ਪੰਜਾਬ ਦੇ ਪਟਿਆਲਾ ਜ਼ਿਲ੍ਹੇ ਦੇ ਪਿੰਡ ਅਜਰੌਰ ਦੇ ਰਹਿਣ ਵਾਲੇ ਕਿਸਾਨ ਜੈ ਸਿੰਘ ਜੈਵਿਕ ਖੇਤੀ ਕਰਦੇ ਹਨ। ਕਣਕ ਅਤੇ ਝੋਨੇ ਤੋਂ ਇਲਾਵਾ, ਉਹ ਖੇਤ ਵਿੱਚ ਫਲ, ਸਬਜ਼ੀਆਂ ਅਤੇ ਗੰਨੇ ਦੀ ਕਾਸ਼ਤ ਵੀ ਕਰਦੇ ਹਨ। ਉਹ ਆਪਣੇ ਖੇਤ ਦੇ ਉਤਪਾਦਾਂ ਨੂੰ ਖੁਦ ਪ੍ਰੋਸੈਸ ਕਰਦੇ ਹਨ ਅਤੇ ਖੁਦ ਹੀ ਉਸਦੀ ਮਾਰਕੀਟਿੰਗ ਕਰਦੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਕਿਸਾਨ ਖੁਦ ਜੈਵਿਕ ਖੇਤੀਬਾੜੀ ਉਤਪਾਦਾਂ ਦੀ ਮਾਰਕੀਟਿੰਗ ਕਰਕੇ ਘੱਟ ਕੀਮਤ ‘ਤੇ ਚੰਗਾ ਮੁਨਾਫਾ ਕਮਾ ਸਕਦੇ ਹਨ।
ਔਰਗੈਨਿਕ ਖੇਤੀ ਵੱਲ ਮੁੜਣ ਬਾਰੇ ਜੈ ਸਿੰਘ ਦੱਸਦੇ ਹਨ ਕਰੀਬ 20 ਸਾਲ ਪਹਿਲਾ ਉਹ ਮੱਝਾਂ ਨੂੰ ਟੀਕਾ ਲਗਾ ਕੇ ਦੁੱਧ ਦੀ ਚੁਆਈ ਕਰਦੇ ਸਨ ਅਤੇ ਇਸ ਦੁੱਧ ਨੂੰ ਪੀਣ ਕਾਰਨ ਹੀ ਉਨ੍ਹਾਂ ਦਾ ਪੁੱਤਰ ਬਿਮਾਰ ਹੋ ਗਿਆ ਸੀ। ਜਿਸ ਤੋਂ ਬਾਅਦ ਉਨ੍ਹਾਂ ਨੇ ਪਸ਼ੂਆਂ ਨੂੰ ਟੀਕਾ ਲਗਾਉਣਾ ਬਿਲਕੁੱਲ ਬੰਦ ਕਰ ਦਿੱਤਾ ਅਤੇ ਹੁਣ ਉਹ ਖੁਦ ਵੀ ਖਾਲਸ ਦੁੱਧ ਹੀ ਪੀਂਦੇ ਹਨ ਅਤੇ ਲੋਕਾਂ ਨੂੰ ਵੀ ਇਹ ਦੁੱਧ ਵੇਚਦੇ ਹਨ। ਉਹ ਦੱਸਦੇ ਹਨ ਪਸ਼ੂ ਦੇ ਚਾਰੇ ਉਪਰ ਵੀ ਉਨ੍ਹਾਂ ਵੱਲੋਂ ਕਿਸੇ ਕਿਸਮ ਦੀ ਰੇਅ ਸਪਰੇਅ ਨਹੀਂ ਕੀਤੀ ਜਾਂਦੀ।
