ਪਿੰਡ ਤਾਂ ਬਸ਼ੀਰ (ਕਾਲਪਨਿਕ ਨਾਮ) ਦਾ ਟਿਓਣਾ ਸੀ ਬਠਿੰਡੇ ਦੇ ਨੇੜੇ, ਭਦੌੜ ਤਾਂ ਬਸ਼ੀਰ ਬੱਕਰੀਆਂ ਲੈ ਕੇ ਸਰਦਾਰਾਂ ਦੀ ਇਜ਼ਾਜਤ ਨਾਲ ਆਇਆ ਸੀ ਬੀੜ ‘ਚ ਬੱਕਰੀਆਂ ਚਾਰਨ। ਇਸੇ ਦੌਰਾਨ ਉਸਦੀ ਦੋਸਤੀ ਮਿਸਤਰੀਆਂ ਦੇ ਮੁੰਡਿਆਂ ਨਾਲ ਹੋ ਗਈ। ਫਿਰ ਆਇਆ ਪੰਜਾਬੀਆਂ ਲਈ ਦੁੱਖਾਂ ਦੀ ਪੰਡ ਲੈ ਕੇ ਸੰਨ ਸੰਤਾਲੀ। ਉਸਦੇ ਮਾਂ-ਪਿਓ ਅਤੇ ਪਰਿਵਾਰ ਟਿਓਣੇ ਤੋਂ ਪਾਕਿਸਤਾਨ ਹਿਜਰਤ ਕਰ ਗਏ। ਉਹ ਭਦੌੜ ਦੇ ਦੋਸਤਾਂ ਨਾਲ ਬੱਕਰੀਆਂ ਚਾਰਦਾ ਭਦੌੜ ਹੀ ਰਹਿ ਗਿਆ।ਕਿਸੇ ਨੂੰ ਪਤਾ ਨਹੀਂ ਹੀ ਨਹੀਂ ਕਿ ਉਹ ਮੁਸਲਮਾਨਾਂ ਦਾ ਮੁੰਡਾ ਹੈ। ਸਾਰੇ ਮਿਸਤਰੀਆਂ ਦਾ ਰਿਸ਼ਤੇਦਾਰ ਹੀ ਸਮਝਦੇ ਸਨ। ਬੜੇ ਆਨੰਦ ਨਾਲ ਰਹਿ ਰਹੇ ਨੂੰ ਇੱਕ ਦਿਨ ਪਾਕਿਸਤਾਨ ਤੋਂ ਆਈ ਪੁਲਸ ਨੇ ਬੁਲਾ ਲਿਆ ਪਰ ਉਹ ਪਾਕਿਸਤਾਨ ਜਾਣਾ ਹੀ ਨਹੀਂ ਸੀ ਚਾਹੁੰਦਾ।
ਮਿਸਤਰੀਆਂ ਨੇ ਸ.ਨਿਰਪਾਲ ਸਿੰਘ ਕੋਲ ਸਿਫਾਰਸ਼ ਲਾਈ ਕਿ ਮੁੰਡਾ ਜਾਣਾ ਨਹੀਂ ਚਾਹੁੰਦਾ, ਸਾਡਾ ਗੂੜਾ ਦੋਸਤ ਹੈ। ਸ.ਨਿਰਪਾਲ ਸਿੰਘ ਕਹਿੰਦਾ ਆਪਾਂ ਪਾਕਿਸਤਾਨੀ ਅਫਸਰਾਂ ਸਾਹਮਣੇ ਮੰਨ ਚੁੱਕੇ ਹਾਂ, ਹੁਣ ਸਾਡੀ ਸਿਫਾਰਸ ਕੰਮ ਨਹੀਂ ਕਰਦੀ। ਸੋ ਪਾਕਿਸਤਾਨ ਦੀ ਪੁਲਿਸ ਉਸਨੂੰ ਨਾਲ ਲੈ ਗਈ ਉਸਦੇ ਮਾਂ-ਬਾਪ ਅਤੇ ਭਰਾਵਾਂ ਕੋਲ। ਸਰੀਰ ਪਾਕਿਸਤਾਨ ਚਲਾ ਗਿਆ ਪਰ ਮਨ ਭਦੌੜ ਦੇ ਦੋਸਤਾਂ ਨਾਲ ਹੀ ਤੁਰਿਆ ਫਿਰਦਾ। ਉਹ ਦੱਸਦਾ ਫਿਰ ਬਾਈ ਮੈਂ ਪੱਠੇ ਵੱਢਣ ਜਾਣਾ ਕੰਮ ਤਾਂ ਸਾਰਾ ਕਰੀ ਜਾਣਾ ਪਰ ਮੇਰਾ ਜੀਅ ਨਾ ਲੱਗਣਾ, ਜੀਅ ਕਰਦਾ ਉੱਡ ਕੇ ਭਦੌੜ ਜਾ ਵੜਾ। ਇਹ ਤਾਂ ਮੈਨੂੰ ਪਤਾ ਸੀ ਕਿ ਹਿੰਦੁਸਤਾਨ ਵੱਲੋਂ ਸੂਰਜ ਚੜਦਾ ਹੈ। ਇੱਕ ਦਿਨ ਪੱਠੇ ਵੱਢਣ ਆਇਆ ਮੈਂ ਦਾਤੀ ਵੱਟ ਵਿੱਚ ਗੱਡ ਦਿੱਤੀ ਅਤੇ ਤੁਰ ਪਿਆ ਜਿੱਧਰੋਂ ਸੂਰਜ ਚੜਦਾ। ਰੇਲ ਦੀ ਲੀਹ ਨਾਲ ਤੁਰਦਿਆਂ ਪਿੱਛੇ ਕੋਈ ਬੋਤੇ ਤੇ ਸਵਾਰ ਆਉਂਦਿਆਂ ਿਿਦਸਆ, ਮੈਂ ਸੋਚਿਆ ਮੇਰਾ ਪਿੱਛਾ ਕਰਦਾ ਕੋਈ ਆ ਰਿਹਾ ਹੈ।ਮੈਂ ਪਾਸੇ ਹਟ ਕੇ ਬਾਜਰੇ ਵਿੱਚ ਪੈ ਗਿਆ। ਕੁਛ ਦੇਰ ਬਾਅਦ ਉਠਕੇ ਪੂਰਬ ਵੱਲ ਤੁਰ ਪਿਆ। ਸ਼ਾਮ ਹੁੰਦਿਆਂ ਕਿਸੇ ਪਿੰਡ ਪੁੱਜਿਆ ਤਾਂ ਰੋਟੀ ਖਾਣ ਦਾ ਫਿਕਰ ਹੋਇਆ। ਬੱਕਰੀਆਂ ਤਾਂ ਮੈਂ ਚਾਰਦਾ ਗਿਆ ਸੀ ਸੋ ਭੇਡਾਂ ਚਾਰਨ ਵਾਲਿਆਂ ਕੋਲ ਚਲਾ ਗਿਆ ਕਿ ਬਾਈ ਰਾਤ ਕੱਟਣੀ ਤੇ ਰੋਟੀ ਖਾਣੀ ਹੈ। ਮੇਰੇ ਮਾਂ ਪਿਓ ਹਿੰਦੁਸਤਾਨ ਰਹਿ ਗਏ ਹਨ ਉਹਨਾਂ ਨੂੰ ਲੱਭਣ ਚੱਲਿਆ ਹਾਂ, ਹਿੰਦੁਸਤਾਨ ਭਲਾ ਕਿੱਡੀ ਕੁ ਦੂਰ ਹੋਵੇਗਾ? ਤੂੰ ਫਿਕਰ ਨਾ ਕਰ ਰੋਟੀ ਖਾ ਰਾਤ ਕੱਟ ਕੱਲ ਨੂੰ ਤੈਨੂੰ ਹਿੰਦੁਸਤਾਨ ਛੱਡ ਦਿਆਂਗੇ, ਮੈਂ ਬੇਫਿਕਰੀ ਨਾਲ ਰਾਤ ਕੱਟੀ। ਭੇਡਾਂ ਚਾਰਨ ਤੁਰੇ ਭਰਾਵਾਂ ਨਾਲ ਸੋਟੀ ਫੜ ਕੇ ਮੈਂ ਖੇਤਾਂ ਨੂੰ ਆ ਗਿਆ। ਦੁਪਹਿਰੇ ਕਿੱਕਰਾਂ ਦੀ ਛਾਵੇਂ ਇੱਕ ਢਾਬ ਤੇ ਹਿੰਦੁਸਤਾਨ ਅਤੇ ਪਾਕਿਸਤਾਨ ਦੇ ਚਰਵਾਹੇ ਇਕੱਠੇ ਬੈਠਦੇ ਸੀ।
