Press "Enter" to skip to content

ਨੌਕਰੀ ਚਲੀ ਗਈ ਤਾਂ ਆਪਣਾ ਬਿਜ਼ਨਸ ਕਾਮਯਾਬ ਕਰ ਲਿਆ

ਬਠਿੰਡਾ ਜ਼ਿਲ੍ਹੇ ਦੇ ਇੱਕ ਛੋਟੇ ਜਿਹੇ ਪਿੰਡ ਬੱਲੋ੍ਹ ਦੇ ਰਹਿਣ ਵਾਲੇ ਅਮਨਦੀਪ ਕੌਰ ਇੱਕ ਉੱਦਮੀ ਹਨ। ਜੋ ਆਪਣੇ ਘਰ ਤੋਂ ਦੇਸੀ ਤਰੀਕੇ ਨਾਲ ਸਾਬਣਾਂ ਬਣਾਉਣ ਦਾ ਕਾਰੋਬਾਰ ਚਲਾਉਂਦੇ ਹਨ। ਉਹ ਦੱਸਦੇ ਹਨ ਕਿ ਪੰਜ ਸਾਲ ਪਹਿਲਾਂ ਉਹ ਇੱਕ ਕਾਲਜ ਵਿੱਚ ਲੈਕਚਰਾਰ ਸਨ ਪਰ ਕੋਵਿਡ ਪਾਬੰਦੀਆਂ ਦੌਰਾਨ, ਉਨ੍ਹਾਂ ਨੂੰ ਆਪਣੀ ਨੌਕਰੀ ਛੱਡਣੀ ਪਈ। ਚੰਗੀ ਕਮਾਈ ਲਈ ਉਨ੍ਹਾਂ ਨੇ ਆਪਣੇ ਘਰ ਵਿੱਚ ਹੀ ਸਾਬਣਾਂ ਬਣਾਉਣ ਦਾ ਕਾਰੋਬਾਰ ਸ਼ੁਰੂ ਕਰ ਲਿਆ ਅਤੇ ਇਸਨੂੰ ਔਨਲਾਈਨ ਵੇਚਣ ਲੱਗੇ।

ਉਹ ਦੱਸਦੇ ਹਨ ਕਿ ਵਿਆਹ ਤੋਂ ਬਾਅਦ ਉਹ ਜੈਪੁਰ ਚਲੇ ਗਏ। ਜਿੱਥੇ ਜਾ ਕੇ ਵੀ ਉਨ੍ਹਾਂ ਇਹ ਕਿੱਤਾ ਨਹੀਂ ਛੱਡਿਆ ਅਤੇ ਲਗਾਤਾਰ ਸਾਬਣਾ ਬਣਾ ਕੇ ਵੇਚਦੇ ਰਹੇ। ਇਸ ਕੰਮ ਵਿੱਚ ਉਨ੍ਹਾਂ ਦਾ ਪਰਿਵਾਰ ਵੀ ਉਨ੍ਹਾਂ ਦੀ ਪੂਰੀ ਮਦਦ ਕਰਦਾ ਹੈ ਅਤੇ ਹੁਣ ਉਨ੍ਹਾਂ ਦੇ ਪ੍ਰੋਡਕਟ ਇੱਕਲੇ ਦੇਸ਼ ਵਿੱਚ ਨਹੀਂ ਸਗੋਂ ਵਿਦੇਸ਼ਾਂ ਵਿੱਚ ਵੀ ਜਾਂਦੇ ਹਨ।

ਉਹ ਦੱਸਦੇ ਹਨ ਕਿ ਉਨ੍ਹਾਂ ਦੇ ਨਾਲ ਕੁਝ ਵਰਕਰ ਵੀ ਜੁੜੇ ਹੋਏ ਹਨ ਅਤੇ ਉਹ ਮਿਲ ਕੇ ਦੇਸੀ ਤਰੀਕੇ ਦੇ ਨਾਲ ਸਾਬਣਾਂ ਨੂੰ ਤਿਆਰ ਕਰਦੇ ਹਨ। ਉਨ੍ਹਾਂ ਦੀਆਂ ਸਾਬਣਾਂ ਵਿੱਚ ਕਿਸੇ ਕਿਸਮ ਦਾ ਕੋਈ ਵੀ ਕੈਮੀਕਲ ਨਹੀਂ ਵਰਤਿਆ ਜਾਂਦਾ ਜਿਸ ਕਾਰਨ ਇਨ੍ਹਾਂ ਸਾਬਣਾਂ ਨੂੰ ਬੱਚੇ ਤੋਂ ਲੈ ਕੇ ਹਰ ਉਮਰ ਵਰਗ ਦਾ ਵਿਅਕਤੀ ਵਰਤ ਸਕਦਾ ਹੈ।

ਉਹ ਦੱਸਦੇ ਹਨ ਕਿ ਇਸ ਕੰਮ ਵਿੱਚੋਂ ਉਹ ਚੰਗੀ ਕਮਾਈ ਤਾਂ ਕਰ ਹੀ ਰਹੇ ਹਨ ਅਤੇ ਨਾਲ ਹੀ ਹੋਰ ਔਰਤਾਂ ਨੂੰ ਵੀ ਰੁਜਗਾਰ ਦੇ ਰਹੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਜੇਕਰ ਕੋਈ ਵਿਅਕਤੀ ਜ਼ਿੰਦਗੀ ਵਿੱਚ ਕੁਝ ਕਰਨਾ ਚਾਹੁੰਦਾ ਹੈ ਤਾਂ ਉਸਨੂੰ ਕਾਮਯਾਬ ਹੋਣ ਲਈ ਯਤਨ ਕਰਦੇ ਰਹਿਣੇ ਚਾਹੀਦੇ ਹਨ ਅਤੇ ਸਿਰੜ ਨਾਲ ਕੀਤੀ ਮਿਹਨਤ ਅਤੇ ਲਗਨ ਦਾ ਇੱਕ ਦਿਨ ਨਤੀਜ਼ਾ ਜਰੂਰ ਮਿਲਦਾ ਹੈ। ਆਪਣੇ ਘਰ ਤੋਂ ਕਾਰੋਬਾਰ ਚਲਾਉਣ ਦੇ ਤਜ਼ਰਬੇ ਬਾਰੇ ਹੋਰ ਜਾਨਣ ਲਈ ਤੁਸੀਂ ਹੇਠਾਂ ਦਿੱਤੀ ਵੀਡੀਓ ਵੇਖ ਸਕਦੇ ਹੋ।

Be First to Comment

Leave a Reply

Your email address will not be published. Required fields are marked *