ਲੋਕ-ਰਵਾਇਤਾਂ ਅਤੇ ਸਨਾਤਨੀ ਗਰੰਥ ਸਤਲੁਜ ਦੇ ਵਹਿਣਾਂ ਬਾਬਤ ਹਵਾਲਿਆਂ ਨਾਲ ਭਰੇ ਪਏ ਹਨ। ਸੰਤ ਵਿਸਾਖਾ ਸਿੰਘ ਦੀ ਤਿੰਨ ਜਿਲਦਾਂ ਵਿੱਚ ਛਪੀ ਕਿਤਾਬ ‘ਮਾਲਵਾ ਇਤਿਹਾਸ’ ਇਸ ਰੁਝਾਨ ਦੀ ਮਿਸਾਲੀ ਲਿਖਤ ਹੈ। ਜਿਹਦੀ ਡੇਢ ਸੌ ਤੋਂ ਵੱਧ ਸਫ਼ਿਆਂ ਦੀ ਭੂਮਿਕਾ ਪੰਡਿਤ ਕਰਤਾਰ ਸਿੰਘ ਦਾਖਾ ਨੇ ਲਿਖੀ ਸੀ। ਪੰਡਿਤ ਦਾਖਾ ਨੇ ਸਨਾਤਨੀ ਗਰੰਥਾਂ, ਇਤਿਹਾਸਕ ਕਿਤਾਬਾਂ ਅਤੇ ਥੇਹਖੋਜਾਂ ਤੋਂ ਹਵਾਲੇ ਲਏ ਜਾਣ ਦਾ ਦਾਅਵਾ ਕੀਤਾ ਹੈ। ਵਿਸਾਖਾ ਸਿੰਘ ਨੇ ਪਿੰਡ-ਪਿੰਡ ਘੁੰਮ ਕੇ ਜਾਣਕਾਰੀ ਇਕੱਠੀ ਕੀਤੀ। ਕਿਤਾਬ ਵਿੱਚ ਸਤਲੁਜ ਦੇ ਪੁਰਾਣੇ ਵਹਿਣਾਂ ਬਾਬਤ ਮਿੱਥਾਂ ਅਤੇ ਅੰਦਾਜ਼ੇ ਸ਼ਾਮਿਲ ਹਨ। ਸਤਲੁਜ ਵਿੱਚ ਆਈ ਮਹਾਂ-ਪਰਲੋ, ਵਹਿਣ-ਬਦਲੀ, ਹਾਕੜਾ ਦਰਿਆ ਦੇ ਸੁੱਕਣ ਅਤੇ ਜ਼ਮੀਨ ਬੰਜਰ ਹੋਣ ਦੇ ਵੇਰਵੇ ਹਨ। ਇਸ ਕਿਤਾਬ ਉੱਤੇ ਲੋਕ-ਰਵਾਇਤਾਂ ਅਤੇ ਬਸਤਾਨੀ ਲਿਖਤਾਂ ਦਾ ਬਰਾਬਰ ਅਸਰ ਹੈ।
ਬਸਤਾਨੀ ਖੋਜੀਆਂ ਨੇ ਲੋਕ-ਰਵਾਇਤਾਂ ਨੂੰ ਸਮਕਾਲੀ ਵਹਿਣਾਂ ਨਾਲ ਮਿਲਾ ਕੇ ਕਈ ਅੰਦਾਜ਼ੇ ਪੇਸ਼ ਕੀਤੇ ਸਨ। ਬਹੁਤੇ ਸਮਕਾਲੀ ਵਹਿਣਾਂ ਨੂੰ ਅੰਗਰੇਜ਼ ਖੋਜੀਆਂ ਨੇ ਨੈਵਾਲਾਂ ਅਤੇ ਨਾਲੀਆਂ ਕਿਹਾ ਸੀ। ਉਨ੍ਹਾਂ ਦਾ ਅੰਦਾਜ਼ਾ ਸੀ ਕਿ ਇਹ ਨਾਲੀਆਂ ਸਤਲੁਜ ਦੇ ਵੱਖਰੇ ਵੱਖਰੇ ਸਮਿਆਂ ਉੱਤੇ ਸਰਗਰਮ ਰਹੇ ਵਹਿਣਾਂ ਦੀਆਂ ਬਚੀਆਂ-ਖੁਚੀਆਂ ਨਿਸ਼ਾਨੀਆਂ ਹਨ। ਖੋਜੀਆਂ ਨੇ ਇਨ੍ਹਾਂ ਨਾਲੀਆਂ ਨੂੰ ਕੁਝ ਖਾਸ ਨਾਮ ਦਿੱਤੇ ਸਨ ਜਿਵੇਂ ਪੱਛਮੀ ਜਾਂ ਅਬੋਹਰ ਨੈਵਾਲ (ਮਾਛੀਵਾੜਾ-ਅਖਾੜਾ-ਅਬੋਹਰ-ਕੱਲਰ ਖੇੜਾ-ਬਾਲਰ), ਬਠਿੰਡਾ ਨੈਵਾਲ (ਚਮਕੌਰ-ਕਕਰਾਲਾ-ਦੋਰਾਹਾ-ਅਖਾੜਾ-ਮਹਿਰਾਜ-ਬਠਿੰਡਾ-ਮਲੋਟ), ਡੱਬਵਾਲੀ ਨੈਵਾਲ (ਚਮਕੌਰ-ਖੰਨਾ-ਮਲੇਰਕੋਟਲਾ-ਬਰਨਾਲਾ-ਤਪਾ ਮੰਡੀ-ਪਥਰਾਲਾ-ਡੱਬਵਾਲੀ) ਅਤੇ ਪੂਰਬੀ ਨੈਵਾਲ (ਚਮਕੌਰ-ਭੀਖੀ-ਹਨੂੰਮਾਨਗੜ੍ਹ)। ਪੂਰਬੀ ਨੈਵਾਲ ਸਰਹਿੰਦ ਨਹਿਰ ਦੀ ਕੋਟਲਾ ਬਰਾਂਚ ਦੇ ਨੇੜੇ ਤੇੜੇ ਸੀ।
ਹੋਰ ਨਾਲੀਆਂ ਵਿੱਚ ਮਿਰਜ਼ਾ ਕੰਦੀ ਨਹਿਰ (ਰੋਪੜ-ਖੰਟ-ਬੱਸੀ-ਸਰਹਿੰਦ) ਜੈਂਤੀਆਂ ਦੇਵੀ ਕੀ ਰੌ (ਜੈਂਤੀਆ ਦੇਵੀ-ਖਰੜ-ਨੰਦਪੁਰ ਕਲੌੜ-ਬੱਸੀ), ਸਰਹਿੰਦ ਨਦੀ (ਬੱਸੀ-ਸਰਹਿੰਦ-ਭਾਦਸੋਂ-ਸੁਨਾਮ-ਭੀਖੀ-ਹੋਦਲਾ), ਚੋਆ ਨਦੀ (ਰੋਪੜ-ਸਰਹਿੰਦ-ਚਨਾਰਥਲ-ਦਿੜਬਾ-ਸਮਾਣਾ-ਪਾਤੜਾਂ-ਮੂਨਕ-ਰਤੀਆ-ਰਾਣੀਆ-ਹਨੂੰਮਾਨਗੜ੍ਹ), ਪਟਿਆਲਵੀ ਨਦੀ (ਪੜ੍ਹਛ-ਮੋਹਾਲੀ-ਲਾਂਡਰਾਂ-ਨੰਦਪੁਰ ਕੇਸ਼ੋਂ-ਪਟਿਆਲਾ-ਰਤਨਹੇੜੀ) ਅਤੇ ਘੱਗਰ ਨਦੀ ਦਾ ਜ਼ਿਕਰ ਮਿਲਦਾ ਹੈ। ਇਹ ਤੋਂ ਬਿਨ੍ਹਾਂ ਦਰਿਆਇ-ਦੰਦਾ (ਲੁਧਿਆਣਾ-ਧਰਮਕੋਟ-ਮੁਦਕੀ-ਫਰੀਦਕੋਟ-ਮੁਕਤਸਰ), ਬੁੱਢਾ ਦਰਿਆ (ਬੇਲਾ-ਚਮਕੌਰ-ਮਾਛੀਵਾੜਾ-ਲੁਧਿਆਣਾ-ਭੂੰਦੜੀ) ਅਤੇ ਸੁੱਕਰ ਨਦੀ (ਤਿਹਾੜਾ-ਧਰਮਕੋਟ-ਖਾਈ(ਫ਼ਿਰੋਜ਼ਪੁਰ)-ਮਮਦੋਟ), ਸਤਲੁਜ ਦੇ ਪੁਰਾਣੇ ਵਹਿਣਾਂ ਦੀਆਂ ਨਿਸ਼ਾਨੀਆਂ ਵਜੋਂ ਦਰਜ ਹਨ। ਉਪਰਲੇ ਤਿੰਨੇ ਵਹਿਣ ਸਤਲੁਜ ਵਿੱਚੋਂ ਨਿੱਕਲ ਕੇ ਸਤਲੁਜ ਵਿੱਚ ਹੀ ਮਿਲ ਜਾਂਦੇ ਸਨ ਪਰ ਬਾਕੀ ਸਾਰੀਆਂ ਨਾਲੀਆਂ ਸਤਲੁਜ ਦੇ ਸਭ ਤੋਂ ਪੁਰਾਣੇ ਮੰਨੇ ਜਾਂਦੇ ਵਹਿਣ ਘੱਗਰ-ਹਾਕੜਾ ਵਿੱਚ ਡਿੱਗਦੀਆਂ ਸਨ। ਲੋਕ-ਰਵਾਇਤਾਂ ਸਤਲੁਜ ਦੇ ਇਨ੍ਹਾਂ ਵਹਿਣਾਂ ਬਾਬਤ ਦਿਲਚਸਪ ਕਹਾਣੀਆਂ ਦੱਸਦੀਆਂ ਹਨ। ਇਨ੍ਹਾਂ ਲੋਕ-ਰਵਾਇਤਾਂ ਦੀ ਬੁਨਿਆਦ ਉੱਤੇ ਅੰਗਰੇਜ਼ ਖੋਜੀਆਂ ਨੇ ਸਤਲੁਜ ਦੇ ਵਹਿਣ ਬਦਲਣ ਦੇ ਕਾਰਨਾਂ ਦੀ ਥਾਹ ਪਾਉਣ ਦਾ ਦਾਅਵਾ ਕੀਤਾ ਸੀ।
