Press "Enter" to skip to content

ਕਿਤਾਬਾਂ, ਗਿੱਧਾ-ਭੰਗੜਾ ਤੇ ਗੁਰੂ ਦੀ ਬੰਦਗੀ-ਇੱਕ ਨੌਜਵਾਨ ਦਾ ਨਿਵੇਕਲਾ ਵਿਆਹ

ਬਠਿੰਡਾ ਜ਼ਿਲ੍ਹੇ ਦੇ ਪਿੰਡ ਕੋਠਾਗੁਰੂ ਦੇ ਰਹਿਣ ਵਾਲੇ ਅਰਸ਼ਦੀਪ ਸਿੰਘ ਨੇ ਪੰਜਾਬ ਦੇ ਨੌਜਵਾਨਾਂ ਸਾਹਮਣੇ ਇੱਕ ਅਜਿਹੀ ਮਿਸਾਲ ਕਾਇਮ ਕੀਤੀ ਹੈ ਜੋ ਸਿਰਫ਼ ਵੱਖਰੀ ਹੀ ਨਹੀਂ, ਸਗੋਂ ਸਮਾਜ ਲਈ ਪ੍ਰੇਰਣਾਦਾਇਕ ਵੀ ਹੈ। ਅੱਜਕੱਲ੍ਹ ਜਿੱਥੇ ਵਿਆਹਾਂ ਨੂੰ ਦਿਖਾਵੇ, ਮਹਿੰਗੇ ਪੈਲੇਸਾਂ ਅਤੇ ਵੱਡੇ ਗਾਇਕਾਂ ਨਾਲ ਜੋੜਿਆ ਜਾਂਦਾ ਹੈ, ਉੱਥੇ ਅਰਸ਼ਦੀਪ ਸਿੰਘ ਨੇ ਆਪਣੇ ਵਿਆਹ ਨੂੰ ਸਾਹਿਤ ਦੇ ਪਰਚਾਰ ਦਾ ਮੰਚ ਬਣਾ ਕੇ ਇੱਕ ਨਿਵੇਕਲਾ ਕਦਮ ਚੁੱਕਿਆ ਹੈ।

ਆਪਣੇ ਵਿਆਹ ਮੌਕੇ ਉਨ੍ਹਾਂ ਨੇ ਸਾਹਿਤਕ ਕਿਤਾਬਾਂ ਦੀ ਪ੍ਰਦਰਸ਼ਨੀ ਲਗਾ ਕੇ ਇਹ ਸੁਨੇਹਾ ਦਿੱਤਾ ਕਿ ਸਾਹਿਤ ਸਾਡੀ ਜ਼ਿੰਦਗੀ ਵਿੱਚ ਉਨੀ ਹੀ ਅਹਿਮ ਭੂਮਿਕਾ ਨਿਭਾਉਂਦਾ ਹੈ ਜਿੰਨੀ ਹੋਰ ਦੁਨਿਆਵੀ ਚੀਜ਼ਾਂ। ਅਰਸ਼ਦੀਪ ਸਿੰਘ ਦਾ ਕਹਿਣਾ ਹੈ,“ਸਾਹਿਤ ਸਾਨੂੰ ਸਿਰਫ਼ ਗਿਆਨ ਹੀ ਨਹੀਂ ਦਿੰਦਾ, ਸਗੋਂ ਮਾਰਗਦਰਸ਼ਨ ਦਿੰਦਾ ਹੈ ਜੋ ਆਮ ਤਜਰਬਿਆਂ ਰਾਹੀਂ ਕਦੇ ਨਹੀਂ ਮਿਲ ਸਕਦਾ। ਕਿਤਾਬਾਂ ਮਨੁੱਖ ਦੇ ਸੋਚਣ ਦਾ ਢੰਗ ਤਿਆਰ ਕਰਦੀਆਂ ਹਨ, ਉਸਦੇ ਦ੍ਰਿਸ਼ਟੀਕੋਣ ਵਿਸਥਾਰ ਕਰਦੀਆਂ ਹਨ ਪਰ ਅਫ਼ਸੋਸ ਦੀ ਗੱਲ ਹੈ ਕਿ ਸੋਸ਼ਲ ਮੀਡੀਆ ਦੇ ਦੌਰ ਵਿੱਚ ਕਿਤਾਬਾਂ ਪੜ੍ਹਨ ਦੀ ਆਦਤ ਘੱਟਦੀ ਜਾ ਰਹੀ ਹੈ, ਜਿਸਦਾ ਸਭ ਤੋਂ ਵੱਡਾ ਨੁਕਸਾਨ ਨੌਜਵਾਨ ਵਰਗ ਨੂੰ ਹੋ ਰਿਹਾ ਹੈ। ਇਸੇ ਕਰਕੇ ਮੈਂ ਸੋਚਿਆ ਕਿ ਵਿਆਹ ਵਰਗੇ ਸ਼ੁਭ ਮੌਕੇ ਨੂੰ ਸਾਹਿਤ ਦੇ ਪਰਚਾਰ ਲਈ ਵਰਤਿਆ ਜਾਵੇ।”