ਜੈ ਸਿੰਘ ਦੱਸਦੇ ਹਨ ਕਿ ਅੱਜ ਦੇ ਸਮੇਂ ਕਿਸਾਨ ਖੇਤਾਂ ਵਿੱਚ ਕੈਮੀਕਲ ਅਤੇ ਯੂਰੀਆ ਦੀ ਲੋੜ ਤੋਂ ਵੱਧ ਵਰਤੋਂ ਕਰ ਰਿਹਾ ਹੈ ਜਿਸ ਨਾਲ ਫਸਲਾਂ ਦੇ ਝਾੜ ਜਰੂਰ ਵਧੇ ਹਨ ਪਰ ਕਿਸਾਨਾਂ ਸਿਰ ਕਰਜੇ ਦੀ ਪੰਡ ਵੀ ਪਹਿਲਾਂ ਨਾਲੋਂ ਦੁੱਗਣੀ ਹੋ ਗਈ ਅਤੇ ਇਸ ਕੈਮੀਕਲ ਯੁਕਤ ਅਨਾਜ ਨੂੰ ਖਾਣ ਨਾਲ ਬਿਮਾਰੀਆਂ ਵੀ ਪਹਿਲਾ ਨਾਲੋਂ ਜਿਆਦਾ ਖਤਰਨਾਕ ਹੋ ਗਈਆਂ ਹਨ। ਜਿਸ ਦੇ ਚਲਦੇ ਹਸਪਤਾਲਾਂ ਅਤੇ ਡਾਕਟਰਾਂ ਦੀ ਗਿਣਤੀ ਵੀ ਵਧੀ ਹੈ ਪਰ ਹੱਥ ਕਿਸੇ ਦੇ ਕੁਝ ਵੀ ਨਹੀਂ ਆ ਰਿਹਾ। ਉਨ੍ਹਾਂ ਦਾ ਮੰਨਣਾ ਹੈ ਕਿ ਇਸ ਸਭ ਦਾ ਮੁੱਢਲਾ ਕਾਰਨ ਕੈਮੀਕਲ ਵਾਲਾ ਅਨਾਜ ਜਾਂ ਫਲ ਸਬਜੀਆ ਖਾਣਾ ਹੀ ਹੈ ਅਤੇ ਜੇਕਰ ਖਾਣ ਪੀਣ ਨੂੰ ਹੀ ਸ਼ੁੱਧ ਕਰ ਲਿਆ ਜਾਵੇ ਤਾਂ ਇਨ੍ਹਾਂ ਤੋਂ ਬਚਾਅ ਹੋ ਸਕਦਾ ਹੈ।
ਜੈ ਸਿੰਘ ਨੇ ਹੋਰਨਾਂ ਕਿਸਾਨਾਂ ਵੀ ਅਪੀਲ ਕੀਤੀ ਕਿ ਜੇਕਰ ਕਿਸਾਨ ਕੈਮੀਕਲ ਵਾਲੀ ਖੇਤੀ ਨਹੀਂ ਛੱਡ ਸਕਦੇ ਤਾਂ ਘੱਟ ਤੋਂ ਘੱਟ ਉਹ ਆਪਣੇ ਖਾਣ ਲਈ ਅਨਾਜ, ਸਬਜ਼ੀਆ ਅਤੇ ਫਲ ਬਿਨ੍ਹਾਂ ਕੈਮੀਕਲ ਤੋਂ ਪੈਦਾ ਜਰੂਰ ਕਰਨ। ਉਨ੍ਹਾਂ ਦੇ ਖੇਤੀ ਕਰਨ ਦੇ ਤਰੀਕੇ ਬਾਰੇ ਹੋਰ ਜਾਨਣ ਲਈ ਤੁਸੀਂ ਹੇਠਾਂ ਦਿੱਤੀ ਵੀਡੀਓ ਵੇਖ ਸਕਦੇ ਹੋ।

ਜਿਉਂਦੀ ਖੇਤੀ ਕਰਨ ਵਾਲੇ ਕਿਸਾਨ ਨੂੰ ਮਿਲੋ
More from AgricultureMore posts in Agriculture »
Be First to Comment