ਸੀਐਫ਼ ਉਲਡਮ ਨੇ ਲਿਖਿਆ ਹੈ ਕਿ ਬਾਬੇ ਫਰੀਦ ਵੇਲੇ ਸਤਲੁਜ ਅਬੋਹਰ ਦੇ ਪੱਛਮ ਵਿੱਚ ਦਰਿਆਇ-ਦੰਦਾ ਰਾਹੀਂ ਵਗਦਾ ਸੀ। ਸੰਨ੍ਹ 1220 ਵਿੱਚ ਜਦੋਂ ਸਤਲੁਜ ਨੇ ਅਬੋਹਰ ਜਾਂ ਪੱਛਮੀ ਨੈਵਾਲ ਵਾਲਾ ਵਹਿਣ ਛੱਡਿਆ ਤਾਂ ਹਾਕੜਾ ਨਾਲ ਸਤਲੁਜ ਦਾ ਰਿਸ਼ਤਾ ਟੁੱਟ ਗਿਆ। ਇਸ ਕਰਕੇ ਤੇਰਵੀਂ ਸਦੀ ਦੇ ਪਹਿਲੇ ਅੱਧ ਵਿੱਚ ਹਾਕੜਾ ਦੇ ਕੰਢੇ ਵਾਲੀ ਜ਼ਮੀਨ ਬੰਜਰ ਹੋ ਗਈ ਅਤੇ ਭਿਆਨਕ ਕਾਲ ਕਾਰਨ ਖਿੱਤੇ ਵਿੱਚੋਂ ਲੋਕਾਂ ਦੀ ਹਿਜ਼ਰਤ ਹੋਣੀ ਸ਼ੁਰੂ ਹੋਈ। ਰੈਵਰਟੀ ਨੇ ‘ਖੁਲਾਸਤੁਤ-ਤਵਾਰੀਖ (1695)’ ਕਿਤਾਬ ਦੇ ਹਵਾਲੇ ਨਾਲ ਸਤਲੁਜ ਵਿੱਚ ਆਈ ‘ਮਹਾਂ-ਪਰਲੋ’ ਦਾ ਜ਼ਿਕਰ ਕੀਤਾ ਹੈ। ਇਹ ਆਮਿਰ ਤੈਮੂਰ ਦੇ ਆਉਣ ਤੋਂ ਕਾਫੀ ਪਹਿਲਾਂ ਅਤੇ ਫ਼ਿਰੋਜ਼ ਤੁਗਲਕ ਵਲੋਂ ਨਹਿਰਾਂ ਕੱਢਣ ਤੋਂ ਕੁਝ ਪਹਿਲਾਂ ਵਾਪਰਿਆ ਹੋਵੇਗਾ “ਪੰਜਾਬ ਦੇ ਉੱਤਰ ਵਿੱਚ ਹਿਮਾਲਿਆ ਪਹਾੜਾਂ ਵਿੱਚ ਜ਼ਮੀਨ ਖਿਸਕਣ ਅਤੇ ਢਿਗਾਂ ਡਿੱਗਣ ਨਾਲ ਦਰਿਆਵਾਂ ਦੇ ਵਹਿਣਾਂ ਵਿੱਚ ਵੱਡੀਆਂ ਰੁਕਾਵਟਾਂ ਆਈਆਂ। ਜਿਹਦੀ ਵਜ੍ਹਾ ਨਾਲ ਸਤਲੁਜ ਤੋਂ ਚਨਾਬ ਤੱਕ ਦਾ ਮੁਲਕ ਤਕਰੀਬਨ ਵਹਿ ਗਿਆ ਸੀ ਅਤੇ ਮੁਲਕ ਦੀ ਦਿੱਖ ਬਦਲ ਗਈ।” ਰੈਵਰਟੀ ਦਾ ਅੰਦਾਜ਼ਾ ਹੈ ਕਿ ਭਾਰੀ ਹੜ੍ਹਾਂ ਦੀ ਵਜ੍ਹਾ ਨਾਲ ਉਜਾੜ ਹੋਈ ਧਰਤੀ ਕਰਕੇ ਹੀ ਆਮਿਰ ਤੈਮੂਰ ਨੇ ਸਮਾਣਾ ਆਉਣ ਲਈ ਵਾਇਆ ਲਾਹੌਰ ਸਿੱਧਾ ਰਸਤਾ ਨਹੀਂ ਚੁਣਿਆ। ਉਹਨੇ ਮੁਲਤਾਨ ਵਾਲਾ ਲੰਬਾ ਦੱਖਣੀ ਰਾਹ ਚੁਣਿਆ। ਲਾਹੌਰ ਅਤੇ ਉੱਤਰੀ ਪੰਜਾਬ ਦਾ ਖਿੱਤਾ ਭਾਰੀ ਹੜ੍ਹਾਂ ਕਰਕੇ ਬੀਆਬਾਨ ਹੋ ਚੁੱਕਿਆ ਸੀ ਜੋ ਘੋੜਿਆਂ ਦੀ ਆਵਾਜਾਈ ਲਈ ਸਹੀ ਥਾਂ ਨਹੀਂ ਸੀ।
ਪਹਾੜਾਂ ਵਿੱਚ ਢਿਗਾਂ ਡਿੱਗਣ ਜਾਂ ਬੰਨ੍ਹ ਮਾਰ ਕੇ ਸਤਲੁਜ ਦਾ ਵਹਿਣ ਬਦਲਣ ਦੀਆਂ ਕਈ ਕਹਾਣੀਆਂ ਇਤਿਹਾਸ-ਮਿਥਿਹਾਸ ਦਾ ਹਿੱਸਾ ਬਣ ਚੁੱਕੀਆਂ ਹਨ। ਉਲਡਮ ਦੀ ਦਰਜ ਕੀਤੀ ਲੋਕ-ਰਵਾਇਤ ਮੁਤਾਬਕ “ਬਠਿੰਡੇ ਦੇ ਸਰਦਾਰ ਤੋਂ ਬਦਲਾ ਲੈਣ ਲਈ ਪਹਾੜਾਂ ਦੇ ਨੇੜੇ ਦੇ ਰਾਜੇ ਨੇ ਦਰਿਆ ਦਾ ਵਹਿਣ ਬੰਨ੍ਹ ਮਾਰ ਕੇ ਮੋੜ ਦਿੱਤਾ। ਇਸੇ ਤਰ੍ਹਾਂ ਦੀ ਕਹਾਣੀ ਭਗਤ ਪੂਰਨ ਦੇ ਸਰਾਪ ਦੀ ਕਹਾਣੀ ਨਾਲ ਜੁੜੀ ਹੋਈ ਹੈ। ਰਾਜੇ ਸਲਵਾਨ ਦੇ ਪੁੱਤ ਪੂਰਨ ਭਗਤ ਨੇ ਸਤਲੁਜ ਨੂੰ ਰਾਵੀ ਨਾਲ ਜਾ ਮਿਲਣ ਦਾ ਸਰਾਪ ਦਿੱਤਾ ਸੀ। ਜਿਸ ਕਰਕੇ ਸਤਲੁਜ ਆਪਣੇ ਦੱਖਣੀ ਵਹਿਣ ਨੂੰ ਛੱਡ ਕੇ ਪੱਛਮ ਵੱਲ ਵਧ ਗਿਆ। ਜਦੋਂ 1220 ਈਸਵੀ ਵਿੱਚ ਸਤਲੁਜ ਨੇ ਅਬੋੋਹਰ ਨੈਵਾਲ ਵਾਲਾ ਵਹਿਣ ਛੱਡਿਆ ਤਾਂ ਇਲਾਕੇ ਦੇ ਕਿਸਾਨਾਂ ਨੂੰ ਫ਼ਿਕਰ ਹੋਈ ਕਿ ਦਰਿਆ ਉਨ੍ਹਾਂ ਦੀ ਧਰਤੀ ਛੱਡ ਜਾਏਗਾ। ਕਿਸਾਨਾਂ ਨੇ ਸ਼ੇਖ ਫ਼ਰੀਦ ਨੂੰ ਬੇਨਤੀ ਕੀਤੀ। ਫ਼ਰੀਦ ਨੇ ਦਰਿਆ ਨੂੰ ਹੁਕਮ ਦਿੱਤਾ ਕਿ ਉਹ ਉਸ ਵੇਲੇ ਦੇ ਵਹਿਣ ਤੋ ਪੰਜ ਕੋਹ ਤੋਂ ਅੱਗੇ ਨਹੀਂ ਜਾਏਗਾ। ਸਤਲੁਜ ਨੇ ਸੰਤ ਦਾ ਕਿਹਾ ਮੰਨ ਲਿਆ।”
