਾ ਹੈ ਤਾਂ ਨਿੱਜੀ ਤੌਰ ‘ਤੇ ਗੱਲ ਕਰਨਾ ਵੀ ਇੱਕ ਸੰਵੇਦਨਸ਼ੀਲ ਰਸਤਾ ਹੋ ਸਕਦਾ ਸੀ।
ਇਹ ਕਿਹੋ ਜਿਹੀ ਹਮਦਰਦੀ ਹੈ ਕਿ ਇੱਕ ਪਾਸੇ ਤੁਸੀਂ ਜਵਾਨ ਪੁੱਤ ਦੇ ਕਤਲ ਉੱਤੇ ਦੁੱਖ ਪ੍ਰਗਟ ਕਰ ਰਹੇ ਹੋ ਅਤੇ ਦੂਜੇ ਪਾਸੇ ਉਸੇ ਪੁੱਤ ਦੇ ਬਾਪ ਨੂੰ ਸੋਸ਼ਲ ਮੀਡੀਆ ਉੱਤੇ ਲਗਾਤਾਰ ਆਲੋਚਨਾ ਦਾ ਨਿਸ਼ਾਨਾ ਬਣਾ ਰਹੇ ਹੋ? ਕਿਤੇ ਅਜਿਹਾ ਤਾਂ ਨਹੀਂ ਕਿ ਸਾਡੀ ਹਮਦਰਦੀ ਨਾਲੋਂ ਸਾਡਾ ਆਪਣਾ ਪੱਖ ਸਹੀ ਸਾਬਤ ਕਰਨ ਦੀ ਇੱਛਾ ਵੱਡੀ ਹੋ ਗਈ ਹੈ?
ਕਿਸੇ ਨੂੰ ਉਸ ਦੀ ਗ਼ਲਤੀ ਦਾ ਅਹਿਸਾਸ ਕਰਵਾਉਣਾ ਅਤੇ ਕਿਸੇ ਨੂੰ ਜਨਤਕ ਤੌਰ ‘ਤੇ ਸ਼ਰਮਿੰਦਾ ਕਰਨਾ ਦੋ ਵੱਖਰੀਆਂ ਗੱਲਾਂ ਹਨ।
ਇਸ ਦੇ ਨਾਲ ਹੀ ਉਨ੍ਹਾਂ ਲੋਕਾਂ ਦੀ ਜ਼ਿੰਮੇਵਾਰੀ ਵੀ ਘੱਟ ਨਹੀਂ ਜਿਹੜੇ ਬਾਪੂ ਦੇ ਆਲੇ-ਦੁਆਲੇ ਬੈਠੇ ਸਨ। ਜਦੋਂ ਬਾਪੂ ਅਜਿਹੀ ਟਿੱਪਣੀ ਕਰ ਰਹੇ ਸਨ ਤਾਂ ਕੋਲ ਬੈਠੇ ਹੱਸਣ ਵਾਲੇ ਲੋਕ ਕੀ ਆਪਣੀ ਜ਼ਿੰਮੇਵਾਰੀ ਸਮਝ ਰਹੇ ਸਨ? ਕੀ ਉਨ੍ਹਾਂ ਵਿੱਚੋਂ ਕੋਈ ਬਾਪੂ ਨੂੰ ਸਤਿਕਾਰ ਨਾਲ ਰੋਕ ਨਹੀਂ ਸਕਦਾ ਸੀ? ਜਦੋਂ ਕੋਈ ਇਨਸਾਨ ਡੂੰਘੇ ਦੁੱਖ ਵਿੱਚੋਂ ਲੰਘ ਰਿਹਾ ਹੋਵੇ ਤਾਂ ਉਸ ਦੀ ਹਰ ਗੱਲ ਉੱਤੇ ਹੱਸਣਾ ਜਾਂ ਹੱਲਾਸ਼ੇਰੀ ਦੇਣਾ ਹਮਦਰਦੀ ਨਹੀਂ ਹੁੰਦੀ।