ਉਨ੍ਹਾਂ ਦਾ ਮੰਨਣਾ ਹੈ ਕਿ ਅਰਸ਼ਦੀਪ ਦਾ ਕਹਿਣਾ ਸੀ ਕਿ ਆਮ ਤੌਰ ਤੇ ਬੰਦਾ ਆਪਣੇ ਰਿਸ਼ਤੇਦਾਰਾਂ, ਪਰਿਵਾਰਕ ਸਨੇਹੀਆਂ ਅਤੇ ਦੋਸਤਾਂ ਨੂੰ ਹੀ ਚੰਗੀਆਂ ਕਿਤਾਬਾਂ ਪੜਨ ਲਈ ਪ੍ਰੇਰਿਤ ਕਰਦਾ ਹੈ।ਵਿਆਹ ਇੱਕ ਅਜਿਹਾ ਸਮਾਗਮ ਹੁੰਦਾ ਹੈ ਜਿੱਥੇ ਪਰਿਵਾਰ, ਰਿਸ਼ਤੇਦਾਰ ਅਤੇ ਦੋਸਤ—ਸਭ ਇਕੱਠੇ ਹੁੰਦੇ ਹਨ। ਇਸ ਲਈ ਸਾਹਿਤ ਨਾਲ ਜੋੜਨ ਲਈ ਵਿਆਹ ਤੋਂ ਵਧੀਆ ਮੌਕਾ ਹੋਰ ਕੋਈ ਨਹੀਂ ਹੋ ਸਕਦਾ।

ਆਪਣੀ ਸਾਹਿਤਕ ਯਾਤਰਾ ਬਾਰੇ ਦੱਸਦੇ ਹੋਏ ਅਰਸ਼ਦੀਪ ਸਿੰਘ ਕਹਿੰਦੇ ਹਨ,“ਮੇਰੇ ਪਿਤਾ ਭਾਵੇਂ ਖੇਤੀਬਾੜੀ ਕਰਦੇ ਸਨ ਪਰ ਉਨ੍ਹਾਂ ਨੂੰ ਸਾਹਿਤ ਪੜ੍ਹਨ ਦਾ ਬਹੁਤ ਸ਼ੌਕ ਸੀ। ਮੇਰੇ ਨਾਨਕੇ ਪਰਿਵਾਰ ਵਿੱਚ ਵੀ ਕਿਤਾਬਾਂ ਨਾਲ ਡੂੰਘਾ ਨਾਤਾ ਸੀ। ਇਸ ਕਰਕੇ ਬਚਪਨ ਤੋਂ ਹੀ ਕਿਤਾਬਾਂ ਨਾਲ ਮੇਰੀ ਦੋਸਤੀ ਬਣ ਗਈ। ਇਹੀ ਕਾਰਨ ਹੈ ਕਿ ਮੈਂ ਲਾਇਬ੍ਰੇਰੀ ਸਾਇੰਸ ਵਿੱਚ ਪੜ੍ਹਾਈ ਕੀਤੀ ਅਤੇ ਅੱਜ ਇੱਕ ਪ੍ਰਾਈਵੇਟ ਸਕੂਲ ਵਿੱਚ ਲਾਇਬ੍ਰੇਰੀਅਨ ਵਜੋਂ ਸੇਵਾ ਨਿਭਾ ਰਿਹਾ ਹਾਂ।”