ਬੰਨ੍ਹ ਮਾਰ ਕੇ ਵਹਿਣ ਬਦਲਣ ਦੀਆਂ ਕਹਾਣੀਆਂ ਪੰਜਾਬ ਦੇ ਹੋਰ ਦਰਿਆਵਾਂ ਬਾਬਤ ਵੀ ਮਸ਼ਹੂਰ ਹਨ। ਘੱਗਰ ਬਾਰੇ ਇਹੀ ਰਵਾਇਤ ਮਸ਼ਹੂਰ ਹੈ ਜਿਹਦਾ ਜ਼ਿਕਰ ਜਾਰਜ ਥਾਮਸ ਦੀ ਜੀਵਨੀ (1798) ਵਿੱਚ ਆਉਂਦਾ ਹੈ। ਜੀਵਨੀ ਮੁਤਾਬਕ ਘੱਗਰ ਪਹਿਲਾਂ ਹਨੂੰਮਾਨਗੜ੍ਹ ਕਿਲ੍ਹੇ ਦੇ ਦੱਖਣ ਵਲੋਂ ਵਗਦਾ ਸੀ। ਪਹਾੜਾਂ ਵਿੱਚ ਢਿਗਾਂ ਡਿੱਗਣ ਕਰਕੇ ਇਸ ਵਹਿਣ ਦੇ ਰਸਤੇ ਵਿੱਚ ਰੁਕਾਵਟਾਂ ਆਈਆਂ ਅਤੇ ਵਹਿਣ ਰੁਕ ਗਿਆ। ਕੈਥਲ ਦੇ ਰਾਜੇ ਨੇ ਸਰਸੂਤੀ ਨਦੀ ਉੱਤੇ ਬੰਨ੍ਹ ਮਾਰ ਕੇ ਪਟਿਆਲਾ ਰਿਆਸਤ ਦੇ ਪਿੰਡਾਂ ਵੱਲ ਜਾਂਦਾ ਪਾਣੀ ਰੋਕ ਲਿਆ ਸੀ। ਬੰਨ੍ਹ ਵਾਲੀ ਥਾਂ ਉੱਤੇ ਬਕਾਇਦਾ ਬੁਰਜ ਬਣਾ ਕੇ ਫ਼ੌਜ ਤਾਇਨਾਤ ਕੀਤੀ ਗਈ ਤਾਂਕਿ ਪਟਿਆਲੇ ਵਾਲੇ ਪਾਣੀ ਨਾ ਤੋੜ ਲੈਣ।
ਪੰਡਿਤ ਦਾਖਾ ਨੇ ਸਤਲੁਜ ਦੀ ਵਹਿਣ-ਬਦਲੀ ਅਤੇ ਹਾਕੜਾ ਦਰਿਆ ਸੁੱਕਣ ਬਾਬਤ ਹਾਦਸੇ ਅਤੇ ਤਰੀਕਾਂ ਵੱਖਰੀ ਤਫ਼ਸੀਲ ਨਾਲ ਲਿਖੇ ਹਨ। ਦਾਖਾ ਮੁਤਾਬਕ, “ਜਦੋਂ 712 ਬਿਕਰਮੀ (769 ਈਸਵੀ) ਵਿੱਚ ਬਠਿੰਡਾ ਬੱਝਿਆ ਸੀ, ਉਸ ਸਮੇਂ ਸਤਲੁਜ ਬਠਿੰਡੇ ਕਿਲ੍ਹੇ ਦੇ ਨਾਲ ਵਗਦਾ ਸੀ। ਕਸ਼ਮੀਰੀ ਰਾਜੇ ਦੇ ਬੰਨ੍ਹ ਮਾਰਨ ਤੋਂ ਮਾਛੀਵਾੜਾ-ਬਹਿਲੋਲਪੁਰ ਕੋਲ ਦੀ ਵਗਦਾ ਹੋਇਆ ਜਗਰਾਵਾਂ-ਫ਼ਿਰੋਜ਼ਪੁਰ ਹੁੰਦਾ ਹੋਇਆ ਬਿਆਸ ਨੂੰ ਰਲਾ ਕੇ ਸਿੰਧ ਨਾਲ ਜਾ ਰਲਿਆ। ਇਹਦੀਆਂ ਪਿੱਛੇ ਰਹਿ ਗਈਆਂ ਧਾਰਾਵਾਂ ਇਲਾਕੇ ਨੂੰ ਚੰਗੀ ਤਰ੍ਹਾਂ ਸਿੰਜ ਨਹੀਂ ਸਕੀਆਂ। ਇਹ ਦੇਸ ਉੱਜੜ ਕੇ ਸਤਲੁਜ ਦੇ ਨੇੜੇ-ਤੇੜੇ ਆ ਵਸਿਆ। ਜ਼ਿਲ੍ਹਾ ਲੁਧਿਆਣੇ ਦੀ ਬਹੁਤੀ ਆਬਾਦੀ, ਸਤਲੁਜ ਉੱਤੇ ਪਹਿਲਾਂ ਵਸਦੇ ਇਲਾਕਿਆਂ ਤੋਂ ਆ ਕੇ ਵਸੀ ਹੈ। ਜ਼ਿਲ੍ਹਾ ਲੁਧਿਆਣੇ ਦਾ ਇਲਾਕਾ ਪੁਰਾਣੇ ਵਹਿਣ ਨਾਲੋਂ ਵਧੇਰੇ ਉਪਜਾਊ ਹੋਣ ਕਰਕੇ, ਉਸ ਇਲਾਕੇ ਨੂੰ ਜੰਗਲ ਜਾਂ ਮਾਲਵਾ ਆਖਣ ਲੱਗ ਪਿਆ। ਸਤਲੁਜ ਦੇ ਬਠਿੰਡੇ ਤੋਂ ਦੂਰ ਜਾਣ ਤੋਂ ਬਾਅਦ ਇਹਦਾ ਚੋਅ ਸ਼ਹਿਰ ਕੋਲ ਵਗਦਾ ਰਿਹਾ। ਉਸ ਵੇਲੇ ਇਸ ਦਰਿਆ ਦਾ ਨਾਮ ਆਕੜਾ ਸੀ ਜੋ ਬੀਕਾਨੇਰ ਰਾਜ ਦੇ ਰੇਤੇ ਵਿੱਚ ਰੌਂ ਜਾਂਦਾ ਸੀ ਪਰ ਸਿੰਧ ਵਿੱਚ ਜਾ ਕੇ ਫਿਰ ਜਾ ਉਘੜਦਾ ਸੀ। ਉੱਥੇ ਇਹਦਾ ਨਾਮ ਹਾਕੜਾ ਸੀ।” ਪੰਡਿਤ ਜੀ ਮੁਤਾਬਕ ਸਮੁੰਦਰ ਗੁਪਤ ਦੇ ਸਮੇਂ ਸਤਲੁਜ ਲਿੱਛਾਬੱਦੀ ਦੇ ਕੋਲੋਂ ਵਗਦਾ ਸੀ। ਜਿੱਥੇ ਭਸੌੜ ਦਾ ਗੁਰਦੁਆਰਾ ਪੰਚ-ਖੰਡ ਹੈ। ਉਸ ਵੇਲੇ ਬਿਆਸ ਅਤੇ ਸਤਲੁਜ ਦਾ ਮੇਲ ਲੋਹਟਬੱਦੀ ਕੋਲ ਹੁੰਦਾ ਸੀ ਜਿਹਨੂੰ ਉਹ ਕ੍ਰਿਸ਼ਨ ਦੀਪ ਕਹਿੰਦੇ ਹਨ। ਇਹ ਹਵਾਲਾ ਕਿਸੇ ਸਨਾਤਨੀ ਗਰੰਥ ਵਿੱਚੋਂ ਲਿਆ ਹੋਵੇਗਾ।