ਇੱਕ ਹੋਰ ਗੱਲ ਵੀ ਹੈ। ਸੋਸ਼ਲ ਮੀਡੀਆ ਉੱਤੇ ਜਦੋਂ ਕਿਸੇ ਜਨਤਕ ਵਿਅਕਤੀ ਦੀ ਆਲੋਚਨਾ ਹੁੰਦੀ ਹੈ ਤਾਂ ਕਈ ਵਾਰ ਹੇਠਾਂ ਮਾਵਾਂ-ਭੈਣਾਂ ਦੀਆਂ ਗਾਲ੍ਹਾਂ, ਧੀਆਂ ਦੇ ਰਿਸ਼ਤਿਆਂ ਬਾਰੇ ਘਟੀਆ ਟਿੱਪਣੀਆਂ ਅਤੇ ਨਿੱਜੀ ਹਮਲੇ ਸ਼ੁਰੂ ਹੋ ਜਾਂਦੇ ਹਨ। ਅਜਿਹੀਆਂ ਟਿੱਪਣੀਆਂ ਕਿਸੇ ਸੰਗਠਿਤ ਆਈਟੀ ਸੈੱਲ ਵੱਲੋਂ ਕੀਤੀਆਂ ਜਾ ਰਹੀਆਂ ਹਨ ਜਾਂ ਆਪਣੇ ਆਪ ਨੂੰ ਹਮਾਇਤੀ ਕਹਿਣ ਵਾਲੇ ਲੋਕ ਕਰ ਰਹੇ ਹਨ, ਇਹ ਬਿਨਾਂ ਸਬੂਤ ਦੇ ਨਹੀਂ ਕਿਹਾ ਜਾ ਸਕਦਾ। ਪਰ ਜਿਨ੍ਹਾਂ ਦੇ ਹੱਕ ਵਿੱਚ ਇਹ ਸਭ ਹੋ ਰਿਹਾ ਹੁੰਦਾ ਹੈ, ਉਨ੍ਹਾਂ ਨੂੰ ਵੀ ਜਨਤਕ ਤੌਰ ‘ਤੇ ਇਸ ਭਾਸ਼ਾ ਦਾ ਵਿਰੋਧ ਕਰਨਾ ਚਾਹੀਦਾ ਹੈ।
ਕੀ ਕਦੇ ਆਪਣੇ ਹਮਾਇਤੀਆਂ ਨੂੰ ਕਿਹਾ ਗਿਆ ਕਿ ਕਿਸੇ ਦੀ ਮਾਂ, ਭੈਣ ਜਾਂ ਧੀ ਨੂੰ ਗਾਲ੍ਹ ਨਾ ਕੱਢੋ? ਜੇ ਅਸੀਂ ਬਾਪੂ ਭੀਮ ਸਿੰਘ ਦੀ ਟਿੱਪਣੀ ਨੂੰ ਗ਼ਲਤ ਮੰਨਦੇ ਹਾਂ ਤਾਂ ਆਪਣੇ ਹਮਾਇਤੀਆਂ ਵੱਲੋਂ ਕਿਸੇ ਦੀਆਂ ਧੀਆਂ ਬਾਰੇ ਕੀਤੀਆਂ ਟਿੱਪਣੀਆਂ ਨੂੰ ਵੀ ਗ਼ਲਤ ਮੰਨਣਾ ਪਵੇਗਾ। ਨੈਤਿਕਤਾ ਦੇ ਮਾਪਦੰਡ ਆਪਣੇ ਅਤੇ ਪਰਾਏ ਲਈ ਵੱਖਰੇ ਨਹੀਂ ਹੋ ਸਕਦੇ।
ਮੇਰੀ ਚਿੰਤਾ ਇਹ ਵੀ ਹੈ ਕਿ ਕਿਤੇ ਸਾਰੀ ਬਹਿਸ ਇੱਕ ਬਜ਼ੁਰਗ ਬਾਪ ਦੇ ਸ਼ਬਦਾਂ ਦੁਆਲੇ ਹੀ ਨਾ ਘੁੰਮਦੀ ਰਹਿ ਜਾਵੇ ਅਤੇ ਇਸ ਘਟਨਾਕ੍ਰਮ ਨਾਲ ਜੁੜੇ ਹੋਰ ਲੋਕਾਂ ਦੀ ਜ਼ਿੰਮੇਵਾਰੀ ਬਾਰੇ ਸਵਾਲ ਹੀ ਨਾ ਉੱਠਣ। ਹਰ ਅੰਦੋਲਨ ਵਿੱਚ ਕੁਝ ਲੋਕਾਂ ਉੱਤੇ ਮਾਹੌਲ ਭੜਕਾਉਣ ਦੇ ਇਲਜ਼ਾਮ ਲੱਗਦੇ ਹਨ। ਅਜਿਹੇ ਇਲਜ਼ਾਮਾਂ ਨੂੰ ਸਬੂਤਾਂ ਨਾਲ ਪਰਖਣਾ ਚਾਹੀਦਾ ਹੈ, ਪਰ ਸਵਾਲ ਪੁੱਛਣੇ ਵੀ ਬੰਦ ਨਹੀਂ ਹੋਣੇ ਚਾਹੀਦੇ।
