ਰਸਾਇਣਿਕ ਖਾਦਾਂ ਅਤੇ ਕੀਟਨਾਸ਼ਕਾਂ ਦੀ ਵਰਤੋਂ ਅੱਜ ਦੇ ਸਮੇਂ ਦੀ ਖੇਤੀ ਦਾ ਅਨਿੱਖੜਵਾਂ ਅੰਗ ਬਣ ਚੁੱਕੀ ਹੈ। ਕਿਸਾਨ ਇਸ ਹੱਦ ਤੱਕ ਇਨ੍ਹਾਂ ਦੀ ਵਰਤੋਂ ਦੇ ਆਦੀ ਹੋ ਚੁੱਕੇ ਹਨ ਕਿ ਰਸਾਇਣਿਕ ਖਾਦਾਂ ਅਤੇ ਕੀਟਨਾਸ਼ਕਾਂ ਦੀ ਵਰਤੋਂ ਬਿਨਾ ਖੇਤੀ ਕਰਨੀ ਕਿਸਾਨਾਂ ਨੂੰ ਅਸੰਭਵ ਹੀ ਲੱਗਣ ਲੱਗ ਪਈ ਹੈ। ਕੁਦਰਤ ਪੱਖੀ ਕਾਰਕੁਨਾਂ ਅਤੇ ਖੇਤੀ ਮਾਹਿਰਾਂ ਦੀ ਜੇ ਮੰਨੀਏ ਤਾਂ ਇਹ ਤੌਰ ਤਰੀਕੇ ਨਾ ਸਿਰਫ਼ ਹਵਾ, ਪਾਣੀ ਅਤੇ ਮਿੱਟੀ ਲਈ ਘਾਤਕ ਹਨ ਸਗੋਂ ਖੇਤੀ ਆਰਥਿਕ ਸੰਕਟ ਵਿੱਚ ਵੀ ਇਨ੍ਹਾਂ ਰਸਾਇਣਿਕ ਖਾਦਾਂ ਦਾ ਵੱਡਾ ਯੋਗਦਾਨ ਹੈ। ਸੱਤਰ ਦੇ ਦਹਾਕੇ ਤੋਂ ਬਾਅਦ ਵਾਲੀ ਖੇਤੀ ਨੂੰ ਜੇ ਛੱਡ ਦੇਈਏ ਤਾਂ ਸਦੀਆਂ ਤੋਂ ਪੁਰਾਤਨ ਤਰੀਕੇ ਨਾਲ ਹੁੰਦੀ ਆ ਰਹੀ ਖੇਤੀ ਇਸ ਗੱਲ ਦਾ ਸਬੂਤ ਹੈ ਕਿ ਇਨ੍ਹਾਂ ਖਾਦਾਂ ਬਿਨਾਂ ਵੀ ਖੇਤੀ ਸੰਭਵ ਹੈ।
ਜਿਲਾ ਮੁਕਤਸਰ ਸਾਹਿਬ ਦੇ ਪਿੰਡ ਭੁੱਲਰ ਦੇ ਰਹਿਣ ਵਾਲੇ ਬਜ਼ੁਰਗ ਕਿਸਾਨ ਅੰਗਰੇਜ਼ ਸਿੰਘ ਮੁਤਾਬਿਕ ਇਸਦਾ ਬਦਲ ਵੀ ਸਾਡੇ ਕਿਸਾਨਾਂ ਕੋਲ ਹੀ ਮੌਜੂਦ ਹੈ। ਅੰਗਰੇਜ਼ ਸਿੰਘ ਬਿਨਾ ਰਸਾਇਣਿਕ ਖਾਦਾਂ ਦੇ ਖੇਤੀ ਕਰਦੇ ਹਨ ਅਤੇ ਉਨ੍ਹਾਂ ਦਾ ਝਾੜ ਵੀ ਰਸਾਇਣਿਕ ਖੇਤੀ ਜਿੰਨਾ ਹੀ ਹੈ। ਰਸਾਇਣਿਕ ਖਾਦਾਂ ਦੀ ਬਜਾਏ ਅੰਗਰੇਜ਼ ਸਿੰਘ ਗੰਡੋਆ ਖਾਦ ਦੀ ਵਰਤੋਂ ਕਰਦੇ ਹਨ ਜਿਸਨੂੰ ਵਰਮੀ ਕੰਪੋਸਟ ਵੀ ਕਿਹਾ ਜਾਂਦਾ ਹੈ।
ਅੰਗਰੇਜ਼ ਸਿੰਘ ਦੱਸਦੇ ਹਨ, “ਰਸਾਇਣਾਂ ਰਾਹੀਂ ਉਪਜ ਹਾਸਲ ਕਰਨ ਦੀ ਇੱਕ ਸੀਮਾ ਹੈ ਪਰ ਕੁਦਰਤ ਪੱਖੀ ਖੇਤੀ ਦੀ ਕੋਈ ਸੀਮਾ ਨਹੀਂ ਹੈ ਕਿਉਂਕਿ ਰਸਾਇਣਿਕ ਖਾਦਾਂ ਦੀ ਖੋਜ ਮਨੁੱਖ ਨੇ ਕੀਤੀ ਹੈ ਜਦਕਿ ਫ਼ਸਲਾਂ ਕੁਦਰਤ ਦੀ ਦੇਣ ਹੈ। ਲੋੜ ਕੁਦਰਤ ਨੂੰ ਸਮਝਣ ਦੀ ਹੈ। ਮੈਂ ਖੇਤ ਵਿੱਚ ਹੀ ਸ਼ੈੱਡ ਥੱਲੇ ਗੋਹੇ ਤੋਂ ਗੰਡੋਇਆਂ ਦੀ ਮਦਦ ਨਾਲ ਖਾਦ ਤਿਆਰ ਕਰਦਾ ਹਾਂ।