ਪੰਡਿਤ ਦਾਖਾ ਨੇ ਮਾਲਵੇ ਦੀਆਂ ਛੋਟੀਆਂ ਨਦੀਆਂ ਦੀ ਲੰਬੀ ਤਫ਼ਸੀਲ ਦਿੱਤੀ ਹੈ ਜਿਨ੍ਹਾਂ ਵਿੱਚੋਂ ਦੋ ਨਦੀਆਂ ਦਾ ਮਾਲਵੇ ਦੀ ਲੋਕ-ਰਵਾਇਤ ਵਿੱਚ ਖ਼ਾਸ ਜ਼ਿਕਰ ਆਉਂਦਾ ਹੈ। ਇਨ੍ਹਾਂ ਨਦੀਆਂ ਨਾਲ ਸਤਲੁਜ ਦੇ ਕਦੀਮੀ ਵਹਿਣ ਹੋਣ ਦੀਆਂ ਕਥਾਵਾਂ ਜੁੜੀਆਂ ਹੋਈਆਂ ਹਨ। ਇਹ ਨਦੀਆਂ ਸਰਹਿੰਦ ਕੋਲ ਮਿਲਦੀਆਂ ਦੱਸੀਆਂ ਗਈਆਂ ਹਨ। ਜਿਨ੍ਹਾਂ ਦਾ ਨਾਮ ਕਨਕ ਬਾਹਿਨੀ ਅਤੇ ਭੱਡਲੀ ਸੀ। ਪੰਡਿਤ ਦਾਖਾ ਮੁਤਾਬਕ “ਕਨਕ ਬਾਹਿਨੀ ਰਿਵਾਲਸਰ ਦੇ ਪਹਾੜਾਂ ਵਿੱਚੋਂ ਨਿਕਲ ਕੇ ਗੁਰਦੁਆਰਾ ਫ਼ਤਹਿਗੜ੍ਹ ਸਾਹਿਬ ਦੇ ਕੋਲ ਪੂਰਬ ਵੱਲ ਭੱਡਲੀ ਨਦੀ ਵਿੱਚ ਮਿਲ ਜਾਂਦੀ ਹੈ। ਇਹਦੀ ਰੇਤ ਵਿੱਚ ਸੋਨੇ ਦੇ ਅਣੂ (ਕਣ) ਚੋਖੇ ਮਿਲੇ ਹੋਏ ਹੁੰਦੇ ਹਨ।” ਰੋਪੜ-ਮੋਹਾਲੀ ਜ਼ਿਲਿਆਂ ਵਿੱਚ ਕੁਝ ਨਦੀਆਂ ਵਹਿੰਦੀਆਂ ਸਨ ਜਿਨ੍ਹਾਂ ਵਿੱਚੋਂ ਸੋਨੇ ਦੇ ਕਣ ਮਿਲਦੇ ਸਨ। ਅੰਬਾਲੇ ਜ਼ਿਲ੍ਹੇ ਦਾ ਗਜ਼ਟੀਅਰ (1883) ਖਰੜ ਤਹਿਸੀਲ ਦੀਆਂ ਕੁਝ ਨਦੀਆਂ ਦੀ ਰੇਤ ਵਿੱਚੋਂ ਸੋਨੇ ਦੇ ਕਣ ਮਿਲਣ ਦਾ ਵੇਰਵਾ ਦਿੰਦਾ ਹੈ। ਨਰੂਚਸ (1875) ਨੇ ਸਤਲੁਜ ਦੀਆਂ ਕੁਝ ਸਹਾਇਕ ਨਦੀਆਂ (Effluents) ਦਾ ਜ਼ਿਕਰ ਕੀਤਾ ਹੈ ਜਿਨ੍ਹਾਂ ਵਿੱਚ ਸੋਨਾ ਮਿਲਦਾ ਸੀ। ਜਿਹਦਾ ਹਵਾਲਾ ਸੱਤਵੀਂ ਸਦੀ ਵਿੱਚ ਪੰਜਾਬ ਆਏ ਚੀਨੀ ਯਾਤਰੀ ਹਿਊਨਸਾਂਗ ਨੇ ਦਿੱਤਾ ਸੀ। ਨਰੂਚਸ ਦਾ ਅੰਦਾਜ਼ਾ ਹੈ ਕਿ ਸੋਨੇ ਦੇ ਕਣ ਉਨ੍ਹਾਂ ਵਹਿਣਾਂ ਵਿੱਚ ਲੱਭਦੇ ਹਨ ਜਿਨ੍ਹਾਂ ਨੂੰ ਫ਼ਿਰੋਜ਼ ਤੁਗਲਕ ਅਤੇ ਮਿਰਜ਼ਾ ਕੰਦੀ ਨੇ ਸਰਹਿੰਦ ਦੇ ਉੱਤਰ-ਪੂਰਬ ਵਿੱਚ ਲਿਆਂਦਾ ਸੀ ਤਾਂ ਕਿ ਉਹ ਸੁੱਕੇ ਵਹਿਣ ਨੂੰ ਵਗਦਾ ਕਰ ਸਕਣ। ਸਤਲੁਜ ਦੀਆਂ ਇਨ੍ਹਾਂ ਸਹਾਇਕ ਨਦੀਆਂ ਵਿੱਚ ਬੁੱਧਕੀ, ਸਰਸਾ, ਸੁਘ ਰਾਉ ਅਤੇ ਸੀਸਵਾਂ ਨਦੀਆਂ ਦਾ ਨਾਮ ਆਉਂਦਾ ਹੈ। ਇਹ ਨਦੀਆਂ ਰੋਪੜ ਦੇ ਨੇੜੇ-ਤੇੜੇ ਸਤਲੁਜ ਵਿੱਚ ਡਿੱਗਦੀਆਂ ਸਨ ਅਤੇ ਸਤਲੁਜ ਦੀ ਖਾੜੀ ਬਣਦੀ ਸੀ। ਇਸ ਖਾੜੀ ਵਿੱਚੋਂ ਸਰਹਿੰਦ ਨਦੀ ਉਰਫ਼ ਮਿਰਜ਼ਾ ਕੰਦੀ ਨਹਿਰ ਅਤੇ ਚੋਆ ਨਦੀ ਨਿਕਲਦੀਆਂ ਸਨ।
ਦੂਜੀ ਨਦੀ ਭੱਡਲੀ ਬਾਬਤ ਦਾਖਾ ਨੇ ਲਿਖਿਆ ਹੈ, “ਇਹ ਕਨਕ ਬਾਹਿਨੀ ਨੂੰ ਨਾਲ ਲੈ ਕੇ ਰੋਪੜ ਅਤੇ ਚਮਕੌਰ ਸਾਹਿਬ ਤੋਂ ਹੇਠ ਪੂਰਬ ਵੱਲ ਦੋਰਾਹੇ, ਪੰਜਗਰਾਈਆਂ, ਭੱਦਰਵੱਢ ਅਤੇ ਠੀਕਰੀਵਾਲੇ ਹੁੰਦੀ ਹੋਈ ਦਮਦਮਾ ਸਾਹਿਬ (ਤਲਵੰਡੀ ਸਾਬੋ) ਕੋਲ ਦੀ ਪੱਕੇ ਪਥਰਾਲੇ ਵੱਲ ਨੂੰ ਜਾ ਕੇ ਜ਼ਿਲ੍ਹਾ ਹਿਸਾਰ ਦੇ ਟਿੱਬਿਆਂ ਵਿੱਚ ਗਰਾਗਾਪ ਹੋ ਜਾਂਦੀ ਹੈ।” ਮਾਲਵੇ ਦੀਆਂ ਲੋਕ-ਰਵਾਇਤਾਂ ਦੀ ਸਭ ਤੋਂ ਮਸ਼ਹੂਰ ਨਦੀ ਦਾ ਨਾਮ ਭੱਡਲੀ ਹੈ। ਸਰਹਿੰਦ ਕੋਲ ਵਹਿੰਦੀ ਨਦੀ ਭੱਡਲੀ ਨਦੀ ਨੂੰ ਮੱਧਕਾਲ ਵਿੱਚ ਹੰਸਲਾ ਜਾਂ ਹੰਸਾਲਾ ਨਦੀ ਕਿਹਾ ਗਿਆ ਹੈ। 19ਵੀਂ ਸਦੀ ਦਾ ਨਕਸ਼ਾ ਇਸ ਗੱਲ ਦੀ ਗਵਾਹੀ ਭਰਦਾ ਹੈ। ਨਦੀ ਦੇ ਨਾਮ ਨਾਲ ਸੰਬੰਧਤ ਹੰਸਾਲਾ ਅਤੇ ਹੰਸਾਲੀ ਨਾਮ ਦੇ ਪਿੰਡ ਸਰਹਿੰਦ ਕੋਲ ਮੌਜੂਦ ਹਨ। 1704 ਈਸਵੀ ਵਿੱਚ ਮਾਤਾ ਗੁਜਰੀ ਅਤੇ ਛੋਟੇ ਸਾਹਿਬਜ਼ਾਦਿਆਂ ਨੂੰ ਹੰਸਲਾ ਨਦੀ ਦੇ ਕੰਢੇ ਠੰਡੇ ਬੁਰਜ ਵਿੱਚ ਕੈਦ ਕੀਤੇ ਜਾਣ ਦੀ ਕਥਾ ਸੁਣਨ ਨੂੰ ਮਿਲਦੀ ਹੈ। ਇਹ ਨਦੀ ਉਪਰ ਬਣਿਆ ਮੁਗ਼ਲ ਕਾਲ ਦਾ ਪੱੁਲ ਅਜੇ ਵੀ ਫ਼ਤਹਿਗੜ੍ਹ ਸਾਹਿਬ ਗੁਰਦੁਆਰੇ ਦੇ ਕੋਲ ਮੌਜੂਦ ਹੈ। ਅਕਬਰ ਦੇ ਸਮਕਾਲੀ ਨਾਸਿਰ ਅਲੀ ਸਰਹਿੰਦੀ ਨੇ ਹੰਸਲਾ ਨਦੀ ਬਾਬਤ ਲਿਖਿਆ ਸੀ, “ਹੰਸਲਾ ਨਦੀ ਦੇ ਕੰਢੇ ਸਰਹਿੰਦ ਤਿੰਨ ਕੋਹ ਤੱਕ ਵਸਿਆ ਹੋਇਆ ਹੈ। ਦਰਿਆ ਦੇ ਕਿਨਾਰੇ ਬਣਿਆ ਕਿਲ੍ਹਾ ਸ਼ਹਿਰ ਦੇ ਐਨ ਵਿਚਕਾਰ ਹੈ।” ਡਾਕਟਰ ਕੈਪਰਟ ਦੇ 1853 ਈਸਵੀ ਵਿੱਚ ਬਣਾਏ ਗਏ ‘ਕਦੀਮੀ ਭਾਰਤ ਦੇ ਨਕਸ਼ੇ’ ਵਿੱਚ ਇਸ ਨਦੀ ਨੂੰ ਇੰਦਰਵਤੀ ਕਿਹਾ ਗਿਆ ਹੈ।
