ਨਿਮਨ ਕਿਸਾਨੀ ਲਈ ਖੇਤੀ ਚੋਂ ਘਰ ਚਲਾਉਣਾ ਦਿਨੋਂ-ਦਿਨ ਔਖਾ ਹੁੰਦਾ ਜਾ ਰਿਹਾ ਹੈ। ਵਧਦੀਆਂ ਖੇਤੀ ਲਾਗਤਾਂ ਅਤੇ ਲਗਾਤਾਰ ਵਧ ਰਹੀ ਮਹਿੰਗਾਈ ਕਰਕੇ ਖੇਤੀ ਛੋਟੇ ਕਿਸਾਨ ਦੀਆਂ ਸਾਰੀਆਂ ਲੋੜਾਂ ਪੂਰੀਆਂ ਕਰਨ ਤੋਂ ਅਸਮਰੱਥ ਹੋ ਚੁੱਕੀ ਹੈ। ਅਜਿਹੇ ਵਿੱਚ ਛੋਟੇ ਕਿਸਾਨ ਕੋਲ ਦੋ ਰਸਤੇ ਬਚਦੇ ਹਨ ਜਾਂ ਤਾਂ ਉਹ ਖੇਤੀ ਚੋਂ ਖ਼ੁਦ ਬਾਹਰ ਹੋ ਜਾਵੇਗਾ ਜਾਂ ਫਿਰ ਕਰਜ਼ੇ ਅਤੇ ਆਮਦਨ ਦਾ ਵਿਗੜਦਾ ਤਵਾਜ਼ਨ ਖ਼ੁਦ ਉਸ ਨੂੰ ਬਾਹਰ ਕਰ ਦੇਵੇਗਾ।
ਬਰਨਾਲਾ ਜ਼ਿਲ੍ਹੇ ਦੇ ਪਿੰਡ ਝਲੂਰ ਦੇ ਰਹਿਣ ਵਾਲੇ ਕਿਸਾਨ ਸ਼ਰਨਜੀਤ ਸਿੰਘ ਨੇ ਤੀਸਰਾ ਰਸਤਾ ਅਪਣਾਇਆ ਹੈ। ਸ਼ਰਨਜੀਤ ਕੋਲ ਚਾਰ ਏਕੜ ਤੋਂ ਵੀ ਘੱਟ ਜ਼ਮੀਨ ਹੈ। ਸ਼ਰਨਜੀਤ ਨੇ ਕਣਕ-ਝੋਨੇ ਵਾਲੀ ਮਹਿੰਗੀ ਖੇਤੀ ਤੋਂ ਕਿਨਾਰਾ ਕਰਕੇ ਗੰਨੇ ਦੀ ਕਾਸ਼ਤ ਕੀਤੀ ਹੈ। ਸ਼ਰਨਜੀਤ ਗੰਨੇ ਦੀ ਕਾਸ਼ਤ ਵੀ ਆਰਗੈਨਿਕ ਤਰੀਕੇ ਨਾਲ ਕਰ ਰਿਹਾ ਹੈ ਤਾਂ ਜੋ ਖੇਤੀ ਲਾਗਤਾਂ ਘੱਟ ਕੀਤੀਆਂ ਜਾ ਸਕਣ। ਆਮ ਤੌਰ ਤੇ ਕਿਸਾਨ ਬਾਜ਼ਾਰ ਵਿੱਚ ਖੜ ਕੇ ਆਪਣਾ ਉਤਪਾਦ ਖ਼ੁਦ ਵੇਚਣ ਤੋਂ ਸ਼ਰਮ ਮਹਿਸੂਸ ਕਰਦੇ ਹਨ ਪਰ ਸ਼ਰਨਜੀਤ ਨੇ ਆਪਣੀ ਫ਼ਸਲ ਦੀ ਮਾਰਕੀਟ ਵੀ ਖ਼ੁਦ ਕਰਨ ਦਾ ਹੌਸਲਾ ਕੀਤਾ ਹੈ।