ਸ਼ੁਰੂਆਤ ਵਿੱਚ ਕਿਸਾਨ ਇਸਨੂੰ ਜ਼ਿਆਦਾ ਪਸੰਦ ਨਹੀਂ ਕਰਦੇ ਸਨ ਪਰ ਪਿਛਲੇ ਕੁੱਝ ਸਾਲਾਂ ਤੋਂ ਸਥਿਤੀ ਬਦਲਣੀ ਸ਼ੁਰੂ ਹੋਈ ਹੈ। ਹੁਣ ਮੈਂ ਆਪਣੀ ਲੋੜ ਨਾਲੋਂ ਕਈ ਗੁਣਾ ਵੱਧ ਖਾਦ ਤਿਆਰ ਕਰਦਾ ਹਾਂ ਫਿਰ ਵੀ ਇਸਦੀ ਮੰਗ ਮੈਥੋਂ ਪੂਰੀ ਨਹੀਂ ਹੁੰਦੀ।”
“ਇਸ ਖਾਦ ਵਿੱਚ ਕਿਸੇ ਵੀ ਫ਼ਸਲ ਲਈ ਲੋੜੀਂਦੇ ਸਾਰੇ ਤੱਤ ਮੌਜੂਦ ਹਨ। ਇਸ ਲਈ ਕਿਸੇ ਵੀ ਰਸਾਇਣਿਕ ਖਾਦ ਜਾਂ ਕੀਟਨਾਸ਼ਕ ਦੀ ਲੋੜ ਨਹੀਂ ਪੈਂਦੀ। ਇਸ ਲਈ ਮੇਰਾ ਖਾਦਾਂ ਅਤੇ ਕੀਟਨਾਸ਼ਕਾਂ ਦਾ ਕੋਈ ਖਰਚਾ ਨਹੀਂ ਹੁੰਦਾ ਅਤੇ ਝਾੜ ਵੀ ਦੂਸਰੇ ਕਿਸਾਨਾਂ ਜਿੰਨਾ ਹੀ ਨਿਕਲਦਾ ਹੈ। ਪਸ਼ੂਆਂ ਦਾ ਗੋਹਾ ਵੀ ਹਰ ਕਿਸਾਨ ਕੋਲ ਆਪਣਾ ਹੁੰਦਾ ਹੈ ਅਤੇ ਗੰਡੋਆ ਇਸ ਵਿੱਚ ਸਿਰਫ਼ ਇੱਕ ਵਾਰ ਖ਼ਰੀਦ ਕੇ ਛੱਡਣਾ ਹੁੰਦਾ ਹੈ। ਇਸਤੋਂ ਅਗਲਾ ਕੰਮ ਗੰਡੋਆ ਕਰਦਾ ਹੈ। ਇਹ ਗੋਹੇ ਨੂੰ ਉਪਜਾਊ ਖਾਦ ਵਿੱਚ ਬਦਲ ਦਿੰਦਾ ਹੈ ਅਤੇ ਆਪਣੀ ਆਬਾਦੀ ਵੀ ਆਪ ਵਧਾਉਂਦਾ ਹੈ। ਕਿਸਾਨ ਨੇ ਸਿਰਫ਼ ਇਹ ਧਿਆਨ ਰੱਖਣਾ ਹੁੰਦਾ ਹੈ ਕਿ ਇਸ ਵਿੱਚ ਗੰਡੋਏ ਦੇ ਰਹਿਣ ਲਾਇਕ ਨਮੀ ਬਣੀ ਰਹੇ।”
ਹੇਠਲੀ ਵੀਡੀਓ ਤੇ ਕਲਿੱਕ ਕਰਕੇ ਤੁਸੀਂ ਕਿਸਾਨ ਅੰਗਰੇਜ਼ ਸਿੰਘ ਤੋਂ ਗੰਡੋਆ ਖਾਦ ਤਿਆਰ ਕਰਨ ਦੇ ਸਹੀ ਢੰਗ-ਤਰੀਕੇ ਬਾਰੇ ਪੂਰੀ ਜਾਣਕਾਰੀ ਲੈ ਸਕਦੇ ਹੋ।
ਇਸ ਬਾਪੂ ਤੋਂ ਸਿੱਖੋ ਖੇਤੀ ‘ਚੋਂ ਪੈਸੇ ਕਮਾਉਣ ਦਾ ਤਰੀਕਾ
More from AgricultureMore posts in Agriculture »
Be First to Comment