ਭਾਈ ਕਾਹਨ ਸਿੰਘ ਨਾਭਾ ਦੇ ਮਹਾਨ ਕੋਸ਼ ਮੁਤਾਬਕ, “ਭੱਟਲੀ (ਭੱਡਲੀ) ਭਟਿੰਡੇ (ਬਠਿੰਡੇ) ਦੇ ਨੇੜੇ ਵਹਿਣ ਵਾਲੀ ਪੁਰਾਣੀ ਨਦੀ ਜੋ ਹੁਣ ਨਹੀਂ ਹੈ। ‘ਚਲਤ ਹੁਈ ਦਵੈ ਨਦੀ ਤਬ ਭਟਲੀ ਸੁਭ ਚਿਤਰਾ’ (ਗੁਰਪ੍ਰਤਾਪ ਸੂਰਜ)।” ਹੈਦਰ ਸ਼ੇਖ ਅਤੇ ਬਹਿਲੋਲ ਲੋਧੀ ਦੇ ਸਮੇਂ ਭੂਮਸੀ ਨਾਮ ਦੀ ਨਦੀ ਦਾ ਜ਼ਿਕਰ ਮਿਲਦਾ ਹੈ। ਐਨਾ ਬਿਗਲੋ ਦੀ ਕਿਤਾਬ ਅਤੇ ਮਾਲੇਰਕੋਟਲਾ ਰਿਆਸਤ ਦੇ ਇਤਿਹਾਸ ਮੁਤਾਬਕ ਹੈਦਰ ਸ਼ੇਖ਼ ਅਤੇ ਬਹਿਲੋਲ ਲੋਧੀ ਦੀ ਮਿਲਣੀ ਭੂਮਸੀ ਨਦੀ ਦੇ ਕੰਢੇ ਹੋਈ ਸੀ। ਕਿਤਾਬ ਮੁਤਾਬਕ ਭੂਮਸੀ ਸਤਲੁਜ ਦਾ ਵਹਿਣ (ਟਿਰਬਿਊਟਰੀ) ਸੀ। ਇਹ ਵਹਿਣ ਮਾਲੇਰਕੋਟਲਾ ਸ਼ਹਿਰ ਦੇ ਵਿਚਕਾਰੋਂ ਲੰਘਦਾ ਸੀ। ਮਲੇਰਕੋਟਲੇ ਕੋਲ ਭੂਮਸੀ ਨਾਮ ਦਾ ਪਿੰਡ ਮੌਜੂਦ ਹੈ। ਪੰਡਿਤ ਦਾਖਾ ਨੇ ਭੱਡਲੀ ਨਦੀ ਦਾ ਵਹਿਣ ਮਾਲੇਰਕੋਟਲੇ ਦੇ ਕੋਲ ਬਿਆਨਿਆ ਹੈ। ਭੱਡਲੀ ਅਤੇ ਭੂਮਸੀ ਇੱਕੋ ਨਾਮ ਦੀਆਂ ਨਦੀਆਂ ਹੋ ਸਕਦੀਆਂ ਹਨ। ਨਦੀਆਂ ਦੇ ਨਾਮ ਹਰ ਇਲਾਕੇ ਦੇ ਹਿਸਾਬ ਨਾਲ ਵੱਖਰੇ ਵੱਖਰੇ ਹੋ ਜਾਂਦੇ ਸਨ।
ਬਰਨਾਲੇ ਨੇੜੇ ਖੁੱਡੀ ਖੁਰਦ, ਜੋਧਪੁਰ, ਘੁੰਨਸ ਅਤੇ ਨੇੜਲੇ ਪਿੰਡਾਂ ਨੂੰ ਭੱਡਲੀ ਦਾ ਇਲਾਕਾ ਕਿਹਾ ਜਾਂਦਾ ਹੈ। ਜਿੱਥੋਂ ਅੱਜ ਵੀ ਲਸਾੜਾ ਚੋਅ (ਭੱਡਲੀ ਨਦੀ ਦੀ ਨਿਸ਼ਾਨੀ) ਨਿਕਲਦਾ ਹੈ। ਇਨ੍ਹਾਂ ਪਿੰਡਾਂ ਦੇ ਖੇਤਾਂ ਨੂੰ ਭੱਡਲੀ ਵਾਲੇ ਖੇਤ ਕਿਹਾ ਜਾਂਦਾ ਹੈ। ਇਲਾਕੇ ਦੀ ਦੰਦ ਕਥਾ ਮੁਤਾਬਕ ਭੱਡਲੀ ਦੇ ਇਲਾਕੇ ਵਿੱਚ ਨਦੀ ਪਾਰ ਕਰਾਉਣ ਲਈ ਮਲਾਹਾਂ ਦੀ ਵਸੋਂ ਸੀ। ਨੇੜਲੇ ਪਿੰਡ ਸੋਹੀਵਾਲ ਦੇ ਉਜੜਣ ਤੋਂ ਬਾਅਦ ਮਲਾਹ ਬੇਰੁਜ਼ਗਾਰ ਹੋ ਗਏ ਤਾਂ ਰਾਣੀ ਚੰਦ ਕੌਰ ਨੇ ਮਲਾਹਾਂ ਨੂੰ ਵਸਾਉਣ ਵਿੱਚ ਮੱਦਤ ਕੀਤੀ। ਰਾਮ ਸਰੂਪ ਅਣਖੀ ਨੇ ਕਿਤਾਬ ‘ਹੱਡੀਂ ਬੈਠੇ ਪਿੰਡ’ ਵਿੱਚ ਭੱਡਲੀ ਨਦੀ ਬਾਬਤ ਤਿੰਨ ਲੋਕ ਰਵਾਇਤਾਂ ਦਾ ਜ਼ਿਕਰ ਕੀਤਾ ਹੈ। ਜਿਨ੍ਹਾਂ ਮੁਤਾਬਕ ਭੱਡਲੀ ਨਦੀ ਦਾ ਵਹਿਣ ਪੁਰਾਣੇ ਸਤਲੁਜ ਦਾ ਵਹਿਣ ਹੈ। ਇਹ ਦਰਿਆ ਬਠਿੰਡੇ ਦੇ ਕੋਲੋਂ ਲੰਘਦਾ ਸੀ। ਘੁੰਨਸ ਕੋਲ ਭੱਡਲੀ ਨਦੀ ਵਗਦੀ ਸੀ ਜਿੱਥੇ ਰਿਸ਼ੀ ਮਾਰਕੰਡੇ ਨੇ ਤਪ ਕੀਤਾ ਸੀ। ਨੇੜਲੇ ਪਿੰਡ ਢਿੱਲਵਾਂ ਵਿੱਚ ਗੁਰੂ ਤੇਗ ਬਹਾਦਰ ਆਏ ਅਤੇ ਹਰ ਰੋਜ਼ ਘੁੰਨਸ ਨੇੜੇ ਭੱਡਲੀ ਨਦੀ ਵਿੱਚ ਇਸ਼ਨਾਨ ਲਈ ਜਾਂਦੇ ਸਨ।
ਪੰਡਿਤ ਦਾਖਾ ਮੁਤਾਬਕ ਮਾਲੇਰਕੋਟਲਾ ਤੋਂ ਚਾਰ ਮੀਲ ਭੱਡਲੀ ਨਦੀ ਦੇ ਕੰਢੇ ਝਾਂਡੇ ਨਗਰ ਉਰਫ਼ ‘ਝੁਨੇਰ’ ਨਗਰ ਵਸਾਇਆ ਗਿਆ ਸੀ ਜੋ ਤਿੰਨ ਮੀਲ ਲੰਬਾ (ਠੁੱਲੀਵਾਲ ਤੱਕ) ਸੀ। ਇਸ ਨਗਰ ਨੂੰ ਮਹਿਮੂਦ ਗ਼ਜ਼ਨੀ ਨੇ ਉਜਾੜ ਦਿੱਤਾ ਸੀ। ਉੱਜੜੀ ਥੇਹ ਉੱਤੇ ਦੋ ਮਲਕਾਂ ਦੇ ਨਾਮ ਉੱਤੇ ਮਲਕਵਾਲ ਪਿੰਡ ਵਸਾਇਆ ਗਿਆ। ਇਸ ਪਿੰਡ ਨੂੰ ਵੀ ਸਤਲੁਜ ਨੇ ਢਾਹ ਦਿੱਤਾ।
