ਚੰਗੀ ਜ਼ਿੰਦਗੀ ਦੀ ਤਲਾਸ਼ ਵਿੱਚ ਵਿਦੇਸ਼ਾਂ ਨੂੰ ਪਰਵਾਸ ਦਾ ਰੁਝਾਨ ਮੁੱਢ-ਕਦੀਮ ਤੋਂ ਰਿਹਾ ਹੈ। ਜੇ ਮੌਜੂਦਾ ਸਮੇਂ ਵਿੱਚ ਪੰਜਾਬ ਦੇ ਸੰਦਰਭ ਵਿੱਚ ਦੇਖੀਏ ਤਾਂ ਪੰਜਾਬ ਤੋਂ ਵਿਦੇਸ਼ ਪ੍ਰਵਾਸ ਕਰਨ ਦਾ ਰੁਝਾਨ ਬੀਤੇ ਦੋ ਦਹਾਕਿਆਂ ਵਿੱਚ ਬਹੁਤ ਤੇਜ਼ੀ ਨਾਲ ਵਧਿਆ ਹੈ ਪਰ ਕੁੱਝ ਪੰਜਾਬੀ ਅਜਿਹੇ ਵੀ ਹੈ ਜਿੰਨਾ ਵਿਦੇਸ਼ਾਂ ਵਿੱਚ ਕਾਰੋਬਾਰ ਸਥਾਪਿਤ ਕਰਨ ਤੋਂ ਬਾਅਦ ਪੰਜਾਬ ਦਾ ਰੁਖ਼ ਕੀਤਾ ਹੈ। ਅਜਿਹਾ ਹੀ ਪ੍ਰਵਾਸੀ ਪੰਜਾਬੀ ਹੈ ਸਤਵੰਤ ਸਿੰਘ। ਸਤਵੰਤ ਸਿੰਘ ਦਾ ਪਿਛੋਕੜ ਮੁਕਤਸਰ ਜ਼ਿਲ੍ਹੇ ਦੇ ਪਿੰਡ ਮਦੀਰ ਨਾਲ ਸਬੰਧਿਤ ਹੈ। ਸਤਵੰਤ ਸਿੰਘ ਦਾ ਪਰਿਵਾਰ ਅੱਜ ਤੋਂ ਤਿੰਨ ਦਹਾਕੇ ਪਹਿਲਾਂ ਇਟਲੀ ਪਰਵਾਸ ਕਰ ਗਿਆ ਸੀ। ਮਿੱਟੀ ਦਾ ਮੋਹ ਸਤਵੰਤ ਸਿੰਘ ਨੂੰ ਦੁਬਾਰਾ ਪੰਜਾਬ ਖਿੱਚ ਲਿਆਇਆ। ਸਤਵੰਤ ਸਿੰਘ ਦਾ ਪਿਛੋਕੜ ਕਿਸਾਨੀ ਪਰਿਵਾਰ ਨਾਲ ਹੋਣ ਕਰਕੇ ਉਨ੍ਹਾਂ ਪਿੰਡ ਆ ਕੇ ਖੇਤੀ ਸ਼ੁਰੂ ਕਰ ਦਿੱਤੀ ਅਤੇ ਨਾਲ ਹੀ ਉਨ੍ਹਾਂ ਆਪਣਾ ਸਟੱਡ ਫਾਰਮ ਖ਼ੋਲ ਲਿਆ। ਸਤਵੰਤ ਸਿੰਘ ਦੱਸਦੇ ਹਨ ਉਨ੍ਹਾਂ ਦੇ ਪਰਿਵਾਰ ਵਿੱਚ ਘੋੜੇ ਪਾਲਣ ਦਾ ਸ਼ੌਕ ਪਪੁਸ਼ਤੈਨੀ ਹੀ ਹੈ। ਪਰਿਵਾਰਕ ਮਜਬੂਰੀਆਂ ਕਾਰਨ ਉਨ੍ਹਾਂ ਨੂੰ ਵਿਦੇਸ਼ ਜਾਣਾ ਪਿਆ। ਹੁਣ ਜਦੋਂ ਉਨ੍ਹਾਂ ਦਾ ਕੰਮਕਾਰ ਇਟਲੀ ਵਿੱਚ ਪੂਰੀ ਤਰਾਂ ਸਥਾਪਿਤ ਹੋ ਗਿਆ ਤਾਂ ਉਨ੍ਹਾਂ ਆਪਣੇ ਬੱਚਿਆਂ ਨੂੰ ਕੰਮਕਾਰ ਦੀ ਕਮਾਨ ਸੰਭਾਲ ਦਿੱਤੀ ਅਤੇ ਆਪ ਵਾਪਸ ਪਿੰਡ ਆ ਕੇ ਰਹਿਣ ਦਾ ਫ਼ੈਸਲਾ ਕਰ ਲਿਆ। ਸਤਵੰਤ ਸਿੰਘ ਚੰਗੀ ਨਸਲ ਦੇ ਘੋੜਿਆਂ ਦੀ ਖ਼ਰੀਦ ਵੇਚ ਵੀ ਕਰਦੇ ਹਨ ਅਤੇ ਉਹ ਖ਼ੁਦ ਵੀ ਬਰੀਡਰ ਹਨ।
