Press "Enter" to skip to content

ਨਸ਼ੇ ਦੇ ਗੁਲਾਮ ਬਣੇ ਨੌਜਵਾਨਾਂ ਲਈ ਪ੍ਰੇਰਨਾ ਦਾ ਸ੍ਰੋਤ ਬਣਿਆ ਬਾਬਾ

ਜ਼ਿਲ੍ਹਾ ਲੁਧਿਆਣਾ ਦੇ ਪਿੰਡ ਸਿੱਧਵਾਂ ਬੇਟ ਦੇ ਰਹਿਣ ਵਾਲੇ ਰਾਜਿੰਦਰ ਸਿੰਘ ਸੇਵਾਮੁਕਤ ਸਕੂਲ ਅਧਿਆਪਕ ਹਨ। ਰਾਜਿੰਦਰ ਸਿੰਘ ਆਪਣੀ ਤੰਦਰੁਸਤੀ ਅਤੇ ਹੈਮਰ ਥ੍ਰੋਅ ਦੀ ਖੇਡ ਪ੍ਰਤੀ ਇੰਨੇ ਉਤਸ਼ਾਹਿਤ ਹਨ ਕਿ ਉਨ੍ਹਾਂ ਨੇ ਆਪਣੀ ਸੇਵਾਮੁਕਤੀ ਤੋਂ ਬਾਅਦ ਵੀ ਇਸਨੂੰ ਜਾਰੀ ਰੱਖਿਆ। ਉਹ ਪਿਛਲੇ ਛੇ ਸਾਲਾਂ ਤੋਂ ਹੇਮਰ ਥ੍ਰੋਅ ਦੇ ਨੈਸ਼ਨਲ ਚੈਪੀਅਨ ਹਨ ਅਤੇ ਦੇਸ਼-ਵਿਦੇਸ਼ ਵਿੱਚ ਹੋਣ ਵਾਲੇ ਮੁਕਾਬਲਿਆ ਵਿੱਚ ਵੀ ਉਨ੍ਹਾਂ ਨੇ ਵੱਡੀਆਂ ਮੱਲਾਂ ਮਾਰੀਆਂ ਹਨ।

ਰਾਜਿੰਦਰ ਸਿੰਘ ਦੱਸਦੇ ਹਨ ਕਿ ਉਹ ਮੁੱਢ ਤੋਂ ਖੇਡਾਂ ਨਾਲ ਜੁੜੇ ਰਹੇ ਹਨ। ਡਰਾਇੰਗ ਟੀਚਰ ਵਜੋਂ ਡਿਊਟੀ ਦੌਰਾਨ ਵੀ ਉਹ ਬੱਚਿਆਂ ਨੂੰ ਹੈਮਰ ਥ੍ਰੋਅ ਦੀ ਸਿਖਲਾਈ ਦਿੰਦੇ ਸਨ ਅਤੇ ਰਿਟਾਇਰਮੈਂਟ ਤੋਂ ਬਾਅਦ ਉਹ ਮੁੜ ਤੋਂ ਇਹ ਖੇਡ ਵੱਲ ਆ ਗਏ ਅਤੇ ਹੈਮਰ ਥ੍ਰੌਅ ਦੇ ਵੱਖ ਵੱਖ ਮੁਕਾਬਲਿਆ ਵਿੱਚ ਭਾਗ ਲਿਆ ਅਤੇ 2017 ਤੋਂ ਉਹ ਲਗਾਤਾਰ 6 ਵਾਰ ਨੈਸ਼ਨਲ ਚੈਂਪੀਅਨ ਵੀ ਰਹੇ। ਨੈਸ਼ਨਲ ਤੋਂ ਬਾਅਦ ਉਨ੍ਹਾਂ ਇੰਟਰਨੈਸ਼ਨਲ ਮੁਕਾਬਲਿਆ ਵਿੱਚ ਵੀ ਭਾਗ ਲਿਆ ਅਤੇ ਉੱਥੇ ਵੀ ਉਨ੍ਹਾਂ ਵੱਖ ਵੱਖ ਦੇਸ਼ਾਂ ਵਿੱਚ ਹੋਏ ਮੁਕਾਬਲਿਆ ਵਿੱਚ ਗੋਲਡ ਮੈਡਲ ਜਿੱਤੇ।

ਉਹ ਦੱਸਦੇ ਹਨ ਕਿ ਕਈ ਵਾਰ ਵਿਅਕਤੀ ਰਿਟਾਇਰ ਹੋਣ ਤੋਂ ਬਾਅਦ ਵਿਹਲੇ ਬੈਠ ਕੇ ਸਮਾਂ ਲੰਘਾਉਂਦੇ ਹਨ ਪਰ ਉਹ ਅੱਜ ਵੀ ਸਵੇਰੇ ਪੰਜ ਵਜੇ ਉੱਠ ਕੇ ਗਰਾਊਂਡ ਜਾਂਦੇ ਹਨ ਜਿੱਥੇ ਉਹ ਸਰੀਰਕ ਕਸਰਤ ਕਰਨ ਦੇ ਨਾਲ ਨਾਲ ਆਪਣੀ ਖੇਡ ਦਾ ਅਭਿਆਸ ਵੀ ਕਰਦੇ ਹਨ। ਜਿਸ ਤੋਂ ਬਾਅਦ ਜਿੰਮ ਵੀ ਚਲਾਉਂਦੇ ਹਨ ਜਿੱਥੇ ਉਹ ਖੁਦ ਵੀ ਕਸਰਤ ਕਰਦੇ ਹਨ ਅਤੇ ਹੋਰਨਾਂ ਨੌਜਵਾਨਾਂ ਨੂੰ ਵੀ ਟ੍ਰੇਨਿੰਗ ਦਿੰਦੇ ਹਨ ਤਾਂ ਜੋ ਨੌਜਵਾਨ ਮੁੰਡੇ ਵੀ ਚੰਗੀ ਸਿਹਤ ਬਣਾਉਣ ਲਈ ਪ੍ਰੇਰਿਤ ਹੋਣ ਅਤੇ ਖੇਡਾਂ ਦੇ ਨਾਲ ਜੁੜਣ।

ਰਾਜਿੰਦਰ ਸਿੰਘ ਨਾ ਸਿਰਫ਼ ਆਪਣੇ ਸਰੀਰ ਦੀ ਤੰਦਰੁਸਤੀ ਲਈ ਸਖ਼ਤ ਮਿਹਨਤ ਕਰਦੇ ਹਨ ਬਲਕਿ ਨੌਜਵਾਨਾਂ ਨੂੰ ਨਸ਼ਾ ਛੱਡਣ ਅਤੇ ਸਿਹਤਮੰਦ ਜੀਵਨ ਜਿਉਣ ਲਈ ਵੀ ਪ੍ਰੇਰਿਤ ਕਰਦੇ ਹਨ। ਉਨ੍ਹਾਂ ਦੱਸਿਆ ਕਿ ਜੇਕਰ ਕੋਈ ਨੌਜਵਾਨ ਇਸ ਖੇਡ ਨੂੰ ਸਿੱਖਣ ਦਾ ਇੱਛੁਕ ਹੈ ਤਾਂ ਉਹ ਉਨ੍ਹਾਂ ਦੇ ਨਾਲ ਜੁੜ ਕੇ ਇਸ ਦੀ ਟ੍ਰੈਨਿੰਗ ਵੀ ਲੈ ਸਕਦਾ ਹੈ ਤਾਂ ਜੋ ਪੰਜਾਬ ਦੇ ਵੱਧ ਤੋਂ ਵੱਧ ਨੌਜਵਾਨ ਇਸ ਖੇਡ ਵੱਲ ਆਉਣ ਅਤੇ ਵੱਡੇ ਮੁਕਾਬਲੇ ਜਿੱਤ ਕੇ ਪੰਜਾਬ ਅਤੇ ਆਪਣੇ ਮਾਂ-ਪਿਓ ਦਾ ਨਾਮ ਰੋਸ਼ਨ ਕਰਨ। ਉਨ੍ਹਾਂ ਦੇ ਕੰਮ ਬਾਰੇ ਹੋਰ ਜਾਨਣ ਲਈ ਤੁਸੀਂ ਹੇਠਾਂ ਦਿੱਤੀ ਵੀਡੀਓ ਵੇਖ ਸਕਦੇ ਹੋ।

Be First to Comment

Leave a Reply

Your email address will not be published. Required fields are marked *