ਸ਼ਰਨਜੀਤ ਨੇ ਇੱਕ ਪੁਰਾਣੀ ਵੈਨ ਖ਼ਰੀਦ ਕੇ ਉਸ ਨੂੰ ਜੂਸ ਬਾਰ ਵਿੱਚ ਤਬਦੀਲ ਕਰਵਾਇਆ ਹੈ। ਇਸ ਵੈਨ ਵਿੱਚ ਉਹ ਖ਼ੁਦ ਗੰਨੇ ਦਾ ਰਸ ਤਿਆਰ ਕਰਕੇ ਬਾਜ਼ਾਰ ਵਿੱਚ ਵੇਚਦੇ ਹਨ। ਸ਼ਰਨਜੀਤ ਦਾ ਕਹਿਣਾ ਹੈ ਕਿ ਕਿਸਾਨ ਆਪਣੀ ਉਪਜ ਵਿਚੋਲੇ ਰਾਹੀਂ ਵੇਚਣ ਨੂੰ ਤਰਜੀਹ ਦਿੰਦੇ ਹਨ, ਪਰ ਮੁਨਾਫ਼ਾ ਗਾਹਕਾਂ ਨੂੰ ਸਿੱਧੇ ਤੌਰ ‘ਤੇ ਆਪਣੀ ਪੈਦਾਵਾਰ ਵੇਚਣ ਵਿਚ ਜ਼ਿਆਦਾ ਹੁੰਦਾ ਹੈ।
ਸ਼ਰਨਜੀਤ ਕਹਿੰਦੇ ਹਨ, “ਆਪਣੀ ਫ਼ਸਲ ਆਪ ਵੇਚਣ ਵਿੱਚ ਕਿਸ ਗੱਲ ਦੀ ਸ਼ਰਮ। ਜਿੰਨੇ ਪੈਸੇ ਮੈਂ ਵੈਨ ਤਿਆਰ ਕਰਨ ਤੇ ਲਾਏ ਹਨ ਇਨ੍ਹਾਂ ਪੈਸਿਆਂ ਨਾਲ ਹੀ ਮੈਂ ਜ਼ਮੀਨ ਠੇਕੇ ਤੇ ਲੈਂਦਾ ਸੀ ਪਰ ਪੈਸੇ ਦਾ ਵਿਆਜ ਜੇ ਆਮਦਨ ਚੋਂ ਘਟਾ ਲਿਆ ਜਾਵੇ ਤਾਂ ਮੇਰੇ ਪੱਲੇ ਸਿਰਫ਼ ਤੂੜੀ ਹੀ ਪੈਂਦੀ ਸੀ।ਹੁਣ ਮੇਰੇ ਘਰ ਰੋਜ਼ ਨਗਦ ਪੈਸੇ ਰਹੇ ਹਨ।ਮੇਰੇ ਬੱਚੇ ਵਧੀਆ ਖ਼ੁਰਾਕ ਖਾ ਰਹੇ ਹਨ, ਮੈਂ ਉਨ੍ਹਾਂ ਦੀ ਪੜਾਈ ਦਾ ਖਰਚਾ ਇਸ ਕੰਮ ਚੋਂ ਕੱਢ ਰਿਹਾ ਹਾਂ। ਮੇਰੀ ਖੇਤੀ ਨੂੰ ਵੀ ਇਸ ਆਮਦਨ ਨਾਲ ਸਹਾਇਤਾ ਮਿਲਦੀ ਹੈ।ਮੈਨੂੰ ਵਿਆਜ ਤੇ ਪੈਸੇ ਨਹੀਂ ਫੜਨੇ ਪੈ ਰਹੇ।”
ਸ਼ਰਨਜੀਤ ਸਿੰਘ ਸੀਮਾਂਤ ਕਿਸਾਨਾਂ ਅਤੇ ਨੌਜਵਾਨ ਉੱਦਮੀਆਂ ਲਈ ਪ੍ਰੇਰਨਾ ਸਰੋਤ ਹਨ। ਸ਼ਰਨਜੀਤ ਦੇ ਕੰਮ ਬਾਰੇ ਹੋਰ ਜਾਣਕਾਰੀ ਹਾਸਲ ਕਰਨ ਲਈ ਤੁਸੀਂ ਹੇਠਲੀ ਵੀਡੀਓ ਦੇਖ ਸਕਦੇ ਹੋ।
Be First to Comment