ਮੈਂ ਬਾਪੂ ਭੀਮ ਸਿੰਘ ਦੇ ਬਿਆਨ ਨੂੰ ਜਾਇਜ਼ ਨਹੀਂ ਠਹਿਰਾ ਰਿਹਾ। ਧੀਆਂ ਕਿਸੇ ਦੀਆਂ ਵੀ ਹੋਣ, ਉਨ੍ਹਾਂ ਦਾ ਸਨਮਾਨ ਬਰਾਬਰ ਹੈ। ਪਰ ਅਸੀਂ ਇੱਕ ਬਜ਼ੁਰਗ ਬਾਪ ਦੇ ਬਿਆਨ ਦੀ ਆਲੋਚਨਾ ਕਰਦਿਆਂ ਉਸ ਦੇ ਦੁੱਖ ਨੂੰ ਵੀ ਨਾ ਭੁੱਲੀਏ।
ਅੱਜ ਜਿਹੜੇ ਲੋਕ ਬਾਪੂ ਦੇ ਖ਼ਿਲਾਫ਼ ਪੋਸਟਾਂ ਪਾ ਰਹੇ ਹਨ ਅਤੇ ਜਿਹੜੇ ਲੋਕ ਉਨ੍ਹਾਂ ਦੇ ਆਲੇ-ਦੁਆਲੇ ਬੈਠ ਕੇ ਹੱਸ ਰਹੇ ਸਨ, ਦੋਵਾਂ ਨੂੰ ਇੱਕ ਸਵਾਲ ਆਪਣੇ ਆਪ ਤੋਂ ਪੁੱਛਣਾ ਚਾਹੀਦਾ ਹੈ।
ਜਦੋਂ ਸੱਥਰ ਉੱਠ ਜਾਵੇਗਾ, ਕੈਮਰੇ ਬੰਦ ਹੋ ਜਾਣਗੇ, ਨਾਅਰੇ ਲਾਉਣ ਵਾਲੇ ਚਲੇ ਜਾਣਗੇ ਅਤੇ ਇਹ ਬਜ਼ੁਰਗ ਬਾਪ ਆਪਣੇ ਪੁੱਤ ਦੀਆਂ ਯਾਦਾਂ ਨਾਲ ਇਕੱਲਾ ਰਹਿ ਜਾਵੇਗਾ, ਉਦੋਂ ਉਸ ਕੋਲ ਕੌਣ ਬੈਠੇਗਾ? ਕੌਣ ਉਸ ਦੀ ਚੁੱਪ ਸੁਣੇਗਾ? ਕੌਣ ਉਸ ਨੂੰ ਕਹੇਗਾ ਕਿ ਬਾਪੂ ਜੀ, ਹੁਣ ਤੁਹਾਨੂੰ ਹਰ ਵੇਲੇ ਦਲੇਰ ਬਣ ਕੇ ਦਿਖਾਉਣ ਦੀ ਲੋੜ ਨਹੀਂ, ਤੁਸੀਂ ਰੋ ਵੀ ਸਕਦੇ ਹੋ?
ਕਿਉਂਕਿ ਹਰ ਉੱਚੀ ਆਵਾਜ਼ ਹੰਕਾਰ ਨਹੀਂ ਹੁੰਦੀ, ਕਈ ਵਾਰ ਉਹ ਟੁੱਟੇ ਹੋਏ ਇਨਸਾਨ ਦੀ ਚੀਕ ਵੀ ਹੋ ਸਕਦੀ ਹੈ। ਹਰ ਤਾੜੀ ਹੌਸਲਾ ਨਹੀਂ ਹੁੰਦੀ ਅਤੇ ਹਰ ਆਲੋਚਨਾ ਹਮਦਰਦੀ ਨਹੀਂ ਹੁੰਦੀ।
ਦੁੱਖੀ ਮਨੁੱਖ ਨੂੰ ਸਮਝਾਉਣ ਲਈ ਸ਼ਬਦਾਂ ਨਾਲੋਂ ਵੱਧ ਸੰਵੇਦਨਸ਼ੀਲਤਾ ਦੀ ਲੋੜ ਹੁੰਦੀ ਹੈ।

Pritpal Singh
chhou786@gmail.com







Be First to Comment