ਉਹ ਕਹਿੰਦੇ ਹਨ ਕਿ ਕਿਤਾਬਾਂ ਨੇ ਸਿਰਫ਼ ਉਨ੍ਹਾਂ ਦੇ ਕੈਰੀਅਰ ਨੂੰ ਹੀ ਦਿਸ਼ਾ ਨਹੀਂ ਦਿੱਤੀ, ਸਗੋਂ ਜੀਵਨ ਨੂੰ ਸਮਝਣ ਦਾ ਨਜ਼ਰੀਆ ਵੀ ਦਿੱਤਾ। “ਕਿਤਾਬਾਂ ਰਾਹੀਂ ਮੈਂ ਆਪਣੇ ਆਪ ਨੂੰ, ਸਮਾਜ ਨੂੰ ਅਤੇ ਕੁਦਰਤ ਨੂੰ ਸਮਝਿਆ। ਇਨ੍ਹਾਂ ਨੇ ਮੈਨੂੰ ਸਹਿਜਤਾ ਅਤੇ ਸਾਦਗੀ ਨਾਲ ਜੀਉਣਾ ਸਿਖਾਇਆ। ਸਾਹਿਤ ਤੋਂ ਮਿਿਲਆ ਅਨੁਭਵ ਸ਼ਬਦਾਂ ਵਿੱਚ ਬਿਆਨ ਨਹੀਂ ਕੀਤਾ ਜਾ ਸਕਦਾ, ਇਹ ਸਿਰਫ਼ ਮਹਿਸੂਸ ਕੀਤਾ ਜਾ ਸਕਦਾ ਹੈ। ਜੋ ਵੀ ਇਨਸਾਨ ਸਾਹਿਤ ਨਾਲ ਜੁੜਿਆ ਹੈ, ਉਹ ਇਸ ਗੱਲ ਨੂੰ ਬਾਖੂਬੀ ਸਮਝ ਸਕਦਾ ਹੈ।”

ਇਸ ਪੁਸਤਕ ਪ੍ਰਦਰਸ਼ਨੀ ਦੇ ਸੰਚਾਲਕ ਵਰਿੰਦਰ ਦਿਵਾਨਾ ਨੇ ਦੱਸਿਆ ਕਿ ਵਿਆਹ ਵਿੱਚ ਆਏ ਮਹਿਮਾਨਾਂ ਨੂੰ ਕਿਤਾਬਾਂ ਅੱਧੀ ਕੀਮਤ ’ਤੇ ਦਿੱਤੀਆਂ ਗਈਆਂ, ਜਿਸਦੀ ਬਾਕੀ ਅੱਧੀ ਰਕਮ ਅਰਸ਼ਦੀਪ ਦੇ ਪਰਿਵਾਰ ਵੱਲੋਂ ਭਰੀ ਗਈ। ਮਹਿਮਾਨਾਂ ਨੇ ਵੀ ਅਰਸ਼ਦੀਪ ਦੇ ਇਸ ਨਿਵੇਕਲੇ ਕਦਮ ਦੀ ਖੁਲ੍ਹ ਕੇ ਸ਼ਲਾਘਾ ਕੀਤੀ ਅਤੇ ਪੂਰੇ ਉਤਸ਼ਾਹ ਨਾਲ ਕਿਤਾਬਾਂ ਦੀ ਖਰੀਦਦਾਰੀ ਕੀਤੀ।