ਮੇਰੀ ਬਾਂਹ ਹਿੰਦੁਸਤਾਨ ਵਾਲਿਆਂ ਨੂੰ ਫੜਾ ਉਹ ਭੇਡਾਂ ਲੈ ਆਪਣੇ ਪਿੰਡ ਨੂੰ ਮੁੜ ਗਏ। ਮੈਂ ਸੋਟੀ ਫੜ ਹਿੰਦੁਸਤਾਨ ਵਾਲਿਆਂ ਨਾਲ ਚੱਲ ਪਿਆ। ਸ਼ਾਮਾਂ ਪੈ ਗਈਆਂ, ਭੇਡਾਂ ਵਾਲੇ ਮੈਨੂੰ ਰੇਲਵੇ ਸਟੇਸ਼ਨ ਦਾ ਰਾਹ ਦੱਸ ਆਪਣੇ ਘਰਾਂ ਨੂੰ ਚਲੇ ਗਏ। ਮੈਂ ਪਤਾ ਨਹੀਂ ਕਿੱਥੋਂ ਦੇ ਸਟੇਸ਼ਨ ਤੇ ਆ ਗਿਆ। ਮੈਨੂੰ ਬਠਿੰਡੇ ਦਾ ਨਾਂ ਯਾਦ ਸੀ। ਫਿਰ ਯਾਦ ਆਇਆ ਟਿਕਟ ਲਈ ਪੈਸੇ ਚਾਹੀਦੇ ਹਨ। ਪੰਜ ਰੁਪੈ ਵਿੱਚ ਨੱਤੀਆਂ ਕੰਨਾਂ ਵਿੱਚੋਂ ਲਾਹ ਕੇ ਸੁਨਿਆਰ ਨੂੰ ਵੇਚ ਆਇਆ, ਅੱਠ ਆਨੇ ਦੀ ਮਠਿਆਈ ਖਾਣ ਵਾਸਤੇ ਲੈ ਲਈ ਅਤੇ ਢਾਈ ਰੁਪੈ ਦੀ ਟਿਕਟ। ਸਵੇਰ ਨੂੰ ਗੱਡੀ ਬਠਿੰਡੇ ਪਹੁੰਚ ਗਈ। ਉੱਥੇ ਮੈਨੂੰ ਸੂਰਤੀ ਕੂਕਾ ਟੱਕਰਿਆ, ਕਹਿੰਦਾ ਤੂੰ ਮੁੜ ਆਇਆ? ਮੈਂ ਆਖਿਆ ਚੁੱਪ ਕਰ ਮੇਰੀ ਟਿਕਟ ਰਾਮਪੁਰੇ ਦੀ ਲੈ ਲਾ। ਰਾਮਪੁਰੇ ਸਾਡਾ ਕਰਨੈਲ ਸਿਓਂ ਮੋਟਰ ਲੈ ਕੇ ਜਾਂਦਾ ਸੀ। ਉੱਥੇ ਕਰਨੈਲ ਮਿਲ ਗਿਆ ਤੇ ਮੋਟਰ ਤੇ ਬਹਾ ਲੈ ਆਇਆ ਸੁਪਨਿਆਂ ਦੀ ਧਰਤੀ ਭਦੌੜ। ਬਾਈ ਤਿੰਨ ਪੀਹੜੀਆਂ ਹੋ ਗਈਆਂ, ਬੜੀ ਤਰੱਕੀ ਕੀਤੀ ਆ ਮੇਰੇ ਵੀਰਿਆ ਨੇ। ਬੱਸਾਂ ਦੇ ਬਾਡੀਆਂ ਲਾ, ਚੰਗੇ ਅੰਗਰੇਜ਼ੀ ਸਕੂਲ ਚਲਾਉਂਦੇ ਨੇ, ਪੈਟਰੋਲ ਪੰਪਾਂ ਦੇ ਮਾਲਕ ਨੇ ਪਰ ਮੇਰੇ ਨਾਲ ਅੱਜ ਤੱਕ ਭੋਰਾ ਫਰਕ ਨੀ ਰੱਖਿਆ। ਬਾਈ ਤੂੰ ਪਾਕਿਸਤਾਨ ਜਾਂਦਾ ਰਹਿਨਾ, ਮੇਰਾ ਵੀ ਪਾਸਪੋਰਟ ਬਣਾ ਦੇ ਸ਼ਾਇਦ ਮੇਰੀ ਮਾਂ ਹੋਵੇ। ਉਹਨੂੰ ਮਿਲਣ ਨੂੰ ਮਨ ਤਾਂਘਦਾ ਪਰ ਕਹਿੰਦੇ ਕੇਸ ਰੱਖਣ ਵਾਲਿਆਂ ਨੂੰ ਜਾਣ ਨੀ ਦਿੰਦੇ। ਦਲੀਲਾਂ ਕਰਦਾ ਰੇੜੇ, ਗੱਡੀਆਂ ਦਾ ਚੰਗਾ ਮਿਸਤਰੀ ਸਭ ਨੂੰ ਅਲਵਿਦਾ ਕਹਿ ਗਿਆ..
ਹਰਭਜਨ ਸਿੰਘ ਭੋਤਨਾ
7791766917
Be First to Comment