ਉਹ ਤਿੰਨ ਸਾਲ ਪਹਿਲਾਂ ਪੰਜਾਬ ਆਏ ਅਤੇ ਸਟੱਡ ਫਾਰਮ ਨੂੰ ਮੁੜ ਚਾਲੂ ਕੀਤਾ ਸੀ। ਸਤਵੰਤ ਸਿੰਘ ਨੇ ਆਪਣੇ ਖ਼ਾਨਦਾਨੀ ਤਜ਼ਰਬੇ ਕਾਰਨ ਇਸ ਕੰਮ ਤੋਂ ਨਾਮ ਅਤੇ ਪੈਸਾ ਦੋਵੇਂ ਕਮਾਏ ਹਨ ਪਰ ਉਨ੍ਹਾਂ ਦਾ ਘੋੜਾ ਸ਼ਿਵ ਹੋਰ ਵੀ ਮਸ਼ਹੂਰ ਹੋ ਗਿਆ ਹੈ। ਦਰਅਸਲ, ਸ਼ਿਵ ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਗੀਤ ਬੰਬੀਹਾ ਵਿੱਚ ਨਜ਼ਰ ਆਏ ਹਨ, ਜਿਸ ਕਾਰਨ ਮੂਸੇਵਾਲੇ ਦੇ ਪ੍ਰਸ਼ੰਸਕ ਇਸ ਘੋੜੇ ਨੂੰ ਵੇਖਣ ਅਤੇ ਉਸਦੇ ਨਾਲ ਫੋਟੋਆਂ ਖਿਚਵਾਉਣ ਲਈ ਉਸਦੇ ਫਾਰਮ ਵਿੱਚ ਆ ਰਹੇ ਹਨ। ਸਿੰਘ ਅਨੁਸਾਰ ਮੂਸੇਵਾਲੇ ਦੇ ਪ੍ਰਸ਼ੰਸਕ ਸ਼ਿਵ ਲਈ ਮੰਗੀ ਕੀਮਤ ਚੁਕਾਉਣ ਲਈ ਤਿਆਰ ਹਨ ਪਰ ਉਹ ਇਸ ਨੂੰ ਵੇਚਣਾ ਨਹੀਂ ਚਾਹੁੰਦੇ। ਹਾਲਾਂਕਿ, ਉਹ ਘੋੜੇ ਸ਼ਿਵ ਦੇ ਕਾਰਨ ਉਨ੍ਹਾਂ ਦੇ ਸਟੱਡ ਫਾਰਮ ਦੀ ਪ੍ਰਸਿੱਧੀ ‘ਤੇ ਮਾਣ ਮਹਿਸੂਸ ਕਰਦਾ ਹੈ।
ਸਤਵੰਤ ਸਿੰਘ ਕਹਿੰਦੇ ਹਨ ਕਿ ਭਾਵੇਂ ਬੱਚਿਆਂ ਕਰਕੇ ਉਨ੍ਹਾਂ ਨੂੰ ਇਟਲੀ ਵੀ ਜਾਣਾ ਪੈਂਦਾ ਹੈ ਪਰ ਉਹ ਜ਼ਿਆਦਾਤਰ ਪੰਜਾਬ ਹੀ ਰਹਿੰਦੇ ਹਨ। ਉਹ ਪੰਜਾਬ ਵਿੱਚ ਹੀ ਰਹਿ ਕੇ ਨੌਜਵਾਨ ਪੀੜ੍ਹੀ ਨੂੰ ਸਟੱਡ ਫਾਰਮਿੰਗ ਦੇ ਕਿੱਤੇ ਨਾਲ ਜੋੜਨਾ ਚਾਹੁੰਦੇ ਹਨ ਤਾਂ ਜੋ ਪੰਜਾਬੀਆਂ ਦਾ ਵਿਰਾਸਤੀ ਸ਼ੌਕ ਅਗਲੀ ਪੀੜੀ ਤੱਕ ਪਹੁੰਚ ਸਕੇ।
ਤੁਸੀਂ ਹੇਠ ਲਿਖੇ ਲਿੰਕ ਤੇ ਪੂਰੀ ਸਟੋਰੀ ਦੇਖ ਸਕਦੇ ਹੋ।
Be First to Comment