ਗਿਆਨੀ ਗੁਰਦਿੱਤ ਸਿੰਘ ਨੇ ਕਿਤਾਬ ‘ਮੇਰਾ ਪਿੰਡ (1961)’ ਵਿੱਚ ਭੱਡਲੀ ਨਦੀ ਦਾ ਵਹਿਣ ਸਾਡੇ ਚੇਤਿਆਂ ਵਿੱਚ ਸਾਕਾਰ ਕੀਤਾ ਹੈ, “ਮੇਰੇ ਪਿੰਡ ਮਿੱਠੇਵਾਲ, ਟਿੱਬੇ ਅਤੇ ਗੰਡਾ ਸਿੰਘ ਵਾਲੇ ਦੇ ਵਿਚਕਾਰ ਸੁੱਕੀ ਹੋਈ ਨਦੀ ਭੱਡਲੀ ਦਾ ਵਹਿਣ ਹੈ। ਇਹ ਨਦੀ ਪੁਰਾਣੇ ਜ਼ਮਾਨੇ ਵਿੱਚ ਬਠਿੰਡੇ ਕੋਲ ਦੀ ਲੰਘਦੀ ਸਤਲੁਜ ਵਿੱਚ ਮਿਲਿਆ ਕਰਦੀ ਸੀ (ਸਤਲੁਜ ਦੇ ਪੁਰਾਣੇ ਵਹਿਣ ਹਾਕੜਾ ਵਿੱਚ ਮਿਲਦੀ ਸੀ)। ਕਿਸੇ ਸਮੇਂ ਇਹਦੇ ਕੰਢੇ ਬਠਿੰਡੇ ਦਾ ਕਿਲ੍ਹਾ ਬਣਾਇਆ ਗਿਆ ਸੀ। ਹੁਣ ਜਦੋਂ ਮੀਂਹਾਂ ਦੇ ਹੜ੍ਹਾਂ ਨੇ ਸੂਏ-ਕੱਸੀਆਂ ਅਤੇ ਰਾਹ ਵਿੱਚ ਆਉਂਦੀਆਂ ਕੱਚੀਆਂ-ਪੱਕੀਆਂ ਸੜਕਾਂ ਤੋੜ ਕੇ ਆਪਣਾ ਪੁਰਾਣਾ ਵਹਿਣ ਸਾਕਾਰ ਕੀਤਾ ਤਾਂ ਉਦੋਂ ਇਹ ਨਦੀ ਵੀ ਸਦੀਆਂ ਪਿੱਛੋਂ ਲਹਿਰੇ ਮਾਰਨ ਲੱਗ ਪਈ।”
ਲੋਕ-ਰਵਾਇਤਾਂ ਦੀ ਨੁਮਾਇੰਦਗੀ ਕਰਦੀ ਬਲਵੰਤ ਸਿੰਘ ਦੀ 1956 ਦੀ ਕਿਤਾਬ ਦੱਸਦੀ ਹੈ ਕਿ ਭੱਦਰ ਸੇਨ ਨੇ ਸਤਲੁਜ ਦੀ ਧਾਰਾ ਭੱਡਲੀ ਨਦੀ ਦੇ ਕੰਢੇ ਭੱਦਰ (ਭਦੌੜ) ਸ਼ਹਿਰ ਆਬਾਦ ਕੀਤਾ। ਰਾਇ ਭੱਟੀ ਨੇ ਸਤਲੁਜ ਦੀ ਧਾਰਾ ਭੱਡਲੀ ਦੇ ਕੰਢੇ ਭਟਿੰਡਾ (ਬਠਿੰਡਾ) ਅਤੇ ਭਟਨੇਰ (ਮੌਜੂਦਾ ਹਨੂੰਮਾਨਗੜ੍ਹ) ਸ਼ਹਿਰ ਆਬਾਦ ਕੀਤੇ। ਇਸੇ ਕਿਤਾਬ ਮੁਤਾਬਕ ਰਾਇ ਮੰਗਲ ਭੱਟੀ ਨੇ ਭੱਡਲੀ ਨਦੀ ਦੇ ਕੰਢੇ ਮੰਗਲੋਟ ਜਾਂ ਮਲਟ ਨਗਰ (ਮੌਜੂਦਾ ਮਲੋਟ) ਆਬਾਦ ਕੀਤਾ। ਇਨ੍ਹਾਂ ਕਿਤਾਬਾਂ ਦੀ ਇਤਿਹਾਸਕ ਪੜਚੋਲ ਅਜੇ ਬਾਕੀ ਹੈ ਪਰ ਇਨ੍ਹਾਂ ਵਿੱਚ ਦਰਜ ਪਿੰਡ-ਸ਼ਹਿਰ ਅਤੇ ਵਹਿਣ, ਤੱਥਾਂ ਮੁਤਾਬਕ ਸਹੀ ਬੈਠਦੇ ਹਨ। ਜੇ ਬਠਿੰਡਾ, ਭਟਨੇਰ (ਹਨੂੰਮਾਨਗੜ੍ਹ), ਮਲੋਟ ਅਤੇ ਭਦੌੜ ਸ਼ਹਿਰਾਂ ਨੇੜਲੇ ਵਹਿਣਾਂ ਨੂੰ ਪੜਤਾਲੀਏ ਤਾਂ ਪਤਾ ਲਗਦਾ ਹੈ ਕਿ ਇਹ ਸਾਰੇ ਸ਼ਹਿਰ ਬਠਿੰਡਾ ਨੈਵਾਲ, ਡੱਬਵਾਲੀ ਨੈਵਾਲ ਉਰਫ਼ ਭੱਡਲੀ ਨਦੀ ਵਾਲੇ ਵਹਿਣਾਂ ਦੇ ਨੇੜੇ ਵਸੇ ਹੋਏ ਹਨ।
ਪੰਡਿਤ ਦਾਖਾ ਦੀ ਕਣਕ ਬਾਹਿਨੀ, ਭੱਡਲੀ ਅਤੇ ਸ਼ੇਖ਼ ਹੈਦਰ ਵਾਲੀ ਭੂਮਸੀ ਦਾ ਵੇਰਵਾ ਮੌਜੂਦਾ ਸਰਹਿੰਦ ਨਦੀ, ਚੋਆ ਨਦੀ ਦਾ ਸਰਹਿੰਦ ਤੱਕ ਦਾ ਹਿੱਸਾ, ਬਠਿੰਡਾ ਨੈਵਾਲ, ਡੱਬਵਾਲੀ ਨੈਵਾਲ ਅਤੇ ਪੂਰਬੀ ਨੈਵਾਲ ਨਾਲ ਮਿਲਦਾ-ਜੁਲਦਾ ਹੈ। ਡੱਬਵਾਲੀ ਨੈਵਾਲ ਅਤੇ ਭੱਡਲੀ ਨਦੀ ਦੀ ਨਿਸ਼ਾਨਦੇਹੀ ਮੌਜੂਦਾ ‘ਲਸਾੜਾ ਚੋਅ’ ਦੇ ਬਹੁਤ ਨੇੜੇ ਹੈ ਜੋ ਜਰਗੜੀ-ਲਸਾੜਾ-ਮਾਲੇਰਕੋਟਲਾ-ਭੱਦਰਵੱਢ-ਠੀਕਰੀਵਾਲਾ-ਖੁੱਡੀ ਖੁਰਦ-ਜੋਧਪੁਰ-ਤਪਾ ਮੰਡੀ-ਮੰਡੀ ਕਲਾਂ-ਤਲਵੰਡੀ ਸਾਬੋ ਅਤੇ ਬਠਿੰਡੇ ਦੇ ਵਿਚਕਾਰੋਂ-ਪਥਰਾਲਾ-ਡੱਬਵਾਲੀ ਤੱਕ ਅੱਜ ਵੀ ਵਹਿੰਦਾ ਹੈ। ਰੋਪੜ-ਚਮਕੌਰ-ਕਕਰਾਲਾ-ਦਹਿੜੂ (ਖੰਨਾ) ਤੋਂ ਲਸਾੜਾ (ਮਲੇਰਕੋਟਲਾ) ਵੱਲ ਆਉਂਦਾ ਵਹਿਣ ਗਾਇਬ ਹੋ ਚੁੱਕਿਆ ਹੈ। ਜਰਗੜੀ ਵਾਲੀ ਨਹਿਰ ਨੇ ਇਹਨੂੰ ਵਿਚਕਾਰੋਂ ਕੱਟ ਦਿੱਤਾ ਹੈ। ਜਰਗੜੀ ਤੋਂ ਦੱਖਣ ਵੱਲ ਇਹ ਲਸਾੜਾ ਚੋਅ ਦੇ ਰੂਪ ਵਿੱਚ ਬਾਕੀ ਹੈ।
