ਇਹ ਕਹਾਣੀ ਇੱਕ ਪੜੇ ਲਿਖੇ ਨੌਜਵਾਨ ਕਿਸਾਨ ਅਤਿੰਦਰਪਾਲ ਸਿੰਘ ਦੀ ਹੈ। ਬਰਨਾਲਾ ਜ਼ਿਲ੍ਹੇ ਦੇ ਪਿੰਡ ਕੱਟੂ ਦੇ ਰਹਿਣ ਵਾਲੇ ਅਤਿੰਦਰਪਾਲ ਕੋਲ ਫ਼ਸਲ ਵਿਗਿਆਨ ਵਿੱਚ ਮਾਸਟਰ ਡਿਗਰੀ ਹੈ। ਅਤਿੰਦਰਪਾਲ ਨੇ ਨੌਕਰੀ ਕਰਨ ਦੀ ਬਜਾਏ ਖੇਤੀ ਵਿੱਚ ਨਵਾਂ ਤਜਰਬਾ ਕਰਨ ਦਾ ਫ਼ੈਸਲਾ ਕੀਤਾ ਹੈ। ਅਤਿੰਦਰਪਾਲ ਸਿੰਘ ਨੂੰ ਪੜ੍ਹਾਈ ਤੋਂ ਬਾਅਦ ਅਮਰੀਕਾ ਵਿੱਚ ਸੈਟਲ ਹੋਣ ਦਾ ਮੌਕਾ ਵੀ ਮਿਲਿਆ ਪਰ ਉਨ੍ਹਾਂ ਨੇ ਪੰਜਾਬ (ਭਾਰਤ) ਵਿੱਚ ਰਹਿ ਕੇ ਖੇਤੀ ਕਰਨ ਦਾ ਫ਼ੈਸਲਾ ਕੀਤਾ।
ਅਤਿੰਦਰਪਾਲ ਸਿੰਘ ਵਿਗਿਆਨਕ ਤਰੀਕੇ ਨਾਲ ਹਲਦੀ ਦੀ ਖੇਤੀ ਕਰਦੇ ਹਨ। ਅਤਿੰਦਰਪਾਲ ਨੇ 3 ਏਕੜ ਤੋਂ ਹਲਦੀ ਦੀ ਖੇਤੀ ਸ਼ੁਰੂ ਕੀਤੀ ਸੀ ਜੋ ਕਿ ਹੁਣ 9 ਏਕੜ ਰਕਬੇ ਤੱਕ ਪਹੁੰਚ ਚੁੱਕੀ ਹੈ। ਅਤਿੰਦਰਪਾਲ ਨੇ ਆਪਣੇ ਖੇਤ ਵਿੱਚ ਹੀ ਹਲਦੀ ਦਾ ਪ੍ਰੋਸੈਸਿੰਗ ਯੂਨਿਟ ਸਥਾਪਤ ਕੀਤਾ ਹੋਇਆ ਹੈ। ਅਤਿੰਦਰਪਾਲ ਆਪਣੀ ਫ਼ਸਲ ਦਾ ਮੰਡੀਕਰਨ ਵੀ ਖ਼ੁਦ ਕਰਦੇ ਹਨ।
ਅਤਿੰਦਰਪਾਲ ਕਹਿੰਦੇ ਹਨ ਕਿ ਸ਼ੁਰੂ ਵਿੱਚ ਉਨ੍ਹਾਂ ਨੂੰ ਪਿੰਡ-ਪਿੰਡ ਜਾ ਕੇ ਆਪਣੀ ਹਲਦੀ ਵੇਚਣੀ ਪਈ ਪਰ ਕੁੱਝ ਕੁ ਸਮੇਂ ਵਿੱਚ ਹੀ ਉਨ੍ਹਾਂ ਦੀ ਅਜਿਹੀ ਮਾਰਕੀਟ ਬਣ ਗਈ ਕਿ ਹੁਣ ਉਨ੍ਹਾਂ ਦੀ ਤਿਆਰ ਕੀਤੀ ਹਲਦੀ ਖੇਤ ਵਿੱਚੋਂ ਹੀ ਵਿਕ ਜਾਂਦੀ ਹੈ। ਅਤਿੰਦਰਪਾਲ ਦਾਅਵਾ ਕਰਦੇ ਹਨ ਕਿ ਉਹ ਕਿਸੇ ਤਰਾਂ ਦੀ ਵੀ ਮਿਲਾਵਟ ਨਹੀਂ ਕਰਦੇ ਅਤੇ ਉਨ੍ਹਾਂ ਨੇ ਹਲਦੀ ਦਾ ਰੇਟ ਵੀ ਮਾਰਕੀਟ ਜਿੰਨਾ ਹੀ ਰੱਖਿਆ ਹੋਇਆ ਹੈ।
ਅਤਿੰਦਰਪਾਲ ਰਵਾਇਤੀ ਫ਼ਸਲਾਂ ਦੇ ਮੁਕਾਬਲੇ ਹਲਦੀ ਦੀ ਖੇਤੀ ਤੋਂ ਦੁੱਗਣਾ ਮੁਨਾਫ਼ਾ ਕਮਾਉਂਦੇ ਹਨ। ਅਤਿੰਦਰਪਾਲ ਦਾ ਕਹਿਣਾ ਹੈ ਕਿ ਜੇਕਰ ਕਿਸਾਨ ਅਜਿਹੇ ਤਰੀਕੇ ਦੀ ਖੇਤੀ ਕਰਨ ਜਿਸਦਾ ਮੰਡੀਕਰਨ ਉਹ ਆਪ ਕਰ ਸਕਦੇ ਹਨ ਤਾਂ ਹੀ ਖੇਤੀ ਲਾਹੇਵੰਦ ਧੰਦਾ ਬਣ ਸਕਦੀ ਹੈ। ਸਹੀ ਤਰੀਕੇ ਅਤੇ ਮਾਰਕੀਟ ਨੂੰ ਧਿਆਨ ਵਿੱਚ ਰੱਖ ਕੇ ਖੇਤੀ ਉਤਪਾਦ ਤਿਆਰ ਕੀਤੇ ਜਾਣ ਤਾਂ ਚੰਗਾ ਮੁਨਾਫ਼ਾ ਕਮਾਇਆ ਜਾ ਸਕਦਾ ਹੈ। ਅਤਿੰਦਰਪਾਲ ਉਨ੍ਹਾਂ ਕਿਸਾਨਾਂ ਲਈ ਪ੍ਰੇਰਨਾ ਸਰੋਤ ਹਨ ਜੋ ਖੇਤੀ ਵਿੱਚ ਹੀ ਆਪਣਾ ਭਵਿੱਖ ਬਣਾਉਣਾ ਚਾਹੁੰਦੇ ਹਨ ਅਤੇ ਨਵੇਂ ਤਜਰਬੇ ਕਰਨ ਦੇ ਚਾਹਵਾਨ ਹਨ।
ਤੁਸੀਂ ਹੇਠਲੀ ਵੀਡੀਓ ਵਿੱਚ ਅਤਿੰਦਰਪਾਲ ਦੀ ਖੇਤੀ ਅਤੇ ਪ੍ਰੋਸੈਸਿੰਗ ਯੂਨਿਟ ਬਾਰੇ ਹੋਰ ਜਾਣਕਾਰੀ ਹਾਸਲ ਕਰ ਸਕਦੇ ਹੋ।
Be First to Comment