ਜਦੋਂ ਅਰਸ਼ਦੀਪ ਸਿੰਘ ਤੋਂ ਇਸ ਸਾਰੇ ਪ੍ਰਯਾਸ ਦੇ ਖਰਚੇ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਮੁਸਕਰਾਉਂਦੇ ਹੋਏ ਕਿਹਾ,“ਇਸ ਨਾਲ ਜੋ ਆਤਮਿਕ ਖੁਸ਼ੀ ਮੈਨੂੰ ਮਿਲੀ ਹੈ, ਉਸਦੇ ਸਾਹਮਣੇ ਇਹ ਖਰਚਾ ਕੁਝ ਵੀ ਨਹੀਂ। ਵੈਸੇ ਵੀ ਜੇ ਵਿਆਹ ਦੀਆਂ ਕੁਝ ਫ਼ਾਲਤੂ ਰਸਮਾਂ ਨੂੰ ਸਾਦਗੀ ਨਾਲ ਕੀਤਾ ਜਾਵੇ ਤਾਂ ਕੋਈ ਵੱਖਰਾ ਖਰਚਾ ਨਹੀਂ ਆਉਂਦਾ। ਮੈਂ ਮਹਿੰਗਾ ਗਾਇਕ ਬੁੱਕ ਕਰਨ ਦੀ ਥਾਂ ਗਿੱਧੇ-ਭੰਗੜੇ ਦੀ ਟੀਮ ਬੁੱਕ ਕੀਤੀ, ਜਿਸਨੇ ਸਾਫ਼-ਸੁਥਰਾ ਤੇ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ। ਕੋਈ ਵਹਿਮ-ਭਰਮ ਜਾਂ ਫ਼ਜ਼ੂਲ ਰਸਮ ਨਹੀਂ ਕੀਤੀ। ਗੁਰੂ ਘਰ ਮੱਥਾ ਟੇਕ ਕੇ ਸਿੱਧੇ ਪੈਲੇਸ ਪਹੁੰਚੇ। ਇੱਥੋਂ ਤੱਕ ਕਿ ਮਿਲਣੀ ਵੇਲੇ ਵੀ ਅਸੀਂ ਰਿਸ਼ਤੇਦਾਰਾਂ ਨੂੰ ਮਿਠਾਈ ਨਾਲ ਕਿਤਾਬਾਂ ਸ਼ਗਨ ਵਜੋਂ ਦਿੱਤੀਆਂ। ਅਜਿਹੇ ਕਦਮ ਪੈਸੇ ਦੀ ਕਮੀ ਕਰਕੇ ਨਹੀਂ ਰੁਕਦੇ, ਸਿਰਫ਼ ਸੋਚ ਬਦਲਣ ਦੀ ਲੋੜ ਹੁੰਦੀ ਹੈ। ਜਦੋਂ ਮੈਂ ਆਪਣੇ ਪਰਿਵਾਰ ਨਾਲ ਇਹ ਗੱਲ ਸਾਂਝੀ ਕੀਤੀ ਤਾਂ ਉਨ੍ਹਾਂ ਨੇ ਖੁਸ਼ੀ-ਖੁਸ਼ੀ ਇਸ ਫ਼ੈਸਲੇ ਨੂੰ ਸਵੀਕਾਰ ਕਰ ਲਿਆ।”

ਅਰਸ਼ਦੀਪ ਸਿੰਘ ਦੀ ਹਮਸਫਰ ਜਗਮੀਤ ਕੌਰ, ਜੋ ਕਿ ਖੁਦ ਵੀ ਪੇਸ਼ੇ ਵਜੋਂ ਅਧਿਆਪਕ ਹਨ, ਆਪਣੇ ਜੀਵਨ ਸਾਥੀ ਦੇ ਇਸ ਸੋਚਵਾਨ ਕਦਮ ਤੋਂ ਬੇਹੱਦ ਖੁਸ਼ ਹਨ। ਉਹ ਕਹਿੰਦੀਆਂ ਹਨ ਕਿ ਅਜਿਹੇ ਰੌਸ਼ਨ ਦਿਮਾਗ ਅਤੇ ਸਮਾਜਕ ਜ਼ਿੰਮੇਵਾਰੀ ਸਮਝਣ ਵਾਲੇ ਜੀਵਨ ਸਾਥੀ ਦਾ ਮਿਲਣਾ ਵਾਕਈ ਮਾਣ ਵਾਲੀ ਗੱਲ ਹੈ।

Be First to Comment

Leave a Reply

Your email address will not be published. Required fields are marked *