ਸੰਗਰੂਰ ਜ਼ਿਲ੍ਹੇ ਦਾ ਗਜ਼ਟੀਅਰ ਦਾਅਵਾ ਕਰਦਾ ਹੈ ਕਿ ਕਿਸੇ ਸਮੇਂ ਇਸ ਜ਼ਿਲ੍ਹੇ ਵਿੱਚ ਸਤਲੁਜ ਦਾ ਮੁੱਖ ਵਹਿਣ ਮਲੇਰਕੋਟਲਾ, ਨੌਧਰਾਣੀ, ਅਹਾਂਖੇੜੀ (ਗੋਪਾਲਪੁਰਾ), ਫ਼ਰਵਾਹੀ, ਕਾਤਰੋਂ ਅਤੇ ਬਰਨਾਲਾ ਦੇ ਨੇੜੇ ਸੀ। ਇਹ ਲਸਾੜਾ ਚੋਅ (ਡੱਬਵਾਲੀ ਨੈਵਾਲ ਅਤੇ ਭੱਡਲੀ ਨਦੀ) ਦਾ ਇਲਾਕਾ ਬਣਦਾ ਹੈ। ਪੁਰਾਣੇ ਲੋਕਾਂ ਨੇ ਜਿੱਥੇ ਵੀ ਕੋਈ ਵਹਿਣ ਦੇਖਿਆ, ਉਹ ਉਨ੍ਹਾਂ ਦੇ ਚੇਤਿਆਂ ਵਿੱਚ ਸਤਲੁਜ ਦਾ ਪੁਰਾਣਾ ਰੂਪ ਬਣ ਗਿਆ। ਇਹ ਰੁਝਾਨ ਪੁਸ਼ਤ-ਦਰ-ਪੁਸ਼ਤ ਚੱਲਦਾ ਸਾਡੇ ਤੱਕ ਪਹੁੰਚਿਆ ਹੈ। ਸੰਗਰੂਰ ਗਜ਼ਟੀਅਰ ਮੁਤਾਬਕ ਸਤਲੁਜ ਦਾ ਹੋਰ ਵਹਿਣ ਅਹਿਮਦਗੜ੍ਹ-ਲੋਹਟਬੱਧੀ-ਕਲਸੀਆਂ-ਰਾਜਗੜ੍ਹ-ਜਲਾਲਦੀਵਾਲ ਰਾਹੀਂ ਸੀ। ਪੰਜਾਬ ਰਿਮੋਟ ਸੈਂਸਿੰਗ ਕੇਂਦਰ ਦੀ ਰਪਟ ਮੁਤਾਬਕ ਲੋਹਟਬੱਧੀ, ਛਪਾਰ ਅਤੇ ਅਹਿਮਦਗੜ੍ਹ ਦੇ ਵਿਚਾਲੇ ਮੌਜੂਦ ਰਛੀਨ ਪਿੰਡ ਦੇ ਨੇੜੇ ਪੁਰਾਣਾ ਦਰਿਆਈ ਪੁਲ ਮਿਲਿਆ ਸੀ। ਜਿਹਦਾ ਅਰਥ ਹੈ ਕਿ ਇੱਥੋਂ ਕੋਈ ਵਹਿਣ ਲੰਘਦਾ ਸੀ। ਪੰਡਿਤ ਦਾਖਾ ਮੁਤਾਬਕ ਸਤਲੁਜ ਨਾਭੇ ਦੇ ਉੱਤਰ ਵਲੋਂ ਹੁੰਦਾ ਹੋਇਆ ਲਿੱਛਾਬੱਦੀ, ਛਪਾਰ ਅਤੇ ਲੋਹਟਬੱਧੀ ਕੋਲੋਂ ਠੀਕਰੀਵਾਲੇ ਅਤੇ ਅੱਗੇ ਬਠਿੰਡਾ ਪਹੁੰਚਦਾ ਸੀ। ਇਹ ਸਰਹਿੰਦ ਨਹਿਰ ਦੀ ਬਠਿੰਡਾ ਬਰਾਂਚ ਦੇ ਨਕਸ਼ੇ ਦੇ ਨੇੜੇ ਹੈ। ਜਿਹਦੇ ਬਾਰੇ ਰੈਵਰਟੀ ਨੇ 1892 ਵਿੱਚ ਜ਼ਿਕਰ ਕੀਤਾ ਸੀ ਕਿ ਇਸ ਵਹਿਣ ਰਾਹੀਂ ਰੋਪੜ ਤੋਂ ਨਹਿਰ ਕੱਢੀ ਗਈ ਹੈ। ਜਲਾਲਦੀਵਾਲ ਵਲੋਂ ਆਉਂਦਾ ਵਹਿਣ, ਚੱਕ ਭਾਈ ਕਾ-ਛੀਨੀਵਾਲ-ਪੱਤੀ ਦੀਵਾਨਾ-ਹਿੰਮਤਪੁਰਾ-ਭਾਗੀਕੇ-ਸੈਦੋਕੇ-ਦੀਨਾ ਤੋਂ ਹੋ ਕੇ, ਕਿਸ਼ਨਗੜ-ਪੱਖਰਵੱਢ ਦੇ ਕੋਲ, ਲੋਪੋਂ ਅਤੇ ਪੱਤੋਂ ਹੀਰਾ ਸਿੰਘ ਵਲੋਂ ਆਉਂਦੇ ਨਾਲੇ ਵਿੱਚ ਮਿਲ ਜਾਂਦਾ ਹੈ। ਕਿਸ਼ਨਗੜ੍ਹ ਕੋਲ ਮਿਲਦਾ ਵਹਿਣ ਚਮਕੌਰ-ਕਕਰਾਲਾ-ਅਖਾੜਾ-ਬਠਿੰਡਾ-ਮਲੋਟ ਅਤੇ ਚਮਕੌਰ-ਦੋਰਾਹਾ-ਅਹਿਮਦਗੜ੍ਹ-ਲੋਹਟਬੱਧੀ-ਕਲਸੀਆਂ-ਰਾਜਗੜ੍ਹ-ਜਲਾਲਦੀਵਾਲ ਵਾਲੇ ਵਹਿਣ ਦੀ ਸਾਂਝੀ ਨਿਸ਼ਾਨੀ ਲਗਦਾ ਹੈ। ਇਹਦੇ ਹੇਠਲੇ ਹਿੱਸੇ ਨੂੰ ਹੁਣ ਚੰਦਭਾਨ ਸੇਮ ਨਾਲਾ ਕਹਿੰਦੇ ਹਨ। ਲੈਂਡਸੈਟ ਡਾਟਾ ਅਤੇ ਰਿਮੋਟ ਸੈਂਸਿੰਗ ਕੇਂਦਰ ਦੀਆਂ ਰਪਟਾਂ ਵਿੱਚ ਜਲਾਲਦੀਵਾਲ ਅਤੇ ਕਿਸ਼ਨਗੜ੍ਹ ਵਾਲੇ ਨਾਲਿਆਂ ਨੂੰ ਪੁਰਾਣੇ ਵਹਿਣਾਂ ਵਜੋਂ ਮੰਨਿਆ ਗਿਆ ਹੈ।
ਖੰਨਾ-ਖੁਮਾਣੋ-ਸਮਰਾਲਾ ਇਲਾਕੇ ਦੀ ਲੋਕ-ਰਵਾਇਤ ਮੁਤਾਬਕ ਰੋਪੜ ਤੋਂ ਸਤਲੁਜ ਦਾ ਵਹਿਣ ਵੱਖਰਾ ਹੋ ਕੇ ਚਮਕੌਰ-ਨੰਗਲਾਂ-ਸੰਘੋਲ-ਭਾਮੀਆ-ਮੁੱਤੋਂ-ਭਾਦਲਾ-ਡਡਹੇੜੀ-ਮੰਡੀ ਗੋਬਿੰਦਗੜ੍ਹ ਵੱਲ ਅਤੇ ਚਮਕੌਰ ਸਾਹਿਬ-ਕਕਰਾਲਾ-ਉੱਚਾ ਜਟਾਣਾ-ਬਰਵਾਲੀ-ਸਰਵਰਪੁਰ-ਬਘੌਰ-ਦਹਿੜੂ ਹੁੰਦਾ ਹੋਇਆ ਮਾਲੇਰਕੋਟਲਾ ਵੱਲ ਜਾਂਦਾ ਸੀ। ਤੀਜਾ ਵਹਿਣ ਚਮਕੌਰ-ਕਕਰਾਲਾ-ਸਮਰਾਲਾ-ਦੋਰਾਹਾ ਵੱਲ ਜਾਂਦਾ ਸੀ। ਟਿੱਬਿਆਂ ਦੀਆਂ ਕਤਾਰਾਂ ਰੂਪੀ ਵਹਿਣਾਂ ਨੂੰ ਮੁਕਾਮੀ ਲੋਕ ਬੁੱਢਾ ਦਰਿਆ ਅਤੇ ਸਤਲੁਜ ਦਾ ਪੁਰਾਣਾ ਵਹਿਣ ਦੱਸਦੇ ਰਹੇ ਹਨ। ਖੰਨਾ-ਸੰਘੋਲ ਸੜਕ ਦੇ ਨੇੜੇ ਮੁੱਤੋਂ ਪਿੰਡ ਦੀ ਥੇਹ ਮੌਜੂਦ ਹੈ। ਮੁਕਾਮੀ ਰਵਾਇਤ ਮੁਤਾਬਕ ਇਹ ਪਿੰਡ ਦਰਿਆਈ ਹੜ੍ਹਾਂ ਨੇ ਤਬਾਹ ਕਰ ਦਿੱਤਾ ਸੀ। ਇਹ ਹੁਣ ਬੇਚਿਰਾਗ ਪਿੰਡ ਹੈ। ਇਸ ਵਹਿਣਾਂ ਕੰਢੇ ਹੜੱਪਾ ਤਹਿਜ਼ੀਬ ਦੀਆਂ ਦੀਆਂ ਕੁਝ ਖਾਸ ਥੇਹਾਂ ਮਿਲੀਆਂ ਹਨ ਜਿਵੇਂ ਚਮਕੌਰ ਸਾਹਿਬ, ਚੰਡਿਆਲਾ, ਸੰਘੋਲ, ਖੇੜੀ ਨੌਧ ਸਿੰਘ, ਮੁੱਤੋਂ, ਮਾਨੂੰਪੁਰ ਅਤੇ ਮੰਡਿਆਲਾ। ਕਕਰਾਲੇ ਤੋਂ ਦੋਰਾਹੇ ਵੱਲ ਜਾਂਦੇ ਟਿੱਬਿਆਂ ਰੂਪੀ ਵਹਿਣ (ਬਠਿੰਡਾ ਨੈਵਾਲ) ਉੱਤੇ ਰੁਪਾਲੋਂ ਦੀ ਥੇਹ ਮੌਜੂਦ ਸੀ ਜਿਹਦਾ ਸੰਬੰਧ ਹੜੱਪਾ ਤਹਿਜ਼ੀਬ ਨਾਲ ਹੈ। ਰਿਮੋਟ ਸੈਂਸਸਿੰਗ ਕੇਂਦਰ ਲੁਧਿਆਣਾ ਦੀ ਰਪਟ ਵਿੱਚ ਚਮਕੌਰ ਸਾਹਿਬ, ਸੰਘੋਲ, ਸੁਨੇਤ (ਲੁਧਿਆਣਾ) ਅਤੇ ਜਨੇਰ (ਮੋਗਾ) ਵਿੱਚ ਹੜ੍ਹਾਂ ਤੋਂ ਬਚਣ ਲਈ ਬਣੀਆਂ ਕੁਦਰਤੀ ਕੰਧਾਂ ਦੀ ਮੌਜੂਦਗੀ ਦਾ ਜ਼ਿਕਰ ਹੈ। ਸੰਘੋਲ ਨੇੜੇ ਖੂਹਾਂ ਦੀ ਖੁਦਾਈ ਸਮੇਂ ਦਰਿਆਈ ਬੇੜੀਆਂ ਦੀ ਰਹਿੰਦ-ਖੂੰਹਦ ਮਿਲੀ ਹੈ। ਇਹ ਕਦੀਮੀ ਵਹਿਣਾਂ ਦੀ ਹੋਂਦ ਵੱਲ ਇਸ਼ਾਰਾ ਕਰਦੀਆਂ ਹਨ।
ਲੋਕ-ਰਵਾਇਤਾਂ ਵਹਿਣਾਂ ਦੇ ਕੰਢੇ ਲੋਕਾਂ ਦੇ ਵਸੇਬ ਅਤੇ ਹਿਜਰਤ ਬਾਬਤ ਕੁਝ ਇਸ਼ਾਰੇ ਦਿੰਦੀਆਂ ਹਨ। ਪੰਡਿਤ ਦਾਖਾ ਮੁਤਾਬਕ, “ਸਾਲਬਾਹਨ ਦੇ ਪੁੱਤ ਸਾਇਰ ਰਾਉ ਨੇ ਪੰਜਵੀਂ ਸਦੀ ਵਿੱਚ ਸਰਹਿੰਦ ਵਸਾ ਕੇ ਆਪਣੀ ਰਾਜਧਾਨੀ ਬਣਾਈ। ਸਰਾਉ ਗੋਤ ਦੇ ਜੱਟ ਇਸੇ ਦੀ ਸੰਤਾਨ ਹਨ ਜੋ ‘ਨਾਲੀ’ ਦੇ ਕੰਢੇ ਬਹੁਤ ਹਨ।” ਇਸ ਖੋਜ ਉੱਤੇ ਸਵਾਲੀਆ ਨਿਸ਼ਾਨ ਹੋ ਸਕਦਾ ਹੈ ਪਰ ‘ਨਾਲੀ’ ਦੇ ਕੰਢੇ ਸਰਾਉ ਜੱਟਾਂ ਦਾ ਵਸੇਬ ਹੋਣਾ ਤੱਥ ਪੱਖੋਂ ਸਹੀ ਹੈ। ਦੱਖਣੀ ਪੰਜਾਬ ਜਾਂ ਪੁਰਾਣੇ ਭੱਟੀ ਮੁਲਕ ਵਿੱਚ ਵਹਿਣ ਨੂੰ ਨਾਲੀ ਕਿਹਾ ਜਾਂਦਾ ਹੈ। ਪੰਡਿਤ ਦਾਖਾ ਨੇ ‘ਨਾਲੀ’ ਭੱਡਲੀ ਨਦੀ ਨੂੰ ਕਿਹਾ ਹੋਵੇਗਾ ਜੋ ਅੱਜ ਕੱਲ੍ਹ ਲਸਾੜਾ ਚੋਅ ਦੇ ਰੂਪ ਵਿੱਚ ਮੌਜੂਦ ਹੈ। ਲਸਾੜਾ ਚੋਅ ਪੱਕੇ-ਪਥਰਾਲੇ ਕੋਲ ਜਾ ਪਹੁੰਚਦਾ ਹੈ। ਇਨ੍ਹਾਂ ਪਿੰਡਾਂ ਵਿੱਚ ਸਰਾਉ ਗੋਤ ਦੇ ਲੋਕ ਰਹਿੰਦੇ ਸਨ। ਇਹ ਲੋਕ ਪੱਕੇ-ਪਥਰਾਲੇ ਤੋਂ ਨਿਕਲ ਕੇ ਪੰਜਾਬ ਦੇ ਹੋਰ ਹਿੱਸਿਆਂ ਵਿੱਚ ਫੈਲੇ। ਕੁਝ ਖੁਮਾਣੋ ਨੇੜਲੇ ਪਿੰਡ ਚੜ੍ਹੀ ਵਿੱਚ ਵਸੇ ਹੋਏ ਹਨ ਜੋ ਆਪਣਾ ਪਿਛੋਕੜ ਪੱਕੇ-ਪਥਰਾਲੇ ਨਾਲ ਜੋੜਦੇ ਹਨ। ਚੜ੍ਹੀ ਪਿੰਡ ਦੇ ਨੇੜਿਉਂ ਕਦੀਮੀ ਵਹਿਣ (ਡੱਬਵਾਲੀ ਨੈਵਾਲ) ਵਾਇਆ ਦਹਿੜੂ ਹੋ ਕੇ ਪੱਕੇ-ਪਥਰਾਲੇ ਪਹੁੰਚਦਾ ਸੀ। ਇਸੇ ਵਹਿਣ ਨੂੰ ਪੰਡਿਤ ਦਾਖਾ ਨੇ ‘ਨਾਲੀ’ ਕਿਹਾ ਹੈ।
–ਜਤਿੰਦਰ ਮੌਹਰ
ਮੇਰੇ ਪਿੰਡ ਰੌਣੀ ਤੇ ਜਰਗ ਦੇ ਵਿਚਾਲੇ ਭੀ ਇੱਕ ਪੁਰਾਣਾ ਸੁੱਕਾ ਦਰਿਆਈ ਵਹਿਣ ਹੈ। ਜੋ ਕਿ ਜੋੜੇਪੁੱਲ ਲਾਗੇ ਸ਼ਰਹਿੰਦ ਕੈਨਾਲ ਨੂੰ ਸਾਇਫਨ ਰਾਹੀ ਪਾਰ ਕਰਦਾ ਮਲੇਰਕੋਟਲੇ ਵੱਲ ਨੂੰ ਜਾਂਦਾ ਹੈ। ਇਸ ਸੁੱਕੇ ਦਰਿਅਈ ਵਹਿਣ ਕਿਨਾਰੇ ਦੋ ਥੇਹ ਠੀਕਰੀਵਾਲਾ ਤੇ ਭੇਖੋਵਾਲ ਹਨ ਜੋ ਹੁਣ ਖਤਮ ਹੋ ਚੁੱਕੇ ਹਨ। ਜਰਗ ਪਿੰਡ ਰਾਜੇ ਜਗਦੇਵ ਪਰਮਾਰ ਨੇ ਸੰਨ 1140 ਵਿੱਚ ਵਿੱਚ ਸਤਲੱਜ ਦੇ ਕੰਢੇ ਅਬਾਦ ਕੀਤਾ ਸੀ।